ਪੰਜਾਬ

ਇਕ ਹੋਰ ਅਬਲਾ ਚੜ੍ਹੀ ਦਾਜ ਦੀ ਬਲੀ

-ਪਤੀ ਵੱਲੋਂ ਦਾਜ ਲਿਆਉਣ ਦੀ ਮੰਗ ਨੂੰ ਲੈ ਕੇ ਪਤਨੀ ਦਾ ਕਤਲ
-ਪਤੀ, ਸੱਸ, ਸਹੁਰਾ ਅਤੇ ਨਨਾਣ ‘ਤੇ ਮਾਮਲਾ ਦਰਜ
ਮਨਜੀਤ ਨਰੂਆਣਾ
ਸੰਗਤ ਮੰਡੀ  ਪਿੰਡ ਦਿਓਣ ਵਿਖੇ ਬੀਤੀ ਰਾਤ ਸਹੁਰਾ ਪਰਿਵਾਰ ਵੱਲੋਂ ਦਾਜ-ਦਹੇਜ ਦੀ ਮੰਗ ਨੂੰ ਲੈ ਕੇ ਪਤੀ ਵੱਲੋਂ ਆਪਣੀ ਪਤਨੀ ਦਾ ਤੇਜਧਾਰ ਹਥਿਆਰ ਨਾਲ ਬੜੀ ਬੇ-ਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ.ਚੰਦ ਸਿੰਘ ਅਤੇ ਥਾਣਾ ਸਦਰ ਦੇ ਮੁਖੀ ਹਰਨੇਕ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।
ਲੜਕੀ ਦੇ ਪਿਤਾ ਮਛਿੰਦਰ ਸਿੰਘ ਏ.ਐੱਸ.ਆਈ ਵਿਜ਼ੀਲੈਂਸ ਜਲਾਲਾਬਾਦ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਰਾਜਵਿੰਦਰ ਕੌਰ (25) ਦਾ ਵਿਆਹ ਚਾਰ ਸਾਲ ਪਹਿਲਾਂ ਕੁਲਵਿੰਦਰ ਸਿੰਘ ਵਾਸੀ ਦਿਓਣ ਨਾਲ 18 ਲੱਖ ਰੁਪਿਆ ਲਗਾ ਕੇ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿਆਹ ‘ਚ ਉਨ੍ਹਾਂ ਵੱਲੋਂ ਲੜਕੀ ਨੂੰ ਕਾਰ ਵੀ ਦਿੱਤੀ ਗਈ ਸੀ ਪ੍ਰੰਤੂ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਦਾਜ ਹੋਰ ਲਿਆਉਣ ਲਈ ਉਨ੍ਹਾਂ ਦੀ ਲੜਕੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਰਨ ਤੋਂ ਪਹਿਲਾ ਰਾਜਵਿੰਦਰ ਕੌਰ ਨੇ ਫੋਨ ‘ਤੇ ਦੱਸਿਆ ਕਿ ਸਹੁਰਾ ਪਰਿਵਾਰ ਉਸ ਨੂੰ ਧਮਕਾ ਰਿਹਾ ਹੈ। ਥਾਣਾ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਲੜਕੀ ਦੇ ਗਲ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਲੜਕੀ ਦੇ ਪਿਤਾ ਮਛਿੰਦਰ ਸਿੰਘ ਵਾਸੀ ਮਲੋਟ ਹਾਲ ਅਬਾਦ ਚੱਕ ਦਮਾਵਾਲੀ ਦੇ ਬਿਆਨਾਂ ‘ਤੇ ਲੜਕੀ ਦੇ ਪਤੀ ਕੁਲਵਿੰਦਰ ਸਿੰਘ, ਸਹੁਰਾ ਸੁਖਦੇਵ ਸਿੰਘ, ਸੱਸ ਸੁਖਵੰਤ ਕੌਰ ਅਤੇ ਨਨਾਣ ਰਿਪਨਦੀਪ ਕੌਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਦੋਸ਼ੀ ਫਰਾਰ ਹਨ ਜਿਨ੍ਹਾਂ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ। ਮ੍ਰਿਤਕ ਰਾਜਵਿੰਦਰ ਕੌਰ ਆਪਣੇ ਪਿੱਛੇ ਦਸ ਮਹੀਨਿਆਂ ਦੀ ਇਕ ਲੜਕੀ ਛੱਡ ਗਈ ਹੈ।

ਪ੍ਰਸਿੱਧ ਖਬਰਾਂ

To Top