ਪੰਜਾਬ

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਅਗੇਤੇ ਝੋਨੇ ਦੀ ਆਮਦ ਸ਼ੁਰੂ

ਖੰਨਾ. ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਸੁਕਾਉਣ ਲਈ ਰੱਖਿਆ ਅਗੇਤਾ ਝੋਨਾ। ਏ.ਐਸ ਖੰਨਾ

ਖੰਨਾ,  ਏ.ਐਸ ਖੰਨਾ 
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਅਗੇਤੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਪਰ ਝੋਨੇ ਵਿਚ ਨਮੀ ਦੀ ਮਾਤਰਾ ਜਿਆਦਾ ਹੋਣ ਕਰਕੇ ਹਾਲੇ ਤੀਕ ਕਿਸੇ ਵੀ ਢੇਰੀ ਦੀ ਬੋਲੀ ਨਹੀ ਹੋਈ। ਇਸ ਮੋਕੇ ਮਾਰਕੀਟ ਕਮੇਟੀ ਖੰਨਾ ਦੇ ਸਕੱਤਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੇ ਸੀਜ਼ਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਪਿਛਲੇ ਕੁਝ ਦਿਨਾ ਤੋਂ ਅਗੇਤਾ ਝੋਨਾ ਆ ਰਿਹਾ ਹੈ, ਪਰ ਹਾਲੇ ਤੱਕ ਪਰਾਈਵੇਟ ਵਪਾਰੀਆਂ ਵੱਲੋਂ ਖਰੀਦ ਸ਼ੁਰੂ ਨਹੀਂ ਹੋਈ । ਉਹਨਾ ਕਿਹਾ ਕਿ ਹੁਣ ਤੱਕ ਤਕਰੀਬਨ 1800 ਕੁਇੰਟਲ ਝੋਨਾ ਮੰਡੀ ਵਿਚ ਆਇਆ ਹੈ। ਉਹਨਾ ਕਿਹਾ ਕਿ ਭਾਵੇਂ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ, ਪਰ ਜਿਹੜੇ ਕਿਸਾਨ ਆਲੂਆਂ ਦੀ ਖੇਤੀ ਕਰਦੇ ਹਨ ਉਹ ਅਗਾਊਂ ਪੱਕਣ ਵਾਲੇ ਬੀਜ ਬੀਜਦੇ ਹਨ ਜਿਸ ਕਰਕੇ ਕੁਝ ਝੋਨਾ ਅਗੇਤਾ ਪੱਕਦਾ ਹੈ।
ਝੋਨੇ ਵੇਚਣ ਆਏ ਕਿਸਾਨ ਨੇਤਰ ਸਿੰਘ ਪਿੰਡ ਬੁੱਗਾ, ਜਰਨੈਲ ਸਿੰਘ ਸਲਾਣਾ, ਮੇਜਰ ਸਿੰਘ ਮਾਣਕੀ , ਕੁਲਵਿੰਦਰ ਸਿੰਘ ਸਲੌਦੀ ਅਤੇ ਗੁਰਮੀਤ ਸਿੰਘ ਸੇਹ ਨੇ ਦੱਸਿਆ ਕਿ ਫਿਲਹਾਲ ਝੋਨੇ ਵਿਚ ਨਮੀ ਦੀ ਮਾਤਰਾ ਜਿਆਦਾ ਹੋਣ ਕਰਕੇ ਪ੍ਰਾਈਵੇਟ ਵਪਾਰੀ ਬਹੁਤ ਹੀ ਘੱਟ ਭਾਅ ਲਗਾ ਰਹੇ ਹਨ । ਜਿਸ ਕਰਕੇ ਉਹ ਝੋਨੇ ਨੂੰ ਸੁਕਾ ਕੇ ਬੋਰੀਆਂ ਭਰਨਗੇ ਅਤੇ ਇੱਕ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਤੇ ਹੀ ਵੇਚਣਗੇ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਚੀਮਾ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਵਪਾਰੀ ਘੱਟ ਰੇਟ ਤੇ ਝੋਨਾ ਖਰੀਦ ਕੇ ਕਿਸਾਨਾ ਦੀ ਲੁੱਟ ਕਰਨੀ ਚਾਹੁੰਦੇ ਹਨ, ਪਰ ਹਰਿਆਣਾ ਦੀਆਂ ਮੰਡੀਆਂ ਵਿਚ ਗਿੱਲਾ ਝੋਨਾ ਵਿਕਦਾ ਹੈ ਅਤੇ ਭਾਅ ਵੀ ਠੀਕ ਮਿਲਦਾ ਹੈ।
ਦੂਜੇ ਪਾਸੇ ਕੁਝ ਕਿਸਾਨਾ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਮੰਡੀਆਂ ਵਿਚ ਜਿਆਦਾ ਨਮੀ ਵਾਲਾ ਝੋਨਾ ਨਹੀ ਖਰੀਦਿਆ ਜਾਂਦਾ ਪਰ ਇਸ ਦੇ ਮੁਕਾਬਲੇ ਹਰਿਆਣਾ ਦੀ ਮੰਡੀ ਚੀਕਾ ਵਿਚ ਜਿਆਦਾ ਨਮੀ ਵਾਲਾ ਝੋਨਾ ਵੀ ਖਰੀਦਿਆ ਜਾਂਦਾ ਹੈ। ਜਿਸ ਕਰਕੇ ਖੰਨਾ ਅਤੇ ਸਮਰਾਲਾ ਇਲਾਕੇ ਦੇ ਕਿਸਾਨ ਆਪਣੀ ਫਸਲ ਲੈ ਕੇ ਹਰਿਆਣਾ ਦੀਆਂ ਮੰਡੀਆਂ ਵਿਚ ਜਾ ਰਹੇ ਹਨ। ਇਸ ਵਾਰ ਪਰਮਲ ਝੋਨੇ ਦਾ ਭਾਅ 1510 ਰੁਪਏ ਪ੍ਰਤੀ ਕੁਇੰਟਲ ਹੈ। ਬਾਸਮਤੀ ਦੀਆਂ ਕਿਸਮਾ 1509 ਅਤੇ 1121 ਦਾ ਭਾਅ ਪ੍ਰਾਈਵੇਟ ਵਪਾਰੀ ਦੀ ਖਰੀਦ ਤੇ ਨਿਰਭਰ ਕਰਦਾ ਹੈ। ਖੰਨਾ ਮੰਡੀ ਵਿਚ ਪਿਛਲੇ ਸਾਲ ਦੇ ਸੀਜਨ ਵਿਚ 20 ਲੱਖ 94 ਹਜਾਰ 452 ਕੁਇੰਟਲ ਝੋਨੇ ਦੀ ਆਮਦ ਹੋਈ ਸੀ ਤੇ ਭਾਅ 1450 ਰੁਪਏ ਪ੍ਰਤੀ  ਕੁਇੰਟਲ ਸੀ।  ਇਸ ਵਾਰ ਵੀ ਫਸਲ ਚੰਗੀ ਆਉਣ ਦੀ ਉਮੀਦ ਹੈ।

ਪ੍ਰਸਿੱਧ ਖਬਰਾਂ

To Top