ਪੰਜਾਬ

ਐਸ.ਸੀ. ਕਮਿਸ਼ਨ ਪੁੱਜੇ ਅਕਾਲੀ-ਕਾਂਗਰਸੀ, ਲਗਾਏ ਇੱਕ ਦੂਜੇ ‘ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼

– ਅਕਾਲੀ ਵਿਧਾਇਕਾਂ ਦਾ ਦੋਸ਼, 4 ਕਾਂਗਰਸੀ ਵਿਧਾਇਕਾਂ ਨੇ ਵਰਤੇ ਜਾਤੀ ਸੂਚਕ ਸ਼ਬਦ, ਹੋਵੇ ਕਾਰਵਾਈ
– ਜਲਦ ਹੀ ਗਠਿਤ ਕੀਤੀ ਜਾਵੇਗੀ ਨਿਰਪੱਖ ਸਪੈਸ਼ਲ ਜਾਂਚ ਟੀਮ, ਹੋਵੇਗੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ : ਕਮਿਸ਼ਨ
ਚੰਡੀਗੜ,  (ਅਸ਼ਵਨੀ ਚਾਵਲਾ)
ਪੰਜਾਬ ਵਿਧਾਨ ਸਭਾ ਵਿੱਚ ਵਿਰਸਾ ਵਿੱਚ ਵਲਟੋਹਾ ਵਲੋਂ ਤਰਲੋਚਨ ਸਿੰਘ ਸੂੰਡ ਨੂੰ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਕੇਂਦਰੀ ਐਸ.ਸੀ. ਕਮਿਸ਼ਨ ਕੋਲ ਪੁੱਜ ਗਿਆ ਹੈ। ਤਰਲੋਚਨ ਸਿੰਘ ਸੂੰਡ ਨੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਦੂਜੇ ਪਾਸੇ ਅਕਾਲੀ ਦਲ ਦੇ ਵੀ ਵਿਧਾਇਕਾਂ ਨੇ ਕਾਂਗਰਸ ਦੇ 4 ਵਿਧਾਇਕਾਂ ਖ਼ਿਲਾਫ਼ ਸ਼ਿਕਾਇਤ ਦਰਜ਼ ਕਰਵਾਉਂਦੇ ਹੋਏ ਉਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਕਾਲੀ ਅਤੇ ਕਾਂਗਰਸ ਵਲੋਂ ਸ਼ਿਕਾਇਤ ਆਉਣ ਤੋਂ ਬਾਅਦ ਐਸ.ਸੀ. ਕਮਿਸ਼ਨ ਦੇ ਉਪ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਇਸ ਸਬੰਧੀ ਜਲਦ ਹੀ ਕਮੇਟੀ ਗਠਿਤ ਕਰਦੇ ਹੋਏ ਕਾਰਵਾਈ ਕਰਨ ਦੀ ਭਰੋਸਾ ਦਿੱਤਾ ਹੈ।
ਐਸ.ਸੀ. ਕਮਿਸ਼ਨ ਕੋਲ ਸ਼ਿਕਾਇਤ ਦਰਜ਼ ਕਰਵਾਉਂਦੇ ਹੋਏ ਤਰਲੋਚਨ ਸਿੰਘ ਸੂੰਡ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਮਾਗਮ ਦਰਮਿਆਨ ਕਾਂਗਰਸੀ ਵਿਧਾਇਕ ਦਲਿਤ ਵਿਰੋਧੀ ਅਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀਂ ਸੀ। ਇਸ ਦੌਰਾਨ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ‘ਇਹ ਸਾਲਾ ਚਮਾਰਾਂ ਅਤੇ ਚੂਹੜੀਆਂ ਦਾ ਠੇਕੇਦਾਰ ਬਣਿਆ ਫਿਰਦਾ ਹੈ।’
ਤਰਲੋਚਨ ਸਿੰਘ ਨੇ ਅੱਗੇ ਲਿਖਿਆ ਹੈ ਕਿ ਵਲਟੋਹਾ ਨੇ ਉਸ ਵਿਰੁੱਧ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਇਨਾਂ ਜਾਤੀ ਸੂਚਕ ਸ਼ਬਦਾਂ ਨਾਲ ਉਸ ਦਾ ਅਤੇ ਉਸਦੀ ਜਾਤੀ ਦੇ ਲੋਕਾਂ ਦਾ ਅਪਮਾਨ ਕੀਤਾ ਗਿਆ ਹੈ ਜੋ ਕਿ ਗੈਰ ਸੰਵਿਧਾਨਿਕ ਹੈ। ਇਸ ਲਈ ਇਸ ਮਾਮਲੇ ਵਿੱਚ ਵਿਰਸਾ ਸਿੰਘ ਵਲਟੋਹਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ, ਬਲਜੀਤ ਸਿੰਘ, ਮਹਿੰਦਰ ਕੌਰ ਜੋਸ਼, ਸੋਮ ਪ੍ਰਕਾਸ਼, ਆਰ.ਐਸ. ਕਲੇਰ ਅਤੇ ਮਨਜੀਤ ਸਿੰਘ ਮਿਆਵਿੰਡ ਨੇ ਸ਼ਿਕਾਇਤ ਦਿੰਦੇ ਹੋਏ ਲਿਖਿਆ ਹੈ ਕਿ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ ਅਤੇ ਹਰਦਿਆਲ ਸਿੰਘ ਕੰਬੋਜ ਨੇ ਉਨ੍ਹਾਂ ਖ਼ਿਲਾਫ਼ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਨਾਂ ਵਿਧਾਇਕਾਂ ਨੇ ਮਾਨਯੋਗ ਸਪੀਕਰ ਸਾਹਿਬ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨਾਂ ਖ਼ਿਲਾਫ਼ ਵੀ ਨਾਅਰੇ ਲਗਾਏ ਹਨ। ਇਨਾਂ ਵਲੋਂ ਵਰਤੇ ਗਏ ਸ਼ਬਦਾਂ ਨਾਲ ਉਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਇਸ ਲਈ ਇਨਾਂ ਵਿਧਾਇਕਾਂ ਦੇ ਖ਼ਿਲਾਫ਼ ਐਸ.ਸੀ. ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇ।
ਦੋਵਾਂ ਪਾਸੇ ਤੋਂ ਸ਼ਿਕਾਇਤ ਆਉਣ ਤੋਂ ਬਾਅਦ ਐਸ.ਸੀ. ਕਮਿਸ਼ਨ ਦੇ ਉਪ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਸਪੈਸ਼ਲ ਜਾਂਚ ਟੀਮ ਬਣਾਈ ਜਾ ਰਹੀਂ ਹੈ, ਜਿਸ ਵਿੱਚ ਪੰਜਾਬ ਦੇ ਡੀਜੀਪੀ ਕ੍ਰਾਈਮ ਅਤੇ ਆਈ.ਜੀ. ਚੰਡੀਗੜ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਟੀਮ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਇਹ ਜਾਂਚ ਪੂਰੀ ਤਰਾਂ ਨਿਰਪੱਖ ਹੋਵੇਗੀ।

ਪ੍ਰਸਿੱਧ ਖਬਰਾਂ

To Top