ਪੰਜਾਬ

ਕੇਜਰੀਵਾਲ ਦੇ ਡਰਾਇਵਰ ਖਿਲਾਫ਼ ਮਾਮਲਾ ਦਰਜ਼

–ਮਹਿਲਾ ਪੱਤਰਕਾਰ ਹਸਪਤਾਲ ‘ਚ ਜ਼ੇਰੇ ਇਲਾਜ
–ਸਰਕਾਰ ਦੀ ਸ਼ਹਿ ‘ਤੇ ਹੋਇਆ ਮਾਮਲਾ ਦਰਜ-ਆਪ ਆਗੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪਟਿਆਲਾ ਦੌਰੇ ਦੌਰਾਨ ਇੱਕ ਮਹਿਲਾ ਪੱਤਰਕਾਰ ਦੇ ਪੈਰ ਉੱਪਰ ਦੀ ਗੱਡੀ ਲੰਘਾਉਣ ਵਾਲੇ ਕੇਜਰੀਵਾਲ ਦੇ ਚਾਲਕ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦਕਿ ਪੀੜਤ ਪਹਿਲਾ ਪੱਤਰਕਾਰ ਹਸਪਤਾਲ ‘ਚ ਜੇਰੇ ਇਲਾਜ ਹੈ। ਥਾਣਾ ਪਸਿਆਣਾ ਪੁਲਿਸ ਨੇ ਮਹਿਲਾ ਪੱਤਰਕਾਰ ਪ੍ਰੀਤ ਰੰਧਾਵਾ ਦੇ ਬਿਆਨਾ ਦੇ ਅਧਾਰ ਤੇ ਕੇਜਰੀਵਾਲ ਦੀ ਗੱਡੀ ਚਲਾ ਰਹੇ ਡਰਾਇਵਰ ਕਰਨਪਾਲ ਖਿਲਾਫ਼ ਧਾਰਾ 279, 337 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਕਰਨਪਾਲ ਆਪ ਦੇ ਕਿਸਾਨ ਯੂਥ ਵਿੰਗ ਦੇ ਪੰਜਾਬ ਦੇ ਆਗੂ ਹਨ ਅਤੇ ਆਪ ਦੀ 16 ਮੈਂਬਰੀ ਕਮੇਟੀ ਦੇ ਵੀ ਮੈਂਬਰ ਹਨ। ਥਾਣਾ ਪਸਿਆਣਾ ਦੇ ਇੰਚਾਰਜ ਗੁਰਦੀਪ ਸਿੰਘ ਨੇ ਮਾਮਲਾ ਦਰਜ ਹੋਣ ਦੀ ਪੁਸਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇੱਧਰ ਜਖ਼ਮੀ ਮਹਿਲਾ ਪੱਤਰਕਾਰ ਦਾ ਕਹਿਣਾ ਹੈ ਕਿ ਉਸ ਦੇ ਪੈਰ ਨੂੰ ਸੋਜਾ ਆਇਆ ਹੋਇਆ ਹੈ ਅਤੇ ਉਨਾਂ ਨੂੰ ਚੱਲਣ ਵਿੱਚ ਦਿੱਕਤ ਆ ਰਹੀ ਹੈ ਜਿਸ ਕਾਰਨ ਹੀ ਉਸ ਵੱਲੋਂ ਇਲਾਜ਼ ਲਈ ਹਸਪਤਾਲ ਵਿਖੇ ਦਾਖਲ ਹੋਣਾ ਪਿਆ ਹੈ। ਇਸ ਸਬੰਧੀ ਜਦੋਂ ਆਪ ਦੇ ਆਗੂ ਕਰਨਪਾਲ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਮਹਿਲਾ ਪੱਤਰਕਾਰ ਉਨ੍ਹਾਂ ਦੀ ਗੱਡੀ ਦੇ ਬੋਰਨੈਟ ਅੱਗੇ ਆ ਗਈ ਸੀ ਅਤੇ ਉਨ੍ਹਾਂ ਦੀ ਗੱਡੀ ਰੁਕੀ ਹੋਈ ਸੀ। ਕਿਉਂਕਿ ਕੇਜਰੀਵਾਲ ਗੱਡੀ ਵਿੱਚ ਬੈਠ ਗਏ ਸਨ ਪਰ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਪਿੱਛੇ ਰਹਿ ਗਏ ਸਨ। ਇਸੇ ਦੌਰਾਨ ਪੁਲਿਸ ਨੇ ਉਕਤ ਮਹਿਲਾ ਪੱਤਰਕਾਰ ਨੂੰ ਗੱਡੀ ਤੋਂ ਪਰਾ ਕੀਤਾ। ਉਨ੍ਹਾਂ ਕਿਹਾ ਕਿ ਉਸਦਾ ਪੈਰ ਉਨ੍ਹਾਂ ਦੀ ਗੱਡੀ ਦੇ ਹੇਠਾ ਨਹੀਂ ਆਇਆ ਜਦਕਿ ਪੁਲਿਸ ਵੱਲੋਂ ਮਹਿਲਾ ਨੂੰ ਪਰਾ ਕੀਤਾ ਗਿਆ ਉਸ ਦੌਰਾਨ ਹੀ ਉਹ ਦੇ ਸੱਟ ਲੱਗ ਗਈ ਹੋਣੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੰਮ ਅਕਾਲੀ ਸਰਕਾਰ ਵੱਲੋਂ ਸਹਿ ਦੇ ਕੇ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਰਣਜੀਤ ਢੱਡਰੀਆਂ ਨਾਲ ਮੁਲਾਕਾਤ ਕਰਨ ਲਈ ਪੁਹੰਚੇ ਹੋਏ ਸਨ। ਇਸ ਦੌਰਾਨ ਵੱਡੀ ਗਿਣਤੀ ‘ਚ ਪੱਤਰਕਾਰ ਵੀ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਲਈ ਪੁੱਜੇ ਹੋਏ ਸਨ। ਕੇਜਰੀਵਾਲ ਜਦੋਂ ਢੱਡਰੀਵਾਲਾ ਨਾਲ ਮੁਲਾਕਾਤ ਤੋਂ ਬਾਅਦ ਬਾਹਰ ਆਏ ਤਾ ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾ ਉਨ੍ਹਾਂ ਦੀ ਸਰੁੱਖਿਆ ਕਰਮੀਆਂ ਨੇ ਪੱਤਰਕਾਰਾਂ ਨੂੰ ਨੇੜੇ ਨਾ ਲੱਗਣ ਦਿੱਤਾ ਅਤੇ ਪੱਤਰਕਾਰਾਂ ਨਾਲ ਧੱਕਾ ਮੁੱਕੀ ਕੀਤੀ। ਇਸੇ ਦੌਰਾਨ ਇੱਕ ਚੈਨਲ ਦੀ ਪੱਤਰਕਾਰ ਨੇ ਜਦੋਂ ਕੇਜਰੀਵਾਲ ਨਾਲ ਗੱਲ ਕਰਨ ਲਈ ਜੋਰ ਅਜਮਾਈ ਕੀਤਾ ਤਾ ਉਨ੍ਹਾਂ ਦੀ ਗੱਡੀ ਉਸ ਦੇ ਪੈਰ ਉੱਪਰ ਦੀ ਗੁਜਰ ਗਈ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ‘ਚ ਮਹਿਲਾ ਪੱਤਰਕਾਰ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਪ੍ਰਸਿੱਧ ਖਬਰਾਂ

To Top