ਪੰਜਾਬ

ਕੈਪਟਨ ਅਮਰਿੰਦਰ ਤੋਂ ਰਾਜਾ ਅਮਰਿੰਦਰ ਨਾਰਾਜ਼

  • ਬਰਿੰਦਰ ਸਿੰਘ ਅਤੇ ਪੂਸੂ ਵਲੋਂ ਦਿੱਤੇ ਸਮਰਥਨ ਦਾ ਕਰਦਾ ਹਾਂ ਸੁਆਗਤ : ਕੈਪਟਨ ਅਮਰਿੰਦਰ

ਅਸ਼ਵਨੀ ਚਾਵਲਾ ਚੰਡੀਗੜ੍ਹ, 
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਕਾਂਗਰਸੀ ਪਾਰਟੀ ਖ਼ਿਲਾਫ਼ ਬਗਾਵਤ ਕਰਕੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਪੂਸੂ) ਨੂੰ ਜਿਤਾਉਣ ਵਾਲੇ ਯੂਥ ਕਾਂਗਰਸ ਤੋਂ ਬਰਖ਼ਾਸਤ ਕੀਤੇ ਹੋਏ ਬਰਿੰਦਰ ਸਿੰਘ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਸਮਰਥਨ ਲੈਣ ਦਾ ਐਲਾਨ ਕਰਕੇ ਵੱਡਾ ਵਿਵਾਦ ਛੇੜ ਦਿੱਤਾ ਹੈ। ਜਿਸ ਤੋਂ ਆਲ ਇੰਡੀਆ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਾਸੇ ਨਰਾਜ਼ ਹੋ ਗਏ ਹਨ। ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਬਰਿੰਦਰ ਸਿੰਘ ਨੂੰ ਯੂਥ ਕਾਂਗਰਸ ਵਿੱਚੋਂ ਉਨ੍ਹਾਂ ਨੇ ਬਰਖ਼ਾਸਤ ਕੀਤਾ ਸੀ ਅਤੇ ਉਹ ਯੂਥ ਕਾਂਗਰਸ ਵਿੱਚੋਂ ਬਰਖ਼ਾਸਤ ਹੀ ਰਹਿਣਗੇ, ਭਾਵੇਂ ਅਮਰਿੰਦਰ ਸਿੰਘ ਨੇ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਕਿਉਂ ਨਾ ਲੈ ਲਿਆ ਹੋਵੇ।
ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਮੌਕੇ ਯੂਥ ਕਾਂਗਰਸਦੇ ਲੀਡਰ ਬਰਿੰਦਰ ਸਿੰਘ ਨੇ ਆਪਣੀ ਹੀ ਕਾਂਗਰਸ ਪਾਰਟੀ ਦੇ ਖ਼ਿਲਾਫ਼ ਬਗਾਵਤ ਕਰਦੇ ਹੋਏ ਕਾਂਗਰਸ ਵਿਰੋਧੀ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਪੂਸੂ) ਨਾਲ ਹੱਥ ਮਿਲਾ ਲਿਆ ਸੀ। ਪੰਜਾਬ ਯੂਨੀਵਰਸਿਟੀ ਵਿੱਚ ਲਗਭਗ ਯੂਥ ਕਾਂਗਰਸ ਦਾ ਜ਼ਿਆਦਾਤਰ ਕੰਮ ਬਰਿੰਦਰ ਸਿੰਘ ਹੀ ਦੇਖ ਰਹੇ ਸਨ, ਜਿਸ ਕਾਰਨ ਬਰਿੰਦਰ ਸਿੰਘ ਵਲੋਂ ਆਪਣੀ ਹੀ ਪਾਰਟੀ ਨਾਲ ਬਗਾਵਤ ਕਰਨ ਦੇ ਕਾਰਨ ਵੱਡੇ ਪੱਧਰ ‘ਤੇ ਯੂਥ ਕਾਂਗਰਸ ਦੇ ਸਮਰਥਕ ਵੀ ‘ਪੁਸੂ’ ਵੱਲ ਹੋ ਗਏ ਸਨ। ਜਿਸ ਕਾਰਨ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਜਿੱਤ ਨੇੜੇ ਪੁੱਜ ਕੇ ਵੀ ਹਾਰ ਗਈ ਸੀ। ਇਨਾਂ ਵਿਦਿਆਰਥੀ ਚੋਣਾਂ ‘ਚ ਐਨ.ਐਸ.ਯੂ.ਆਈ. ਨੂੰ ਜਿਤਾਉਣ ਲਈ ਕਾਂਗਰਸ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਖ਼ੁਦ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯੂਨੀਵਰਸਿਟੀ ਵਿਖੇ ਡੇਰਾ ਲਾ ਲਿਆ ਸੀ ਪਰ ਬਰਿੰਦਰ ਸਿੰਘ ਦੇ ਕਾਰਨ ਹੀ ਇਨਾਂ ਲੀਡਰਾਂ ਦੀ ਮੌਜੂਦਗੀ ਵੀ ਕਾਂਗਰਸ ਪਾਰਟੀ ਨੂੰ ਚੋਣਾਂ ‘ਚ ਜਿੱਤ ਪ੍ਰਾਪਤ ਨਹੀਂ ਕਰਵਾ ਸਕੀ ਸੀ। ਬਰਿੰਦਰ ਸਿੰਘ ਵੱਲੋਂ ਕਾਂਗਰਸੀ ਵਿਰੋਧੀ ਗਤੀਵਿਧੀਆਂ ਨੂੰ ਦੇਖਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰਿੰਦਰ ਸਿੰਘ ਨੂੰ ਯੂਥ ਕਾਂਗਰਸ ਵਿੱਚੋਂ ਬਰਖ਼ਾਸਤ ਕਰ ਦਿੱਤਾ ਸੀ।
ਅੱਜ ਹੈਰਾਨੀਜਨਕ ਤਰੀਕੇ ਨਾਲ ਯੂਥ ਕਾਂਗਰਸ ‘ਚੋਂ ਬਰਖ਼ਾਸਤ ਕੀਤੇ ਗਏ ਬਰਿੰਦਰ ਸਿੰਘ ਨੇ ‘ਪੁਸੂ’ ਦੀ ਜੇਤੂ ਟੀਮ ਨਾਲ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਲਈ ਪ੍ਰੈਸ ਕਾਨਫਰੰਸ ਦਰਮਿਆਨ ਸ਼ਰਤ ਅਧਾਰਿਤ ਸਮਰਥਨ ਦੇ ਦਿੱਤਾ ਹੈ। ਕਾਂਗਰਸ ‘ਚ ਅਜਿਹਾ ਪਹਿਲੀਵਾਰ ਹੋਇਆ ਹੈ ਕਿ ਕਿਸੇ ਵੀ ਵਿਅਕਤੀ ਜਾਂ ਪਾਰਟੀ ਨੇ ਸ਼ਰਤ ਅਧਾਰਤ ਸਮਰਥਨ ਦਿੱਤਾ ਹੋਵੇ। ਅਮਰਿੰਦਰ ਸਿੰਘ ਨੇ ਇਸ ਨੂੰ ਸਵੀਕਾਰ ਵੀ ਕਰ ਲਿਆ ਹੈ। ਇਹ ਪ੍ਰੈਸ ਕਾਨਫਰੰਸ ਪੰਜਾਬ ਕਾਂਗਰਸ ਭਵਨ ਵਿਖੇ ਹੀ ਹੋਈ ਸੀ।
ਇਸ ਮਾਮਲੇ ‘ਚ ਯੂਥ ਕਾਂਗਰਸ ਦੇ ਰਾਸਟਰੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਇਹ ਸਮਰਥਨ ਕਿਉਂ ਲਿਆ ਹੈ, ਇਸ ਬਾਰੇ ਉਨਾਂ ਨੂੰ ਜਾਣਕਾਰੀ ਨਹੀਂ ਹੈ ਪਰ ਉਹ ਇਨਾਂ ਕਹਿ ਸਕਦੇ ਹਨ ਕਿ ਜਿਹੜਾ ਕੁਝ ਬਰਿੰਦਰ ਸਿੰਘ ਨੇ ਵਿਦਿਆਰਥੀ ਚੋਣਾ ਦਰਮਿਆਨ ਕਾਂਗਰਸ ਨਾਲ ਕੀਤਾ ਹੈ, ਉਸ ਲਈ ਉਨਾਂ ਨੂੰ ਬਰਖ਼ਾਸਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਨਾਂ ਦੀ ਬਹਾਲੀ ਨਹੀਂ ਹੋਵੇਗੀ। ਭਾਵੇਂ ਉਨਾਂ ਨੇ ਕਿਸੇ ਵੀ ਥਾਂਈਂ ਕਿਸੇ ਵੀ ਤਰਾਂ ਸਮਰਥਨ ਕਿਉਂ ਨਾ ਦੇ ਦਿੱਤਾ ਹੋਵੇ। ਉਨਾਂ ਕਿਹਾ ਕਿ ਬਰਿੰਦਰ ਸਿੰਘ ਅੱਜ ਵੀ ਯੂਥ ਕਾਂਗਰਸ ਵਿੱਚੋਂ ਬਰਖ਼ਾਸਤ ਹਨ ਅਤੇ ਅੱਗੇ ਵੀ ਯੂਥ ਕਾਂਗਰਸ ਵਿੱਚੋਂ ਬਰਖ਼ਾਸਤ ਰਹਿਣਗੇ।

ਜਿਹੜਾ ਕੁਝ ਬਰਿੰਦਰ ਸਿੰਘ ਨੇ ਵਿਦਿਆਰਥੀ ਚੋਣਾ ਦਰਮਿਆਨ ਕਾਂਗਰਸ ਨਾਲ ਕੀਤਾ ਹੈ, ਉਸ ਲਈ ਉਨਾਂ ਨੂੰ ਬਰਖ਼ਾਸਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਨਾਂ ਦੀ ਬਹਾਲੀ ਨਹੀਂ ਹੋਵੇਗੀ।
ਅਮਰਿੰਦਰ ਰਾਜਾ ਵੜਿੰਗ,
ਪ੍ਰਧਾਨ ਕੌਮੀ ਯੂਥ ਕਾਂਗਰਸ

ਪ੍ਰਸਿੱਧ ਖਬਰਾਂ

To Top