ਪੰਜਾਬ

ਖੁਰਾਕ ਮੰਤਰੀ ਦੇ ਜੱਦੀ ਪਿੰਡ ਹੀ ਖੁਰਾਕ ਘਪਲਾ

ਪੀਡੀਐੱਸ ਘਪਲੇ ‘ਚ ਸਹੀ ਸਾਬਤ ਹੋਏ ‘ਆਪ’ ਦੇ ਦੋਸ਼
ਖ਼ੁਲਾਸੇ ਤੋਂ ਬਾਅਦ 31 ਰਾਸ਼ਨ ਕਾਰਡਧਾਰਕਾਂ ਦੇ 107 ਫਰਜ਼ੀ ਨਾਂਅ ਕੱਟੇ: ਆਪ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ‘ਚ ਰਾਸ਼ਨ ਡਿੱਪੂਆਂ ‘ਤੇ ਆਧਾਰਿਤ ਜਨ ਵੰਡ ਪ੍ਰਣਾਲੀ (ਪੀਡੀਐੱਸ) ‘ਚ 4500 ਕਰੋੜ ਰੁਪਏ ਤੋਂ ਵੱਡੇ ਘਪਲੇ ਦੇ ਲਾਏ ਦੋਸ਼ ਸਹੀ ਸਾਬਤ ਹੋਣ ਲੱਗੇ ਹਨ। ਇਸੇ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਪੂਰੇ ਘਪਲੇ ਦੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਨਿਗਰਾਨੀ ‘ਚ ਜਾਂਚ ਦੀ ਮੰਗ ਦੋਹਰਾ ਦਿੱਤੀ ਹੈ।
ਵੀਰਵਾਰ ਨੂੰ ‘ਆਪ’ ਦੇ ਆਗੂ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਨਵੇਂ ਤੇ ਪੁਰਾਣੇ ਦਸਤਾਵੇਜ਼ ਮੀਡੀਆ ਨੂੰ ਸੌਂਪਦਿਆਂ ਕਿਹਾ ਕਿ ਇੱਕ ਪਿੰਡ ਦੇ ਨਮੂਨੀਆ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਭਾਗ ‘ਚ ਹਜ਼ਾਰਾਂ ਕਰੋੜ ਰੁਪਏ ਦੀ ਗੜਬੜੀ ਹੋÂ ਹੈ ਤੇ ਹੋ ਰਹੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਗਰੀਬ ਤੇ ਆਮ ਆਦਮੀ ਦੇ ਨਾਂਅ ‘ਤੇ ਹੋ ਰਹੇ ਇਸ ਅਰਬ ਰੁਪਏ ਦੇ ਘਪਲੇ ਦਾ ਉਨ੍ਹਾਂ ਨੇ ਪਿਛਲੀ 14 ਮਈ ਨੂੰ ਪ੍ਰੈੱਸ ਕਾਨਫਰੰਸ ‘ਚ ਪਰਦਾਫਾਸ਼ ਕੀਤਾ ਸੀ। ਜਿਸ ‘ਤੇ ਤੁਰੰਤ ਪ੍ਰਤੀਕ੍ਰਿਆ ਦਿੰਦੇ ਹੋਏ ਪੰਜਾਬ ਦੇ ਫੂਡ ਐਂਡ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਘਪਲੇ ਤੋਂ ਮਨਾਹੀ ਕਰ ਦਿੱਤੀ ਸੀ।
ਅਮਨ ਅਰੋੜਾ ਨੇ ਕਿਹਾ ਕਿ ਇੱਕ ਪਾਸੇ ਘਪਲੇ ਤੋਂ ਇਨਕਾਰ ਕਰਦੇ ਹਨ, ਦੂਜੇ ਪਾਸੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਬੀਰ ਕਲਾਂ ਪਿੰਡ (ਸੰਗਰੂਰ) ਦੇ ਤਿੰਨ ਰਾਸ਼ਨ ਡਿੱਪੂਆਂ ਨਾਲ ਸਬੰਧਤ 107 ਫਰਜ਼ੀ ਨਾਂਅ ਕੱਟ ਦਿੱਤੇ ਹਨ। ਜਿਸ ਨਾਲ ਸਾਬਤ ਹੁੰਦਾ ਹੈ ਕਿ ਗੜਬੜੀ ਹੋ ਰਹੀ ਸੀ। ਅਮਨ ਅਰੋੜਾ ਨੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੀ ਵੈੱਬ-ਪੋਰਟਲ ਦੇ ਹਵਾਲੇ ਤੋਂ ਨਵੀਂ ਸੂਚੀ ਨੂੰ ਦਿਖਾਉਂਦਿਆਂ ਕਿਹਾ ਕਿ ਹੁਣ ਵੀ ਉਨ੍ਹਾਂ ਲੜਕੀਆਂ ਦੇ ਨਾਂਅ ‘ਤੇ ਰਾਸ਼ਨ ਦੀ ਗੜਬੜੀ ਜਾਰੀ ਹੈ, ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ। ਇਸੇ ਤਰ੍ਹਾਂ ਮ੍ਰਿਤਕਾਂ ਦੇ ਨਾਂਅ ‘ਤੇ ਵੰਡੇ ਜਾ ਰਹੇ ਰਾਸ਼ਨ ਨੂੰ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ।  ਆਪ ਆਗੂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਵਿਚ ਨਿਰਪੱਖ ਜਾਂਚ ਦੀ ਮੰਗ ਕੀਤੀ
ਅਮਨ ਅਰੋੜਾ ਕੈਰੋਂ ਪਿੰਡ ਦੇ ਬਲਦੇਵ ਸਿੰਘ ਡਿੱਪੂ ਹੋਲਡਰ ਦੀ ਸੂਚੀ ਵਿਖਾਈ, ਜਿਸ ਦੇ ਲੜੀ ਨੰਬਰ 21 ‘ਚ ‘ਵੀ’ ਪੁੱਤਰੀ ‘ਐੱਸ’ ਨੂੰ ਭੈਣ ਤੇ ਲੜੀ ਨੰਬਰ 45 ‘ਚ ‘ਏ’ ਪੁੱਤਰੀ ‘ਏ’ ਨੂੰ ਵੀ ਭੈਣ ਵਿਖਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦਾ ਆਧਾਰ ਕਾਰਡ ਨੰਬਰ ਗਾਇਬ ਹੈ। ਸੂਚੀ ‘ਚ ਇਸ ਤਰ੍ਹਾਂ ਦੇ ਕਈ ਫਰਜ਼ੀ ਲਾਭਪਾਤਰੀ ਵਿਖਾਏ ਗਏ। ਇਸ ਤੋਂ ਇਲਾਵਾ ਬੀਰ ਕਲਾਂ ਪਿੰਡ ਦੇ ਫਰਜ਼ੀ ਵਾੜੇ ਦੀ ਤਰਜ਼ ‘ਤੇ ਕੈਰੋਂ ਪਿੰਡ ‘ਚ ਇੱਕ ਹੀ ਵਿਅਕਤੀ ਨੂੰ ਇੱਕ ਤੋਂ ਜ਼ਿਆਦਾ ਵਾਰ ਲਾਭਪਾਤਰੀ ਵਿਖਾਏ ਜਾਣ ਦੀਆਂ ਕਈ ਉਦਾਹਰਨਾਂ ਮੀਡੀਆ ਸਾਹਮਣੇ ਪੇਸ਼ ਕੀਤੀਆਂ ਗਈਆਂ।

ਪ੍ਰਸਿੱਧ ਖਬਰਾਂ

To Top