ਸਾਂਝਾ ਪੰਨਾ

ਖੂਬਸੂਰਤੀ ਦਾ ਬੇਜੋੜ ਨਮੂਨਾ ਲਾਹੌਰ-2

ਪਿਛਲੇ ਹਫ਼ਤੇ ਦਾ ਬਾਕੀ…
ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਮੰਗ ਵਾਲਾ ਪਾਕਿਸਤਾਨ ਰੈਜੂਲਿਊਸ਼ਨ ਵੀ ਮੁਸਲਿਮ ਲੀਗ ਦੇ ਲਾਹੌਰ ਸੈਸ਼ਨ ਵਿੱਚ ਮੁਹੰਮਦ ਅਲੀ ਜਿੱਨਾਹ ਦੀ ਪ੍ਰਧਾਨਗੀ ਹੇਠ 1940 ਵਿੱਚ ਪਾਸ ਕੀਤਾ ਗਿਆ ਸੀ। ਪੰਜਾਬ ਵਿੱਚ ਸਭ ਤੋਂ ਪਹਿਲਾਂ ਫਿਰਕੂ ਦੰਗੇ ਵੀ ਲਾਹੌਰ ਹੀ ਭੜਕੇ ਸਨ ਜੋ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਰੁਪਏ ਦੀ ਜਾਇਦਾਦ ਦੇ ਨੁਕਸਾਨ ਦਾ ਕਾਰਨ ਬਣੇ।
ਲਾਹੌਰ ਇਸ ਵੇਲੇ ਹਰ ਪੱਖੋਂ ਪਾਕਿਸਤਾਨ ਦਾ ਮੋਹਰੀ ਸ਼ਹਿਰ ਹੈ । ਇਹ ਦੇਸ਼ ਦਾ ਉਦਯੋਗਿਕ, ਸਿੱਖਿਆ, ਟਰਾਂਸਪੋਰਟ, ਖੇਡਾਂ, ਫਿਲਮ ਨਿਰਮਾਣ ਅਤੇ ਹਵਾਈ ਯਾਤਾਯਾਤ ਦਾ ਧੁਰਾ ਹੈ। ਲਾਹੌਰ ਵਿੱਚ 18 ਯੂਨੀਵਰਸਟੀਆਂ, 30 ਤੋਂ ਵੱਧ ਕਾਲਜ ਤੇ ਅਣਗਿਣਤ ਸਕੂਲ ਹਨ । ਪਹਿਲਾਂ ਯੂਨੀਵਰਸਿਟੀਆਂ ਸਿਰਫ ਸਰਕਾਰੀ ਹੁੰਦੀਆਂ ਸਨ ਪਰ ਹੁਣ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਆਈ.ਟੀ. ਗਰੈਜੂਏਟ ਲਾਹੌਰ ਦੇ ਪੜ੍ਹੇ ਹੋਏ ਹਨ।
ਪਾਕਿਸਤਾਨ ਦੀਆਂ 80 ਫੀਸਦੀ ਕਿਤਾਬਾਂ ਲਾਹੌਰ ਦੇ ਛਾਪੇਖਾਨਿਆਂ ਵਿੱਚ ਛਪਦੀਆਂ ਹਨ । ਵੰਡ ਤੋਂ ਪਹਿਲਾਂ ਭਾਰਤ ਦੀ ਫਿਲਮ ਇੰਡਸਟਰੀ ਬੰਬਈ ਤੋਂ ਜ਼ਿਆਦਾ ਲਾਹੌਰ ਵਿੱਚ ਕੇਂਦਰਤ ਸੀ । ਹੁਣ ਵੀ ਪਾਕਿਸਤਾਨ ਫਿਲਮ ਇੰਡਸਟਰੀ ‘ਤੇ ਲਾਹੌਰ ਦਾ ਰਾਜ ਹੈ। ਲਾਹੌਰ ਵਿੱਚ ਅਨੇਕਾਂ ਵਿਸ਼ਵ ਪੱਧਰ ਦੇ ਖੇਡ ਸਟੇਡੀਅਮ ਹਨ । ਲਾਹੌਰ ਨੇ 1990 ਹਾਕੀ ਵਰਲਡ ਕੱਪ ਤੇ 1996 ਕ੍ਰਿਕਟ ਵਰਲਡ ਕੱਪ ਫਾਈਨਲ ਦੀ ਮੇਜ਼ਬਾਨੀ ਕੀਤੀ ਸੀ । ਲਾਹੌਰ ਦਾ ਗੱਦਾਫ਼ੀ ਸਟੇਡੀਅਮ (ਨਿਰਮਤ 1959) ਏਸ਼ੀਆ ਦੇ ਸਭ ਤੋਂ ਵੱਡੇ ਖੇਡ ਸਟੇਡੀਅਮਾਂ ਵਿੱਚ ਸ਼ੁਮਾਰ ਹੁੰਦਾ ਹੈ।
ਲਾਹੌਰ ਨੇ ਅਨੇਕਾਂ ਮਹਾਨ ਭਾਰਤੀ ਤੇ ਪਾਕਿਸਤਾਨੀ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਵਿੱਚ ਸ੍ਰੀ ਗੁਰੂ ਰਾਮ ਦਾਸ ਜੀ, ਸਰ ਗੰਗਾ ਰਾਮ, ਭਾਈ ਰਾਮ ਸਿੰਘ  ਆਦਿ ਪ੍ਰਮੁੱਖ ਹਨ ਇਸ ਤੋਂ ਇਲਾਵਾ ਬਾਦਸ਼ਾਹ ਸ਼ਾਹ ਜਹਾਨ, ਨੋਬਲ ਇਨਾਮ ਜੇਤੂ ਸੁਬਰਾਮਨੀਅਮ ਚੰਦਰਸ਼ੇਖਰ, ਚੇਤਨ ਆਨੰਦ, ਦੇਵ ਆਨੰਦ, ਪ੍ਰੇਮ ਚੋਪੜਾ, ਯਸ਼ ਚੋਪੜਾ, ਉ.ਪੀ. ਨਈਅਰ, ਸੁਲਤਾਨ ਰਾਹੀ, ਮੁਸਤਫ਼ਾ ਕੁਰੈਸ਼ੀ, ਅੰਮ੍ਰਿਤਾ ਸ਼ੇਰਗਿੱਲ, ਇਮਰਾਨ ਖਾਨ, ਵਸੀਮ ਅਕਰਮ, ਖੁਸ਼ਵੰਤ ਸਿੰਘ, ਫਰੀਦਾ ਖਾਨਮ, ਨਵਾਜ਼ ਸ਼ਰੀਫ, ਸ਼ਾਹਬਾਜ਼ ਸ਼ਰੀਫ, ਤੇਜ਼ੀ ਬੱਚਨ ਅਤੇ ਰੁਡਯਾਰਡ ਕਿਪਲਿੰਗ ਆਦਿ ਸ਼ਾਮਲ ਹਨ । ਲਾਹੌਰ ਵਿੱਚ ਮਨਾਏ ਜਾਂਦੇ ਅਨੇਕਾਂ ਤਿਉਹਾਰਾਂ ਵਿੱਚ ਬਸੰਤ ਸਭ ਤੋਂ ਮਸ਼ਹੂਰ ਹੈ। ਅਨੇਕਾਂ ਅਦਾਲਤੀ, ਸਰਕਾਰੀ ਅਤੇ ਸ਼ੱਰਈ ਰੋਕਾਂ ਦੇ ਬਾਵਜੂਦ ਲੋਕ ਧੂਮ ਧਾਮ ਨਾਲ ਬਸੰਤ ਮਨਾਉਂਦੇ ਹਨ । ਹਰ ਸਾਲ ਅੰਨ੍ਹੇਵਾਹ ਫਾਇਰਿੰਗ, ਕਰੰਟ ਪੈਣ ਅਤੇ ਹੋਰ ਹਾਦਸਿਆਂ ਕਾਰਨ ਬਸੰਤ ‘ਤੇ ਅਨੇਕਾਂ ਲੋਕ ਅਣਿਆਈ ਮੌਤ ਮਰ ਜਾਂਦੇ ਹਨ ।
ਲਾਹੌਰ ਦਾ ਟਰਾਂਸਪੋਰਟ ਸਿਸਟਮ ਵੀ ਬਹੁਤ ਵਿਕਸਿਤ ਹੈ। ਸ਼ਹਿਰ ਦੇ ਅੰਦਰ ਸਫ਼ਰ ਲਈ ਰੈਪਿਡ ਬੱਸ ਸਿਸਟਮ ਹੈ। ਹੁਣ ਵਧਦੀ ਹੋਈ ਅਬਾਦੀ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ 16 ਕਰੋੜ ਡਾਲਰ ਦੀ ਲਾਗਤ ਅਤੇ ਚੀਨੀ ਤਕਨੀਕੀ ਮੱਦਦ ਨਾਲ ਲਾਹੌਰ ਮੈਟਰੋ ਦੀ ਉਸਾਰੀ ਕੀਤੀ ਜਾ ਰਹੀ ਹੈ। ਲਾਹੌਰ ਵਿੱਚ 2003 ਵਿੱਚ ਨਵਾਂ ਅੰਤਰਰਾਸ਼ਟਰੀ ਅੱਲਾਮਾ ਇਕਬਾਲ ਏਅਰਪੋਰਟ ਬਣਿਆ ਹੈ। ਪੁਰਾਣਾ ਏਅਰਪੋਰਟ ਹੁਣ ਸਿਰਫ ਹੱਜ਼ ਯਾਤਰੀਆਂ ਦੇ ਸਫ਼ਰ ਵਾਸਤੇ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲਾਹੌਰ ਟਰੇਨ ਅਤੇ ਬੱਸ ਰਾਹੀਂ ਪਾਕਿਸਤਾਨ ਦੇ ਮੁੱਖ ਸ਼ਹਿਰਾਂ ਅਤੇ ਅੰਮ੍ਰਿਤਸਰ ਨਾਲ ਜੁੜਿਆ ਹੋਇਆ ਹੈ। ਅੰਮ੍ਰਿਤਸਰ ਤੋਂ ਸੜਕ ਅਤੇ ਰੇਲਵੇ ਲਾਈਨ ਸਿੱਧੀ ਲਾਹੌਰ ਜਾਂਦੀ ਹੈ।
ਲਾਹੌਰ ਦੇ ਹੋਰ ਮਸ਼ਹੂਰ ਥਾਵਾਂ ਵਿੱਚ ਹੀਰਾ ਮੰਡੀ, ਲੰਡਾ ਬਜ਼ਾਰ, ਅਨਾਰਕਲੀ ਬਜ਼ਾਰ ਅਤੇ ਫੂਡ ਸਟਰੀਟ ਪ੍ਰਮੁੱਖ ਹੈ। ਮੁਜ਼ਰਿਆਂ ਅਤੇ ਵੇਸਵਾਵਾਂ ਲਈ ਮਸ਼ਹੂਰ ਹੀਰਾ ਮੰਡੀ (ਸ਼ਾਹੀ ਮੁਹੱਲਾ) ਪੁਰਾਣੇ ਲਾਹੌਰ ਦੇ ਟਕਸਾਲੀ ਦਰਵਾਜ਼ੇ ਦੇ ਅੰਦਰ ਸਥਿੱਤ ਹੈ । ਇਹ ਮੁਗਲ ਕਾਲ ਤੋਂ ਨਿਰੰਤਰ ਚੱਲਦੀ ਆ ਰਹੀ ਹੈ।
ਪਾਕਿਸਤਾਨ ਦੇ ਕੱਟੜਵਾਦੀ ਅਤੇ ਜਿਆ ਉਲ ਹੱਕ ਵਰਗੇ ਤਾਨਾਸ਼ਾਹ ਵੀ ਇਸ ਨੂੰ ਬੰਦ ਨਹੀਂ ਕਰਵਾ ਸਕੇ । ਕੋਠਿਆਂ ਹੇਠਲੀਆਂ ਦੁਕਾਨਾਂ ਵਿੱਚ ਆਮ ਬਜ਼ਾਰਾਂ ਵਾਂਗ ਖਾਣ-ਪੀਣ, ਸੰਗੀਤਕ ਸ਼ਾਜਾਂ ਅਤੇ ਜੁੱਤੀਆਂ-ਖੁੱਸਿਆਂ ਦੀਆਂ ਮਸ਼ਹੂਰ ਦੁਕਾਨਾਂ ਹਨ । ਪਾਕਿਸਤਾਨ ਦੇ ਕਈ ਚੋਟੀ ਦੇ ਫਿਲਮ ਐਕਟਰ, ਗਵੱਈਏ ਅਤੇ ਸਿਆਸਤਦਾਨ ਹੀਰਾ ਮੰਡੀ ਦੀ ਪੈਦਾਇਸ਼ ਹਨ ।
ਲੰਡਾ ਬਜ਼ਾਰ ਲਾਹੌਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੈ । ਇਹ ਅਮੀਰਾਂ-ਗਰੀਬਾਂ ਦਾ ਸਭ ਤੋਂ ਪਸੰਦੀਦਾ ਖਰੀਦ ਕੇਂਦਰ ਹੈ। ਇੱਥੇ ਇੰਪੋਰਟਡ ਕੱਪੜੇ, ਇਲੈਕਟਰੋਨਿਕਸ ਦਾ ਸਮਾਨ, ਜੁੱਤੀਆਂ ਆਦਿ ਹਰ ਚੀਜ ਵਾਜਬ ਮੁੱਲ ‘ਤੇ ਮੁਹੱਈਆ ਹਨ। ਜਿਹੜੀ ਚੀਜ ਕਿਤੇ ਨਾ ਮਿਲੇ, ਇੱਥੇ ਲੱਭ ਜਾਂਦੀ ਹੈ । 300 ਸਾਲ ਪੁਰਾਣਾ ਅਨਾਰਕਲੀ ਬਜ਼ਾਰ ਲਾਹੌਰ ਦੇ ਦਿਲ ਵਿੱਚ ਮੇਉ ਹਸਪਤਾਲ ਦੇ ਨਜ਼ਦੀਕ ਸਥਿੱਤ ਹੈ। ਇਹ ਦੱਖਣੀ ਏਸ਼ੀਆ ਦੀ ਸਭ ਤੋਂ ਪੁਰਾਣੇ ਬਜ਼ਾਰਾਂ ਵਿੱਚ ਆਉਂਦਾ ਹੈ। ਇਸ ਦਾ ਨਾਂਅ ਨਜ਼ਦੀਕ ਹੀ ਸਥਿੱਤ ਅਨਾਰਕਲੀ ਦੇ ਮਜ਼ਾਰ ਤੋਂ ਰੱਖਿਆ ਗਿਆ ਹੈ। ਇਸ ਦੇ ਦੋ ਹਿੱਸੇ ਹਨ, ਪੁਰਾਣਾ ਅਤੇ ਨਵਾਂ ਅਨਾਰਕਲੀ ਬਜ਼ਾਰ । ਪੁਰਾਣੇ ਬਜ਼ਾਰ ਵਿੱਚ ਰਵਾਇਤੀ ਪੰਜਾਬੀ ਖਾਣ-ਪੀਣ ਦੀਆਂ ਦੁਕਾਨਾਂ ਹਨ ਤੇ ਨਵਾਂ ਬਜ਼ਾਰ ਹੱਥ ਨਿਰਮਿਤ ਚੀਜ਼ਾਂ, ਗਹਿਣਿਆ, ਜੁੱਤੀਆਂ ਅਤੇ ਕੱਪੜੇ ਆਦਿ ਲਈ ਮਸ਼ਹੂਰ ਹੈ। ਖਾਸ ਤੌਰ ‘ਤੇ ਔਰਤਾਂ ਦਾ ਮਹਿੰਗੇ ਤੋਂ ਮਹਿੰਗਾ ਕੱਪੜਾ ਇੱਥੇ ਮਿਲਦਾ ਹੈ।
ਗਵਾਲ ਮੰਡੀ ਫੂਡ ਸਟਰੀਟ ਲਾਹੌਰ ਦੇ ਮੁਕਟ ਵਿੱਚ ਇੱਕ ਹੋਰ ਨਗੀਨਾ ਹੈ। ਇਹ ਕਿੰਗ ਐਡਵਰਡ ਹਸਪਤਾਲ ਦੇ ਨਜ਼ਦੀਕ ਹੈ। ਇੱਥੇ ਖਾਲਸ ਪੰਜਾਬੀ-ਪਾਕਿਸਤਾਨੀ ਪਕਵਾਨਾਂ ਤੋਂ ਇਲਾਵਾ ਸੰਸਾਰ ਦੀ ਹਰ ਖਾਣ-ਪੀਣ ਵਾਲੀ ਵਸਤੂ ਮਿਲਦੀ ਹੈ, ਸਿਵਾਏ ਸ਼ਰਾਬ ਦੇ । ਆਵਾਜਾਈ ਨੂੰ ਰਾਤ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇੱਥੋਂ ਦੀ ਖਾਸੀਅਤ ਹੈ ਕਿ ਤੁਸੀਂ ਕਿਸੇ ਵੀ ਦੁਕਾਨ ਤੋਂ ਸਮਾਨ ਲੈ ਕੇ ਕਿਸੇ ਵੀ ਦੁਕਾਨ ਵਿੱਚ ਬੈਠ ਕੇ ਖਾ ਸਕਦੇ ਹੋ, ਕੋਈ ਨਹੀਂ ਰੋਕਦਾ । ਇਸ ਲਜੀਜ਼ ਖਾਣੇ ਦਾ ਆਨੰਦ ਲੈਣ ਲਈ ਦੇਸ਼-ਦੁਨੀਆਂ ਤੋਂ ਲੋਕ ਪਰਿਵਾਰਾਂ ਸਮੇਤ ਪਹੁੰਚਦੇ ਹਨ । ਇਸ ਦਾ ਰਸ਼ ਘੱਟ ਕਰਨ ਲਈ 21 ਜਨਵਰੀ 2012 ਨੂੰ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਫੋਰਟ ਰੋਡ ‘ਤੇ ਨਵੀਂ ਫੂਡ ਸਟਰੀਟ ਦਾ ਉਦਘਾਟਨ ਕੀਤਾ ਹੈ।
ਲਾਹੌਰ ਭਾਰਤ ਦਾ ਸਭ ਤੋਂ ਨਜ਼ਦੀਕੀ ਵੱਡਾ ਪਾਕਿਸਤਾਨੀ ਸ਼ਹਿਰ ਹੈ। ਇਸ ਦਾ ਅਕਾਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ 15-20 ਸਾਲਾਂ ਵਿੱਚ ਹੀ ਇਹ ਕਰੀਬ ਦੁੱਗਣਾ ਹੋ ਗਿਆ ਹੈ। ਭਾਰਤ-ਪਾਕਿ ਜੰਗਾਂ ਵੇਲੇ ਸਭ ਤੋਂ ਜਿਆਦਾ ਨੁਕਸਾਨ ਅੰਮ੍ਰਿਤਸਰ ਅਤੇ ਲਾਹੌਰ ਨੂੰ ਝੱਲਣਾ ਪਿਆ ਸੀ। ਇਸ ਲਈ ਰੱਬ ਅੱਗੇ ਅਰਦਾਸ ਹੈ ਕਿ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਰਹੇ ਤੇ ਦੋਵੇਂ ਸ਼ਹਿਰ ਸਦਾ ਰਾਜੀ ਖੁਸ਼ੀ ਵੱਸਦੇ ਰੱਸਦੇ ਰਹਿਣ।                                        ਸਮਾਪਤ

ਬਲਰਾਜ ਸਿੰਘ ਸਿੱਧੂ
ਪੰਡੋਰੀ ਸਿੱਧਵਾਂ ਮੋ. 98151-24449

ਪ੍ਰਸਿੱਧ ਖਬਰਾਂ

To Top