ਸਾਂਝਾ ਪੰਨਾ

ਖੂਬਸੂਰਤੀ ਦਾ ਬੇਜੋੜ ਨਮੂਨਾ ਲਾਹੌਰ

‘ਜੀਨ੍ਹੇ ਲਾਹੌਰ ਨੀ ਵੇਖਿਆ, ਉਹ ਜੰਮਿਆ ਹੀ ਨਹੀਂ’ ਇਹ ਮੁਹਾਵਰਾ ਪੰਜਾਬ ‘ਚ ਸਦੀਆਂ ਤੋਂ ਪ੍ਰਚੱਲਤ ਹੈ। ਚੜ੍ਹਦੇ ਪੰਜਾਬ ਦਾ ਹਰੇਕ ਬਾਸ਼ਿੰਦਾ ਲਾਹੌਰ ਵੇਖਣ ਦੀ ਦਿਲੀ ਤਮੰਨਾ ਰੱਖਦਾ ਹੈ। ਜੇ ਕਿਤੇ ਪਾਕਿਸਤਾਨੀ ਸਰਕਾਰ ਵੀਜ਼ਾ ਸ਼ਰਤਾਂ ਨਰਮ ਕਰ ਦੇਵੇ ਤਾਂ ਸਿਰਫ ਲਾਹੌਰ ਦੇ ਸ਼ੌਕੀਨਾਂ ਤੋਂ ਹੀ ਉਸ ਨੂੰ ਕਰੋੜਾਂ ਰੁਪਏ ਸਲਾਨਾ ਆਮਦਨ ਹੋ ਸਕਦੀ ਹੈ।
ਭਾਰਤੀ Àੁੱਪ ਮਹਾਂਦੀਪ ਦੇ ਸਭ ਤੋਂ ਪੁਰਾਣੇ ਸ਼ਹਿਰਾਂ ‘ਚੋਂ ਇੱਕ ਲਾਹੌਰ ਲਹਿੰਦੇ ਪੰਜਾਬ ਦੀ ਰਾਜਧਾਨੀ ਹੈ। ਹਜ਼ਾਰਾਂ ਸਾਲ ਪੁਰਾਣਾ ਲਾਹੌਰ ਕਰਾਚੀ ਤੋਂ ਬਾਅਦ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇੱਕ ਕਰੋੜ ਦਸ ਲੱਖ ਅਬਾਦੀ ਕਾਰਨ ਇਹ ਸੰਸਾਰ ਦਾ 18 ਵਾਂ ਸਭ ਤੋਂ ਵੱਧ ਆਬਾਦੀ ਵਾਲਾ ਤੇ ਸੰਸਾਰ ਦਾ ਸਭ ਤੋਂ ਵੱਡਾ ਪੰਜਾਬੀ ਸ਼ਹਿਰ ਹੈ। ਅੰਮ੍ਰਿਤਸਰ ਤੋਂ ਲਾਹੌਰ 49 ਕਿ.ਮੀ. ਹੈ, ਜਦਕਿ ਗੁਰਦਾਸਪੁਰ 80 ਤੇ ਜਲੰਧਰ 81 ਕਿ.ਮੀ. ਪੈਂਦਾ ਹੈ। ਲਾਹੌਰ ਦਾ ਪ੍ਰਸ਼ਾਸਨ ਸੁਚੱਜੇ ਢੰਗ ਨਾਲ ਚਲਾਉਣ ਲਈ ਇਸ ਨੂੰ ਰਾਵੀ ਟਾਊਨ, ਸ਼ਾਲੀਮਾਰ ਟਾਊਨ, ਵਾਹਗਾ ਟਾਊਨ, ਅਜੀਜ਼ ਭੱਟੀ ਟਾਊਨ ਅਤੇ ਦਾਤਾ ਗੰਜ ਬਖਸ਼ ਟਾਊਨ ਆਦਿ 10 ਟਾਊਨਸ਼ਿੱਪਾਂ ‘ਚ ਵੰਡਿਆ ਹੋਇਆ ਹੈ। ਇਨ੍ਹਾਂ ਦਾ ਪ੍ਰਸ਼ਾਸਨ ਚੁਣੀਆਂ ਹੋਈਆਂ ਕੌਂਸਲਾਂ ਚਲਾਉਂਦੀਆਂ ਹਨ।
ਇਤਿਹਾਸ ‘ਚ ਲਾਹੌਰ ਸਭ ਤੋਂ ਪਹਿਲਾਂ ਰਾਜਧਾਨੀ ਨਗਰ 11ਵੀਂ ਸਦੀ ‘ਚ ਹਿੰਦੂਸ਼ਾਹੀ ਬਾਦਸ਼ਾਹ ਆਨੰਦਪਾਲ ਦੇ ਸ਼ਾਸਨ ਦੌਰਾਨ ਬਣਿਆ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ, ਕਰੀਬ ਹਜ਼ਾਰ ਸਾਲ ਤੋਂ ਇਹ ਪੰਜਾਬ ਦੀ ਰਵਾਇਤੀ ਰਾਜਧਾਨੀ ਮੰਨੀ ਜਾਂਦੀ ਹੈ। ਲਾਹੌਰ ਦੇ ਮਾਲਕ ਨੂੰ ਪੰਜਾਬ ਦਾ ਤੇ ਦਿੱਲੀ ਦੇ ਮਾਲਕ

Balraj Singh

ਬਲਰਾਜ ਸਿੰਘ ਸਿੱਧੂ ਪੰਡੋਰੀ ਸਿੱਧਵਾਂ ਮੋ. 98151-24449

ਨੂੰ ਭਾਰਤ ਦਾ ਬਾਦਸ਼ਾਹ ਸਮਝਿਆ ਜਾਂਦਾ ਸੀ । 1021 ਈ. ‘ਚ ਹਿੰਦੂਸ਼ਾਹੀ ਸ਼ਾਸਕ ਤਿਰਲੋਚਨ ਪਾਲ ਨੂੰ ਹਰਾ ਕੇ ਮਹਿਮੂਦ ਗਜ਼ਨਵੀ ਨੇ ਤੇ 1192 ਈ. ‘ਚ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਮੁਹੰਮਦ ਗੌਰੀ ਨੇ ਇਸ ਨੂੰ ਮੁਸਲਿਮ ਰਾਜ ਦੀ ਰਾਜਧਾਨੀ ਬਣਾਇਆ।
ਇਸ ਤੋਂ ਬਾਅਦ ਇਹ ਤੁਰਕਾਂ, ਖਿਲਜੀਆਂ, ਤੁਗਲਕਾਂ, ਲੋਧੀਆਂ, ਮੁਗਲਾਂ, ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਅਧੀਨ ਰਿਹਾ। 1799 ਈ. ‘ਚ ਇਹ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਹੇਠ ਆ ਗਿਆ ਤੇ 1849 ਈ. ਤੱਕ ਸਿੱਖ ਰਾਜ ਦੀ ਰਾਜਧਾਨੀ ਰਿਹਾ। 1849 ਤੋਂ ਬ੍ਰਿਟਿਸ਼ ਪੰਜਾਬ ਦੀ ਰਾਜਧਾਨੀ ਤੇ 1947 ‘ਚ ਭਾਰਤ ਅਜ਼ਾਦ ਹੋਣ ਤੋਂ ਲਹਿੰਦੇ ਪੰਜਾਬ ਦੀ ਰਾਜਧਾਨੀ ਹੈ।
ਮਿਥਿਹਾਸ ਮੁਤਾਬਕ ਮੰਨਿਆ ਜਾਂਦਾ ਹੈ ਕਿ ਲਾਹੌਰ ਦੀ ਸਥਾਪਨਾ ਸ੍ਰੀ ਰਾਮ ਚੰਦਰ ਦੇ ਬੇਟੇ ਲਵ ਨੇ ਤੇ ਕਸੂਰ ਦੀ ਸਥਾਪਨਾ ਕੁਸ਼ ਨੇ ਕੀਤੀ ਸੀ। ਇਸ ਦਾ ਨਾਂਅ ਸਭ ਤੋਂ ਪਹਿਲਾਂ ਸਾਫ-ਸਾਫ ਇਤਿਹਾਸਿਕ ਵਰਨਣ 982 ਈ. ਦੇ ਇੱਕ ਦਸਤਾਵੇਜ਼ ਹੁਦੂਦ ਅਲ ਆਲਮ ‘ਚ ਆਉਂਦਾ ਹੈ ਕਿ ਲਾਹੌਰ ‘ਤੇ ਅਰਬਾਂ ਨੇ ਹਮਲਾ ਕੀਤਾ।
ਇਹ ਦਸਤਾਵੇਜ਼ ਹੁਣ ਬ੍ਰਿਟਿਸ਼ ਮਿਊਜ਼ੀਅਮ ਲੰਡਨ ‘ਚ ਪਿਆ ਹੈ। ਇਸ ਨੂੰ ਵੱਖ-ਵੱਖ ਸਮੇਂ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ। ਅੱਜ ਤੱਕ ਕੋਈ ਠੋਸ ਇਤਿਹਾਸਕ ਸਬੂਤ ਸਾਹਮਣੇ ਨਹੀਂ ਆਇਆ ਕਿ ਇਸ ਦੀ ਮੋਹੜੀ ਕਿਸ ਨੇ ਗੱਡੀ ਸੀ? ਪਰ ਇਹ ਗੱਲ ਦੇ ਠੋਸ ਭੂਗੋਲਿਕ ਸਬੂਤ ਹਨ ਕਿ ਇਹ ਸ਼ਹਿਰ 2000 ਸਾਲ ਪੁਰਾਣਾ ਹੈ। 7ਵੀਂ ਸਦੀ ਦੇ ਮਸ਼ਹੂਰ ਚੀਨੀ ਯਾਤਰੀ ਹਿਊਨ ਸਾਂਗ ਨੇ ਵੀ ਆਪਣੀ ਯਾਤਰਾ ਦੌਰਾਨ ਲਾਹੌਰ ਬਾਰੇ ਵਰਨਣ ਕੀਤਾ ਹੈ। ਲਾਹੌਰ ‘ਤੇ ਹੁਣ ਤੱਕ ਅਨੇਕਾਂ ਵੰਸ਼ਾਂ ਨੇ ਰਾਜ ਕੀਤਾ ਹੈ ਤੇ ਅਨੇਕਾਂ ਨੇ ਇਸ ਨੂੰ ਲੁੱਟਿਆ ਤੇ ਤਬਾਹ ਕੀਤਾ ਹੈ। 1397 ਈ. ‘ਚ ਇਸ ‘ਤੇ ਤੈਮੂਰ ਨੇ ਕਬਜ਼ਾ ਕੀਤਾ ਸੀ ਪਰ ਲੁੱਟਿਆ ਨਹੀਂ ਸੀ। ਉਸ ਦੀ ਨਜ਼ਰ ‘ਚ ਇਹ ਇੱਕ ਗਰੀਬ ਸ਼ਹਿਰ ਸੀ।
ਲਾਹੌਰ ‘ਚ ਸੈਂਕੜੇ ਵੇਖਣਯੋਗ ਸਮਾਰਕ ਹਨ। ਸੈਂਕੜਿਆਂ ਦੀ ਗਿਣਤੀ ‘ਚ ਮਹਿਲ, ਕਿਲ੍ਹੇ, ਬਾਗ, ਮੰਦਰ, ਮਸਜਿਦਾਂ ਤੇ ਗੁਰਦਵਾਰੇ ਹਨ । ਮੁਗਲਾਂ ਨੂੰ ਲਾਹੌਰ ਖਾਸ ਤੌਰ ‘ਤੇ ਪਿਆਰਾ ਸੀ। ਉਨ੍ਹਾਂ ਨੇ ਲਾਹੌਰ ‘ਚ ਸ਼ਾਨਦਾਰ ਬਾਗ ਤੇ ਇਮਾਰਤਾਂ ਤਾਮੀਰ ਕਰਵਾਈਆਂ । ਅਕਬਰ ਮਹਾਨ ਵੱਲੋਂ ਬਣਵਾਇਆ ਗਿਆ ਸ਼ਾਹੀ ਕਿਲ੍ਹਾ (1556-1605), ਸ਼ਾਹ ਜਹਾਨ ਦੁਆਰਾ ਜੰਨਤ ਦੇ ਡਿਜ਼ਾਈਨ ‘ਤੇ ਬਣਵਾਇਆ ਗਿਆ ਸ਼ਾਲੀਮਾਰ ਬਾਗ, ਨੌ ਲੱਖਾ ਮਹਿਲ, ਮੋਤੀ ਮਸਜਿਦ, ਦੀਵਾਨ ਏ ਆਮ (1628), ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਅਤੇ ਵਜ਼ੀਰ ਖਾਨ ਦੀ ਮਸਜਿਦ (1635), ਜਹਾਂਗੀਰ ਦੁਆਰਾ ਬਣਵਾਈ ਗਈ ਬਾਰਾਂਦਾਰੀ ਤੇ ਚਹਾਰ ਬਾਗ (1618), ਔਰੰਗਜ਼ੇਬ ਦੁਆਰਾ ਨਿਰਮਤ ਬਾਦਸ਼ਾਹੀ ਮਸਜਿਦ (1673), ਮੁਮਤਾਜ਼ ਮਹਿਲ ਦੇ ਬਾਪ ਗਿਆਸ ਬੇਗ ਦੁਆਰਾ ਨਿਰਮਤ ਸ਼ੀਸ਼ ਮਹਿਲ (1631) ਹਜ਼ੂਰੀ ਬਾਗ ਤੇ ਮੋਚੀ ਬਾਗ ਆਦਿ।
ਇਨ੍ਹਾਂ ਇਮਾਰਤਾਂ ‘ਚੋਂ ਅਨੇਕਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ਼ ਦਾ ਦਰਜ਼ਾ ਹਾਸਲ ਹੈ।ਸਿੱਖ ਰਾਜ ਵੇਲੇ ਵੀ ਅਨੇਕਾਂ ਵੇਖਣਯੋਗ ਇਮਾਰਤਾਂ ਅਤੇ ਗੁਰਦਵਾਰਿਆਂ ਦੀ ਉਸਾਰੀ ਕਰਵਾਈ ਗਈ। ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਰਦਾਰਾਂ ਨੇ ਗੁਰਦਵਾਰਾ ਪਹਿਲੀ ਪਾਤਸ਼ਾਹੀ, ਗੁਰਦਵਾਰਾ ਸ੍ਰੀ ਨਾਨਕ ਗੜ੍ਹ, ਗੁਰਦਵਾਰਾ ਬਾਉਲੀ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ, ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮ ਦਾਸ ਜੀ, ਗੁਰਦਵਾਰਾ ਦੀਵਾਨ ਖਾਨਾ, ਗੁਰਦਵਾਰਾ ਬਾਉਲੀ ਸਾਹਿਬ ਗੁਰੂ ਅਰਜਨ ਦੇਵ ਜੀ, ਗੁਰਦਵਾਰਾ ਬੁੱਧੂ ਕਾ ਆਵਾ, ਗੁਰਦਵਾਰਾ ਲਾਲ ਖੂਹ, ਗੁਰਦਵਾਰਾ ਡੇਹਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਦਵਾਰਾ ਪਾਤਸ਼ਾਹੀ ਛੇਵੀਂ, ਸ਼ਹੀਦ ਗੰਜ ਭਾਈ ਤਾਰੂ ਸਿੰਘ, ਗੁਰਦਵਾਰਾ ਸ਼ਹੀਦ ਸਿੰਘ ਸਿੰਘਣੀਆਂ ਅਤੇ ਸ਼ਹੀਦ ਗੰਜ ਭਾਈ ਮਨੀ ਸਿੰਘ ਲਾਹੌਰ ਆਦਿ ਅਨੇਕਾਂ ਗੁਰਦਵਾਰਿਆਂ ਦੀਆਂ ਸ਼ਾਨਦਾਰ ਇਮਾਰਤਾਂ ਤਾਮੀਰ ਕਰਵਾਈਆਂ। ਇਸ ਤੋਂ ਇਲਾਵਾ ਕੁੰਵਰ ਨੌਨਿਹਾਲ ਸਿੰਘ ਦੀ ਹਵੇਲੀ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ, ਦੀਨਾ ਨਾਥ ਦੀ ਹਵੇਲੀ ਤੇ ਹਵੇਲੀ ਸ਼ੇਰਗੜ੍ਹੀਆ ਵੇਖਣਯੋਗ ਹਨ ।
ਅੰਗਰੇਜ਼ ਸ਼ਾਸ਼ਨ ਦੌਰਾਨ ਵੀ ਲਾਹੌਰ ‘ਚ ਸਮਾਰਕਾਂ ਦੀ ਉਸਾਰੀ ਦੀ ਰਵਾਇਤ ਜਾਰੀ ਰਹੀ। ਮਹਾਨ ਇੰਜੀਨੀਅਰ ਸਰ ਗੰਗਾ ਰਾਮ, ਜਿਸ ਨੂੰ ਆਧੁਨਿਕ ਲਾਹੌਰ ਦਾ ਪਿਤਾਮਾ ਕਿਹਾ ਜਾਂਦਾ ਹੈ, ਨੇ ਜਨਰਲ ਪੋਸਟ ਆਫਿਸ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ, ਮੇਉ ਕਾਲਜ ਆਫ ਆਰਟਸ, ਗੰਗਾ ਰਾਮ ਹਸਪਤਾਲ, ਲੇਡੀ ਮੈਕਲੇਗਨ ਗਰਲਜ਼ ਹਾਈ ਸਕੂਲ, ਸਰਕਾਰੀ ਕਾਲਜ ਯੂਨੀਵਰਸਿਟੀ, ਸਰ ਗੰਗਾ ਰਾਮ ਹਾਈ ਸਕੂਲ, ਹੇਲੀ ਕਾਲਜ ਆਫ ਕਾਮਰਸ, ਅੰਗਹੀਣਾਂ ਲਈ ਰਾਵੀ ਰੋਡ ਹਾਊਸ, ਗੰਗਾ ਰਾਮ ਟਰੱਸਟ ਬਿਲਡਿੰਗ ਤੇ ਲੇਡੀ ਮੇਨਾਰਡ ਇੰਡਸਟਰੀਅਲ ਸਿਖਲਾਈ ਸਕੂਲ ਆਦਿ ਦੇ ਡਿਜ਼ਾਈਨ ਤਿਆਰ ਕੀਤੇ।
ਇਸ ਤੋਂ ਇਲਾਵਾ ਅੰਗਰੇਜਾਂ ਨੇ ਲਾਹੌਰ ‘ਚ ਪੰਜਾਬ ਦਾ ਪਹਿਲਾ ਕਾਲਜ (ਗੌਰਮਿੰਟ ਕਾਲਜ ਲਾਹੌਰ) ਤੇ ਯੂਨੀਵਰਸਿਟੀ (ਫਾਰਮਨ ਕਰਿਚੀਅਨ ਯੂਨੀਵਰਸਿਟੀ) ਸ਼ੁਰੂ ਕੀਤੀ। ਲਾਹੌਰ ਨੇ ਭਾਰਤ ਦੇ ਅਜ਼ਾਦੀ ਸੰਗਰਾਮ ‘ਚ ਵੀ ਅਹਿਮ ਰੋਲ ਅਦਾ ਕੀਤਾ ਹੈ। 31 ਦਸੰਬਰ 1929 ਨੂੰ ਪੰਡਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਹੋਏ ਕਾਂਗਰਸ ਸੈਸ਼ਨ ਵਿੱਚ ਭਾਰਤ ਦੀ ਪੂਰਨ ਸੁਤੰਤਰਤਾ ਦਾ ਮਤਾ ਪਾਸ ਕੀਤਾ ਗਿਆ । ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਆਦਿ ਵਰਗੇ ਸਾਰੇ ਚੋਟੀ ਦੇ ਕ੍ਰਾਂਤੀਕਾਰੀ ਲਾਹੌਰ ਜੇਲ੍ਹ ‘ਚ ਹੀ ਬੰਦ ਕੀਤੇ ਗਏ ਸਨ ਤੇ ਇੱਥੇ ਹੀ ਉਨ੍ਹਾਂ ਨੂੰ ਫਾਂਸੀ ਲਾਈ ਗਈ। ਜਤਿਨ ਦਾਸ ਵੀ ਇਸੇ ਜੇਲ੍ਹ ‘ਚ 63 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਸ਼ਹੀਦ ਹੋਇਆ ਸੀ।              ਚਲਦਾ…    

ਪ੍ਰਸਿੱਧ ਖਬਰਾਂ

To Top