ਪੰਜਾਬ

ਚੋਣਾਂ ਦੀ ਰੁੱਤ ‘ਚ ਖੁੰਭਾਂ ਵਾਂਗ ਉਗਣਗੇ ਫਰੰਟ : ਬਾਦਲ

ਅੰਮ੍ਰਿਤਸਰ ‘ਚ ਪੱਤਰਕਾਰਾਂ ਤੇ ਹੋਏ ਲਾਠੀਚਾਰਜ ਦੇ ਜਵਾਬ ਤੋਂ ਵੱਟਿਆ ਟਾਲਾ

ਲੰਬੀ, ਮੇਵਾ ਸਿੰਘ
ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨ ਮੁੱਖ ਮੰਤਰੀ ਨੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਇਕ ਹੋਰ ਸਿਆਸੀ ਫਰੰਟ ਬਣਾਏ ਜਾਣ ਦੀਆਂ ਸੰਭਾਵਨਾਵਾਂ ਸਬੰਧੀ  ਕਿਹਾ ਕਿ ਚੋਣਾਂ ਦੀ ਇਸ ਰੁੱਤ ਵਿਚ ਅਜਿਹੇ ਚੋਣ ਫਰੰਟ ਖੁੰਭਾਂ ਵਾਂਗ ਉਗਣਗੇ। ਅਜਿਹੇ ਫਰੰਟਾਂ ਦਾ ਪੰਜਾਬ ਦੀ ਸਿਆਸਤ ਤੇ ਭੋਰਾ ਵੀ ਅਸਰ ਨਹੀਂ ਪੈਣ ਵਾਲਾ। ਮੁੱਖ ਮੰਤਰੀ ਆਪਣੇ ਸੰਗਤ ਦਰਸ਼ਨ ਦੌਰਾਨ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਸਿੰਘੇਵਾਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪੱਤਰਕਾਰਾਂ ਨੇ ਜਦੋਂ ਮੁੱਖ ਮੰਤਰੀ ਨੂੰ ਕਿਹਾ ਮੈਂਬਰ ਪਾਰਲੀਮੈਂਟ ਅਤੇ ਆਪ ਦੇ ਆਗੂ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਸਦਾ ਫਿਕਰ ਛੱਡਕੇ ਪੰਜਾਬ ਦਾ ਮਾਣ ਸਨਮਾਨ ਬਹਾਲ ਕਰੇ ਤਾਂ ਮੁੱਖ ਮੰਤਰੀ ਨੇ ਕਿਹਾ ਭਗਵੰਤ ਮਾਨ ਨੂੰ ਐਂਵੇਂ ਵਹਿਮ ਹੈ , ਉਸ ਦਾ ਫਿਕਰ ਕੋਈ ਨਹੀਂ ਕਰਦਾ।  ਅੰਮ੍ਰਿਤਸਰ ਵਿਖੇ ਪੱਤਰਕਾਰਾਂ ਤੇ ਹੋਏ ਲਾਠੀਚਾਰਜ ਸਬੰਧੀ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ ਬਾਰੇ ਪੁੱਛੇ ਜਾਣ ‘ਤੇ ਸ੍ਰ: ਬਾਦਲ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਇਹੀ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਭ ਨੂੰ ਹੀ ਪ੍ਰੈਸ ਦਾ ਮਾਣ ਸਨਮਾਨ ਕਰਨਾ ਚਾਹੀਦਾ। ਪੱਤਰਕਾਰਾਂ ਤੇ ਹੋਏ ਲਾਠੀਚਾਰਜ ਸਬੰਧੀ ਹੋਈ ਸਰਕਾਰੀ ਕਾਰਵਾਈ ਦਾ ਜਵਾਬ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਅਗਲੇ ਪਿੰਡ ਦੇ ਸੰਗਤ ਦਰਸ਼ਨ ਲਈ ਰਵਾਨਾ ਹੋ ਗਏ।
ਇਸ ਤੋਂ ਪਹਿਲਾਂ ਪਿੰਡ ਹਾਕੂ ਵਾਲਾ, ਫੱਤਾ ਖੇੜਾ, ਵੜਿੰਗ ਖੇੜਾ, ਫਤੁਹੀ ਵਾਲਾ, ਸਿੰਘੇਵਾਲਾ, ਮਿੱਠੜੀ ਬੁੱਧਗਿਰ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਕਲਿਆਣਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਮੁੱਖ ਮੰਤਰੀ ਨੇ ਆਖਰ ਵਿਚ ਹਰ ਪਿੰਡ ਅੰਦਰ ਇਹ ਗੱਲ ਆਖੀ ਕਿ ਮੈਨੂੰ ਲੱਗਦਾ ਹੁਣ ਤੁਹਾਡੇ ਸਾਰੇ ਕੰਮ ਹੋ ਗਏ ਹਨ, ਜੇ ਕੋਈ ਰਹਿ ਗਿਆ ਹੈ ਤਾਂ ਹੁਣੇ ਦੱਸ ਦਿਉ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪੰਜਾਬ ਐਗਰੋ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਕੋਆਰਡੀਨੇਟਰ ਅਵਤਾਰ ਸਿੰਘ ਵਣਵਾਲਾ, ਸਹਿਕਾਰੀ ਬੈਂਕ ਦੇ ਚੇਅਰਮੈਨ  ਤਜਿੰਦਰ ਸਿੰਘ ਮਿੱਡੂਖੇੜਾ, ਬਲਾਕ ਸੰਮਤੀ ਦੇ ਚੇਅਰਮੈਨ  ਗੁਰਬਖਸ਼ੀਸ ਸਿੰਘ ਵਿੱਕੀ ਮਿੱਡੂਖੇੜਾ ਸਮੇਤ ਹੋਰ ਅਹੁਦੇਦਾਰ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ
ਅੱਤਵਾਦੀ ਹਮਲੇ ਦੀ ਕੀਤੀ ਨਿੰਦਿਆ
ਜੰਮੂ ਕਸ਼ਮੀਰ ਦੇ ਊੜੀ ਵਿਖੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਪ੍ਰਕਾਰ ਦਾ ਨਿਰਣਾ ਲੈਣ ਦੀ ਸਮੱਰਥਾ ਰੱਖਦੇ ਹਨ। ਉਨਾਂ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਤੇ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ ਦੇਸ਼ ਵੱਲੋਂ ਬਣਦਾ ਜਵਾਬ ਦਿੱਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top