ਪੰਜਾਬ

ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ ਕੀਤਾ ਵਾਧਾ ਨਿਗੂਣਾ: ਮੁੱਖ ਮੰਤਰੀ

-ਖੇਤੀ ਕਿੱਤਾ ਮੁਨਾਫਾਬਖਸ਼ ਬਣਾਉਣ ਲਈ ਕੇਂਦਰ ਮਾਹਿਰਾਂ ਦਾ ਸਮੂਹ ਕਾਇਮ ਕਰੇ
ਅੰਮ੍ਰਿਤਸਰ. (ਰਾਜਨ ਮਾਨ) ਖੇਤੀ ਸੰਕਟ ਵਿੱਚੋਂ ਕਿਸਾਨਾਂ ਨੂੰ ਕੱਢਣ ਲਈ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ ਮਾਮੂਲੀ ਵਾਧੇ ਨੂੰ ਨਿਗੂਣਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਸਰਕਾਰ ਨੂੰ ਖੇਤੀ ਕਿੱਤਾ ਮੁਨਾਫਾਬਖਸ਼ ਬਣਾਉਣ ਲਈ ਮਾਹਿਰਾਂ ਦਾ ਇਕ ਗਰੁੱਪ ਕਾਇਮ ਕਰਨ ਦੀ ਅਪੀਲ ਕੀਤੀ।
ਅੱਜ ਇੱਥੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੂਰੇ ਮੁਲਕ ਦੇ ਕਿਸਾਨ ਇਸ ਵੇਲੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਜਿਸ ਕਰਕੇ ਦੇਸ਼ ਦੇ ਅੰਨਦਾਤਿਆਂ ਦੀ ਸਾਰ ਲੈਣਾ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮੁਲਕ ਦੇ ਦੂਜੇ ਕਿਸਾਨਾਂ ਦੇ ਉਲਟ ਸੂਬੇ ਦੇ ਕਿਸਾਨ ਆਪਣੀ ਫਸਲ ਨੂੰ ਬੱਚਿਆਂ ਵਾਂਗ ਪਾਲਦੇ ਹਨ ਅਤੇ ਇਸ ਨੂੰ ਪਾਲਣ ਵਿਚ ਆਪਣੇ ਸਾਰੇ ਵਸੀਲਿਆਂ ਨੂੰ ਝੋਕ ਦਿੰਦੇ ਹਨ। ਸ. ਬਾਦਲ ਨੇ ਕਿਹਾ ਕਿ ਮਾਹਿਰਾਂ ਦੇ ਗਰੁੱਪ ਵੱਲੋਂ ਖੇਤੀ ਨੂੰ ਮੁਨਾਫਾਬਖਸ਼ ਬਣਾਉਣ ਲਈ ਸੁਝਾਅ ਦੇ ਢੰਗ ਤਰੀਕੇ ਦੱਸੇ ਜਾਣ।
ਉਘੇ ਖੇਤੀ ਆਰਥਿਕ ਮਾਹਿਰ ਡਾ. ਐਮ.ਐਸ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਜ਼ੋਰਦਾਰ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਨਾਲ ਸੂਬੇ ਦੇ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ। ਸ. ਬਾਦਲ ਨੇ ਕਿਹਾ ਕਿ ਉਹ ਇਹ ਸਿਫਾਰਿਸ਼ਾਂ ਲਾਗੂ ਕਰਨ ਲਈ ਪਹਿਲਾਂ ਹੀ ਭਾਰਤ ਸਰਕਾਰ ਨੂੰ ਅਪੀਲ ਕਰ ਚੁੱਕੇ ਹਨ ਅਤੇ ਇਕ ਵਾਰ ਫਿਰ ਇਸ ਮਸਲੇ ਨੂੰ ਉਠਾਉਣਗੇ।
ਕਾਂਗਰਸ ਦੇ ਤਜਵੀਜ਼ਤ ਧਰਨਿਆਂ ਨੂੰ ਸਿਆਸੀ ਢਕਵੰਜ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਉਠਾਏ ਮੁੱਦਿਆਂ ‘ਤੇ ਸੂਬਾ ਸਰਕਾਰ ਪਹਿਲਾਂ ਹੀ ਜਾਂਚ ਕਰਵਾ ਰਹੀ ਹੈ। ਉਨਾਂ ਕਿਹਾ ਕਿ ਜਾਂਚ ਰਿਪੋਰਟ ਦੇ ਆਉਣ ਤੱਕ ਕਿਸੇ ਦਾ ਵੀ ਨਾਮ ਲੈਣਾ ਅਨੈਤਿਕ ਹੈ।
ਪਿੰਡ ਪਡਹੇੜੀ, ਸਹੂੜਾ ਤੇ ਬੱਚੀਵਿੰਡ ਦੌਰਾਨ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਲੋਕਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਤੇ ਆਪ ਸੂਬੇ ਦੇ ਹਿੱਤਾਂ ਦੇ ਵਿਰੋਧੀ ਹਨ ਅਤੇ ਸੂਬੇ ਨੂੰ ਪਾਣੀਆਂ ਤੋਂ ਵਾਂਝਾ ਕਰਨ ਲਈ ਪੱਬਾਂ ਭਾਰ ਹਨ। ਉਨਾਂ ਕਿਹਾ ਕਿ ਹਰੇਕ ਪੰਜਾਬੀ ਨੂੰ ਪਾਣੀ ਦੀ ਬੂੰਦ-ਬੂੰਦ ਬਚਾਉਣ ਲਈ ਪਹਿਰਾ ਦੇਣਾ ਪਵੇਗਾ ਕਿਉਂਕਿ ਜੇਕਰ ਆਪ ਤੇ ਕਾਂਗਰਸ ਦੀਆਂ ਕੋਝੀਆਂ ਹਰਕਤਾਂ ਸਫਲ ਹੋ ਗਈਆਂ ਤਾਂ ਪੰਜਾਬ ਨੂੰ ਕੋਈ ਵੀ ਰੇਗਿਸਤਾਨ ਬਣਨ ਤੋਂ ਬਚਾ ਨਹੀਂ ਸਕਦਾ।
ਇਸ ਮੌਕੇ ਮੁੱਖ ਮੰਤਰੀ ਨਾਲ ਜ਼ਿਲਾ ਯੋਜਨਾ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ. ਕਰੁਣਾਰਾਜੂ, ਡੀ.ਆਈ.ਜੀ ਸ੍ਰੀ ਕੁੰਵਰ ਵਿਜੈ ਪ੍ਰਤਾਪ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਅਤੇ ਜ਼ਿਲਾ ਪੁਲਿਸ ਮੁਖੀ ਸ੍ਰੀ ਜਸਦੀਪ ਸਿੰਘ ਹਾਜ਼ਰ ਸਨ।

ਪ੍ਰਸਿੱਧ ਖਬਰਾਂ

To Top