ਪੰਜਾਬ

ਟਿਊਬਵੈੱਲਾਂ ਨੂੰ ਬਿਜਲੀ ਦੇਣ ਸਾਰ, ਬਿਜਲੀ ਦੀ ਮੰਗ 2100 ਲੱਖ ਯੂਨਿਟ ਤੋਂ ਪਾਰ

ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਦੇਣ ਤੋਂ ਬਾਅਦ ਪਹਿਲੇ ਦਿਨ ਹੀ ਬਿਜਲੀ ਦੀ ਮੰਗ 2100 ਲੱਖ ਯੂਨਿਟ ਨੂੰ ਪਾਰ ਕਰ ਗਈ ਹੈ। ਭਾਵੇਂ ਕਈ ਖਿੱਤਿਆਂ ‘ਚ ਮੀਂਹ ਪੈਣ ਕਾਰਨ ਪਾਵਰਕੌਮ ਨੂੰ ਵੱਡਾ ਸਹਾਰਾ ਵੀ ਹਾਸਲ ਹੋਇਆ ਹੈ ਪਰ ਇਸਦੇ ਬਾਵਜੂਦ ਵੀ ਬਿਜਲੀ ਦੀ ਮੰਗ ‘ਚ ਵਾਧਾ ਹੋ ਰਿਹਾ ਹੈ। ਪਾਵਰਕੌਮ ਵੱਲੋਂ ਥਰਮਲਾਂ ਦੇ 13 ਯੂਨਿਟ ਚਾਲੂ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਦੇਣ ਤੋਂ ਬਾਅਦ ਪਾਵਰਕੌਮ ਦੇ ਸਿਰ ਲੋਡ ਵੱਧਣਾ ਸ਼ੁਰੂ ਹੋ ਗਿਆ ਹੈ। ਅੱਜ ਬਿਜਲੀ ਦੀ ਮੰਗ 2100 ਲੱਖ ਯੂਨਿਟ ਨੂੰ ਪਾਰ ਕਰ ਗਈ ਹੈ। ਇਸ ਤੋਂ ਦੋਂ ਦਿਨ ਪਹਿਲਾਂ ਬਿਜਲੀ ਦੀ ਮੰਗ 1885 ਲੱਖ ਯੂਨਿਟ ਸੀ ਕਿਉਂÎਕਿ ਇਸ ਸਮੇਂ ਦੌਰਾਨ ਪਾਵਰਕੌਮ ਵੱਲੋਂ ਕਿਸਾਨਾਂ ਨੂੰ 5-6 ਘੰਟੇ ਟਿਊਬਵੈੱਲਾਂ ਲਈ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਸੀ। ਪਾਵਰਕੌਮ ਵੱਲੋਂ ਬਾਰਡਰ ਏਰੀਏ ‘ਚ ਕਿਸਾਨਾਂ ਨੂੰ 9 ਘੰਟੇ ਦੇ ਕਰੀਬ ਟਿਊਬਵੈੱਲਾਂ ਨੂੰ ਬਿਜਲੀ ਦਿੱਤੀ ਜਾ ਰਹੀ ਹੈ ਜਦਕਿ ਦੂਜੀਆਂ ਥਾਵਾਂ ‘ਤੇ ਇਹ 8 ਘੰਟੇ ਹੈ। ਪਾਵਰਕੌਮ ਵੱਲੋਂ ਵਧੀ ਬਿਜਲੀ ਦੀ ਮੰਗ ਕਾਰਨ ਆਪਣੇ ਤਾਪ ਘਰਾਂ ਦੇ 13 ਯੂਨਿਟ ਚਾਲੂ ਕਰ ਦਿੱਤੇ ਗਏ ਹਨ ਜਦਕਿ ਸਿਰਫ਼ 1 ਯੂਨਿਟ ਹੀ ਬੰਦ ਕੀਤਾ ਹੋਇਆ ਹੈ। ਇਸ ਤੋਂ ਦੋ ਦਿਨ ਪਹਿਲਾਂ ਪਾਵਰਕੌਮ ਦੇ 6 ਯੂਨਿਟ ਬੰਦ ਅਵਸਥਾ ‘ਚ ਸਨ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇਂ ਯੂਨਿਟ ਚੱਲ ਰਹੇ ਹਨ ਜਦਕਿ ਬਠਿੰਡਾ ਥਰਮਲ ਪਲਾਂਟ ਦੇ ਵੀ ਸਾਰੇ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦਾ 5 ਯੂਨਿਟ ਚਾਲੂ ਹਨ ਜਦਕਿ ਸਿਰਫ਼ ਇੱਕ ਯੂਨਿਟ ਹੀ ਬੰਦ ਕੀਤਾ ਹੋਇਆ ਹੈ। ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿਸਾਨਾਂ ਨੂੰ 8 ਘੰਟੇ ਪੂਰੀ ਬਿਜਲੀ ਸਪਲਾਈ ਦਿੱਤੀ ਜਾਵੇਗੀ ਜੇਕਰ ਕਿਸੇ ਖੇਤਰ ਵਿੱਚ ਤਕਨੀਕੀ ਨੁਕਸ ਆਦਿ ਨਾਲ ਕਿਸਾਨਾਂ ਨੂੰ ਘੱਟ ਬਿਜਲੀ ਮਿਲੀ ਹੈ ਤਾਂ ਉਸ ਦੀ ਦੂਜੇ ਦਿਨ ਭਰਪਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਸੌਖਿਆਂ ਹੀ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ ਕਿਉਂਕਿ ਕਿਸੇ ਵੀ ਇੰਡਸਟਰੀ ਸਮੇਤ ਆਮ ਉਪਭੋਗਤਾਵਾਂ ‘ਤੇ ਕੋਈ ਕੱਟ ਨਹੀਂ ਲਗਾਏ ਜਾ ਰਹੇ।
ਉਨ੍ਹਾਂ ਕਿਹਾ ਕਿ ਮੌਸਮ ਪਾਵਰਕੌਮ ਦਾ ਚੰਗਾ ਸਾਥ ਦੇ ਰਿਹਾ ਹੈ ਕਿਉਂਕਿ ਆਏ ਦਿਨ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਚੰਗਾ ਮੀਂਹ ਪੈ ਰਿਹਾ ਹੈ। ਅਗਲੇ ਦਿਨਾਂ ਦੌਰਾਨ ਜੇਕਰ ਗਰਮੀ ਜੋਰ ਫੜਦੀ ਹੈ ਤਾਂ ਬਿਜਲੀ ਦੀ ਮੰਗ ਵਿੱਚ ਹੋਰ ਤੇਜੀ ਨਾਲ ਵਾਧਾ ਹੋਵੇਗਾ। ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਬਿਜਲੀ ਦੀ ਖਰੀਦ ਲਈ 4 ਹਜਾਰ ਕਰੋੜ ਰੁਪਏ ਵੱਖਰੇ ਤੌਰ ‘ਤੇ ਰਾਖਵੇਂ ਰੱਖੇ ਗਏ ਹਨ।

ਪ੍ਰਸਿੱਧ ਖਬਰਾਂ

To Top