ਪੰਜਾਬ

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਲੰਬੀ ‘ਚ ਕੀਤੀ ਭਰਵੀਂ ਰੋਸ ਰੈਲੀ

ਰੈਲੀ ਦੌਰਾਨ ਪਹੁੰਚੇ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਦਾ ਇਕੱਠ ਤਸਵੀਰ : ਮੇਵਾ ਸਿੰਘ 

ਪਰਿਵਾਰਾਂ ਸਮੇਤ ਵੱਡੀ ਗਿਣਤੀ ‘ਚ ਪਹੁੰਚੇ ਵੱਖ-ਵੱਖ ਮਹਿਕਮਿਆਂ ਦੇ ਠੇਕਾ ਮਜ਼ਦੂਰ-ਮੁਲਾਜ਼ਮ
20 ਸਤੰਬਰ ਦੀ ਪੈਨਲ ਮੀਟਿੰਗ ਦਾ ਦਿੱਤਾ ਲਿਖਤੀ ਸੱਦਾ
ਮੇਵਾ ਸਿੰਘ ਲੰਬੀ,
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਆਪਣੇ ਪਰਿਵਾਰਾਂ ਸਮੇਤ ਲੰਬੀ ਵਿਖੇ ਜਬਰਦਸਤ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਇਸ ਸੂਬਾ ਪੱਧਰੀ ਇਕੱਠ ਨੂੰ ਭਾਂਪਦਿਆਂ ਸਰਕਾਰ ਠੇਕਾ ਮੁਲਾਜ਼ਮਾਂ ਦੀਆ ਮੰਗਾਂ ਦੇ ਨਿਪਟਾਰੇ ਸੰਬੰਧੀ 20 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਦਾ ਲਿਖਤੀ ਸੱਦਾ ਦੇਣ ਲਈ ਮਜ਼ਬੂਰ ਹੋ ਗਈ। ਇਸ ਮੌਕੇ ਸਰਕਾਰ ਉੱਤੇ ਠੇਕਾ ਮੁਲਾਜ਼ਮਾਂ ਦੇ ਰੋਹ ਦਾ ਪਰਛਾਵਾਂ ਉਸ ਸਮੇਂ ਹੋਰ ਵੀ ਜੋਰਦਾਰ ਰੂਪ ਵਿਚ ਦਿਖਾਈ ਦਿੱਤਾ ਜਦੋਂ ਪੈਨਲ ਮੀਟਿੰਗ ਦੇ ਸਰਕਾਰੀ ਸੱਦਾ ਪੱਤਰ ‘ਚ ‘ਪੈਨਲ’ ਸ਼ਬਦ ਨਾ ਹੋਣ ਕਾਰਨ ਮੁਲਾਜ਼ਮਾਂ ਵਲੋਂ ਕੀਤੇ ਤਿੱਖੇ ਵਿਰੋਧ ਦੇ ਚਲਦਿਆਂ ਪਲਾਂ ਵਿਚ ਹੀ ਪ੍ਰਸ਼ਾਸਨ ਵਲੋਂ ਐੱਸ.ਡੀ.ਐੱਮ. ਮਲੋਟ ਅਤੇ ਨਾਇਬ ਤਹਿਸੀਲਦਾਰ ਲੰਬੀ ਇਸ ਸੱਦਾ ਪੱਤਰ ਵਿਚ ਸੋਧ ਕਰਕੇ ਆਗੂਆਂ ਨੂੰ ਸੋਪਣ ਲਈ ਸਟੇਜ ਉੱਪਰ ਪਹੁੰਚ ਗਏ।
ਇਸ ਮੌਕੇ ਬੋਲਦਿਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ ਮੋਮੀ ਜਲ-ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ,ਦੀਦਾਰ ਸਿੰਘ ਮੁੱਦਕੀ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ, ਡਾ. ਇੰਦਰਜੀਤ ਰਾਣਾ ਅਤੇ ਕਿਰਨਜੀਤ ਕੌਰ ਐੱਨ.ਆਰ.ਐੱਚ.ਐੱਮ. ਇੰਮਪਲੋਇਜ਼ ਐਸੋ. ਸਾਂਝਾ ਫਰੰਟ ਪੰਜਾਬ ਸਮੇਤ ਹੋਰ ਵੱਡੀ ਗਿਣਤੀ ਯੂਨੀਅਨਾਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਲੋਕ ਹਿਤ ਦੇ ਮਹਿਕਮਿਆਂ ਵਿਚ ਠੇਕਾ ਭਰਤੀ ਕਰਕੇ ਇਹਨਾਂ ਮਹਿਕਮਿਆਂ ਦਾ ਘਾਣ ਕਰ ਰਹੀ ਹੈ।ਉਹਨਾਂ ਕਿਹਾ ਸਰਕਾਰਾਂ ਨੇ ਮੁਲਾਜ਼ਮਾਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡ ਕੇ ਮੁਲਾਜ਼ਮ ਵਰਗ ਵਿਚ ਜੋ ਪਾੜਾ ਪੈਦਾ ਕੀਤਾ ਹੈ ਉਸ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਠੇਕਾ ਭਰਤੀ ਤੋਂ ਸ਼ੋਸ਼ਿਤ ਵਰਗਾਂ ਨੂੰ ਇਕੱਠਾ ਕਰਕੇ ਇਸ ਪਾੜੇ ਨੂੰ ਖਤਮ ਕਰੇਗਾ ਅਤੇ ਸੰਘਰਸ਼ ਨੂੰ ਮੰਗਾਂ ਦੀ ਪੂਰਤੀ ਹੋਣ ਤੱਕ ਬੁਲੰਦੀਆਂ ਤੱਕ ਲੈ ਜਾਵੇਗਾ। ਆਗੂਆਂ ਕਿਹਾ ਕਿ ਜੇਕਰ ਸਰਕਾਰ ਨੇ ਵੱਖ-ਵੱਖ ਮਹਿਕਮਿਆਂ ਦੇ ਠੇਕਾ ਮੁਲਾਜ਼ਮਾਂ ਨੂੰ ਪੂਰੇ ਸਕੇਲ ਤੇ ਪੂਰੀਆਂ ਸਹੂਲਤਾਂ ਦੇ ਕੇ ਉਹਨਾਂ ਦੇ ਪਿਤਰੀ ਵਿਭਾਗਾਂ ਵਿਚ ਰੈਗੂਲਰ ਨਾ ਕੀਤਾ ਗਿਆ ਤਾਂ ਠੇਕਾ ਮੁਲਾਜ਼ਮਾਂ ਵਲੋਂ ਸੰਘਰਸ਼ ਨੂੰ ਹੋਰ ਵੀ ਵਿਸ਼ਾਲ ਤੇ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ, ਖੇਤ ਮਜ਼ਦੂਰ, ਰੈਗੂਲਰ ਮੁਲਾਜ਼ਮ, ਨੌਜਵਾਨ ਜੱਥੇਬੰਦੀਆਂ ਦੇ ਆਗੂ ਤੇ ਵਰਕਰ ਵੀ ਮੋਰਚੇ ਨੂੰ ਸਮਰਥਨ ਦੇਣ ਲਈ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ

ਸਖਤ ਸੰਘਰਸ਼ ਦੀ ਦਿੱਤੀ ਚਿਤਾਵਨੀ
ਇਸ ਮੌਕੇ ਮੋਰਚੇ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 20 ਸਤੰਬਰ ਦੀ ਪੈਨਲ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਤਸੱਲੀ-ਬਖਸ਼ ਨਿਪਟਾਰਾ ਨਾ ਕੀਤਾ ਗਿਆ ਤਾਂ ਪਿੰਡ-ਪਿੰਡ ਤਿੱਖੇ ਸੰਘਰਸ਼ ਦੇ ਮੋਰਚੇ ਭਖਾ ਦਿੱਤੇ ਜਾਣਗੇ ਅਤੇ ਹਕੂਮਤ ਨੂੰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top