ਲੇਖ

ਠੋਸ ਡਰੱਗ ਨੀਤੀ ਬਣਾਵੇ ਸਿਹਤ ਮੰਤਰਾਲਾ

ਪੰਜਾਬ ਵਿੱਚ ਧੜਾ-ਧੜ ਖੋਲ੍ਹੇ ਜਾ ਰਹੇ ਮੈਡੀਕਲ ਸਟੋਰਾਂ ਵਿੱਚੋਂ ਬਹੁਤ ਘੱਟ ਗਿਣਤੀ ਮੈਡੀਕਲ ਸਟੋਰ ਇਹੋ ਜਿਹੇ ਮਿਲਣਗੇ, ਜਿੱਥੇ ਇਨਸਾਨੀ ਜਿੰਦਗੀ ਵਾਸਤੇ ਅਸਲੀ ਦਵਾਈਆਂ ਮਿਲਦੀਆਂ ਹੋਣਗੀਆਂ, ਨਹੀ ਤਾਂ ਡਰੱਗ ਇੰਸਪੈਕਟਰਾਂ ਅਤੇ Àੁੱਚ ਅਧਿਕਾਰੀਆਂ ਦੀ ਮਿਹਰਬਾਨੀ ਸਦਕਾ ਨਕਲੀ ਅਤੇ ਮਹਿੰਗੀਆਂ ਦਵਾਈਆਂ ਨਾਲ ਹੀ ਵੱਡੀ ਗਿਣਤੀ ਮੈਡੀਕਲ ਸਟੋਰ ਭਰੇ ਪਏ ਹਨ । ਜਿਸ ਕਰਕੇ ਮਹਿੰਗੀਆਂ ਦਵਾਈਆਂ ਦੇ ਨਾਲ ਬੇਲੋੜੇ ਟੈਸਟਾਂ ਦੇ ਭਾਰ ਹੇਠ ਦਬਣ ਕਰਕੇ ਲੋਕਾਂ ਦੀ ਲੁੱਟ ਹੋ ਰਹੀ ਹੈ। ਡਾਕਟਰ ਵੀ ਮਰੀਜ਼ ਦੀ ਘਰੇਲੂ ਸਥਿਤੀ ਅਤੇ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣ ਦੀ ਬਜਾਏ ਟੈਸਟਾਂ ਅਤੇ ਦਵਾਈਆਂ ਦੇ ਲਿਫਾਫੇ ਭਰ ਕੇ ਦੇਣ ‘ਚ ਵਿਸ਼ਵਾਸ ਕਰਨ ਲੱਗ ਪਏ ਹਨ । ਜਿਸ ਨਾਲ ਲੋਕ ਇਲਾਜ ਦੇ ਨਾਂਅ ‘ਤੇ ਹੋਰ ਬੀਮਾਰੀਆਂ ਸਹੇੜ ਰਹੇ ਹਨ । ਇੱਕ ਡਾਕਟਰ ਦਵਾਈਆਂ ਨਾਲ ਹੀ ਮਰੀਜ਼ ਨੂੰ ਬੀਮਾਰ ਕਰ ਦਿੰਦਾ ਹੈ ਪਰ ਦੂਜਾ ਡਾਕਟਰ ਸਾਰੀਆਂ ਦਵਾਈਆਂ ਬੰਦ ਕਰਕੇ ਉਸੇ ਮਰੀਜ਼ ਨੂੰ ਠੀਕ ਕਰ ਦਿੰਦਾ ਹੈ।
ਅਜਿਹੀਆਂ ਘਟਨਾਵਾਂ ਅੱਜ ਕੱਲ੍ਹ ਆਮ ਹੀ ਵੇਖਣ ਨੂੰ ਮਿਲਦੀਆਂ ਹਨ ਕਿ ਜਦੋਂ ਕੋਈ ਵਿਅਕਤੀ ਕਿਸੇ ਸੁਲਝੇ ਹੋਏ ਜਿਸ ਨੇ ਡਾਕਟਰੀ ਨੂੰ ਵਪਾਰ ਨਹੀਂ ਸਗੋਂ ਸੇਵਾ ਬਣਾਇਆ ਕੋਲ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਜਿੰਨੀਆਂ ਦਵਾਈਆਂ ਤੁਸੀਂ ਖਾ ਰਹੇ ਹੋ ਸਾਰੀਆਂ ਹੀ ਬੰਦ ਕਰ ਦਿਉ , ਠੀਕ ਹੋ ਜਾਉਗੇ। ਇਸੇ ਤਰ੍ਹਾਂ ਹੀ ਹੁਣ ਜਣੇਪੇ ਵਾਲੀਆਂ ਔਰਤਾਂ ਨਾਲ ਵਾਪਰ ਰਿਹਾ ਹੈ। 9 ਮਹੀਨੇ ਦੇ ਵਕਫ਼ੇ ਵਿੱਚ ਦੋ ਤਿੰਨ ਅਲਟਾਸਾਊਂਡ ਕਰਵਾਉਣ ਦੇ ਬਾਵਜ਼ੂਦ ਡਾਕਟਰਾਂ ਵੱਲੋਂ 80 ਫੀਸਦੀ ਔਰਤਾਂ ਦਾ ਛੋਟਾ ਜਾਂ ਵੱਡਾ ਅਪ੍ਰੇਸ਼ਨ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਆਮ ਲੋਕਾਂ ਦੀ ਬੇਲੋੜੇ ਟੈਸਟਾਂ, ਬੇਲੋੜੀਆਂ ਦਵਾਈਆਂ ਅਤੇ ਬੇਲੋੜੇ ਅਪ੍ਰੇਸ਼ਨਾਂ ਦੇ ਨਾਂਅ ‘ਤੇ ਲੁੱਟ ਕੀਤੀ ਜਾਂਦੀ ਹੈ। ਟੈਸਟ ਵੀ ਅੱਗੋਂ ਬਹੁਤ Àੁੱਚੀਆਂ ਕੀਮਤਾਂ ‘ਤੇ ਕੀਤੇ ਜਾਂਦੇ ਹਨ । ਮੇਰੇ ਕੋਲੋਂ ਇੱਕ ਟੈਸਟ ਕਰਵਾਉਣ ਦੇ 4500 ਰੁਪਏ ਮੰਗੇ ਗਏ ਪਰ ਇੱਕ  ਡਾਕਟਰ ਦੀ ਸਿਫਾਰਸ਼ ਨਾਲ ਇਹ ਹੀ ਟੈਸਟ 1500 ਰੁਪਏ ‘ਚ ਹੋ ਗਿਆ। ਇਸ ਤਰ੍ਹਾਂ ਈ.ਸੀ.ਜੀ. ਅਲਟਰਾਸਾÀੂਂਡ, ਐਕਸਰੇ ਆਦਿ ਸਮੇਤ ਵੱਖ-ਵੱਖ ਤਰ੍ਹਾਂ ਦੇ ਟੈਸਟ ਕਰਵਾਉਣ ਦੇ ਨਾਂਅ ‘ਤੇ ਵੀ ਬੇਹਿਸਾਬੀ ਲੁੱਟ ਕੀਤੀ ਜਾਂਦੀ ਹੈ। ਦੂਜੇ ਪਾਸੇ ਪੰਜਾਬ ਅੰਦਰ ਕੋਈ ਡਰੱਗ ਨੀਤੀ ਨਾ ਹੋਣ ਕਰਕੇ ਇਸ ਖੇਤਰ ਵਿੱਚ ਆਪੋ-ਧਾਪੀ ਚੱਲ ਰਹੀ ਹੈ।
ਸਾਲ 2007 ਦੇ ਅੰਕੜਿਆਂ ਮੁਤਾਬਕ ਪੰਜਾਬ ਅੰਦਰ ਮੈਡੀਕਲ ਦਵਾਈਆਂ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਗਿਣਤੀ 33875 ਤੋਂ ਜਿਆਦਾ ਸੀ ਜਿਨ੍ਹਾਂ ਵਿੱਚੋਂ 18546 ਪਰਚੂਨ ਦੀਆਂ ਦੁਕਾਨਾਂ ਅਤੇ 15329 ਹੋਲਸੇਲ ਵਿੱਚ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਸਨ । ਰਾਜ ਵਿੱਚ ਚੱਲ ਰਹੀਆਂ ਮੈਡੀਕਲ ਦਵਾਈਆਂ ਦੀਆਂ ਤਕਰੀਬਨ 28738 ਲਾਈਸੈਂਸੀ ਦੁਕਾਨਾਂ ਹਨ  ਜਿਨ੍ਹਾਂ ਵਿੱਚੋਂ 25 ਹਜ਼ਾਰ ਦੁਕਾਨਦਾਰ ਹੀ ਕੰਮ ਕਰ ਰਹੇ ਸਨ । 3738 ਲਾਈਸੈਂਸ ਬੰਦ ਪਏ ਸਨ । ਛੇ ਹਜ਼ਾਰ ਮੈਡੀਕਲ ਦਵਾਈਆਂ ਦੀਆਂ ਦੁਕਾਨਾਂ ਥੋਕ ਦੇ ਵਪਾਰੀ ਚਲਾ ਰਹੇ ਹਨ।
ਸਿਹਤ ਵਿਭਾਗ ਵੱਲੋਂ ਕੋਈ ਉਸਾਰੂ ਡਰੱਗ ਨੀਤੀ ਨਾ ਬਣਾਏ ਜਾਣ ਕਾਰਨ ਮੈਡੀਕਲ ਦਵਾਈਆਂ ਦੀਆਂ ਵੱਡੀ ਗਿਣਤੀ ਦੁਕਾਨਾਂ ਲੋਕ ਮਾਰੂ ਸਾਬਤ ਹੋ ਰਹੀਆਂ ਹਨ  ਦੂਜਿਆਂ ਦੇ ਸਰਟੀਫਿਕਟ ਕਿਰਾਏ ‘ਤੇ ਲੈ ਕੇ ਵਪਾਰੀ ਸੋਚ ਵਾਲੇ ਲੋਕ ਦਵਾਈਆਂ ਦਾ ਕਿੱਤਾ ਕਰ ਰਹੇ ਹਨ ਜੋ ਕਦੇ ਵੀ ਘਾਤਕ ਸਿੱਧ ਹੋ ਸਕਦਾ ਹੈ  ਜੇਕਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕੀਤੇ ਗਏ ਦਾਅਵਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਨਕਲੀ ਅਤੇ ਮਿਲਾਵਟੀ ਦਵਾਈਆਂ ਦਾ ਕਾਰੋਬਾਰ ਸਲਾਨਾ ਸੱਤ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਦੀ ਮਾਰ ਹੇਠ ਦੇਸ਼ ਦੇ 9 ਰਾਜ ਹਨ । ਕੁੱਲ ਦਵਾਈਆਂ ਦੇ ਕਾਰੋਬਾਰ ਵਿੱਚੋਂ ਨਕਲੀ ਦਵਾਈਆਂ ਦਾ ਕਾਰੋਬਾਰ 35 ਫੀਸਦੀ ਤੋਂ ਜ਼ਿਆਦਾ ਹੈ।
ਦੇਸ਼ ਅੰਦਰ ਦਵਾਈਆਂ ਦਾ 22 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਵਾਈਆਂ ਦੀ ਜਾਂਚ ਕਰਨ ਲਈ ਸਿਰਫ਼ 37 ਪ੍ਰਯੋਗਸ਼ਾਲਾਵਾਂ ਸਨ  ਜਿਨ੍ਹਾਂ ਵਿੱਚੋਂ ਜ਼ਿਆਦਤਰ ਬੰਦ ਹੀ ਪਈਆਂ ਹਨ । ਦੂਜੇ ਪਾਸੇ ਦੇਸ਼ ਅੰਦਰ ਚਾਲੀ ਹਜਾਰ ਦੇ ਲੱਗਭੱਗ ਅਜਿਹੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ ਜਿਨ੍ਹਾਂ ‘ਤੇ ਵਿਸ਼ਵ ਦੇ ਕਈ ਦੇਸ਼ ਪਾਬੰਦੀ ਲਾ ਚੁੱਕੇ ਹਨ । ਜੇਕਰ ਸਮੁੱਚੇ ਦੇਸ਼ ਦੇ ਘਟਨਾਕ੍ਰਮ ‘ਤੇ ਨਜ਼ਰ ਮਾਰੀ ਜਾਵੇ ਤਾਂ ਇੱਥੇ ਦਵਾਈਆਂ ਦਾ ਕਾਰੋਬਾਰ ਦੋ ਤਰ੍ਹਾਂ ਦਾ ਦੇਸੀ ਤੇ ਵਿਦੇਸ਼ੀ ਹੋ ਰਿਹਾ ਹੈ। ਫ਼ਰਕ ਸਿਰਫ਼ ਵੱਡੀ ਗਿਣਤੀ ਡਾਕਟਰਾਂ ਵੱਲੋਂ ਲਏ ਜਾ ਰਹੇ ਕਮਿਸ਼ਨਾਂ ਦਾ ਹੈ ਜਾਂ ਫਿਰ ਉਨ੍ਹਾਂ ਨੂੰ ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਵੱਲੋਂ ਕਿਸੇ ਨਾ ਕਿਸੇ ਤਿਉਹਾਰ ਮੌਕੇ ਕੋਈ ਨਾ ਕੋਈ ਵੱਡਾ ਤੋਹਫ਼ਾ ਦੇ ਦਿੱਤਾ ਜਾਂਦਾ ਹੈ। ਦੇਸ਼ ਭਰ ਵਿੱਚ ਕਰੋੜਾਂ ਲੋਕ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਹਨ। ਇਨ੍ਹਾਂ ਦੋਨੋਂ ਹੀ ਬੀਮਾਰੀਆਂ ਨਾਲ ਸਬੰਧ ਰੱਖਣ ਵਾਲੀਆਂ ਦਵਾਈਆਂ ਦੀ ਕੀਮਤ 30 ਰੁਪਏ ਪ੍ਰਤੀ ਪੱਤੇ ਤੋਂ ਸ਼ੁਰੂ ਹੋ ਕੇ ਪੰਜ ਸੌ ਰੁਪਏ ਤੱਕ ਵੀ ਪਹੁੰਚ ਜਾਂਦੀ ਹੈ। ਸਿਆਣਾ ਡਾਕਟਰ ਮਰੀਜ਼ ਨੂੰ 30 ਰੁਪਏ ਵਾਲਾ ਪੱਤਾ ਲਿਖ ਦਿੰਦਾ ਹੈ ਪਰ ਤਿਉਹਾਰ ਮੌਕੇ ਵੱਡੇ ਤੋਹਫ਼ੇ ਲੈਣ ਵਾਲੇ ਡਾਕਟਰ ਪੰਜ ਸੌ ਰੁਪਏ ਵਾਲਾ ਪੱਤਾ ਲਿਖ ਦਿੰਦੇ ਹਨ । ਇਸੇ ਤਰ੍ਹਾਂ ਬੁਖਾਰ ਦੀ ਆਮ ਪ੍ਰਚੱਲਤ ਦਵਾਈ ਪੈਰਾਸੀਟਾਮੋਲ ਦੀ ਜਗ੍ਹਾ ਮੋਟੇ ਕਮਿਸ਼ਨਾਂ ਵਾਲੀਆਂ ਦਵਾਈਆਂ ਲਿਖ ਦਿੱਤੀਆਂ ਜਾਂਦੀਆਂ ਹਨ ।
ਅਸਲ ਵਿੱਚ ਜੈਨਰਿਕ ਦਵਾਈ ਵਿੱਚ ਕੈਮੀਕਲ ਹੁੰਦਾ ਹੈ। ਇਸੇ ਕੈਮੀਕਲ ਨੂੰ ਵਿਦੇਸ਼ੀ ਕੰਪਨੀਆਂ ਬਰਾਂਡਿਡ ਕਹਿ ਕੇ ਵੇਚਦੀਆਂ ਹਨ । ਇਸੇ ਕਰਕੇ 10 ਰੁਪਏ ਵਾਲੀ ਦਵਾਈ 50/60 ਰੁਪਏ ‘ਚ ਮਿਲਦੀ ਹੈ ਅਤੇ ਡਾਕਟਰ ਵੀ ਮਹਿੰਗੀਆਂ ਅਤੇ ਕਮਿਸ਼ਨ ਵਾਲੀਆਂ ਦਵਾਈਆਂ ਵੱਧ ਲਿਖਦੇ ਹਨ । ਕਈ ਕੰਪਨੀਆਂ ਆਪਣੀਆਂ ਦਵਾਈਆਂ ਨੂੰ ਪੇਟੈਂਟ ਕਰਵਾ ਲੈਂਦੀਆਂ ਹਨ। ਪੇਟੈਂਟ ਕਰਵਾਉਣ ਤੋਂ ਬਾਅਦ ਉਸ ਦਵਾਈ ਨੂੰ ਮਨਮਰਜ਼ੀ ਦੀਆਂ ਕੀਮਤਾਂ ‘ਤੇ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ  ਜਿਸ ਨਾਲ ਲੋਕਾਂ ਦੀਆਂ ਜੇਬਾਂ ਵਿੱਚੋਂ ਕਈ ਗੁਣਾਂ ਜਿਆਦਾ ਪੈਸੇ ਕਢਵਾਏ ਜਾਂਦੇ ਹਨ । ਲੋਕਾਂ ਦੀ ਕੀਤੀ ਜਾ ਰਹੀ ਅਜਿਹੀ ਲੁੱਟ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੋਈ ਠੋਸ ਨੀਤੀ ਤਿਆਰ ਕਰਨੀ ਚਾਹੀਦੀ ਹੈ। ਤਾਂ ਕਿ ਬੇਲੋੜੇ ਟੈਸਟਾਂ ਅਤੇ ਮੈਡੀਕਲ ਦਵਾਈਆਂ ਦੇ ਨਾਂਅ ‘ਤੇ ਹੋ ਰਹੀ ਲੋਕਾਂ ਦੀ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇ ।
ਪਾਤੜਾਂ (ਪਟਿਆਲਾ)
ਮੋ. 98761-01698
ਬ੍ਰਿਸ਼ ਭਾਨ ਬੁਜਰਕ

ਪ੍ਰਸਿੱਧ ਖਬਰਾਂ

To Top