ਲੇਖ

ਡਾਵਾਂਡੋਲ ਹੋਈ ਖੇਤੀ ਨੂੰ ਲੀਹ ‘ਤੇ ਲਿਆਉਣ ਦੀ ਲੋੜ

ਭਾਰਤ ‘ਚ ਖੇਤੀਬਾੜੀ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ ਜੋ ਦੇਸ਼ ਦੀ ਆਰਥਿਕਤਾ ਦਾ ਧੁਰਾ ਹੈ ਦੇਸ਼ ਦੀ 58 ਫੀਸਦੀ ਅਬਾਦੀ ਖੇਤੀਬਾੜੀ ‘ਤੇ ਨਿਰਭਰ ਹੈ ਇਨ੍ਹਾਂ ਲੋਕਾਂ ਦਾ ਨਿਰਬਾਹ ਖੇਤੀ ਤੇ ਇਸ ਨਾਲ ਸਬੰਧਤ ਧੰਦਿਆਂ ਨਾਲ ਹੁੰਦਾ ਹੈ ਜੇਕਰ ਦੇਸ਼ ਦੀ ਇੰਨੀ ਅਬਾਦੀ ਖੇਤੀਬਾੜੀ ‘ਤੇ ਨਿਰਭਰ ਹੈ ਤਾਂ ਲਾਜ਼ਮੀ ਹੀ ਇਹ ਖੇਤਰ ਹੋਰਾਂ ਖੇਤਰਾਂ ਵਾਂਗ ਉੱਨਤ ਹੋਵੇਗਾ ਤੇ ਇਸ ਨਾਲ ਜੁੜੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਪਰ ਅਫ਼ਸੋਸ ਅਜਿਹਾ ਹੋ ਨਹੀਂ ਸਕਿਆ
ਕਿਸਾਨ ਤੇ ਇਸਦੇ ਸਹਾਇਕ ਖੇਤ ਮਜ਼ਦੂਰ ਦੀ ਮਿਹਨਤ ਸਦਕਾ ਦੁਨੀਆਂ ਨੂੰ ਖਾਣਾ ਨਸੀਬ ਹੁੰਦਾ ਹੈ ਕਿਸਾਨ ਦੀ ਫਸਲ ਹੀ ਉਸਦੀ ਪੂੰਜੀ ਹੁੰਦੀ ਹੈ ਜੋ ਉਸਦੀ ਆਰਥਿਕਤਾ ਦਾ ਧੁਰਾ ਹੁੰਦੀ ਹੈ ਕਿਸਾਨ ਸੰਸਾਰ ਦਾ ਮਾਤਰ ਇੱਕ ਅਜਿਹਾ ਪ੍ਰਾਣੀ ਹੈ ਜੋ ਆਪਣੀ ਪੂੰਜੀ ਆਸਮਾਨ ਥੱਲੇ ਰੱਖ ਕੇ ਲੋਕਾਂ ਲਈ ਅਨਾਜ ਦਾ ਪ੍ਰਬੰਧ ਕਰਦਾ ਹੈ ਤੇ ਕਈ ਵਾਰ ਕੁਦਰਤੀ ਆਫ਼ਤਾਂ ਉਸਦੀ ਸੰਪਤੀ ਨੂੰ ਨਸ਼ਟ ਕਰ ਦਿੰਦੀਆਂ ਹਨ ਇਸ ਵਰਤਾਰੇ ਕਾਰਨ ਵੀ ਮਨੁੱਖ ਨੇ ਆਪ ਹੀ ਸਹੇੜੇ ਹਨ
ਸਰਕਾਰਾਂ ਦੀ ਅਣਗਹਿਲੀ ਨੇ ਅਜੋਕੀ ਕਿਸਾਨੀ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਹੈ ਸਰਕਾਰਾਂ ਕਿਸਾਨ ਨੂੰ ਹਾਸਾਯੋਗ ਪਾਤਰ ਸਮਝਦੀਆਂ ਹਨ ਇਸ ਕਰਕੇ ਥਾਂ ਉਸ ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਹੈ ਖਾਦਾਂ, ਕੀਟਨਾਸ਼ਕਾਂ ਦੇ ਮੁੱਲ ਤਾਂ ਹਰ ਸੀਜਨ ‘ਚ ਵਧਦੇ ਹਨ ਪਰ ਜਦੋਂ ਕਿਸਾਨ ਦੀ ਫਸਲ ਮੰਡੀ ‘ਚ ਪਹੁੰਚਦੀ ਹੈ ਤਾਂ ਅਚਾਨਕ ਮੁਲਕ ‘ਚ ਮੰਦੀ ਛਾ ਜਾਂਦੀ ਹੈ ਮੌਜੂਦਾ ਸਮੇਂ ਸੂਬੇ ਦੇ ਕਿਸਾਨ ਆਲੂ ਦੀ ਫਸਲ ਵੇਚਣ ਲਈ ਤਰਲੋ ਮੱਛੀ ਹੋ ਰਹੇ ਹਨ ਜਦ ਖਰੀਦਣ ਦੀ ਵਾਰੀ ਕਿਸਾਨ ਦੀ ਆÀੁਂਦੀ ਹੈ ਤਾਂ ਮੰਦੀ ਪਤਾ ਨਹੀਂ ਕਿੱਧਰ ਉਡਾਰੀ ਮਾਰ ਜਾਂਦੀ ਹੈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਜ਼ਿਆਦਾਤਰ ਅਬਾਦੀ ਗਰੀਬੀ ਦੇ ਆਲਮ ‘ਚੋਂ ਗੁਜਰ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਹਨ੍ਹੇਰੇ ‘ਚ ਡੁੱਬਿਆ ਹੋਇਆ ਹੈ ਮਹਿੰਗੀਆਂ ਪੜ੍ਹਾਈਆਂ ਨੇ ਬੱਚਿਆਂ ਦੇ ਸੁਫ਼ਨੇ ਚੂਰ ਚੂਰ ਕੀਤੇ ਹਨ  ਉੱਤੋਂ ਬੇਰੁਜ਼ਗਾਰੀ ਦੀ ਮਾਰ ਨੇ ਤਣਾਅਪੂਰਨ ਜ਼ਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਹੈ ਸਬਸਿਡੀਆਂ ਦਾ ਲਾਹਾ ਸਿੱਧੇ ਤੌਰ ‘ਤੇ ਵੱਡੇ ਕਿਸਾਨਾਂ ਨੇ ਲਿਆ ਹੈ ਛੋਟੇ ਕਿਸਾਨਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੈ
ਸੰਨ 2015 ‘ਚ ਪੰਜਾਬ ‘ਚ ਖਾਸ ਕਰਕੇ ਮਾਲਵਾ ਖੇਤਰ ‘ਚ ਨਰਮੇ ਕਪਾਹ ਦੀ ਫਸਲ ਨੂੰ ਚਿੱਟਾ ਮੱਛਰ ਸਰਕਾਰਾਂ ਦੀ ਅਣਗਹਿਲੀ ਕਾਰਨ ਚੱਟ ਗਿਆ ਸੀ ਨਰਮੇ ਕਪਾਹ ਦੇ ਨਕਲੀ ਬੀਜ ਤੇ ਕੀੜੇਮਾਰ ਦਵਾਈਆਂ ਨੇ ਚਿੱਟੇ ਮੱਛਰ ਨੂੰ ਫਸਲ ਬਰਬਾਦੀ ਲਈ ਸੱਦਾ ਭੇਜਿਆ ਪੇਂਡੂ ਖੇਤ ਮਜ਼ਦੂਰ ਜੋ ਖੇਤੀ ਧੰਦੇ ‘ਤੇ ਨਿਰਭਰ ਹਨ ਉਨ੍ਹਾਂ ਲਈ ਵੀ ਖੇਤੀ ਸੰਕਟ ਨੇ ਮੁਸ਼ਕਲਾਂ ਦੇ ਪਹਾੜ ਖੜ੍ਹੇ ਕਰ ਦਿੱਤੇ ਹਨ ਮਾਲਵਾ ਖੇਤਰ ਜੋ ਕਪਾਹ ਪੱਟੀ ਦੇ ਨਾਂਅ ਨਾਲ ਮਸ਼ਹੂਰ ਹੈ ਉੱਥੋਂ ਦੇ ਜ਼ਿਆਦਾਤਰ ਮਜ਼ਦੂਰਾਂ ਦਾ ਜੀਵਨ ਨਿਰਬਾਹ ਨਰਮੇ ਦੀ ਚੁਗਾਈ ਦੇ ਕੰਮ ਨਾਲ ਚੱਲਦਾ ਹੈ ਪਰ ਨਰਮੇ ਦੀ ਫਸਲ ਬਰਬਾਦ ਹੋਣ ਕਾਰਨ ਉਨ੍ਹਾਂ ਦੀ ਮਜ਼ਦੂਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ
ਸਭ ਤੋਂ ਭੈੜੀ ਮਾਰ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ‘ਤੇ ਪਈ ਹੇ ਜਿਨ੍ਹਾਂ ਨੇ ਠੇਕੇ ‘ਤੇ ਜ਼ਮੀਨ ਲੈਕੇ ਫਸਲ ਬੀਜੀ ਸੀ ਠੇਕਾ ਇਸ ਵਾਰ 50 ਹਜ਼ਾਰ ਰੁਪਏ ਤੋਂ ਵੱਧ ਪ੍ਰਤੀ ਏਕੜ ਸੀ ਬੀਜ ਤੇ ਹੋਰ ਖਰਚਿਆਂ ਨੇ ਇਸਨੂੰ ਪ੍ਰਤੀ ਏਕੜ ਇੱਕ ਲੱਖ ਰੁਪਏ ਦੇ ਆਸ ਪਾਸ ਕਰ ਦਿੱਤਾ ਪਰ ਫਸਲ ਦੀ ਬਰਬਾਦੀ ਨੇ ਇਹ ਸਾਰੇ ਖਰਚੇ ਚੁਕਾਉਣ ਤੋਂ ਉਨ੍ਹਾਂ ਨੂੰ ਅਸਮਰੱਥ ਕਰ ਦਿੱਤਾ ਇਸ ਤਬਾਹੀ ਨੇ ਕਿਸਾਨ ਤੇ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਦੇ ਰਾਹ ‘ਤੇ ਤੁਰਨ ਲਈ ਮਜ਼ਬੂਰ ਕੀਤਾ ਤੇ ਇਸ ਵਰਤਾਰੇ ਨੂੰ ਇਸ ਹੱਦ ਤੱਕ ਵਧਾ ਦਿੱਤਾ ਕਿ ਸੂਬੇ ‘ਚ ਔਸਤਨ ਹਰ ਰੋਜ਼ ਦੋ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਨੇ ਕਲਮਾਂ ਦੀ ਸਿਆਹੀ ਮੁਕਾ ਦਿੱਤੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਸੂਬੇ ਦਾ ਸ਼ਾਇਦ ਹੀ ਅਜਿਹਾ ਕੋਈ ਪਿੰਡ ਬਚਿਆ ਹੋਵੇ ਜਿੱਥੇ ਕਿਸਾਨ ਤੇ ਮਜ਼ਦੂਰਾਂ ਦਾ ਸਿਵ੍ਹਾ ਨਾ ਬਲ਼ਿਆ ਹੋਵੇ ਸੰਨ 2000-10 ਤੱਕ ਪੀਏਯੂ, ਪੰਜਾਬੀ ‘ਵਰਸਿਟੀ ਵੱਲੋਂ ਕੀਤੇ ਸਰਵੇਖਣ ਅਨੁਸਾਰ ਸੂਬੇ ‘ਚ 6926 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ 2011 ਦੀ ਜਨਗਣਨਾ ਮੁਤਾਬਕ ਬਠਿੰਡਾ ਤੇ ਸੰਗਰੂਰ ਜਿਲ੍ਹੇ ‘ਚ 2890 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਮਈ 2014 ਤੋਂ ਮਈ 2015 ਤੱਕ ਦੇਸ਼ ‘ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਚ 40 ਫੀਸਦੀ ਵਾਧਾ ਹੋਇਆ ਹੈ ਮਹਾਂਰਾਸਟਰ ਸੂਬੇ ਤੋਂ ਬਾਦ ਪੰਜਾਬ ‘ਚ ਕਿਸਾਨਾਂ-ਮਜਦੂਰਾਂ ਨੇ ਜ਼ਿਆਦਾ ਖੁਦਕੁਸ਼ੀਆਂ ਹਨ ਦੇਸ਼ ਦੇ 60 ਫੀਸਦੀ ਛੋਟੇ ਕਿਸਾਨਾਂ ਦੀ ਹਾਲਤ ਇੰਨੀ ਪਤਲੀ ਹੈ ਕਿ ਉਹ ਰੋਜ਼ੀ ਰੋਟੀ ਲਈ ਮਨਰੇਗਾ ਸਕੀਮ ਤਹਿਤ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ ਪਿਛਲੇ ਸਤਾਰਾਂ ਸਾਲਾਂ ਦੌਰਾਨ ਤਿੰਨ ਲੱਖ ਕਿਸਾਨਾਂ ਨੇ ਆਤਮਦਾਹ ਕੀਤਾ ਹੈ ਉਨ੍ਹਾਂ ਦੀ ਬਦਹਾਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੰਨ 2007-12 ਤੱਕ 3.2 ਕਰੋੜ ਕਿਸਾਨ ਖੇਤੀ ਨੂੰ ਛੱਡ ਚੁੱਕੇ ਹਨ ਸੰਨ 2011 ਦੀ ਜਨਗਣਨਾ ਅਨੁਸਾਰ ਹਰ ਰੋਜ਼ 2500 ਕਿਸਾਨ ਖੇਤੀ ਛੱਡ ਰਹੇ ਹਨ ਤੇ ਕੰਮ ਦੀ ਭਾਲ ‘ਚ ਸ਼ਹਿਰਾਂ ਵੱਲ ਕੂਚ ਕਰ ਰਹੇ ਹਨ ਭਾਰਤੀ ਰਿਜ਼ਰਵ ਬੈਂਕ ਮੁਤਾਬਕ ਲੋਕਾਂ ਨੂੰ ਖੇਤੀ ‘ਚੋਂ ਬਾਹਰ ਕੱਢਣਾ ਹੀ ਅਸਲ ਵਿਕਾਸ ਹੈ ਤੇ ਕਿਸਾਨਾਂ ਨੂੰ ਖੇਤੀ ਤੋਂ ਬੇਦਖ਼ਲ ਕਰਕੇ ਭੂਮੀਹੀਣ ਕਾਮੇ ਬਣਾਉਣਾ ਹੀ ਨਵਾਂ ਆਰਥਿਕ ਮੰਤਰ ਹੈ ਕੌਮੀ ਨਮੂਨਾ ਸਰਵੇਖਣ ਸੰਗਠਨ ਅਨੁਸਾਰ ਦੇਸ਼ ਦੇ 52 ਫੀਸਦੀ ਕਿਸਾਨ ਕਰਜਾਈ ਹਨ ਤੇ ਪੰਜਾਬ ਦੇ 53 ਫੀਸਦੀ ਕਿਸਾਨ ਕਰਜੇ ਹੇਠਾਂ ਦੱਬੇ ਹੋਏ ਹਨ
ਇੱਕ ਤਾਜਾ ਸਰਵੇਖਣ ਮੁਤਾਬਕ ਪੰਜਾਬ ਦੇ 10.53 ਲੱਖ ਲੋਕਾਂ ‘ਚੋਂ 89 ਫੀਸਦੀ ਲੋਕ ਕਰਜਈ ਹਨ ਤੇ ਹਰ ਪਿੰਡ ਵਾਸੀ ਦੇ ਸਿਰ ਅੱਠ ਲੱਖ ਦਾ ਕਰਜ਼ਾ ਹੈ ਇਸ ਵੇਲੇ ਪੰਜਾਬ ਦੇ ਕਿਸਾਨਾਂ ਸਿਰ 80000 ਕਰੋੜ ਰੁਪਏ ਹੈ ਜੋ 2009-10 ‘ਚ 3500 ਕਰੋੜ ਰੁਪਏ ਸੀ ਸਰਵੇਖਣ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਖੁਦਕੁਸ਼ੀ ਕਰਨ ਵਾਲੇ 79 ਫੀਸਦੀ ਕਿਸਾਨ ਪੰਜ ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਹਨ ਤੇ ਇਹ ਖੁਦਕੁਸ਼ੀਆਂ ਬੇਤਹਾਸ਼ਾ ਕਰਜ਼ੇ ਕਾਰਨ ਹੋਈਆਂ ਹਨ ਸੂਬੇ ਦੇ 74 ਫੀਸਦੀ ਕਿਸਾਨਾਂ ਤੇ 58.6 ਫੀਸਦੀ ਮਜ਼ਦੂਰਾਂ ਨੇ ਆਤਮਦਾਹ ਕਰਜ਼ੇ ਕਾਰਨ ਕੀਤਾ ਹੈ ਪੰਜਾਬ ਸਰਕਾਰ ਨੇ ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ‘ਤੇ ਤਿੰਨ ਲੱਖ ਰੁਪਏ ਦਿੱਤੇ ਹਨ ਜਿਸਦਾ ਮਾਣਯੋਗ ਸੁਪਰੀਮ ਕੋਰਟ ਨੇ ਹਾਲ ‘ਚ ਹੀ ਨੋਟਿਸ ਲੈਕੇ ਸੂਬਾ ਸਰਕਾਰ ਦੀ ਖਿਚਾਈ ਕੀਤੀ ਹੈ ਕਿ ਮੁਆਵਜ਼ੇ ਦੀ ਜਗ੍ਹਾ ਮੂਲ ਕਾਰਨਾਂ ਨੂੰ ਦੂਰ ਕਰਨ ਲਈ ਸਰਕਾਰ ਢੁੱਕਵੇਂ ਕਦਮ ਕਿਉਂ ਨਹੀਂ ਚੁੱਕ ਰਹੀ ਉਪਜਾਂ ਦਾ ਸਹੀ ਮੁੱਲ ਨਾ ਮਿਲਣਾ ਕਿਸਾਨੀ ਦਾ ਬਹੁਤ ਵੱਡਾ ਦੁਖਾਂਤ ਹੈ ਤੇ ਉਪਜਾਂ ਦਾ ਮੁੱਲ ਪਹਿਲਾਂ ਨਿਰਧਾਰਤ ਨਹੀਂ ਕੀਤਾ ਜਾਂਦਾ ਸਰਕਾਰਾਂ ਦੇ ਆਪ ਬਣਾਏ ਸਵਾਮੀਨਾਥਨ ਕਮਿਸ਼ਨ ਨੇ ਵੀ ਅਜੋਕੀਆਂ ਖੇਤੀ ਉਪਜ ਕੀਮਤਾਂ ਨੂੰ ਨਿਗੂਣਾ ਦੱਸ ਕੇ ਵਾਧੇ ਦੀ ਸਿਫਾਰਸ਼ ਕੀਤੀ ਹੈ
ਹਾਸ਼ੀਏ ‘ਤੇ ਪੁੱਜੀ ਕਿਸਾਨੀ ਨੂੰ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਆਦਿ ਨਾ ਸਾੜਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਟ੍ਰਿਬਿਊਨਲ ਅਨੁਸਾਰ ਜੋ ਕਿਸਾਨ ਫਸਲ਼ੀ ਰਹਿੰਦ-ਖੂੰਹਦ ਸਾੜਦੇ ਹਨ ਸਰਕਾਰ ਵੱਲੋਂ ਉਨ੍ਹਾਂ ਨੂੰ ਮਿਲਦੀਆਂ ਸਹੂਲਤਾਂ ਵਾਪਸ ਲਈਆਂ ਜਾਣ ਤੇ ਜੋ ਕਿਸਾਨ ਪਰਾਲੀ ਆਦਿ ਨਹੀਂ ਸਾੜਦੇ ਉਨ੍ਹਾਂ ਨੂੰ ਮਾਲੀ ਮੱਦਦ ਦਿੱਤੀ ਜਾਵੇ ਮੱਦਦ ਵਾਲਾ ਰਾਗ ਅਲਾਪਣ ਤੋਂ ਪਹਿਲਾਂ ਸਾਰਿਆਂ ਨੂੰ ਇਹ ਝਾਤ ਮਾਰ ਲੈਣੀ ਚਾਹੀਦੀ ਸੀ ਕਿ ਸਰਕਾਰਾਂ ਨੇ ਪਹਿਲਾਂ ਕਿਹੜਾ ਮੱਦਦ ਨਾਲ ਕਿਸਾਨਾਂ ਤੇ ਹੋਰਾਂ ਨੂੰ ਕਿੰਨਾ ਕੁ ਨਿਹਾਲ ਕੀਤਾ ਹੈ ਕੌਮੀ ਗਰੀਨ ਟ੍ਰਿਬਿਊਨਲ ਦਾ ਇਹ ਫੈਸਲਾ ਭਾਵੇਂ ਸ਼ਲਾਗਾਯੋਗ ਹੈ ਪਰ ਇਸਦੀ ਸਾਰਥਿਕਤਾ ਸ਼ੱਕ ਦੇ ਘੇਰੇ ਹੇਠ ਹੈ
ਖੇਤੀ ਇੱਕ ਅਜਿਹਾ ਖੇਤਰ ਹੈ ਜਿੱਥੇ ਦੇਸ਼ ਦੀ ਸਭ ਤੋਂ ਜ਼ਿਆਦਾ ਅਬਾਦੀ ਸਭ ਤੋਂ ਘੱਟ ਆਮਦਨ ਨਾਲ ਗੁਜਾਰਾ ਕਰ ਰਹੀ ਹੈ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕਿਸਾਨ ਖੁਦਕੁਸ਼ੀਆਂ ਦਾ ਅਹਿਮ ਕਾਰਨ ਹੈ ਕਿਸਾਨ ਵੀ ਆਪਣੀ ਆਮਦਨ ਤੋਂ ਵੱਧ ਕਰਜ਼ੇ ਲੈਣ ਤੋਂ ਗੁਰੇਜ਼ ਕਰਨ ਆਪਣੇ ਖਰਚਿਆਂ ਨੂੰ ਹਰ ਹੀਲੇ ਘਟਾਉਣ ਤੇ ਵਿਆਹਾਂ ਤੇ ਹੋਰ ਕਾਰਜ਼ਾਂ ‘ਤੇ ਘੱਟ ਤੋਂ ਘੱਟ ਖਰਚਾ ਕੀਤਾ ਜਾਵੇ ਇਹ ਗੱਲ ਜ਼ਰੂਰ ਵਿਚਾਰੀ ਜਾਵੇ ਅਜਿਹੇ ਕਿਹੜੇ ਕਾਰਨ ਹਨ ਜੋ ਇਹ ਲੋਕ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ ਸਮਾਜ ਦੇ ਹੋਰ ਗਰੀਬ ਤਬਕੇ ਵੀ ਤਾਂ ਜ਼ਿੰਦਗੀ ਗੁਰਬਤ ‘ਚ ਗੁਜਰ ਬਸਰ ਕਰ ਹੀ ਰਹੇ ਹਨ ਸਰਕਾਰਾਂ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਤੇ ਕਿਸਾਨ ਵੀ ਖੇਤੀ ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਸਬਸਿਡੀਆਂ ਨੂੰ ਨਿਯੰਤਰਤ ਕਰਕੇ ਉਸਦਾ ਲਾਹਾ ਲੋੜਵੰਦਾਂ ਨੂੰ ਵੱਧ ਤੋਂ ਵੱਧ ਦਿੱਤਾ ਜਾਵੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਨੂੰ ਘਟਾਉਣ ਲਈ ਮੁਆਵਜ਼ੇ ਦੀ ਜਗ੍ਹਾ ਇਸ ‘ਚ ਮੁਆਫੀ ਆਦਿ ਬਾਰੇ ਵਿਚਾਰ ਕਰਨ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ
ਕਾਰਪੋਰੇਟ ਘਰਾਣਿਆਂ ਦੀਆਂ ਉਦਯੋਗਿਕ ਇਕਾਈਆਂ ਦੇ ਕਰਜ਼ੇ ਮਾਫ ਕਰਨ ‘ਚ ਕਰਨ ਕੋਈ ਦੇਰ ਨਹੀਂ ਕੀਤੀ ਜਾਂਦੀ ਸਰਕਾਰ ਜੇਕਰ ਦੋ ਸਾਲ ਆਪਣੇ ਫਾਲਤੂ ਖਰਚੇ ਬੰਦ ਕਰਕੇ ਉਹ ਪੈਸਾ ਈਮਾਨਦਾਰੀ ਨਾਲ ਖੇਤੀ ਖੇਤਰ ‘ਚ ਨਿਵੇਸ਼ ਕਰੇ ਤਾਂ ਵੀ ਕਿਸਾਨੀ ਦੀ ਹਾਲਤ ਬਹੁਤ ਹੱਦ ਤੱਕ ਸੁਧਰ ਸਕਦੀ ਹੈ ਮਾਹਿਰਾਂ ਮੁਤਾਬਕ ਖੇਤੀਬਾੜੀ ਵਿਕਾਸ ਦਰ 2 ਫੀਸਦੀ ਤੋਂ ਵੀ ਘੱਟ ਹੋ ਗਈ ਹੈ ਤੇ ਜੀਡੀਪੀ ‘ਚ ਖੇਤੀਬਾੜੀ ਦਾ ਯੋਗਦਾਨ 11 ਫੀਸਦੀ ਤੋਂ ਲਗਾਤਾਰ ਘਟਦਾ ਜਾ ਰਿਹਾ ਹੈ ਬਾਰ੍ਹਵੀਂ ਪੰਜ ਸਾਲਾ ਯੋਜਨਾ ‘ਚ ਖੇਤੀਬਾੜੀ ਵਿਕਾਸ ਦਰ ‘ਚ ਹਰ ਸਾਲ 2 ਫੀਸਦੀ ਵਾਧੇ ਦਾ ਟੀਚਾ ਮਿੱਥਿਆ ਗਿਆ ਹੈ ਸਮੀਖਿਆ ‘ਚ ਕਿਸਾਨੀ ਦੇ ਨਿਘਾਰ ਦੇ ਤੱਥ ਬੁਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਏ ਹਨ ਨੀਤੀ ਘਾੜੇ ਏਸੀ ਕਮਰਿਆਂ ‘ਚੋਂ ਬਾਹਰ ਆ ਕੇ ਲੋਕਾਂ ‘ਚ ਵਿਚਰ ਕੇ ਨੀਤੀਆਂ ਬਣਾਉਣ ਸਰਕਾਰ ਹਵਾਈ ਮਹਿਲ ਉਸਾਰਨ ਦੀ ਜਗ੍ਹਾ ਅਮਲੀ ਤੌਰ ‘ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜਨ ਦੀ ਖੇਚਲ ਕਰੇ
ਗੁਰਤੇਜ ਸਿੰਘ
  ਚੱਕ ਬਖਤੂ (ਬਠਿੰਡਾ)
  ਮੋ.94641-72783

ਪ੍ਰਸਿੱਧ ਖਬਰਾਂ

To Top