ਕਵਿਤਾਵਾਂ

ਧੀ ਦਾ ਤਰਲਾ

ਅਜੇ ਨਾ ਮਾਏ ਜੰਮੀਂ ਮੈਨੂੰ, ਚਲਦੀਆਂ ਤਲਖ਼ ਹਵਾਂਵਾਂ,
ਕੁੱਖਾਂ ਵੀ ਅਜੇ ਜਾਪਣ ਮੈਨੂੰ, ਕਬਰਾਂ ਵਰਗੀਆਂ ਥਾਂਵਾਂ
ਮੁਰਥਲ ਦਾ ਮਾਰੂਥਲ ਤਪਦਾ, ਵੇਖ ਤਾਂ ਚਾਰੇ ਪਾਸੇ,
ਕਿਹੜੇ ਰਸਤੇ ਆਵਾਂ ਕੋਈ, ਮਹਿਫੂਜ਼ ਦਿਸਣ ਨਾ ਰਾਹਵਾਂ
ਪੈਣ ਤੇਜ਼ਾਬੀ ਕਣੀਆਂ, ਮੇਰੀ ਚੁੰਨੀ ਛਲਣੀ ਹੋਈ,
ਅਜੇ ਤਾਂ ਸਾਡੇ ਅੰਬਰੀਂ ਛਾਈਆਂ, ਆਦਮਖੋਰ ਘਟਾਵਾਂ
ਵਿੱਚ ਚੌਰਾਹੇ ਦਰੋਪਦੀ ਦੇ ਅਜੇ, ਚੀਰਹਰਨ ਪਏ ਹੁੰਦੇ,
ਕਿਸੇ ਕ੍ਰਿਸ਼ਨ ਨਾ ਅਜੇ ਫੈਲਾਈਆਂ, ਲਾਜ ਰੱਖਣ ਲਈ ਬਾਹਵਾਂ
ਪੈਰਾਂ ਦੀ ਜੁੱਤੀ ਤਾਂ ਅੰਮੀਏ! ਸ਼ੀਸ਼ਿਆਂ ਵਿੱਚ ਵਿਕਂੇਦੀ,
ਔਰਤ ਦੀ ਹੋਵੇ ਨਿੱਤ ਨਿਲਾਮੀ, ਸਾਰੀਆਂ ਜਨਤਕ ਥਾਵਾਂ
ਮੁੱਢ ਕਦੀਮੋਂ ਰਹੀ ਮੈਂ, ਧਨ ਪਰਾਇਆ, ਧੀ ਬੇਗਾਨੀ,
ਅਜੇ ਤਾਂ ਮੇਰਾ ਘਰ ਨਾ ਕੋਈ, ਨਾ ਮੇਰਾ ਸਿਰਨਾਵਾਂ
ਇਸ ਧਰਤੀ ਦੀ ਹਿੱਕ ਦੇ ਉੱਤੇ, ਜਦ ਵੀ ਸੱਧਰਾਂ ਬੀਜਾਂ,
ਮੇਰੇ ਲਈ ਇਹ ਤੋਹਮਤਾਂ ਉਪਜੇ, ਪੁੱਤਰਾਂ ਲਈ ਦੁਆਵਾਂ
ਸੁਰਖੀਆਂ ਪੜ੍ਹ ਅਖ਼ਬਾਰਾਂ ਦੇ ਵਿੱਚ, ਰੂਹ ਤੱਕ ਮੇਰੀ ਕੰਬੀ,
ਸੜਕ ਕਿਨਾਰੇ ਪਈਆਂ ਤੜਫਣ, ਅਜੇ ਤਾਂ ਨੰਨ੍ਹੀਆਂ ਛਾਵਾਂ
ਸ਼ਾਨਬਾਗ ਦੀ ਦਰਦ ਕਹਾਣੀ, ਚਾਰ ਦਹਾਕੇ ਲੰਮੀ,
ਖੌਰੇ ਕਿੰਨੀਆਂ ਨਿੱਤ ਮਰਦੀਆਂ, ਅਣਲਿਖੀਆਂ ਕਵਿਤਾਵਾਂ
ਅਜੇ ਨਾ ਕੋਈ ਕਚਹਿਰੀ ‘ਪੁਸ਼ਪ’ ਦੀ, ਕਰਦੀ ਪਈ ਸੁਣਵਾਈ,
ਅਜੇ ਤਾਂ ਡਾਢੀਆਂ ਲਚਕਦਾਰ, ਕਾਨੂੰਨ ਦੀਆਂ ਧਾਰਾਵਾਂ

ਪੁਸ਼ਪਿੰਦਰ ਕੌਰ ਮੋਰਿੰਡਾ
ਮੋ. 94170-51627

ਪ੍ਰਸਿੱਧ ਖਬਰਾਂ

To Top