ਪੰਜਾਬ

ਪਰਗਟ ਸਿੰਘ ਨੇ ਦਿੱਤਾ ਅਕਾਲੀ ਦਲ ਤੋਂ ਅਸਤੀਫ਼ਾ

  •  ਵਿਧਾਨ ਸਭਾ ਵਿੱਚ ਬੈਠੇ ਆਜ਼ਾਦ ਉਮੀਦਵਾਰਾਂ ਨਾਲ
  •  ਕੈਬਨਿਟ ਮੰਤਰੀ ਅਤੇ ਚੀਫ਼ ਵਿਪ ਦਲਜੀਤ ਸਿੰਘ ਚੀਮਾ ਨੇ ਕੀਤਾ ਇਤਰਾਜ਼, ਵਿੱਪ੍ਹ ਜਾਰੀ ਹੋਣ ਤੋਂ ਬਾਅਦ ਨਹੀਂ ਕਰ ਸਕਦੇ ਇੰਜ
  •  ਸਦਨ ਵਿੱਚ ਤੋੜਿਆਂ ਐ ਨਿਯਮਾਂ ਨੂੰ, ਪਰਗਟ ਦੀ ਅੱਜ ਦੀ ਕਾਰਗੁਜ਼ਾਰੀ ਨੂੰ ਲਿਆ ਜਾਵੇ ਕਾਰਵਾਈ ਅਧੀਨ : ਮਿੱਤਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)
ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਕੇਂਦਰੀ ਤੋਂ ਵਿਧਾਇਕ ਪਰਗਟ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਰਗਟ ਸਿੰਘ ਅਸਤੀਫ਼ੇ ਦੇਣ ਤੋਂ ਬਾਅਦ ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੇ ਨਾਲ ਬੈਠਣ ਦੀ ਥਾਂ ‘ਤੇ ਆਜ਼ਾਦ ਵਿਧਾਇਕਾਂ ਦੇ ਨਾਲ ਬੈਠ ਕੇ  ਸ਼੍ਰੋਮਣੀ ਅਕਾਲੀ ਦਲ ਨੂੰ ਇਸ਼ਾਰਾ ਕਰ ਦਿੱਤਾ ਕਿ ਅੱਜ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਆਉਣ ਵਾਲੇ ਬੇਭਰੋਸਗੀ ਮਤੇ ਵਿੱਚ ਉਹ ਕਾਂਗਰਸ ਦਾ ਸਾਥ ਦੇਣਾ ਵਾਲੇ ਹਨ। ਪਰਗਟ ਸਿੰਘ ਦੇ ਇਸ ਵਤੀਰੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਵਿੱਚ ਚੀਫ਼ ਵਿੱਪ੍ਹ ਦਲਜੀਤ ਸਿੰਘ ਚੀਮਾ ਕਾਫ਼ੀ ਜ਼ਿਆਦਾ ਨਰਾਜ਼ ਹੋ ਗਏ ਹਨ, ਉਨ੍ਹਾਂ ਨੇ ਇਸ ਮਾਮਲੇ ਵਿੱਚ ਪਰਗਟ ਸਿੰਘ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਤੱਕ ਕਰ ਦਿੱਤੀ ਹੈ। ਉਨ੍ਹਾਂ ਸਪੀਕਰ ਚਰਨਜੀਤ ਸਿੰਘ ਅਟਵਾਲ ਤੋਂ ਮੰਗ ਕੀਤੀ ਕਿ ਪਰਗਟ ਸਿੰਘ ਨੇ ਵਿਪ ਦੀ ਉਲੰਘਣਾ ਕਰਦੇ ਹੋਏ ਸਦਨ ਦੀ ਮਰਿਆਦਾ ਅਤੇ ਨਿਯਮਾਂ ਅਨੁਸਾਰ ਗਲਤ ਕਾਰਵਾਈ ਕੀਤੀ ਹੈ, ਇਸ ਨੂੰ ਕਾਰਵਾਈ ਅਧੀਨ ਲਿਆਇਆ ਜਾਵੇ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਰਗਟ ਸਿੰਘ ਨੇ ਵਿਧਾਨ ਸਭਾ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦਫ਼ਤਰ ਦੇ ਇਨਚਾਰਜ ਨੂੰ ਸੌਂਪਦੇ ਹੋਏ ਸਪੱਸ਼ਟ ਕਰ ਦਿੱਤਾ ਕਿ ਉਹ ਵਿਧਾਨ ਸਭਾ ਵਿੱਚ ਬਤੌਰ ਅਕਾਲੀ ਵਿਧਾਇਕ ਕੰਮ ਨਹੀਂ ਕਰਨਗੇ। ਅਸਤੀਫ਼ਾ ਦੇਣ ਤੋਂ ਬਾਅਦ ਪਰਗਟ ਸਿੰਘ ਨੇ ਪੰਜਾਬ ਵਿਧਾਨ ਸਭਾ ‘ਚ ਸਦਨ ਦੀ ਕਾਰਵਾਈ ਵਿੱਚ ਭਾਗ ਤਾਂ ਲਿਆ ਪਰ ਉਨ੍ਹਾਂ  ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਲਈ ਅਲਾਟ ਸੀਟ ‘ਤੇ ਬੈਠਣ ਦੀ ਥਾਂ ‘ਤੇ ਆਜ਼ਾਦ ਵਿਧਾਇਕਾਂ ਵੱਲ ਜਾ ਕੇ ਬੈਠ ਕੇ ਜਿਸ ਤੋਂ ਬਾਅਦ ਪਰਗਟ ਸਿੰਘ ਨੇ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਬੁੱਲ ਵਿੱਚ ਆ ਕੇ ਨਾ ਸਿਰਫ਼ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਸਗੋਂ ਸਪੀਕਰ ਦੇ ਸਾਹਮਣੇ ਬੈਠ ਕੇ ਧਰਨਾ ਵੀ ਦੇ ਦਿੱਤਾ। ਜਿਸ ਤੋਂ ਬਾਅਦ ਉਹ ਉੱਠ ਕੇ ਸੱਤਾਧਾਰੀ ਵਿਧਾਇਕਾਂ ਦੀਆਂ ਸੀਟਾਂ ਵੱਲ ਚਲੇ ਗਏ ਅਤੇ ਉਥੇ ਬਤੌਰ ਅਕਾਲੀ ਦਲ ਦੇ ਵਿਧਾਇਕ ‘ਤੇ ਅਲਾਟ ਹੋਈ ਸੀਟ ‘ਤੇ ਬੈਠ ਕੇ ਬੋਲਣ ਲਈ ਸਮਾਂ ਮੰਗਿਆਂ ਪਰ ਸਮਾ ਨਾ ਮਿਲਣ ਤੋਂ ਬਾਅਦ ਪਰਗਟ ਸਿੰਘ ਮੁੜ ਤੋਂ ਆਜ਼ਾਦ ਵਿਧਾਇਕਾਂ ਦੀਆਂ ਸੀਟਾਂ ਵਲ ਜਾ ਕੇ ਬੈਠ ਗਏ ਅਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਤੋਂ ਸਦਨ ਵਿੱਚ ਬੋਲਣ ਦਾ ਮੌਕਾ ਮੰਗਿਆਂ। ਪਰਗਟ ਸਿੰਘ ਦੀ ਅੱਜ ਦੀ ਇਸ ਕਾਰਵਾਈ ‘ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਚੀਫ਼ ਵਿੱਪ੍ਹ ਡਾ. ਦਲਜੀਤ ਸਿੰਘ ਚੀਮਾ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਤੋਂ ਮੰਗ ਕੀਤੀ ਕਿ ਪਰਗਟ ਸਿੰਘ ਦੀ ਅੱਜ ਦੀ ਸਾਰੀ ਕਾਰਵਾਈ ਨੂੰ ਵਿਧਾਨ ਸਭਾ ਦੇ ਰਿਕਾਰਡ ਵਿੱਚ ਲਿਆਇਆ ਜਾਵੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਲਈ ਵਿਪ ਜਾਰੀ ਕੀਤਾ ਹੋਇਆ ਸੀ ਅਤੇ ਪਰਗਟ ਸਿੰਘ ਨੇ ਇਸ ਵਿੱਪ੍ਹ ਨੂੰ ਤੋੜੀਆਂ ਹੈ। ਉਹ ਕਦੇ ਆਜ਼ਾਦ ਵਿਧਾਇਕਾਂ ਵੱਲ ਬੈਠਦੇ ਹਨ ਅਤੇ ਕਦੇ ਬੁੱਲ ਵਿੱਚ ਜਾ ਕੇ ਬੈਠ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਇਨ੍ਹਾਂ ਨੂੰ ਅਕਾਲੀ ਦਲ ਪਾਸੇ ਬੈਠਣਾ ਚਾਹੀਦਾ ਸੀ ਜੇਕਰ ਨਿਯਮਾਂ ਅਨੁਸਾਰ ਕਾਰਵਾਈ ਨਾ ਕੀਤੀ ਜਾਵੇਗੀ ਤਾਂ ਸਦਨ ਵਿੱਚ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਵੱਧਦੀ ਜਾਵੇਗੀ।

ਪ੍ਰਸਿੱਧ ਖਬਰਾਂ

To Top