ਕਵਿਤਾਵਾਂ

ਪਾਣੀ ਦੀ ਸੰਭਾਲ

ਪਾਣੀ ਦੀ ਸੰਭਾਲ

ਪਾਣੀ ਤਾਈਂ ਸੰਭਾਲ ਸੋਹਣਿਆਂ, ਪਾਣੀ ਤਾਈਂ ਸੰਭਾਲ,
ਸਹੁੰ ਰੱਬ ਦੀ ਜੇ ਦਿਲ ਦੀ ਪੁੱਛੇਂ, ਇਹੀਓ ਦੀਨ ਦਿਆਲ
ਪਾਣੀ ਤਾਈਂ ਸੰਭਾਲ…..
ਜੇਠ ਹਾੜ ਵਿੱਚ ਘੜੇ ‘ਚੋਂ ਨਿੱਕਲੀ, ਘੁੱਟ ਵੀ ਅੰਮ੍ਰਿਤ ਜਾਪੇ,
ਜਲ ਮਿਲਿਆ ਪ੍ਰਮੇਸ਼ਰ ਮਿਲਿਆ, ਗੁਰੂਆਂ ਬੋਲ ਅਲਾਪੇ
ਕੰਜਕਾਂ ਰਲਕੇ ਗੁੱਡੀ ਫੂਕਣ, ਨਾਲ ਲੈ ਨਿੱਕੜੇ ਬਾਲ,
ਪਾਣੀ ਤਾਈਂ ਸੰਭਾਲ…..
ਅਕਬਰ ਬੀਰਬਲ ਗਏ ਸੈਰ ਨੂੰ, ਪਿਆਸ ਰਾਜੇ ਨੂੰ ਲੱਗੀ,
ਪਾਣੀ-ਪਾਣੀ ਫਿਰੇ ਕੂਕਦਾ, ਨਜ਼ਰ ਨਾ ਆਉਂਦੀ ਮੱਘੀ
ਇੱਕ ਘੁੱਟ ਬਦਲੇ ਰਾਜ ਅੱਧਾ ਕੋਈ, ਲੈ ਜਾਓ ਕਹੇ ਭੂਪਾਲ,
ਪਾਣੀ ਤਾਈਂ ਸੰਭਾਲ…..
ਧਰਤੀ ਰੁੱਖ ਪੌਣ ਹਰਿਆਵਲ, ਪਾਣੀ ਬਿਨਾ ਅਧੂਰੇ,
ਕਿਰਤੀ ਕਾਮੇ ਕਰਨ ਦੁਆਵਾਂ, ਕਰਦੈ ਘਾਟੇ ਪੂਰੇ
ਕੀ ਤੋਟਾਂ ਕੀ ਕਮੀਆਂ ਜਿੱਥੇ, ਅੰਨਦਾਤਾ ਖੁਸ਼ਹਾਲ,
ਪਾਣੀ ਤਾਈਂ ਸੰਭਾਲ…..
ਪੰਜ ਦਰਿਆ ਦੀ ਧਰਤੀ ਤਾਹੀਓਂ, ਨਾਂਅ ਰੱਖਿਆ ਪੰਜ-ਆਬ,
ਉਹ ਦਿਨ ਦੂਰ ਨਹੀਂ ਜਦ ਬਣ ਜਾਊ, ਰਾਜਸਥਾਨ ਪੰਜਾਬ
ਜੇ ਪਾਣੀ ਦੀ ਕਦਰ ਨਾ ਜਾਣੀ, ਜਿਊਣਾ ਹੋਊ ਮੁਹਾਲ,
ਪਾਣੀ ਤਾਈਂ ਸੰਭਾਲ…..
ਲਾਲ ਅਮੋਲਕ ਰਤਨ ਖੁਦਾ ਨੇ, ਸਾਡੀ ਝੋਲੀ ਪਾਇਆ,
ਪਿਤਾ ਦਾ ਇਸਨੂੰ ਦਰਜਾ ਦੇ ਕੇ, ਗੁਰੂਆਂ ਨੇ ਵਡਿਆਇਆ
ਧਰਤੀ ਮਾਂ ਦੀ ਕੁੱਖ ‘ਚੋਂ ਪੈਦਾ, ਹੋਇਆ ਅਮੋਲਕ ਲਾਲ,
ਪਾਣੀ ਤਾਈਂ ਸੰਭਾਲ…..

ਪਰਮਜੀਤ ਪੱਪੂ ਕੋਟਦੁੱਨਾਂ          
ਮੋ. 94172-42430

ਜ਼ਮਾਨਾ ਬਦਲ ਦਿੱਤਾ

ਰੁਖ਼ ਹਵਾਵਾਂ ਦਾ ਪਲਟ ਦਿੱਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ ਬਦਲ ਦਿੱਤਾ ਹੈ
ਕਾਮਯਾਬੀ ਹਾਸਲ ਕਰਨ ਦੀ ਚਾਹਤ ਸੀ,
ਲੁਕਣਮੀਚੀ ਖੇਡਦੀ ਸਾਡੇ ਨਾਲ ਸਾਡੀ ਕਿਸਮਤ ਸੀ
ਆਖਿਰ ਕਿਸਮਤ ਦਾ ਪਲੜਾ ਮੈਂ ਆਪਣੇ ਵੱਲ ਕੀਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ…..
ਗੁੱਡੀਆਂ ਪਟੋਲਿਆਂ ਨਾਲ ਖੇਡਣਾ ਗੁਜ਼ਰੀਆਂ ਗੱਲਾਂ ਨੇ,
ਹਰ ਪਾਸੇ ਕੰਪਿਊਟਰ ਦੀਆਂ ਗੇਮਾਂ ਮਾਰੀਆਂ ਮੱਲਾਂ ਨੇ
ਤੇ ਬੱਚਿਆਂ ਨੂੰ ਮੈਂ ਆਪਣੇ ਵਿਰਸੇ ਤੋਂ ਵੱਖ ਕਰ ਦਿੱਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ…..
ਖਾਹਿਸ਼ਾਂ ਪੂਰੀਆਂ ਕਰਨ ਲਈ ਮੈਂ ਮਾਰ ਦਿੱਤਾ ਅਹਿਸਾਸਾਂ ਨੂੰ,
ਦਿਨ ਦਾ ਚੈਨ ਸਕੂਨ ਨਹੀਂ ਤੇ ਨੀਂਦ ਨ੍ਹੀਂ ਆਉਂਦੀ ਰਾਤਾਂ ਨੂੰ
ਚਾਹੇ ਇਸ ਵਕਤ ਨੂੰ ਪਿੱਛੇ ਧੱਕ ਦਿੱਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ…..
ਭੇਸ ਬਦਲ ਲਿਆ ਤੇ ਰੂਪ ਬਦਲ ਲਿਆ ਹੈ,
ਜੱਗ ਨੂੰ ਵੇਖ ਕੇ ਖੁਦ ਦਾ ਕਿਰਦਾਰ ਬਦਲ ਲਿਆ ਹੈ
ਤੇ ਜ਼ਮਾਨੇ ਵਾਂਗ ਖੁਦ ਨੂੰ ਪੱਥਰ ਕਰ ਦਿੱਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ…..
ਕਰ-ਕਰ ਪਾਪ ਕਮਾਈ ਕਹਿੰਦਾ ਕਿਤੇ ਪੁੰਨ ਨਾ ਰਿਹਾ,
ਬਦਲ ਕੇ ਖੁਦ ਨੂੰ ਕਹਿੰਦਾ ‘ਸਰੂਚੀ’ ਜ਼ਮਾਨਾ ਬਦਲ ਗਿਆ
ਜੱਗ ਨੂੰ ਸਵਾਲ ਕਰਨ ਵਾਲਿਆ ਕਦੇ ਖੁਦ ਨੂੰ ਇਹ ਸਵਾਲ ਕੀਤਾ ਹੈ?
ਤੇ ਕਹਿੰਦਾ ਇਨਸਾਨ, ਮੈਂ ਜ਼ਮਾਨਾ…..

ਸਰੂਚੀ ਕੰਬੋਜ

ਕੌਣ ਹਾਂ ਮੈਂ?

ਕੌਣ ਹਾਂ ਮੈਂ, ਕੌਣ ਹਾਂ ਮੈਂ?
ਇੱਕ ਹਵਾ ਦਾ ਬੁੱਲਾ ਹਾਂ ਮੈਂ,
ਜੰਮਦੀ ਕਿੱਥੇ ਹਾਂ, ਜਾਣਾ ਕਿੱਥੇ ਹੈ ਮੈਂ,
ਇੱਕ ਪਰਾਏ ਧਨ ਦੇ ਵਾਂਗ ਹਾਂ ਮੈਂ
ਮੈਂ ਜੰਮਦੀ ਹਾਂ ਦੁਖੀ ਮਾਪੇ,
ਪੁੱਤ ਜੰਮੇ ਤਾਂ ਸੁਖੀ ਮਾਪੇ
ਮਾਪਿਆਂ ਲਈ ਦੁੱਖਾਂ ਦਾ ਢੇਰ ਹਾਂ ਮੈਂ!
ਸੰਸਾਰ ਦੀ ਉੱਗਦੀ ਹੋਈ ਸਵੇਰ ਹਾਂ ਮੈਂ
ਮਾਂ ਹਾਂ ਮੈਂ, ਭੈਣ ਹਾਂ ਮੈਂ,
ਰੱਬ ਦੀ ਹੀ ਇੱਕ ਦੇਣ ਹਾਂ ਮੈਂ
ਮੈਂ ਹੀ ਜਨਮ ਦਿੱਤਾ ਹੈ,
ਗੁਰੂ, ਪੀਰਾਂ, ਫ਼ਕੀਰਾਂ ਨੂੰ
ਮੈਂ ਹੀ ਜਨਮ ਦਿੱਤਾ ਹੈ,
ਯੋਧੇ, ਸੂਰਵੀਰਾਂ ਨੂੰ
ਜੱਗ ਦੀ ਰਚਣਹਾਰ ਹਾਂ ਮੈਂ,
ਖੁਸ਼ੀਆਂ ਦੀ ਬਹਾਰ ਹਾਂ ਮੈਂ
ਪਾਂਡਵਾਂ ਨੇ ਮੈਨੂੰ ਜੂਏ ਵਿੱਚ ਹਰਾਇਆ,
ਬਾਬੇ ਨਾਨਕ ਨੇ ਮੈਨੂੰ,
ਜੱਗ ਜਨਨੀ ਆਖ ਬੁਲਾਇਆ
ਕਈ ਬੇਦਰਦ ਮਨੁੱਖਾਂ ਨੇ ਮੈਨੂੰ,
ਕੁੱਖਾਂ ਵਿੱਚ ਕਤਲ ਕਰਵਾਇਆ
‘ਸੰਦੀਪ’ ਦੁਨੀਆਂ ਦਾ ਸ਼ਿੰਗਾਰ ਹਾਂ ਮੈਂ,
ਪਰ ਆਪਣੀ ਅੱਜ ਕਿਸਮਤ ‘ਤੇ
ਰਹੀ ਧਾਹਾਂ ਮਾਰ ਹਾਂ ਮੈਂ
ਸੰਦੀਪ ਸਿੰਘ,
ਬੀਰੋਕੇ ਕਲਾਂ (ਮਾਨਸਾ)
ਮੋ. 85919-01098

ਜ਼ਮਾਨਾ ਬਦਲ ਦਿੱਤਾ

ਰੁਖ਼ ਹਵਾਵਾਂ ਦਾ ਪਲਟ ਦਿੱਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ ਬਦਲ ਦਿੱਤਾ ਹੈ
ਕਾਮਯਾਬੀ ਹਾਸਲ ਕਰਨ ਦੀ ਚਾਹਤ ਸੀ,
ਲੁਕਣਮੀਚੀ ਖੇਡਦੀ ਸਾਡੇ ਨਾਲ ਸਾਡੀ ਕਿਸਮਤ ਸੀ
ਆਖਿਰ ਕਿਸਮਤ ਦਾ ਪਲੜਾ ਮੈਂ ਆਪਣੇ ਵੱਲ ਕੀਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ…..
ਗੁੱਡੀਆਂ ਪਟੋਲਿਆਂ ਨਾਲ ਖੇਡਣਾ ਗੁਜ਼ਰੀਆਂ ਗੱਲਾਂ ਨੇ,
ਹਰ ਪਾਸੇ ਕੰਪਿਊਟਰ ਦੀਆਂ ਗੇਮਾਂ ਮਾਰੀਆਂ ਮੱਲਾਂ ਨੇ
ਤੇ ਬੱਚਿਆਂ ਨੂੰ ਮੈਂ ਆਪਣੇ ਵਿਰਸੇ ਤੋਂ ਵੱਖ ਕਰ ਦਿੱਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ…..
ਖਾਹਿਸ਼ਾਂ ਪੂਰੀਆਂ ਕਰਨ ਲਈ ਮੈਂ ਮਾਰ ਦਿੱਤਾ ਅਹਿਸਾਸਾਂ ਨੂੰ,
ਦਿਨ ਦਾ ਚੈਨ ਸਕੂਨ ਨਹੀਂ ਤੇ ਨੀਂਦ ਨ੍ਹੀਂ ਆਉਂਦੀ ਰਾਤਾਂ ਨੂੰ
ਚਾਹੇ ਇਸ ਵਕਤ ਨੂੰ ਪਿੱਛੇ ਧੱਕ ਦਿੱਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ…..
ਭੇਸ ਬਦਲ ਲਿਆ ਤੇ ਰੂਪ ਬਦਲ ਲਿਆ ਹੈ,
ਜੱਗ ਨੂੰ ਵੇਖ ਕੇ ਖੁਦ ਦਾ ਕਿਰਦਾਰ ਬਦਲ ਲਿਆ ਹੈ
ਤੇ ਜ਼ਮਾਨੇ ਵਾਂਗ ਖੁਦ ਨੂੰ ਪੱਥਰ ਕਰ ਦਿੱਤਾ ਹੈ,
ਕਹਿੰਦਾ ਇਨਸਾਨ, ਮੈਂ ਜ਼ਮਾਨਾ…..
ਕਰ-ਕਰ ਪਾਪ ਕਮਾਈ ਕਹਿੰਦਾ ਕਿਤੇ ਪੁੰਨ ਨਾ ਰਿਹਾ,
ਬਦਲ ਕੇ ਖੁਦ ਨੂੰ ਕਹਿੰਦਾ ‘ਸਰੂਚੀ’ ਜ਼ਮਾਨਾ ਬਦਲ ਗਿਆ
ਜੱਗ ਨੂੰ ਸਵਾਲ ਕਰਨ ਵਾਲਿਆ ਕਦੇ ਖੁਦ ਨੂੰ ਇਹ ਸਵਾਲ ਕੀਤਾ ਹੈ?
ਤੇ ਕਹਿੰਦਾ ਇਨਸਾਨ, ਮੈਂ ਜ਼ਮਾਨਾ…..

ਸਰੂਚੀ ਕੰਬੋਜ

ਕਦਰ ਕੁੜੀਆਂ ਦੀ

ਵਿਚ ਪ੍ਰੀਖਿਆ ਲੈਂਦੀਆਂ ਅਕਸਰ ਅੱਵਲ ਇਹ ਸਥਾਨ,
ਪਾਉਂਦਾ ਫਿਰ ਵੀ ਕਦਰ ਨਾ ਪੂਰੀ ਕੁੜੀਆਂ ਦੀ ਇਨਸਾਨ
ਬਣਕੇ ਕਲਪਨਾ ਚਾਵਲਾ ਲਾਵਣ ਅੰਬਰਾਂ ਵਿਚ ਉਡਾਰੀ,
ਹਰ ਖੇਤਰ ਵਿਚ ਕਾਇਮ ਕੀਤੀ ਹੈ ਇਨ੍ਹਾਂ ਨੇ ਸਰਦਾਰੀ
ਅਣਡਿੱਠ ਕੀਤਾ ਜਾ ਸਕਦਾ ਨਹੀਂ ਇਨ੍ਹਾਂ ਦਾ ਯੋਗਦਾਨ,
ਪਾਉਂਦਾ ਫਿਰ ਵੀ ਕਦਰ ਨਾ ਪੂਰੀ….
ਬੇਲੋੜੀਆਂ ਕੁੜੀਆਂ ਉੱਪਰ ਲੱਗਦੀਆਂ ਰਹਿਣ ਪਾਬੰਦੀਆਂ,
ਨਾਲ ਹੌਂਸਲੇ ਛੂਹੀਆਂ ਇਨ੍ਹਾਂ ਫਿਰ ਵੀ ਕਈ ਬੁਲੰਦੀਆਂ
ਉੱਚੇ ਰੁਤਬੇ ਪਾ ਕੇ ਖਿੱਚਦੀਆਂ ਕਈਆਂ ਦਾ ਧਿਆਨ,
ਪਾਉਂਦਾ ਫਿਰ ਵੀ ਕਦਰ ਨਾ ਪੂਰੀ….
ਸਾਹਿਤਕ ਪਿੜ ਦੇ ਵਿਚ ਵੀ ਇਨ੍ਹਾਂ ਦੀ ਪੂਰਨ ਹਿੱਸੇਦਾਰੀ,
ਕਵਿਤਾ, ਕਹਾਣੀ, ਨਾਟਕ ਦੇ ਨਾਲ ਕਰਦੀਆਂ ਨਾਵਲਕਾਰੀ
ਕਲਾਕਾਰੀ ਦੇ ਖੇਤਰ ਵਿਚ ਵੀ ਕਈਆਂ ਦਾ ਰੁਝਾਨ,
ਪਾਉਂਦਾ ਫਿਰ ਵੀ ਕਦਰ ਨਾ ਪੂਰੀ….
ਵਿਚ ਮੈਦਾਨ-ਏ-ਜੰਗ ਦੇ ਵੀ ਕਈਆਂ ਨੇ ਝੰਡੇ ਗੱਡੇ,
ਬਣ ਝਾਂਸੀ ਦੀ ਰਾਣੀ ਕੀਤੇ ਫ਼ਤਿਹ ਮੋਰਚੇ ਵੱਡੇ
ਵਿਚ ਕਿਤਾਬਾਂ ਇਸ ਕਥਨ ਨੂੰ ਕੀਤਾ ਗਿਆ ਬਿਆਨ,
ਪਾਉਂਦਾ ਫਿਰ ਵੀ ਕਦਰ ਨਾ ਪੂਰੀ….
ਰਾਜੇ ਤੇ ਮਹਾਰਾਜੇ ਇਨ੍ਹਾਂ ਆਪਣੀ ਗੋਦ ਖਿਡਾਏ,
ਭਗਤ, ਸਰਾਭੇ, ਊਧਮ ਵਰਗੇ ਇਨ੍ਹਾਂ ਦੇ ਹੀ ਜਾਏ
ਇਨ੍ਹਾਂ ਦੀ ਬਦੌਲਤ ਜੰਮਦੇ ਦਾਰੇ ਜਿਹੇ ਭਲਵਾਨ,
ਪਾਉਂਦਾ ਫਿਰ ਵੀ ਕਦਰ ਨਾ ਪੂਰੀ….
‘ਚੋਹਲਾ’ ਕਹਿੰਦਾ ਜਿਸ ਖੇਤਰ ਵਿਚ ਕੁੜੀਆਂ ਪੈਰ ਟਿਕਾਇਆ,
ਨਾਲ ਲਗਨ ਤੇ ਮਿਹਨਤ ਉਸ ਵਿਚ ਚੰਗਾ ਨਾਂ ਚਮਕਾਇਆ
ਹੋਵੇ ਕਲਾ ਦਾ ਖੇਤਰ ਚਾਹੇ ਹੋਵੇ ਖੇਤਰ ਵਿਗਿਆਨ,
ਪਾਉਂਦਾ ਫਿਰ ਵੀ ਕਦਰ ਨਾ ਪੂਰੀ ਕੁੜੀਆਂ ਦੀ ਇਨਸਾਨ
ਰਮੇਸ਼ ਬੱਗਾ ਚੋਹਲਾ,
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719

ਯਾਦਾਂ ਦੀ ਪਟਾਰੀ

ਯਾਦਾਂ ਦੀ ਪਟਾਰੀ ਖੋਲ੍ਹੀ, ਅਸਾਂ ਬੜੇ  ਹੀ  ਚਾਵਾਂ ਨਾਲ,
ਲੱਥਪੱਥ  ਹੋਈ ਦਿਸੀ  ਕੀਤੇ  ਹੋਏ  ਗੁਨਾਹਾਂ  ਨਾਲ
ਬੁੱਢੇ ਮਾਂ-ਪਿਉ ਨੂੰ ਪੁੱਤ ਪਿੰਡ  ਵਿੱਚ  ਹੀ ਛੱਡ ਗਿਐ,
ਰੱਬ ਤੋਂ ਜਿਸ  ਨੂੰ ਮੰਗਿਆ ਅਣਮੁੱਲੇ ਚਾਵਾਂ ਨਾਲ
ਉੱਸਲਵੱਟੇ ਲੈਂਦੀਆਂ ਰਹੀਆਂ ਕੁੱਕੜ- ਖੰਭੀਆਂ,
ਮਾਰ ਦੁਹੱਥੜਾ ਰੋਈਆਂ ਦਿਨ-ਰਾਤ  ਧਾਹਾਂ ਨਾਲ
ਕਿੱਕਰ ਫ਼ੁੱਲੀ ਝੂਟੇ ਲੈਣ ਟਾਹਣੀਆਂ ਮਸਤੀ ਨਾਲ,
ਭਿੰਨੀ-ਭਿੰਨੀ ਦੇਣ ਖ਼ੁਸ਼ਬੋਈ ਚਲਦੀਆਂ ‘ਵਾਵਾਂ ਨਾਲ
ਬੇ-ਨਾਮੀ ਚਿੱਠੀ ਵਾਂਗੂੰ ਸ਼ਹਿਰਾਂ ਵਿੱਚ ਗੁੰਮ ਗਏ ਹਾਂ,
ਫਿਰ ਵੀ ਚੇਤੇ ਆਉਂਦੇ ਨੇ ਦਿਨ ਗੁਜ਼ਾਰੇ ਮਾਵਾਂ ਨਾਲ
ਆਪਣਿਆਂ ਵਿੱਚ  ‘ਘੇਸਲ’ ਜੇਕਰ ਲੀਕਾਂ ਪੈਂਦੀਆਂ ਨੇ,
ਤਾਂ ਵੀ ਲੱਗਣ ਗਲੀਵੇ ਸੋਹਣੇ ਭੱਜੀਆਂ ਬਾਹਵਾਂ ਨਾਲ
ਕਸ਼ਮੀਰ ਘੇਸਲ, ਚੰਡੀਗੜ੍ਹ
ਮੋ. 94636-56047

ਅੱਖ

ਅੱਖ  ਹਰ  ਪੰਖੇਰੂ  ਦੀ ,
ਭਰੀ-ਭਰੀ  ਦਿਸਦੀ ਏ
ਆਰੀ  ਤਿੱਖੀ  ਕੋਈ  ਜਦੋਂ,
ਕਿਸੇ ਰੁੱਖ ‘ਤੇ ਟਿਕਦੀ ਏ
ਹਵਾਵਾਂ ਜ਼ਹਿਰੀਲੀਆਂ ਇੱਥੇ,
ਸਾਹ ਸੂਤ ਲੈਣੇ ਨੇ
ਆਪਣੇ ਹੱਥੀਂ ਬੀਜੇ ਕੰਡੇ,
ਆਪੇ ਦਰਦ ਸਹਿਣੇ ਨੇ
ਇਸ ਧਰਤ ਨਿਮਾਣੀ ਨੇ,
ਕੀ ਮਾੜੇ ਕਰਮ ਕਮਾਏ ਨੇ
ਮਨੁੱਖੀ ਰੂਪ ‘ਚ ਇੱਥੇ,
ਦੁਸ਼ਮਣ ਡਾਹਢੇ ਆਏ ਨੇ
ਛਾਂ, ਫ਼ਲਾਂ, ਫੁੱਲਾਂ ਦਾ,
‘ਕੰਮੋ’ ਇੱਥੇ ਕਾਲ ਪੈ ਜਾਣਾ
ਸੋਹਣੇ ਪੰਖੇਰੂਆਂ ਬਿਨਾਂ,
ਅਸਮਾਨ ਖਾਲੀ ਰਹਿ ਜਾਣਾ
ਕਰਮਜੀਤ ਕੰਮੋ ਦਿਉਣ,
ਐਲਨਾਬਾਦ

ਪ੍ਰਸਿੱਧ ਖਬਰਾਂ

To Top