ਪੰਜਾਬ

ਪੁੰਗਰ ਰਹੇ ਨਰਮੇ ‘ਤੇ ਚਿੱਟੀ ਮੱਖੀ ਦਾ ਹਮਲਾ

ਚਿੰਤਾਗ੍ਰਸਤ ਕਿਸਾਨ ਨਰਮਾ ਵਾਹੁਣ ਲੱਗੇ

ਭੁੱਚੋ ਮੰਡੀ, (ਸੁਰੇਸ਼ ਕੁਮਾਰ) ਖੇਤਾਂ ਵਿੱਚ ਪੁੰਗਰ ਰਹੀ ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਦੇ ਹਮਲੇ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਭਾਵੇਂ ਖੇਤੀ ਅਫਸਰ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਨਾ ਘਬਰਾਉਣ ਲਈ ਕਹਿ ਰਹੇ ਹਨ ਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਵਿੱਚ ਕਿਸਾਨ ਪਿਛਲੇ ਸਾਲ ਦੀ ਫਸਲ ਦੇਖਕੇ ਬਹੁਤ ਡਰੇ ਹੋਏ ਹਨ ਤੇ ਉਹ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਇਸੇ ਖਤਰੇ ਨੂੰ ਦੇਖਦੇ ਹੋਏ ਬਹੁਤੇ ਕਿਸਾਨਾਂ ਨੇ ਨਰਮਾ ਵਾਹੁਣਾ ਸ਼ੁਰੂ ਕਰ ਦਿੱਤਾ ਹੈ
ਅੱਜ ਪਿੰਡ ਤੁੰਗਵਾਲੀ ਵਿਖੇ ਨਰਮੇ ਦੀ ਫਸਲ ਵਾਹ ਰਹੇ ਕਿਸਾਨ ਚਰਨਜੀਤ ਸਿੰਘ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਉਸਨੇ ਪੰਜਾਬ ਸਰਕਾਰ ਤੋਂ ਮਨਜੂਰਸ਼ੁਦਾ ਕੋਹੇਨੂਰ ਕ੍ਰਿਸ਼ਮਾ (ਬੋਲਗਾਰਡ) ਬੀਜਿਆ ਸੀ ਜਿਸਨੂੰ ਚਿੱਟੀ ਮੱਖੀ ਨੇ ਖਾਣਾ ਸ਼ੁਰੂ ਕਰ ਦਿੱਤਾ ਉਸਨੇ ਇਸ ਨਰਮੇ ਉੱਪਰ 3 ਸਪਰੇਆਂ ਵੀ ਕੀਤੀਆਂ ਪਰ ਮੱਖੀ ਉੱਪਰ ਕੋਈ ਅਸਰ ਨਹੀਂ ਹੋਇਆ ਇਸ ਲਈ ਉਸਨੇ ਇਸ ਨਰਮੇ ਨੂੰ ਵਾਹੁਣਾ ਹੀ ਬੇਹਤਰ ਸਮਝਿਆ
ਇਸ ਮੌਕੇ ਹਾਜ਼ਰ ਹੋਰ ਕਿਸਾਨਾਂ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਹੀ ਚਿੰਤਾ ਸਤਾ ਰਹੀ ਹੈ ਪਰ ਮਹਿੰਗੇ ਬੀਜ ਅਤੇ ਖਾਦਾਂ ਪਾਈਆਂ ਹੋਣ ਕਾਰਨ ਨਰਮਾ ਵਾਹੁਣ ਨੂੰ ਦਿਲ ਵੀ ਨਹੀਂ ਕਰਦਾ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਭੁੱਚੋ ਖੁਰਦ, ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੈ ਕਿ ਪੀੜਤ ਕਿਸਾਨ ਨੂੰ ਘੱਟੋ-ਘੱਟ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤੀ ਮਾਹਿਰਾਂ ਦੀ ਟੀਮ ਪਿੰਡ ਤੁੰਗਵਾਲੀ ਭੇਜੀ ਜਾਵੇ ਉਨ੍ਹਾਂ ਕਿਸਾਨਾਂ ਲਈ ਵਿਆਜ ਮੁਕਤ ਕਰਜੇ ਦੇਣ ਦੀ ਵੀ ਮੰਗ ਕੀਤੀ
ਇਸ ਸਬੰਧੀ ਜਦ ਮੁੱਖ ਖੇਤੀਬਾੜੀ ਅਫਸਰ ਨਛੱਤਰ ਸਿੰਘ ਔਲਖ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਮੱਖੀ ਕੰਟਰੋਲ ਵਿੱਚ ਹੈ ਤੇ ਕਿਸਾਨਾਂ ਦੁਆਰਾ ਨਰਮਾ ਵਾਹੇ ਜਾਣ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਪਰ ਫਿਰ ਵੀ ਉਹ ਪਤਾ ਕਰਵਾ ਲੈਣਗੇ

ਪ੍ਰਸਿੱਧ ਖਬਰਾਂ

To Top