ਲੇਖ

ਪੰਖੀ ਬਿਰਖ਼ਿ ਸੁਹਾਵੜਾ ਉੂਡਹਿ ਚਹੁ ਦਿਸਿ ਜਾਹਿ

ਆਥਣ ਹੋ ਰਿਹਾ ਸੀ ਸੂਰਜ ਦੀਆਂ ਸੁਨਹਿਰੀ ਕਿਰਨਾਂ ਬੱਦਲਾਂ ਦੇ ਮੋਢਿਆਂ ‘ਤੇ ਸੁਰਮਈ ਪਰਦੇ ਟੰਗ ਰਹੀਆਂ ਸਨ ਦੋ ਵੇਲਿਆਂ ਦਾ ਸੁਮੇਲ ਹੋÎਣ ਜਾ ਰਿਹਾ ਸੀ ਜਨਵਰੀ ਦੀ ਠੰਢਕ ਆਪਣੀ ਅੰਤਲੀ ਕੜਿੱਲ ਕੱਢ ਰਹੀ ਸੀ ਮੈਂ ਤੇ ਮੇਰੀ ਪਤਨੀ (ਦਲਜੀਤ ਕੌਰ ਦਾਊਂ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 29 ਵੀਂ ਪੰਜਾਬੀ ਵਿਕਾਸ ਕਾਨਫਰੰਸ ਦੇ ਸਪੰਨ ਸਮਾਰੋਹ ਤੋਂ ਵਾਪਸ ਮੁਹਾਲੀ ਆਪਣੀ ਕਾਰ ਵਿੱਚ ਆ ਰਹੇ ਸੀ ਕਾਨਫਰੰਸ ਵਿੱਚ ਪੰਜਾਬੀ ਵਿਰਾਸਤ ਦੀ ਪ੍ਰਸੰਗਕਿਤਾ ਬਾਰੇ ਚਰਚਾ ਬੜੀ ਗੰਭੀਰਤਾ ਨਾਲ ਹੋਈ ਸੀ ਅਸੀਂ ਕੁਝ ਅਜਿਹੇ ਖਿਆਲਾਂ ਵਿੱਚ ਡੁੱਬੇ ਹੋਏ ਸੀ ਜਿਨ੍ਹਾਂ  ਕਾਰਨਾਂ ਕਰ ਕੇ ਸਾਨੂੰ ਆਪਣੇ ਬੀਤੇ ਵਰ੍ਹਿਆਂ ਦੀਆਂ ਘਟਨਾਵਾਂ ਯਾਦ ਆ ਰਹੀਆਂ ਸਨ
ਅਸੀਂ ਮੁਹਾਲੀ ਅੱਪੜਨ ਵਾਲੇ ਹੀ ਸੀ ਸਾਡੇ ਡਰਾਇਵਰ ਨੇ ਪਿੰਡ ਲਖਨੌਰ ਤੋਂ ਕਾਰ ਨੂੰ ਨਿਰੰਕਾਰੀ ਭਵਨ ਵਾਲੀ ਸੜਕ ਨੂੰ ਸਿੱਧਾ ਕਰ ਲਿਆ ਸੀ ਸੜਕ ਦੇ ਦੋਵੇਂ ਪਾਸੇ ਸਰਕੜੇ ਅਤੇ ਕਿੱਕਰਾਂ ਦਾ ਝੁੰਮਲਮਾਟਾ ਆਥਣ ਨੂੰ ਹੋਰ ਗੂੜ੍ਹਾ ਕਰ ਰਿਹਾ ਸੀ ਆਵਾਜਾਈ ਕਾਰਨ ਸੜਕ ‘ਤੇ ਕਾਰਾਂ, ਸਕੂਟਰ ਤੇ ਸਾਈਕਲ ਹਫੜਾ-ਦਫ਼ੜੀ ‘ਚ ਦੌੜਦੇ ਲਗਦੇ ਸਨ ਮਨੁੱਖ ਕੰਮਾਂ -ਧੰਦਿਆਂ ‘ਚ ਉਲਝਿਆ, ਘਰੋਂ ਸਵੇਰੇ ਤੁਰਦਾ ਹੈ ਤੇ ਰਾਤ ਪੈਣ ‘ਤੇ ਘਰ ਨੂੰ ਮੁੜਦਾ ਹੈ ਇਹ ਜ਼ਿੰਦਗੀ ਦੀ ਦੌੜ ਨਿਰੰਤਰ ਚਲਦੀ ਰਹਿੰਦੀ ਹੈ ਮੈਂ ਅਜਿਹੀਆਂ ਕਥਨ ਕਹਾਣੀਆਂ ‘ਚ ਪਿਆ ਹੋਇਆ ਸੀ
ੌ’ਅੋਹ, ਦੇਖੋ ਨਾ, ਅੰਬਰ ‘ਤੇ, ਕਾਵਾਂ ਦੀਆਂ ਡਾਰਾਂ ਕਿਵੇਂ ਆਪਣੇ ਘਰਾਂ ਨੂੰ ਮੁੜਦੀਆਂ ਉੱਡ ਰਹੀਆਂ ਹਨ ਪੱਛਮ ਤੋਂ ਪਹਾੜ ਦੀ ਦਿਸ਼ਾ ਵੱਲ ਨੂੰ ‘ ਮੇਰੀ ਬਿਰਤੀ ਝੱਟ ਟੁੱਟ ਗਈ ਮੈਂ ਕਾਰ ਦੇ ਸ਼ੀਸ਼ੇ ਥਾਣੀਂ ਕਾਵਾਂ ਨੂੰ ਉਡਦਿਆਂ ਵੇਖਣ ਲੱਗ ਪਿਆ ‘ਵਾਹ, ਕਮਾਲ ਹੈ, ਕਾਵਾਂ ਦੀਆਂ ਡਾਰਾਂ, ‘ ਮੇਰੇ ਮੂੰਹੋਂ ਨਿੱਕਲਿਆ
ਕਿੰਨੇ ਸਾਲਾਂ ਬਾਅਦ ਅੱਜ ਕਾਵਾਂ ਦੇ ਅਜਿਹੇ ਝੁੰਡਾਂ ਨੂੰ ਵੇਖਣ ਦਾ ਮੌਕਾ ਮਿਲਿਆ ਸੀ ਕਾਵਾਂ ਦੇ ਖੰਭ ਅਸਮਾਨ ਵਿੱਚ ਤਰੰਗਾਂ ਛੱਡ ਰਹੇ ਸਨ ਕੋਈ ਰੌਲ਼ਾ ਜਾਂ ਆਵਾਜ਼ ਨਹੀਂ ਸੀ ਆ ਰਹੀ ਮੈਨੂੰ ਕਾਵਾਂ ਨੂੰ ਵੇਖ ਕੇ ‘ਕਾਵਾਂ-ਰੌਲ਼ੀ’ ਅਖਾਣ ਯਾਦ ਆ ਗਈ ਪਰ ਇਹ ਤਾਂ ਹੁਣ ਚੁੱਪ-ਚਾਪ Àੁੱੱਡਦੇ ਜਾ ਰਹੇ ਸਨ ਕੋਈ-ਕੋਈ ਕਾਂ ਡਾਰ ਤੋਂ ਅੱਗੇ ਹੋ ਜਾਂਦਾ, ਕੋਈ-ਕੋਈ ਕਾਂ ਪਿੱਛੇ ਰਹਿ ਜਾਂਦਾ ਪਰੰਤੂ ਕਾਵਾਂ ਦੇ ਉੱਡਣ ਦੀ ਕਿਰਿਆ ਨਿਰੰਤਰ ਜਾਰੀ ਸੀ ਸਾਡੀ ਕਾਰ ਦੀ ਗਤੀ ਦੇ ਨਾਲੇ-ਨਾਲ ਕਾਵਾਂ ਦੀ Àੁੱਡਣ-ਚਾਲ ਭਾਵੇਂ ਘੱਟ ਸੀ ਪਰੰਤੂ ਉਨ੍ਹਾਂ  ਦੀ ਰਫ਼ਤਾਰ ਆਪਣੇ ਖੰਭਾਂ ਦੇ ਸਹਾਰੇ ਸੀ ਪਤਾ ਨਹੀਂ ਉਹ ਕਿੰਨਾ ਪੈਂਡਾ ਤੈਅ ਕਰ ਰਹੇ ਸਨ ਅਤੇ ਕਿੰਨਾ ਪੈਂਡਾ ਹੋਰ ਉਨ੍ਹਾਂ ਨੇ ਤੈਅ ਕਰਨਾ ਸੀ ਇਨ੍ਹਾਂ  ਦੀ ਅਗਵਾਈ ਕਿਵੇਂ ਹੁੰਦੀ ਹੋਵੇਗੀ, ਮੈਂ ਮਨ ਹੀ ਮਨ ਵਿੱਚ ਸੋਚਣ ਲੱਗਾ
ਮੈਨੂੰ ਬਚਪਨ ਦੀ ਯਾਦ ਆਈ ਜਦੋਂ ਪਿੰਡ ਰਹਿੰਦਿਆਂ, ਆਥਣ ਵੇਲੇ ਕਾਵਾਂ ਦੀਆਂ ਡਾਰਾਂ ਤੱਕਦੇ ਹੁੰਦੇ ਸੀ ਪੰਛੀਆਂ ਦੇ ਖੰਭ ਇਕੱਠੇ ਕਰਨ ਦਾ ਚਾਅ ਹੁੰਦਾ ਸੀ ਪੰਛੀਆਂ ਦੇ ਅੰਡੇ ਵੇਖਣਾ ਅਜੀਬ ਲਗਦਾ ਹੁੰਦਾ ਸੀ ਪੰਛੀਆਂ ਦੀਆਂ ਟੁੱਕੀਆਂ-ਅੰਬੀਆਂ ਲੱਭਦੇ ਹੁੰਦੇ ਸੀ ਡਾਰ ‘ਚੋਂ ਪਿੱਛੇ ਰਹੇ ਕਾਂ ਬਾਰੇ ਅਸੀਂ ਰੌਲ਼ਾ ਪਾਉਣਾ ਸ਼ੁਰੂ ਕਰ ਦੇਣਾ , ‘ਪਿਛਲੇ ਕਾਂ ਦੀ ਝੁੱਗੀ ਜਲ ਗਈ’
‘ਕਾਵਾਂ-ਕਾਵਾਂ ਢੋਲ ਬਜਾ,
ਨਹੀਂ ਬਜਾਉਣਾ ਖਸਮਾਂ ਨੂੰ ਖਾਹ’
ਇਨ੍ਹਾਂ ਸਤਰਾਂ ਨੂੰ ਪਤਾ ਨਹੀਂ ਕਿਵੇਂ ਯਾਦ ਕਰ ਲੈਂਦੇ ਸੀ ਇਨ੍ਹਾਂ ਦੇ ਕੀ ਅਰਥ ਬਣਦੇ ਸਨ? ਇਹ ਤਾਂ ਬਚਪਨ ਦੀ ਮਾਸੂਮੀਅਤ ਤੋਂ ਉੱਪਰ ਸੀ ਪੰਛੀਆਂ ਨਾਲ ਦੋਸਤੀ ਦਾ ਲਗਾਓ ਸੀ ਮੈਂ ਮੁੜ-ਮੁੜ ਕਾਵਾਂ ਦੇ ਖੰਭਾਂ ਦੀ ਸ਼ਕਤੀ ਬਾਰੇ ਸੋਚੀ ਜਾ ਰਿਹਾ ਸੀ ‘ਪੰਖੀ ਬਿਰਖਿ ਸੁਹਾਵੜਾ ਊਡਹਿ ਚਹੁ ਦਿਸਿ ਜਾਹਿ’ ਕੁਦਰਤ ਦਾ ਕਮਾਲ ਯਾਦ ਆ ਰਿਹਾ ਸੀ ਮੇਰੀ ਪਤਨੀ ਨੇ ਮੇਰਾ ਧਿਆਨ ਘਰ ਦੀਆਂ ਕਈ ਚੀਜ਼ਾਂ ਵੱਲ ਮੋੜਿਆ ਨਿੱਕ-ਸੁੱਕ ਅਤੇ ਕਈ ਰਸੋਈ ਦੀਆਂ ਚੀਜ਼ਾਂ-ਵਸਤਾਂ ਦੁਕਾਨਾਂ ਤੋਂ ਖਰੀਦਣ ਬਾਰੇ ਯਾਦ ਕਰਵਾਇਆ
ਮੈਂ ਅਜੇ ਵੀ ਕਾਵਾਂ ਬਾਰੇ ਸੋਚੀਂ ਪਿਆ ਹੋਇਆ ਸੀ ਕਿੱਥੇ ਗਈਆਂ ਚਿੜੀਆਂ, ਵਿਹੜਿਆਂ ਦੀਆਂ ਰੌਣਕਾਂ, ਕਿੱਥੇ ਗਏ ਬਾਗ ਤੇ ਬਾਗਾਂ ਦੇ ਤੋਤੇ , ਕਿੱਧਰ ਗਈਆਂ ਮੋਰਾਂ ਦੀਆਂ ਮਨਮੋਹਕ ਪੈਲ੍ਹਾਂ? ਘੁੱਗੀਆਂ ਦੀ ਘੁੱਗੂੰ-ਘੂੰ ਕਿੱਥੇ ਗਈ? ਐਤਵਾਰ ਨੂੰ ਛੁੱਟੀ ਵਾਲੇ ਦਿਨ ਅਸਮਾਨ ‘ਚ ਉੱਡਦੀਆਂ ਇੱਲ੍ਹਾਂ ਨੂੰ ਤੱਕਣਾ ਕਿੱਥੇ ਗਿਆ? ਘਰਾਂ ਦੇ ਬਨੇਰਿਆਂ ‘ਤੇ ਕਾਂ ਬੋਲਣ ਹੀ ਜਿਵੇਂ ਭੁੱਲ ਗਏ ਹੋਣ
ਟਟੀਹਰੀ ਦੀ ਚਾਨਣੀ ਰਾਤ ‘ਚ ਚੀਕਣ ਦੀ ਆਵਾਜ਼ ਹੁਣ ਕੰਨਾਂ ਨੂੰ ਸੁਣਾਈ ਨਹੀਂ ਦਿੰਦੀ ਉੱਲੂ ਦੀ ਡਰਾਉਣੀ ਆਵਾਜ਼, ਅੰਬਰ-ਛੂੰਹਦੀਆਂ ਇਮਾਰਤਾਂ ਨੇ ਚੋਰ  ਕਰ ਲਈ ਕਬੂਤਰਾਂ ਦੀ ਗੁਟਰ-ਗੂੰ ਕੌਣ ਲੱਭੇ? ਮੈਂ ਸੋਚਣ ਲੱਗਦਾ ਹਾਂ ਕਿ ਹੁਣ ਬੱਚਿਆਂ ਨੂੰ ਪੰਛੀਆਂ ਦੀਆਂ ਮੌਲਿਕ ਆਵਾਜ਼ਾਂ ਸੁਣਾਉਣ ਕਈ ਰਿਕਾਰਿਡਿੰਗ ਕੀਤੀ ਆਵਾਜ਼ ਹੀ ਸੁਣਾਉਣੀ ਪਵੇਗੀ  ਪਰੰਤੂ ਅਸੀਂ ਤਾਂ ਇਹ ਸਾਰੇ ਪੰਛੀ ਵੇਖੇ ਹਨ, ਉਨ੍ਹਾਂ ਨੂੰ ਚਹਿਕਦਿਆਂ ਆਪਣੇ ਕੰਨੀਂ ਸੁਣਿਆ ਹੈ ਅਸਲੀ ਤੇ ਨਕਲੀ ਚੀਜ਼ ਦੇ ਅੰਤਰ ਨੂੰ ਕੌਣ ਜਾਣੇ? ਇਹ ਕਿਸ ਤਰ੍ਹਾਂ ਦਾ ਦੌਰ ਹੈ? ਕਿੰਨੀ ਤੇਜ਼ੀ ਨਾਲ ਵਰਤ-ਵਿਹਾਰ ਬਦਲ ਰਿਹਾ ਹੈ ਅੰਬਰ ‘ਚ ਬਿਜਲਈ ਟਾਵਰਾਂ ਦੇ ਪਹਾੜ ਉਸਾਰੇ ਜਾ ਰਹੇ ਹਨ, ਕੋਈ ਰੋਕ-ਟੋਕ ਨਹੀਂ ਪੈਸੇ ਕਮਾਉਣ ਦੀ ਹੋੜ ਵਧਦੀ ਹੀ ਜਾ ਰਹੀ ਹੈ ਕੁਦਰਤ ਨਾਲ ਛੇੜਛਾੜ ਪੂਰੇ ਜ਼ੋਰਾਂ ‘ਤੇ ਹੈ ਕੁਦਰਤ ਦੀਆਂ ਅਦੁੱਤੀ ਵਸਤਾਂ ਦੀ ਸੰਭਾਲ ਕਰਨ ਦੀ ਚਿੰਤਾ ਤਾਂ ਕੀਤੀ ਜਾ ਰਹੀ ਹੈ ਪਰੰਤੂ ਰੋਕਣ ਲਈ ਕਾਨੂੰਨ ਦੀ ਤਾਕਤ ਠੰਢੇ ਬਸਤਿਆਂ ਵਿੱਚ ਹੀ ਸਿਸਕ ਰਹੀ ਹੈ
ਮੇਰੇ ਲਈ ਘਰ ਲੈ ਕੇ ਜਾਣ ਵਾਲੀਆਂ ਵਸਤਾਂ ਜ਼ਰੂਰੀ ਹਨ ਪਰੰਤੂ ਇਹ ਕਾਂ ਤਾਂ ਆਪਣੇ ਘਰਾਂ ਨੂੰ ਖਾਲਮ-ਖਾਲੀ ਹੀ ਖੰਭ ਮਾਰਦੇ ਮੁੜ ਰਹੇ ਹਨ ਆਥਣ ਗੂੜ੍ਹਾ  ਹੋ ਗਿਆ ਸੀ ਤੇ ਕਾਵਾਂ ਦੀ ਡਾਰ ਦਿਸਣੋਂ ਹੱਟ ਗਈ
               ਪੱਲੇ ਕੁਝ ਨਾ ਬੰਨ੍ਹਦੇ,
               ਪੰਛੀ ਤੇ ਦਰਵੇਸ
ਮੇਰੇ ਮੂੰਹੋਂ ਆਪ ਮੁਹਾਰੇ ਨਿੱਕਲਿਆ

ਮਨਮੋਹਨ ਸਿੰਘ ਦਾਊਂ
ਮੋਹਾਲੀ ਮੋ. 98151-23900

ਪ੍ਰਸਿੱਧ ਖਬਰਾਂ

To Top