ਲੇਖ

ਫਰਾਂਸੀਸੀ ਪ੍ਰਧਾਨ ਮੈਕਰੌਨ ਸਨਮੁੱਖ ਚੁਣੌਤੀਆਂ

ਫਰਾਂਸ ਯੂਰਪ ਅੰਦਰ ਜਰਮਨੀ ਅਤੇ ਬ੍ਰਿਟੇਨ ਤੋਂ ਬਾਦ ਇੱਕ ਬਹੁਤ ਹੀ ਅਹਿਮ, ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਦੇਸ਼ ਹੈ। ਬ੍ਰਿਟੇਨ ਦੇ ਰਾਇਸ਼ੁਮਾਰੀ ਬਾਦ ਯੂਰਪੀਨ ਯੂਨੀਅਨ ਤੋਂ ਵੱਖ ਹੋ ਜਾਣ ਦੇ ਪਾਪੂਲਿਸਟ ਫੈਸਲੇ ਤੋਂ ਬਾਦ ਹੁਣ ਇਸ ਯੂਨੀਅਨ ਵਿੱਚ ਜਰਮਨੀ ਤੋਂ ਬਾਦ ਫਰਾਂਸ ਬਹੁਤ ਹੀ ਅਸਰਦਾਰ ਸਥਾਨ ਰੱਖਦਾ ਹੈ। ਯੂਰਪੀਨ ਯੂਨੀਅਨ ਕਾਇਮ ਰੱਖਣ ਇਸਨੂੰ ਮਜ਼ਬੂਤੀ ਬਖ਼ਸ਼ਣ, ਇਸ ਦੀ ਸੁਰੱਖਿਆ ਕਰਨ ਦਾ ਪ੍ਰਮੁੱਖ ਤੌਰ ‘ਤੇ ਜਿੰਮਾ ਹੁਣ ਜਰਮਨੀ ਅਤੇ ਫਰਾਂਸ ਦੇ ਮੋਢਿਆਂ ‘ਤੇ ਆ ਪਿਆ ਹੈ। ਇਸ ਲਈ ਫਰਾਂਸ ਦੀ ਰਾਜਨੀਤਕ, ਆਰਥਿਕ, ਸਮਾਜਿਕ, ਡਿਪਲੋਮੈਟਿਕ ਅਤੇ ਫ਼ੌਜੀ ਮਜ਼ਬੂਤੀ ਬਹੁਤ ਜ਼ਰੂਰੀ ਹੈ।
ਫਰਾਂਸ ਇੱਕ ਮਜ਼ਬੂਤ ਲੋਕਤੰਤਰ ਦੇਸ਼ ਹੈ। ਦੂਜੀ ਵੱਡੀ ਜੰਗ ਤੋਂ ਬਾਦ ਇਸਦਾ ਬਸਤੀਵਾਦ ਸ਼ਿਰਾਜ਼ਾ ਬਿਖਰਨ ਕਰਕੇ ਇਹ ਦੇਸ਼ ਲਗਾਤਾਰ ਵੱਡੀਆਂ ਚੁਣੌਤੀਆਂ ਝੱਲ ਰਿਹਾ। ਇਸ ਨੂੰ ਕੋਈ ਵਧੀਆ ਕ੍ਰਿਸ਼ਮਾਕਾਰੀ ਲੀਡਰਸ਼ਿਪ ਵੀ ਨਹੀਂ ਮਿਲ ਸਕੀ ਜੋ ਇਸ ਨੂੰ ਯੂਰਪ ਦੇਸ਼ਾਂ ਜਾਂ ਯੂਰਪੀਨ ਯੂਨੀਅਨ ਅੰਦਰ ਮੂਹਰਲੀ ਕਤਾਰ ‘ਚ ਖੜ੍ਹਾ ਕਰ ਸਕਦੀ। ਫਰਾਂਸ ਰਿਪਬਲਿਕ ਅੰਦਰ ਪ੍ਰਧਾਨਗੀ ਤਰਜ਼ ਦੀ ਲੋਕਤੰਤਰੀ ਸਰਕਾਰ ਹੈ। ਹੁਣੇ–ਹੁਣੇ ਹੋਈਆਂ ਪ੍ਰਧਾਨਗੀ ਅਹੁਦੇ ਲਈ ਚੋਣਾਂ ‘ਚ ਕੇਂਦਰ ਵਾਦੀ ਵਿਚਾਰਧਾਰਾ ਰੱਖਣ ਵਾਲਾ 39 ਸਾਲਾ ਨੌਜਵਾਨ ਆਗੂ ਇਮੈਨੂਅਲ ਮੈਕਰੌਨ ਪ੍ਰਧਾਨ ਚੁਣਿਆ ਗਿਆ ਹੈ। ਇਸ ਨੇ ਆਪਣੀ ਮੁੱਖ ਵਿਰੋਧੀ ਸੱਜੇ ਪੱਖੀ, ਪਾਪੂਲਿਸਟ, ਤੰਗ ਰਾਸ਼ਟਰਵਾਦੀ ਆਗੂ ਲੀ ਪੈਨ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ। ਸ਼੍ਰੀਮਾਨ ਮੈਕਰੌਨ ਨੂੰ ਜਿੱਥੇ 66.1 ਫੀਸਦੀ ਵੋਟ ਮਿਲੇ ਉਥੇ ਬੀਬੀ ਲੀ ਪੈਨ ਨੂੰ 33.9 ਫੀਸਦੀ ਵੋਟ ਪ੍ਰਾਪਤ ਹੋਏ।
49 ਸਾਲਾ ਬੀਬੀ ਲੀ ਪੈਨ ਦੀ ਪ੍ਰਧਾਨ ਮੈਕਰੌਨ ਅਤੇ ਫਰਾਂਸੀਸੀ ਰਿਪਬਲਿਕ ਨੂੰ ਚੁਣੌਤੀ ਖ਼ਤਮ ਨਹੀਂ ਹੋਈ। ਵਿਸ਼ਵੀਕਰਨ, ਉਦਾਰਵਾਦ, ਯੂਰਪੀਨਵਾਦ, ਰਿਫਿਊਜ਼ੀ ਸੰਕਟ ਵਿਰੋਧੀ ਸੱਜੇ ਪੱਖੀ ਇਸ ਆਗੂ ਦੇ ਪਿਤਾ ਨੇ ਸੰਨ 2002 ‘ਚ ਪ੍ਰਧਾਨ ਬਣੇ ਸ਼੍ਰੀਮਾਨ ਸ਼ਿਰਾਕ ਵਿਰੁੱਧ 15 ਫੀਸਦੀ ਵੋਟ ਲਏ ਸਨ। ਲੀ ਪੈਨ ਨੇ ਆਪਣੀ ਮਿਹਨਤ, ਪਾਪੂਲਿਸਟ, ਨਸਲਵਾਦੀ ਅਤੇ ਰਿਫਿਊਜ਼ੀ ਆਂਵਦ ਵਿਰੁੱਧ ਨੀਤੀਆਂ ਸਦਕਾ ਇਨ੍ਹਾਂ ਵਿੱਚ ਕਰੀਬ 20 ਫੀਸਦੀ ਵਾਧਾ ਕੀਤਾ ਹੈ। ਇਸ ਕਿਸਮ ਦੇ ਰਾਜਨੀਤੀਵਾਨਾਂ ਨੂੰ ਰੋਕਣ ਲਈ ਉਦਾਰਵਾਦੀ ਲੀਡਰਸ਼ਿਪ ਨੂੰ ਸਖ਼ਤ ਮਿਹਨਤ ਅਤੇ ਹਾਂ ਪੱਖੀ ਵਿਕਾਸਵਾਦੀ ਨਤੀਜੇ ਦੇਣ ਦੀ ਲੋੜ ਹੈ। ਫਰਾਂਸ ਅੰਦਰ ਨੈਪੋਲੀਅਨ ਬੋਨਾਪਾਰਟਸ ਤੋਂ ਬਾਦ ਇਮੈਨੂਅਲ ਮੈਕਰੋਨ ਸਭ ਤੋਂ ਛੋਟੀ ਉਮਰ ਦਾ ਗਤੀਸ਼ੀਲ ਆਗੂ ਮਿਲਿਆ ਹੈ। ਉਹ ਯੂਰਪੀਨ ਆਧੁਨਿਕਤਾ ਅਤੇ ਖੁਸ਼ਹਾਲੀ ਦਾ ਹਾਮੀ ਹੈ। ਇਸ ਸਬੰਧੀ ਉਸ ਦਾ ਆਪਣਾ ਇੱਕ ਰੋਡ ਮੈਪ ਹੈ। ਉਸ ਦੀ ਉਮੀਦਵਾਰੀ ਕਰਕੇ ਕੇਂਦਰ ਪੱਖੀਆਂ ਨੂੰ ਫਰਾਂਸ ਅੰਦਰ ਏਡੀ ਵੱਡੀ ਨਿਰਣਾਇਕ ਜਿੱਤ ਹਾਸਲ ਹੋ ਸਕੀ ਹੈ। ਮੈਕਰੌਨ ਨੇ ਆਪਣੇ ਦੋ ਪੂਰਵਧਿਕਾਰੀ ਪ੍ਰਧਾਨਾਂ ਨਾਲੋਂ ਵਧ ਵੋਟਾਂ ਪ੍ਰਾਪਤ ਕੀਤੀਆਂ ਹਨ।
ਮੈਕਰੌਨ ਸਮਝਦਾ ਹੈ ਕਿ ਜੇ ਫਰਾਂਸ ਤਰੱਕੀ ਕਰਦਾ ਹੈ, ਮਜ਼ਬੂਤ ਹੁੰਦਾ ਹੈ ਤਾਂ ਯੂਰਪ ਵੀ ਤਰੱਕੀ ਅਤੇ ਮਜ਼ਬੂਤੀ ਵੱਲ ਵਧੇਗਾ। ਜਿੱਥੇ ਉਸਦੀ ਜਿੱਤ ਕਰਕੇ ਯੂਰਪੀਨ ਦੇਸ਼ਾਂ ਨੇ ਸੁਖ ਦਾ ਸਾਹ ਲਿਆ ਹੈ। ਬ੍ਰਿਟੇਨ, ਅਮਰੀਕਾ ਦੇ ਵਾਂਗ ਫਰਾਂਸ ਵਿੱਚ ਉੱਠੇ ਪਾਪੂਲਿਸਟ ਨਾਅਰਿਆਂ ਕਰਕੇ ਲੋਕ ਵੱਡੀ ਦੁਚਿੱਤੀ ‘ਚ ਫਸੇ ਮਹਿਸੂਸ ਕਰ ਰਹੇ ਸਨ। ਪਰ ਮੈਕਰੌਨ ਵੱਲੋਂ ਸਹੀ ਅਗਵਾਈ ਕਰਕੇ ਨਾਰਾਜ਼ ਅਤੇ ਨਿਰਾਸ਼ ਇੱਕ–ਤਿਹਾਈ ਫਰਾਂਸੀਸੀ ਵੋਟਰ ਸਾਂਝੇ ਮੋਰਚੇ ਦੇ ਇਸ ਕੇਂਦਰਵਾਦੀ ਉਮੀਦਵਾਰ ਦੇ ਹੱਕ ‘ਚ ਭੁਗਤਿਆ।ਇਸੇ ਕਰਕੇ ਲੱਖਾਂ ਫਰਾਂਸੀਸੀ ਲੋਕਾਂ ਲਈ ਉਹ ਵੱਡੀ ਆਸ ਦੀ ਕਿਰਨ ਹੈ।
ਜਰਮਨੀ ਅਤੇ ਹੋਰ ਯੂਰਪੀਨ ਦੇਸ਼ਾਂ ਲਈ ਇੱਕ ਵੱਡੀ ਉਮੀਦ ਹੈ। ਉਸ ਨੇ ਬਹੁਤ ਦਲੇਰਾਨਾ ਢੰਗ ਨਾਲ ਯੂਰਪੀਨ ਯੂਨੀਅਨ ਦੀ ਏਕਤਾ ਅਤੇ ਮਜ਼ਬੂਤੀ ਪੱਖੀ ਮੁਹਿੰਮ ਚਲਾਈ। ਉਹ ਖੁੱਲ੍ਹੇਪਣ ਅਤੇ ਸਮਾਜ ਪੱਖੀ ਆਰਥਿਕ ਬਜ਼ਾਰ ਦਾ ਹਾਮੀ ਹੈ। ਯੂਰਪੀਨ ਯੂਨੀਅਨ ਸਮਝਦੀ ਹੈ ਕਿ ਉਸ ਦੀ ਜਿੱਤ ਨੇ ਉਨ੍ਹਾਂ ਨੂੰ ਇੱਕ ਮਜ਼ਬੂਤ ਅਤੇ ਗਤੀਸ਼ੀਲ ਆਗੂ ਦਿੱਤਾ ਹੈ। ਜਰਮਨੀ ਅਤੇ ਫਰਾਂਸ ਮਿਲ ਕੇ ਯੂਰਪੀਨ ਆਦਰਸ਼ਵਾਦ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨਗੇ। ਫਰਾਂਸ ਅੰਦਰ 25 ਫੀਸਦੀ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹਨ। ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਬਹੁਤ ਵੱਡੀ ਚੁਣੌਤੀ ਹੈ। ਫਰਾਂਸ ਨੇ ਆਪਣਾ ਬਹੁਤ ਸਾਰਾ ਧੰਨ ਇਸ ਵੇਲੇ ਗੈਰ ਪੈਦਾਵਾਰੀ ਪ੍ਰੋਗਰਾਮਾਂ ਵਿੱਚ ਲਾਇਆ ਹੋਇਆ ਹੈ। ਇਸ ਨੂੰ ਨਵੀਂ ਪੈਦਾਵਾਰੀ ਦਿਸ਼ਾ ਪ੍ਰਦਾਨ ਕਰਨ ਦੀ ਲੋੜ ਹੈ। ਇਸ ਰਣਨੀਤੀ ਦਾ ਯੂਰਪੀਨ ਯੂਨੀਅਨ ਦੀ ਕਰੰਸੀ ਯੌਰੋ ਤੇ ਮਜ਼ਬੂਤੀ ਭਰਿਆ ਅਸਰ ਪਵੇਗਾ। ਫਰਾਂਸ ਦੀਆਂ ਚਾਲੂ ਆਰਥਿਕ ਨੀਤੀਆਂ ਕਰਕੇ ਪਿਛਲੇ 6 ਮਹੀਨੇ ‘ਚ ਯੌਰੋ ਕਰੰਸੀ ਅਮਰੀਕੀ ਡਾਲਰ ਮੁਕਾਬਲੇ ਕਮਜ਼ੋਰ ਪੈਂਦੀ ਗਈ। ਦੇਸ਼ ਅੰਦਰ ਬੇਰੁਜ਼ਗਾਰੀ ਦੀ ਦਰ ਵਧਣ ਕਰਕੇ ਇਸ ਪ੍ਰਤੀ ਵਧਦੇ ਜਨਤਕ ਰੋਸ ਅਤੇ ਗੁੱਸੇ ਕਰਕੇ ਹੀ ਪ੍ਰਧਾਨ ਓਲਾਂਦ ਨੇ ਦੂਸਰੀ ਵਾਰ ਪ੍ਰਧਾਨਗੀ ਅਹੁਦੇ ਲਈ ਚੋਣਾਂ ਲੜਨ ਦਾ ਹੀਆ ਨਾ ਕੀਤਾ।
ਪ੍ਰਧਾਨ ਮੈਕਰੌਨ ਲਈ ਤੁਰੰਤ ਵੱਡੀ ਚੁਣੌਤੀ ਪਾਰਲੀਮੈਂਟ ਅੰਦਰ ਤਕੜੀ ਬਹੁਸੰਮਤੀ ਪ੍ਰਾਪਤ ਕਰਨਾ ਹੈ। ਇਸ ਦੇ ਬਗੈਰ ਉਨ੍ਹਾਂ ਲਈ ਆਪਣੇ ਆਰਥਿਕ ਅਤੇ ਸੁਧਾਰਵਾਦੀ ਰੋਡਮੈਪ ਨੂੰ ਅਮਲ ਵਿੱਚ ਲਿਆਉਣਾ ਔਖਾ ਹੋਵੇਗਾ। ਪ੍ਰਧਾਨ ਮੈਕਰੌਨ (À) ਰਾਜ ਖਰਚਾ ਘਟਾਉਣਾ ਚਾਹੁੰਦੇ ਹਨ (ਅ) ਦੇਸ਼ ਅੰਦਰ ਵੱਡਾ ਨਿਵੇਸ਼ ਕਰਨ ਦੇ ਮੌਕੇ ਪੈਦਾ ਕਰਨਾ ਚਾਹੁੰਦੇ ਹਨ (Â) ਟੈਕਸ, ਲੇਬਰ ਅਤੇ ਜੇਲ੍ਹ ਖੇਤਰਾਂ ‘ਚ ਸੁਧਾਰ ਲਿਆਉਣਾ ਚਾਹੁੰਦੇ ਹਨ। (ਸ) ਅਗਲੇ 5 ਸਾਲਾਂ ‘ਚ ਦੇਸ਼ ਅੰਦਰ 50 ਬਿਲੀਅਨ ਯੌਰੋ ਸਕਿੱਲ ਟ੍ਰੇਨਿੰਗ, ਖੇਤੀ ਵਿਕਾਸ, ਆਵਾਜਾਈ, ਮੁੱਢਲਾ ਢਾਂਚਾ ਉਸਾਰੀ ਅਤੇ ਸਿਹਤ ਸੇਵਾਵਾਂ ‘ਤੇ ਖਰਚਣਾ ਚਾਹੁੰਦੇ ਹਨ।
ਕੰਜ਼ਰਵੇਟਿਵ ਰਿਪਬਲੀਕਨ ਅਤੇ ਖੱਬੇ ਪੱਖੀ ਸੋਸ਼ਲਿਸਟ ਉਸ ਨਾਲ ਚੱਲਣ ਵਾਲੇ ਨਹੀਂ ਇਸ ਲਈ ਉਹ ਆਪਣਾ ਕੇਂਦਰ ਪੱਖੀ ਅਧਾਰ ਮਜ਼ਬੂਤ ਕਰਨਾ ਚਾਹੁੰਦੇ ਹਨ। ਸੋਸ਼ਲਿਸਟ ਦੋ ਭਾਗਾਂ ‘ਚ ਵੰਡੇ ਹੁੰਦੇ ਹਨ। ਪਰ ਰਿਪਬਲੀਕਨਾਂ ਅੰਦਰ ਕੇਂਦਰ ਪੱਖੀ ਧੜਾ ਉਸ ਨਾਲ ਸਹਿਯੋਗ ਕਰਨ ਲਈ ਸਹਿਮਤ ਹੋ ਗਿਆ ਹੈ। ਸੀਨੀਅਰ ਰਿਪਬਲੀਕਨ ਆਗੂ ਕ੍ਰਿਸ਼ਚੀਅਨ ਐਸਟੋਸੀ ਨੇ ਉਸ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਪਰੰਤੂ ਆਪਣੇ ਨਾਈਸ ਸ਼ਹਿਰ ਵਿੱਚ ਆਪਣੇ ਆਪ ਨੂੰ ਕੇਂਦਰਿਤ ਕਰਨ ਦਾ ਇਰਾਦਾ ਰੱਖਦੇ ਉਸ ਨੇ ਮੈਕਰੌਨ ਸਰਕਾਰ ‘ਚ ਮੰਤਰੀ ਦਾ ਅਹੁਦਾ ਠੁਕਰਾ ਦਿੱਤਾ ਹੈ।
ਐਸੀ ਰਾਜਨੀਤਕ ਸਥਿਤੀ ‘ਚ ਮੈਕਰੌਨ ਲਈ ਪਾਰਲੀਮੈਂਟ ‘ਚ ਤਕੜੀ ਬਹੁਸੰਮਤੀ ਲੋੜੀਂਦੀ ਹੈ। ਉਂਜ ਵੀ ਉਹ ਰਾਜਨੀਤਕ ਪਾਰਟੀਆਂ ਦੇ ਤਾਕਤਵਰ ਆਗੂਆਂ ਸਾਬਕਾ ਪ੍ਰਧਾਨ ਸਰਕੋਜ਼ੀ ਅਤੇ ਓਲਾਂਦ ਵਰਗਾ ਰਾਜਨੀਤਕ ਆਗੂ ਨਹੀਂ ਹੈ। ਇਸ ਕਰਕੇ ਉਹ ਅਗਲੇ ਮਹੀਨੇ ਦੇਸ਼ ‘ਚ ਪਾਰਲੀਮੈਂਟਰੀ ਚੋਣਾਂ ਕਰਾ ਕੇ ਐਸਾ ਬਹੁਮਤ ਪ੍ਰਾਪਤ ਕਰਨ ਜਾ ਰਿਹਾ ਹੈ। ਉਸਦੀ ਪਾਰਟੀ ਦੇ ਮੁਖੀ ਰਿਚਰਡ ਫੈਰੇਂਡ ਨੇ ਪੂਰੇ ਵਿਸ਼ਵਾਸ ਨਾਲ ਐਲਾਨ ਕੀਤਾ ਹੈ ਕਿ ਹੁਣ ਫਰਾਂਸੀਸੀ ਰਿਪਬਲਿਕ ਪੂਰੀ ਗਤੀ, ਤੀਬਰਤਾ ਅਤੇ ਹੌਂਸਲੇ ਨਾਲ ਅੱਗੇ ਵਧੇਗੀ।
ਦੇਸ਼ ਅੰਦਰ ਇਸਲਾਮਿਕ ਅੱਤਵਾਦ ਦੇ ਹਮਲੇ ਅਤੇ ਰਿਫਿਊਜ਼ੀ ਸੰਕਟ ਵੀ ਵੱਡੀਆਂ ਚੁਣੌਤੀਆਂ ਹਨ। ਫਰਾਂਸ ਵਿੱਚ ਇਸਲਾਮਿਕ ਅੱਤਵਾਦੀ ਹਮਲੇ ਜਨਵਰੀ, 2015 ‘ਚ ਸ਼ੁਰੂ ਹੋਏ ਸਨ ਜੋ ਲਗਾਤਾਰ ਰੁਕ–ਰੁਕ ਕੇ ਜਾਰੀ ਹਨ । ਹੁਣ ਤੱਕ ਇਨ੍ਹਾਂ ਹਮਲਿਆਂ ‘ਚ 238 ਲੋਕ ਮਾਰੇ ਜਾ ਚੁੱਕੇ ਹਨ ਜਦਕਿ ਅਨੇਕ ਜ਼ਖ਼ਮੀ ਹੋਏ। ਰਿਫਿਊਜ਼ੀ ਲੋਕਾਂ ਦਾ ਫਰਾਂਸ ਅਤੇ ਯੂਰਪ ਵਿੱਚ ਘੁਸਣਾ ਜਾਰੀ ਹੈ। ਭਾਵੇਂ ਉਹ ਇਸ ਵਿਰੁੱਧ ਨਹੀਂ ਪਰ ਇਸ ਪ੍ਰਕਿਰਿਆ ਨੂੰ ਨਿਯਮਿਤ ਕਰਨ ਅਤੇ ਇਸਲਾਮਿਕ ਜਿਹਾਦ ਸਖ਼ਤੀ ਨਾਲ ਰੋਕਣਾ ਬਹੁਤ ਜ਼ਰੂਰੀ ਹੈ। ਫਰਾਂਸ ਸਿਰ ਕਰਜ਼ਾ ਇਸ ਦੀ ਜੀ.ਡੀ.ਪੀ. ਦਾ 96 ਫੀਸਦੀ ਹੈ। ਪਰ ਇਟਲੀ ਇਸ ਸਮੇਂ ਵੱਡੇ ਕਰਜ਼ੇ ਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ। ਹੰਗਰੀ ਅਤੇ ਪੋਲੈਂਡ ‘ਚ ਉਦਾਰਵਾਦ ਵਿਰੋਧੀ ਸੱਤਾ ‘ਤੇ ਕਾਬਜ਼ ਹਨ। ਐਸੀ ਸਥਿਤੀ ‘ਚ ਇਹ ਦੇਸ਼ ਆਉਣ ਵਾਲੇ ਸਮੇਂ ਯੂਰਪੀਨ ਯੂਨੀਅਨ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ। ਸ੍ਰੀਮਾਨ ਮੈਕਰੌਨ ਇਸ ਕਰਕੇ ਯੂਰਪੀਨ ਯੂਨੀਅਨ ‘ਚ ਠੋਸ ਸੁਧਾਰ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿੱਚ ਸਾਂਝੀ ਰਾਜਕੋਸ਼ੀ ਨੀਤੀ, ਸਾਂਝਾ ਯੂਨੀਅਨ ਵਿੱਤ ਮੰਤਰੀ, ਕਰਜ਼ੇ ਦੀ ਯੂਨੀਅਨ ਮੈਂਬਰਾਂ ‘ਚ ਵੰਡ, ਬੈਂਕ ਯੂਨੀਅਨ ਦਾ ਗਠਨ ਕਰਨਾ ਆਦਿ ਸ਼ਾਮਲ ਹਨ ।
ਮੈਕਰੌਨ ਦੀ ਪ੍ਰਬੁੱਧਤਾ, ਦਾਨਸ਼ਮੰਦੀ ਅਤੇ ਖੁੱਲ੍ਹਾਪਣ ਛੋਟੀ ਉਮਰੇ ਹੀ ਉਸ ਲਈ ਬੌਧਿਕ ਵਰਦਾਨ ਹਨ । ਉਹ ਭਲੀਭਾਂਤ ਸਮਝਦੇ ਹਨ ਕਿ ਦੇਸ਼ ਅੰਦਰ ਵਿਕਾਸ ਦੀ ਘੱਟ ਗਤੀ, ਵਧਦੀ ਬੇਰੁਜ਼ਗਾਰੀ, ਭਾਰੀ ਟੈਕਸ, ਕੰਮ ‘ਚ ਅੜਿੱਕੇ ਪਾਉਣ ਵਾਲੀਆਂ ਟਰੇਡ ਯੂਨੀਅਨਾਂ, ਸੱਭਿਆਚਾਰਕ ਤੌਰ ‘ਤੇ ਵੰਡਿਆ ਫਰਾਂਸੀਸੀ ਭਾਈਚਾਰਾ ਆਦਿ ਐਸੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਹੱਲ ਤੁਰੰਤ ਹੋਣਾ ਚਾਹੀਦਾ ਹੈ। ਜੇ ਐਸੇ ਕਾਰਜਾਂ ‘ਚ ਕੁਤਾਹੀ ਹੁੰਦੀ ਹੈ ਜਾਂ ਇਹ ਲੰਬਿਤ ਰਹਿੰਦੇ ਹਨ ਤਾਂ ਸੰਨ 2022 ਦੀਆਂ ਚੋਣਾਂ ‘ਚ ਸੱਜੇ ਪੱਖੀ ਤੰਗ ਰਾਸ਼ਟਰਵਾਦੀ ਲੀ ਪੈਨ ਦਾ ਜਿੱਤਣਾ ਸੰਭਵ ਹੋਵੇਗਾ ਜੋ ਦੇਸ਼ ਅਤੇ ਯੂਰਪੀਨ ਯੂਨੀਅਨ ਲਈ ਅਤਿ ਮੰਦਭਾਗਾ ਸਾਬਤ ਹੋਵੇਗਾ।

ਦਰਬਾਰਾ ਸਿੰਘ ਕਾਹਲੋਂ
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਮੋ.94170–94034

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top