ਲੇਖ

ਬੇਸ਼ੁਮਾਰ ਗੰਭੀਰ ਸਮੱਸਿਆਵਾਂ ਨਾਲ਼ ਜੂਝ ਰਹੇ ਹਨ ਭਾਰਤ ਵਾਸੀ  

ਆਧੁਨਿਕ ਅਜ਼ਾਦ ਭਾਰਤ ਤਕਰੀਬਨ ਆਪਣੀ ਸੱਤ ਦਹਾਕਿਆਂ ਦੀ ਉਮਰ ਭੋਗਣ ਦੇ ਬਾਵਜੂਦ ਅੱਜ ਬੇ-ਸ਼ੁਮਾਰ ਸਮੱਸਿਆਵਾਂ ਆਪਣੀ ਬੁੱਕਲ ‘ਚ ਸਮੋਈ ਬੈਠਾ ਹੈ ਵਤਨ ਖ਼ਾਤਰ ਕੁਰਬਾਨੀ ਦੇਣ ਵਾਲ਼ਿਆਂ ਨੇ ਕਦੇ ਸੋਚਿਆ ਹੋਵੇਗਾ ਕਿ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤੀ ਪਾਉਣ ਉਪਰੰਤ ਦੇਸ਼ ‘ਚੋਂ ਗ਼ੁਰਬਤ, ਕਾਣੀ-ਵੰਡ, ਹਿੰਸਾ, ਅਸੁਰੱਖਿਅਤਾ, ਜ਼ੁਲਮ-ਤਸ਼ੱਦਦ, ਭੁੱਖਮਰੀ, ਬਾਹਰੀ ਦਖ਼ਲ-ਅੰਦਾਜ਼ੀ, ਲੁੱਟ-ਖੋਹ, ਅਨਪੜ੍ਹਤਾ, ਜ਼ਬਰ-ਜਨਾਹ ਆਦਿ ਸਭ ਅਲਾਮਤਾਂ ਆਪਣੇ-ਆਪ ਖ਼ਤਮ ਹੋ ਜਾਣਗੀਆਂ ਅਜ਼ਾਦੀ ਦੇ ਪ੍ਰਵਾਨਿਆਂ ਨੇ ਆਪਣੇ ਮਹਿਬੂਬ ਮੁਲਕ ਭਾਰਤ ਦੇ ਅਜ਼ਾਦ ਹੋਣ ‘ਤੇ ਦੇਸ਼ ਦੇ  ਸਰਵ-ਪੱਖੀ ਵਿਕਾਸ ਦੀ ਕਲਪਨਾ ਕੀਤੀ ਹੋਵੇਗੀ
ਭਾਰਤ ਦੀ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਗੁਆਂਢੀ ਦੇਸ਼ ਪਾਕਿਸਤਾਨ ਨਾਲ਼ ਸਾਡੇ ਸਬੰਧ ਸੁਖਾਵੇਂ ਹੋਣ ਦੀ ਥਾਂ ਕਸ਼ੀਦਗੀ ਹੋਰ ਵੀ ਵਧ ਗਈ ਹੈ ਜੰਮੂ-ਕਸ਼ਮੀਰ ਸਮੇਤ ਦੇਸ਼ ਦੇ ਕਈ ਸੂਬੇ ਅੱਤਵਾਦ ਦੀ ਅੱਗ ‘ਚ ਸੜ ਰਹੇ ਹਨ ਦਰਿਆਈ ਪਾਣੀਆਂ, ਭਾਸ਼ਾ ਤੇ ਸਰਹੱਦਾਂ ਬਾਬਤ ਅੰਤਰ-ਰਾਜੀ ਮਸਲਿਆਂ ਦੀਆਂ ਤੰਦਾਂ ਪਿਛਲੇ ਲੰਬੇ ਸਮੇਂ ਤੋਂ ਜਿਉਂ ਦੀ ਤਿਉਂ ਉਲਝੀਆਂ ਪਈਆਂ ਹਨ  ਦੇਸ਼ ਅੰਦਰ ਵੱਖ-ਵੱਖ ਮੁੱਦਿਆਂ ਸੰਬੰਧੀ ਰੋਜ਼ਾਨਾ ਦੰਗੇ-ਫ਼ਸਾਦ, ਸਾੜ-ਫੂਕ, ਭੰਨ-ਤੋੜ, ਚੱਕੇ ਜਾਮ, ਹੜਤਾਲਾਂ, ਉਗਰ ਪ੍ਰਦਰਸ਼ਨ, ਘੇਰਾਓ, ਮੁਕੰਮਲ ਬੰਦ, ਕਰਫ਼ਿਊ, ਰੋਹ ਭਰਪੂਰ ਰੈਲੀਆਂ ਆਦਿ ਹੋ ਰਹੇ ਹਨ ਜਿਸ ਦੇ ਸਿੱਟੇ ਵਜੋਂ ਸੁਰੱਖਿਆ ਦੇ ਮੱਦੇਨਜ਼ਰ ਕਰੋੜਾਂ ਰੁਪਇਆ ਖ਼ਰਚ ਹੋ ਰਿਹਾ ਹੈ ਅਤੇ ਰੋਜ਼ਮਰ੍ਹਾਂ ਦਾ ਜੀਵਨ-ਚੱਕਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ ਆਧੁਨਿਕ ਵਿਗਿਆਨ ਦੇ ਇਸ ਯੁੱਗ ਵਿੱਚ ਨਾਰੀ ਵਰਗ ਨਾਲ਼ ਜੁੜੀਆਂ ਅਨੇਕਾਂ ਸਮੱਸਿਆਵਾਂ ਸਾਡੇ ਮੱਥੇ ‘ਤੇ ਕਲੰਕ ਵਾਂਗ ਹਨ, ਇੱਥੇ ਅਣਜੰਮੀਆਂ ਕੁੜੀਆਂ ਨੂੰ ਕੁੱਖ ‘ਚ ਕਤਲ ਕੀਤਾ ਜਾ ਰਿਹਾ ਹੈ ਹਰ ਰੋਜ਼ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲ਼ੀਆਂ ਦੁਰਾਚਾਰ,  ਅਣਖ ਤੇ ਦਾਜ ਦੇ ਕਾਰਨ ਕਤਲ, ਵਿਤਕਰੇਬਾਜ਼ੀ, ਜ਼ਬਰੀ ਵੇਸਵਾਪੁਣਾ, ਘਰੇਲੂ ਹਿੰਸਾ, ਬਾਲ -ਵਿਆਹ, ਸਰੀਰਕ-ਮਾਨਸਿਕ ਸੋਸ਼ਣ ਆਦਿ ਘਟਨਾਵਾਂ ਨਾਰੀ ਵਰਗ ਨਾਲ਼ ਦਿਨ-ਦਿਹਾੜੇ ਵਾਪਰ ਰਹੀਆਂ ਹਨ
ਦੇਸ਼ ਅੰਦਰ ਕਾਣੀ-ਵੰਡ ਸਮਾਪਤ ਹੋਣ ਦੀ ਥਾਂ ਆਰਥਿਕ ਅਸਮਾਨਤਾ ਪਹਿਲਾਂ ਦੇ ਮੁਕਾਬਲੇ ਹੋਰ ਵੀ ਵਧ ਗਈ ਹੈ ਕਰੋੜਾਂ ਲੋਕ ਆਪਣਾ ਜੀਵਨ ਬਸ਼ਰ ਕਰਨ ਲਈ ਤਿੰਨ ਪ੍ਰਮੁੱਖ ਲੋੜਾਂ ਰੋਟੀ, ਕੱਪੜਾ ਤੇ ਮਕਾਨ ਨੂੰ ਤਰਸ ਰਹੇ ਹਨ ਦੇਸ਼ ਦੇ ਵੱਡੇ ਉਤਪਾਦਨ ਦੇ ਸਾਧਨਾਂ ‘ਤੇ ਮੁੱਠੀ ਭਰ ਸਾਧਨ-ਭਰਪੂਰ ਲੋਕਾਂ ਦਾ ਕਬਜ਼ਾ ਹੋਣ ਕਾਰਨ ਅਮੀਰ ਅਤੇ ਗ਼ਰੀਬ ‘ਚ ਜ਼ਮੀਨ-ਅਸਮਾਨ ਦਾ ਅੰਤਰ ਪੈਦਾ ਹੋ ਗਿਆ ਹੈ ਦੇਸ਼ ਅੰਦਰ ਕੰਮ ਸੱਭਿਆਚਾਰ ਦਿਨ-ਬ-ਦਿਨ ਖੁਰਦਾ ਜਾ ਰਿਹਾ ਹੈ ਇਹ ਕੁਲੀਨ ਵਰਗ  ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੇ ਨਾਲ਼-ਨਾਲ਼ ਸੱਤਾ ਤਬਦੀਲ ਕਰਨ ਦੀ ਅਥਾਹ ਸ਼ਕਤੀ ਰੱਖਦਾ ਹੈ ਇਸ ਕਰਕੇ ਰਾਜਨੀਤਕ ਵਿਗਿਆਨੀਆਂ ਦਾ ਇਹ ਕਹਿਣਾ ਵੀ ਗਲਤ ਨਹੀਂ ਕਿ ਵਰਤਮਾਨ ਸਮੇਂ ਰਾਜਸੀ ਨਿਜ਼ਾਮ ਨੂੰ ਸਾਡੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਥਾਂ ਕਾਰਪੋਰੇਟ ਅਦਾਰੇ ਚਲਾ ਰਹੇ ਹਨ ਸਾਡੇ ਸਿਆਸਤਦਾਨ ਲੋਕ-ਸੇਵਾ ਦੀ ਥਾਂ ਨਿੱਜ ਕੇਂਦਰਤ ਅਤੇ ਵਪਾਰਕ ਸੋਚ ਦੇ ਧਾਰਨੀ ਹੋ ਗਏ ਹਨ ਸੱਤਾ ਦੇ ਨਸ਼ੇ ‘ਚ ਸੰਸਦ ਅਤੇ ਵਿਧਾਨ ਸਭਾਵਾਂ ‘ਚ ਭੈੜੇ ਕਾਰਜ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਮਾਣ -ਮਰਿਆਦਾ ਭੰਗ ਕੀਤੀ ਜਾ ਰਹੀ ਹੈ ਸਭ ਦੇ ਪੇਟ ਭਰਨ ਵਾਲ਼ਾ ਅੰਨਦਾਤਾ ਫ਼ਸਲਾਂ ਦੇ ਘੱਟ ਝਾੜ, ਘੱਟ ਭਾਅ, ਵੱਧ ਖੇਤੀ ਲਾਗਤਾਂ, ਕੁਦਰਤੀ ਆਫ਼ਤਾਂ, ਵਧਦੀ ਮਹਿੰਗਾਈ ਅਤੇ ਮੌਜੂਦਾ ਸਰਕਾਰੀ ਸਿਸਟਮ ਦੀਆਂ ਗ਼ਲਤ ਨੀਤੀਆਂ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਚੱਲ ਪਿਆ ਹੈ ਬੇਜ਼ਮੀਨੇ ਤੇ ਸਹੂਲਤਾਂ ਤੋਂ ਵਾਂਝਿਆਂ ਲਈ ਬਾਹਰੀ ਵਿਕਾਸ ਕਾਰਜਾਂ ਦੀ ਕੋਈ ਵਿਸ਼ੇਸ਼ ਸਾਰਥਿਕਤਾ ਜਾਂ ਪ੍ਰਸੰਗਤਾ ਨਹੀਂ ਕਿਉਂਕਿ ਉਹਨਾਂ ਦੇ ਬੁਨਿਆਦੀ ਜੀਵਨ ਪੱਧਰ ‘ਚ ਕੋਈ ਹਾਂ ਪੱਖੀ ਤਬਦੀਲੀ ਨਹੀਂ ਆਈ ਪੜ੍ਹੇ-ਲਿਖੇ, ਕੁਸ਼ਲ, ਤਜ਼ਰਬੇਕਾਰ ਤੇ ਊਰਜਾ ਭਰਪੂਰ ਨੌਜਵਾਨ ਰੋਜ਼ੀ-ਰੋਟੀ ਦੀ ਖ਼ਾਤਰ ਵਤਨੋਂ ਉਡਾਰੀ ਮਾਰ ਰਹੇ ਹਨ
ਨੌਜਵਾਨਾਂ ਦੇ ਪ੍ਰਵਾਸ ਕਰਨ ਨਾਲ਼ ਬਰੇਨ, ਡਰੇਨ ਹੋ ਰਿਹਾ ਹੈ ਵਿਦੇਸ਼ ਭੇਜਣ ਦੇ ਨਾਂਅ ‘ਤੇ ਅਨੇਕਾਂ ਧੋਖੇਬਾਜ਼ ਲੋਕ ਕੇਵਲ ਬੇਰੁਜ਼ਗਾਰਾਂ ਦੀ ਆਰਥਿਕ ਲੁੱਟ ਹੀ ਨਹੀਂ ਕਰਦੇ, ਸਗੋਂ ਗ਼ਲਤ ਤਰੀਕੇ ਨਾਲ਼ ਵਿਦੇਸ਼ ਭੇਜ ਕੇ ਮਜ਼ਬੂਰ ਨੌਜਵਾਨਾਂ ਲਈ ਬੇਅੰਤ ਕਾਨੂੰਨੀ ਮੁਸ਼ਕਲਾਂ ਵੀ ਖੜ੍ਹੀਆਂ ਕਰ ਰਹੇ ਹਨ, ਜਿਸ ਕਾਰਨ ਭਾਰਤ ਦੇ ਅਨੇਕਾਂ ਨੌਜਵਾਨ ਵਿਦੇਸ਼ਾਂ ਦੀਆਂ ਜੇਲ੍ਹਾਂ ‘ਚ ਸੜਨ ਲਈ ਮਜ਼ਬੂਰ ਹਨ ਵਿੱਦਿਆ ਦੇ ਵਪਾਰੀਕਰਨ ਦੇ ਸਿੱਟੇ ਵਜੋਂ ਹਰੇਕ ਸਾਲ ਗੈਰ ਹੁਨਰਮੰਦ ਬੇਰੁਜ਼ਗਾਰਾਂ ਦੀ ਨਫ਼ਰੀ ‘ਚ ਵਾਧਾ ਹੋਣ ਨਾਲ਼ ਸਰਕਾਰੀ ਨੌਕਰੀ ਨੌਜਵਾਨਾਂ ਲਈ ਸੁਫ਼ਨਾ ਬਣ ਕੇ ਰਹਿ ਗਈ ਹੈ ਨੌਕਰੀ ਦੀ ਪ੍ਰਾਪਤੀ ਲਈ ਆਏ ਦਿਨ ਘਪਲੇ ਸਾਹਮਣੇ ਆ ਰਹੇ ਹਨ ਸਾਡੇ ਦੇਸ਼ ਦੇ ਬਹੁਤੇ ਨੌਜਵਾਨਾਂ ਦਾ ਨਿੱਜੀ ਖੇਤਰਾਂ ‘ਚ ਸੋਸ਼ਣ ਹੋ ਰਿਹਾ ਹੈ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਪ੍ਰਾਪਤੀ ਲਈ ਵਾਟਰ ਵਰਕਸ ਦੀਆਂ ਟੈਂਕੀਆਂ ‘ਤੇ ਚੜ੍ਹਨ ਲਈ, ਧਰਨੇ ਲਾਉਣ ਅਤੇ ਪੁਲਿਸ ਤੋਂ ਕੁੱਟ ਖਾਣ ਲਈ ਮਜ਼ਬੂਰ  ਹਨ
ਚਿੱਟੇ ਦਿਨ ਹੋਣ ਵਾਲ਼ੀਆਂ ਲੁੱਟਾਂ-ਖੋਹਾਂ, ਚੋਰੀਆਂ, ਡਾਕੇ, ਠੱਗੀਆਂ, ਅਗਵਾ ਵਾਰਦਾਤਾਂ, ਹਿੰਸਕ ਝੜਪਾਂ, ਜ਼ਬਰ-ਜਿਨਾਹ, ਕਤਲ ਆਦਿ ਅਜ਼ਾਦ ਭਾਰਤ ਦੇ ਮੱਥੇ ‘ਤੇ ਕਿਸੇ ਨਾ ਧੋਤੇ ਜਾਣ ਵਾਲੇ ਅਪਵਿੱਤਰ ਦਾਗ਼ ਦੀ ਤਰ੍ਹਾਂ ਹਨ ਅਖ਼ਬਾਰਾਂ ਦੇ ਰਾਸ਼ਟਰੀ ਪੰਨਿਆਂ ‘ਤੇ ਤਰੱਕੀ ਤੇ ਵਿਕਾਸ ਦੀਆਂ ਘੱਟ ਪਰ ਮਨ ਨੂੰ ਚਿੰਤਾ ‘ਚ ਪਾਉਣ ਵਾਲ਼ੀਆਂ ਖ਼ਬਰਾਂ ਦੀ ਭਰਮਾਰ  ਹੈ ਅਬਾਦੀ ਵਧਣ ਕਰਕੇ ਵਿਕਾਸ ਦੀਆਂ ਯੋਜਨਾਵਾਂ ਦੇ ਟੀਚਿਆਂ ਦੀ ਪੂਰਤੀ ਵਿਵਹਾਰਕ ਤੌਰ ‘ਤੇ ਨਹੀਂ ਹੋ ਰਹੀ ਸਰਕਾਰ ਦੀ ਪਰਿਵਾਰ ਨਿਯੋਜਨ ਦੀ ਮੁਹਿੰਮ ਸਿਰਫ਼ ਕਾਗ਼ਜ਼ਾਂ  ਤੱਕ ਸਿਮਟੀ ਪ੍ਰਤੀਤ ਹੋ ਰਹੀ ਹੈ ਕੁਦਰਤ ਨਾਲ਼ ਅਣਚਾਹੀ ਛੇੜ-ਛਾੜ ਨਾਲ਼ ਸਾਰਾ ਕੁਦਰਤੀ ਢਾਂਚਾ ਹੀ ਡਾਵਾਂ-ਡੋਲ ਹੋ ਗਿਆ ਹੈ ਵਾਤਾਵਰਨ ‘ਚ ਪੈਦਾ ਹੋਈਆਂ ਗ਼ੈਰ ਲੋੜੀਂਦੀਆਂ ਤਬਦੀਲੀਆਂ ਕਾਰਨ ਪੈਦਾ ਹੋਏ ਪ੍ਰਦੂਸ਼ਣ ਨੇ ਮਾਨਵਤਾ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਕਈ ਥਾਈਂ ਵਿਕਾਸ ਦੀ ਆੜ ‘ਚ ਕੁਦਰਤ ਦਾ ਵਿਨਾਸ਼ ਕੀਤਾ ਜਾ ਰਿਹਾ ਹੈ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ਼ ਪ੍ਰਤੀ ਅਣਦੇਖੀ ਦੇ ਭਿਆਨਕ ਤੇ ਖ਼ੌਫ਼ਨਾਕ ਨਤੀਜੇ  ਭਾਰਤ ਵਾਸੀ ਵਰਤਮਾਨ ਸਮੇਂ ਭੁਗਤ ਰਹੇ ਹਨ, ਜੇਕਰ ਇਹੀ ਹਾਲ ਰਿਹਾ ਤਾਂ ਭਵਿੱਖਮੁਖੀ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ
ਦੇਸ਼ ਵਿੱਚ ਕੰਮ ਸੱਭਿਆਚਾਰ ਨੂੰ ਦਿਨ ਬ ਦਿਨ ਖੋਰਾ ਲੱਗ ਰਿਹਾ ਹੈਗਧੇ-ਘੋੜੇ ਦੇ ਇੱਕ ਮੁੱਲ ਹੋਣ ਕਾਰਨ ਮਿਹਨਤਕਸ਼ ਵਿਅਕਤੀਆਂ ਦੇ ਹੌਸਲੇ ਪਸਤ ਹੋ ਰਹੇ ਹਨ ਅਪਰਾਧੀਆਂ ਦੀ ਗਿਣਤੀ ਵਧਣ ਕਾਰਨ ਜੇਲ੍ਹਾਂ ਦੀ ਸਮਰੱਥਾ ਘਟਦੀ ਜਾ ਰਹੀ ਹੈ  ਅਦਾਲਤਾਂ ‘ਚ ਲੱਖਾਂ ਕੇਸ ਲੰਮਕੇ ਪਏ ਹਨ,ਲੋਕ ਇਨਸਾਫ਼ ਦੀ ਉਡੀਕ ‘ਚ ਬੁੱਢੇ ਹੋ ਰਹੇ ਹਨ ਦੇਸ਼ ਵਿੱਚ ਗੈਂਗਸਟਰਾਂ ਦੀ ਵਧਦੀ ਗਿਣਤੀ ਸਾਡੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ    ਜੇਕਰ ਫੁਟਕਲ ਤੌਰ ‘ਤੇ ਦੇਖੀਏ ਤਾਂ ਪੱਛਮੀ ਸੱਭਿਆਚਾਰ ਨੇ ਸਾਡੀ ਦਸ਼ਾ ਤੇ ਦਿਸ਼ਾ ਹੀ ਤਬਦੀਲ ਕਰ ਦਿੱਤੀ ਹੈ ਆਧੁਨਿਕਤਾ ਦੇ ਰੰਗਾਂ ‘ਚ ਰੰਗੇ ਭਾਰਤੀ ਆਪਣੀ ਅਮੀਰ, ਮੁੱਲਵਾਨ,ਉਸਾਰੂ ਅਤੇ ਮਾਣਮੱਤੀ ਵਿਰਾਸਤ ਨੂੰ ਬਹੁਤ ਪਿੱਛੇ ਛੱਡ ਆਏ ਹਨ ਜਨਤਕ ਸੰਪੱਤੀ ਦੀ ਸੰਭਾਲ਼ ਪ੍ਰਤੀ ਲਾ- ਪ੍ਰਵਾਹੀ,ਧਾਰਮਿਕ ਤੰਗਦਿਲੀਆਂ, ਭ੍ਰਿਸ਼ਟਾਚਾਰ, ਜ਼ਾਤ-ਪਾਤ, ਨਸਲਵਾਦ, ਖੇਤਰਵਾਦ, ਅਸਹਿਣਸ਼ੀਲਤਾ, ਭੁੱਖਮਰੀ, ਪੀੜ੍ਹੀ-ਪਾੜਾ ਆਦਿ ਸਾਡੇ ਆਧੁਨਿਕ ਹੋਣ ਦਾ ਮੂੰਹ ਚਿੜਾ ਰਹੇ ਹਨ
ਸੂਚਨਾ ਕ੍ਰਾਂਤੀ ਦੇ ਇਸ ਯੁੱਗ ਵਿੱਚ ਸੋਸ਼ਲ ਮੀਡੀਆ ਬੇ-ਲਗਾਮ ਤੇ ਦਿਸ਼ਾਹੀਣ ਹੋਣ ਕਰ ਕੇ ਗੰਭੀਰ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਬੁਰੇ ਗੀਤ-ਸੰਗੀਤ ਤੇ ਲੱਚਰ ਫ਼ਿਲਮਾਂ ਨੇ ਨੌਜਵਾਨ ਵਰਗ ਨੂੰ ਕੁਰਾਹੇ ਪਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਮੀਡੀਏ ਦਾ ਨਿਰਪੱਖਤਾ ਨੂੰ ਤਿਆਗ ਕੇ ਰਾਜਨੀਤੀਕਰਨ ਤੇ ਵਪਾਰੀਕਰਨ ਵੱਲ ਵੱਧਣਾ ਹੋਰ ਵੀ ਚਿੰਤਾ ਦਾ ਵਿਸ਼ਾ ਹੈ
ਜੇਕਰ ਸਰਕਾਰਾਂ, ਸਮਾਜ ਤੇ ਪ੍ਰਸ਼ਾਸਨ ਆਪਣੇ ਫ਼ਰਜ਼ ਪੂਰੀ ਪ੍ਰਤੀਬੱਧਤਾ, ਇਮਾਨਦਾਰੀ, ਲਗਨ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ਼ ਨਿਭਾਉਣ ਤਾਂ ਸਮੂਹਿਕ ਉਪਰਾਲੇ ਦੇ ਨਾਲ਼ ਵਾਕਿਆ ਹੀ ਭਾਰਤ ਨੂੰ ਵਿਸ਼ਵ ਦੇ ਵਿਕਸਤ ਅਤੇ ਨਮੂਨੇ ਦੇਸ਼ਾਂ ‘ਚ ਸ਼ਾਮਲ ਕੀਤਾ ਜਾ ਸਕਦਾ ਹੈ
ਲੈਕ. ਤਰਸੇਮ ਸਿੰਘ ਬੁੱਟਰ ‘ਬੰਗੀ’
 ਪਿੰਡ:ਬੰਗੀ ਨਿਹਾਲ ਸਿੰਘ, ਡਾਕ:ਬੰਗੀ ਰੁਲਦੂ
ਤਹਿਸੀਲ:ਤਲਵੰਡੀ ਸਾਬੋ, ਬਠਿੰਡਾ

ਪ੍ਰਸਿੱਧ ਖਬਰਾਂ

To Top