ਦੇਸ਼

ਬੈਂਸ ਭਰਾਵਾਂ ਨੂੰ ਮਾਰਸ਼ਲ ਨੇ ਚੁੱਕ ਕੇ ਕੀਤਾ ਸਦਨ ਤੋਂ ਬਾਹਰ, ਸਿਮਰਜੀਤ ਬੈਂਸ ਹੋਏ ਮੁਅੱਤਲ

  •  20 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ 2 ਵਿਧਾਇਕਾਂ ਨੂੰ ਮਾਰਸ਼ਲ ਵਲੋਂ ਧੂਹ ਕੇ ਕੀਤਾ ਗਿਆ ਬਾਹਰ
  •  ਪਾਣੀ ਦੇ ਮੁੱਦੇ ‘ਤੇ ਕਰਨਾ ਚਾਹੁੰਦੇ ਸਨ ਗੈਰ ਸਰਕਾਰੀ ਮਤਾ ਪੇਸ਼ ਪਰ ਸਪੀਕਰ ਨੇ ਨਹੀਂ ਦਿੱਤੀ ਇਜਾਜ਼ਤ
  •  ਸਿਮਰਜੀਤ ਸਿੰਘ ਬੈਂਸ ਨੂੰ ਸਦਨ ਤੋਂ ਬਾਹਰ ਕਰਨ ਦੇ ਸਨ ਆਦੇਸ਼ ਮਾਰਸ਼ਲ ਨੇ ਦੋਹੇ ਭਰਾਵਾ ਨੂੰ ਚੁੱਕ ਕੇ ਕੀਤਾ ਬਾਹਰ

ਅਸ਼ਵਨੀ ਚਾਵਲਾ
ਚੰਡੀਗੜ, 
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਰਮਿਆਨ ਇੱਕ ਗੈਰ ਸਰਕਾਰੀ ਮਤੇ ਨੂੰ ਪੇਸ਼ ਕਰਨ ਦੀ ਜਿੱਦ ਲੈ ਕੇ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਦੇਸ਼ ‘ਤੇ ਮਾਰਸ਼ਲ ਨੇ ਚੁੱਕ ਕੇ ਸਦਨ ਦੀ ਕਾਰਵਾਈ ਤੋਂ ਬਾਹਰ ਕਰ ਦਿੱਤਾ। ਇਸ ਦਰਮਿਆਨ ਕਾਫ਼ੀ ਜਿਆਦਾ ਧੱਕਾ ਮੁੱਕੀ ਹੋਣ ਕਾਰਨ ਸਿਮਰਜੀਤ ਸਿੰਘ ਬੈਂਸ ਦੇ ਕੱਪੜੇ ਵੀ ਫਟ ਗਏ। ਬੇਸ਼ਕ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਿਰਫ਼ ਸਿਮਰਜੀਤ ਸਿੰਘ ਬੈਂਸ ਨੂੰ ਹੀ ਚੁੱਕ ਕੇ ਬਾਹਰ ਕਰਨ ਦਾ ਆਦੇਸ਼ ਦਿੱਤਾ ਸੀ ਪਰ ਬਲਵਿੰਦਰ ਬੈਂਸ ਵਲੋਂ ਸਿਰਮਜੀਤ ਸਿੰਘ ਦਾ ਸਾਥ ਦੇਣ ਦੇ ਕਾਰਨ ਮਾਰਸ਼ਲ ਨੇ ਬਲਵਿੰਦਰ ਬੈਂਸ ਨੂੰ ਵੀ ਸਦਨ ਵਿੱਚੋਂ ਚੁੱਕ ਕੇ ਬਾਹਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਰਾਜਸਥਾਨ ਨੂੰ ਦਿੱਤੇ ਜਾਣ ਵਾਲੀ 11.2 ਐਮ.ਏ.ਐਫ. ਪਾਣੀ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਦਿਨੀਂ ਸਪੀਕਰ ਚਰਨਜੀਤ ਸਿੰਘ ਅਟਵਾਲ ਕੋਲ ਇੱਕ ਗੈਰ ਸਰਕਾਰੀ ਮਤੇ ਨੂੰ ਅੱਜ ਦੀ ਸਦਨ ਦੀ ਕਾਰਵਾਈ ਦਰਮਿਆਨ ਪੇਸ਼ ਕਰਨ ਦੀ ਇਜਾਜ਼ਤ ਮੰਗੀ ਸੀ। ਇਸ ਸਬੰਧੀ ਉਨਾਂ ਨੇ ਇੱਕ ਦਿਨ ਪਹਿਲਾ ਬਿਲ ਵੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਦੇ ਦਿੱਤਾ ਗਿਆ ਪਰ ਅੱਜ ਜਦੋਂ ਸਦਨ ਦੀ ਕਾਰਵਾਈ ਦਰਮਿਆਨ ਉਨਾਂ ਦਾ ਬਿਲ ਏਜੰਡੇ ਵਿੱਚ ਨਹੀਂ ਲਿਆਂਦਾ ਗਿਆ ਤਾਂ ਸਿਮਰਜੀਤ ਸਿੰਘ ਬੈਂਸ ਨੇ ਖੜੇ ਹੋ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਗੈਰ ਸਰਕਾਰੀ ਮਤਾ ਪੇਸ਼ ਕਰਨ ਦੀ ਇਜਾਜ਼ਤ ਮੰਗੀ ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਉਨਾਂ ਦੇ ਇਸ ਪ੍ਰਾਈਵੇਟ ਬਿਲ ਨੂੰ ਪੇਸ਼ ਕਰਨ ਦੀ ਇਜਾਜ਼ਤ ਨਾ ਦੇ ਕੇ ਬੈਠਣ ਦੇ ਆਦੇਸ਼ ਜਾਰੀ ਕਰ ਦਿੱਤੇ। ਇਸ ‘ਤੇ ਸਿਮਰਜੀਤ ਸਿੰਘ ਬੈਂਸ ਨੇ ਕਾਫ਼ੀ ਹੰਗਾਮਾ ਕੀਤਾ ਅਤੇ ਆਪਣੀ ਸੀਟ ‘ਤੇ ਬੈਠਣ ਤੋਂ ਇਨਕਾਰ ਕਰ ਦਿੱਤਾ।
ਸਦਨ ਦੀ ਕਾਰਵਾਈ ਵਿੱਚ ਵਿਘਨ ਪੈਣ ਦੇ ਕਾਰਨ ਕਈ ਵਾਰ ਸਮਝਾਉਣ ਤੋਂ ਬਾਅਦ ਵੀ ਜਦੋਂ ਸਿਮਰਜੀਤ ਸਿੰਘ ਬੈਂਸ ਨਾ ਬੈਠੇ ਤਾਂ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਮਾਰਸ਼ਲ (ਵਿਧਾਨ ਸਭਾ ਦੇ ਸੁਰਖਿਆ ਕਰਮਚਾਰੀ) ਨੂੰ ਸਿਮਰਜੀਤ ਸਿੰਘ ਬੈਂਸ ਨੂੰ ਚੁੱਕ ਕੇ ਬਾਹਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਜਿਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਦੇ ਨਾਲ ਉਨਾਂ ਦੇ ਵੱਡੇ ਭਾਈ ਬਲਵਿੰਦਰ ਸਿੰਘ ਬੈਂਸ ਨੇ ਵੀ ਸਾਥ ਦਿੰਦਿਆਂ ਸਪੀਕਰ ਦੇ ਅੱਗੇ ਆ ਕੇ ਬੈੱਲ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿਥੋਂ ਕਿ ਦੋਹੇ ਵਿਧਾਇਕ ਬੈਂਸ ਭਰਾਵਾਂ ਨੂੰ ਮਾਰਸ਼ਲ ਨੇ ਚੁੱਕ ਕੇ ਸਦਨ ਦੀ ਕਾਰਵਾਈ ਤੋਂ ਬਾਹਰ ਛੱਡ ਆਏ। ਇਸ ਦਰਮਿਆਨ ਧੱਕਾ ਮੁੱਕੀ ਹੋਣ ਦੇ ਕਾਰਨ ਸਿਮਰਜੀਤ ਸਿੰਘ ਬੈਂਸ ਦਾ ਕੁੜਤਾ ਵੀ ਫਟ ਗਿਆ।
ਇਸ ਕਾਰਵਾਈ ਤੋਂ ਕੁਝ ਦੇਰ ਬਾਹਰ ਬਲਵਿੰਦਰ ਸਿੰਘ ਬੈਂਸ ਨੂੰ ਸਦਨ ਦੇ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਕਿਉਂਕਿ ਸਪੀਕਰ ਚਰਨਜੀਤ ਸਿੰਘ ਅਟਵਾਲ  ਦੇ ਆਦੇਸ਼ ਸਿਰਫ਼ ਸਿਰਮਜੀਤ ਸਿੰਘ ਬੈਂਸ ਨੂੰ ਚੁੱਕ ਕੇ ਬਾਹਰ ਕਰਨ ਦੇ ਸਨ ਨਾ ਕਿ ਬਲਵਿੰਦਰ ਸਿੰਘ ਬੈਂਸ ਦੇ ਵੀ ਖ਼ਿਲਾਫ਼ ਸਨ। ਸਿਮਰਜੀਤ ਸਿੰਘ ਬੈਂਸ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਅਗਲੇ ਹੁਕਮਾਂ ਤੱਕ ਸਦਨ ਦੀ ਕਾਰਵਾਈ ਤੋਂ ਮੁਅੱਤਲ ਰਹਿ ਸਕਦੇ ਹਨ ਪਰ ਇਨਾਂ ਦੀ ਮੁਅੱਤਲੀ ਦੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਪ੍ਰਸਿੱਧ ਖਬਰਾਂ

To Top