ਸਾਂਝਾ ਪੰਨਾ

ਰੇਤ ਦੇ ਟਿੱਲਿਆਂ ਤੇ ਵੀਰਾਨ ਖੰਡਰਾਂ ਦਾ ਸਫ਼ਰ

ਪਹਾੜ ਤੇ ਰੇਗਿਸਤਾਨ ਬਚਪਨ ਤੋਂ ਹੀ ਮੈਨੂੰ  ਬਹੁਤ ਚੰਗੇ ਲੱਗਦੇ ਹਨ ਰੇਗਿਸਤਾਨ ਨਾਲ ਸਬੰਧਤ ਫਿਲਮਾਂ ਤੇ ਕਿੱਸੇ ਕਹਾਣੀਆਂ ਹਮੇਸ਼ਾ ਤੋਂ ਹੀ ਮੇਰੇ ਦਿਲ ਨੂੰ ਟੁੰਬ ਜਾਂਦੀਆਂ ਸਨ
ਬਚਪਨ ‘ਚ ਜਦੋਂ ਵੀ ਸੱਸੀ ਪੁੰਨੂੰ ਦਾ ਕਿੱਸਾ ਪੜ੍ਹਦਾ ਜਾਂ ਦਾਦੀ ਮਾਂ ਤੋਂ ਬਾਤਾਂ ਸੁਣਦੇ ਸਮੇਂ ਰਾਜਕੁਮਾਰ-ਰਾਜਕੁਮਾਰੀਆਂ ਦੇ ਮਾਰੂਥਲ ‘ਚ ਭਟਕਣ ਦਾ ਜ਼ਿਕਰ ਆ ਜਾਂਦਾ ਤਾਂ ਝੱਟ ਅੱਖਾਂ ਅੱਗੇ ਰੇਗਿਸਤਾਨ ‘ਚ ਕਾਫ਼ਲੇ ਬੰਨ੍ਹਕੇ ਤੁਰੇ ਜਾਂਦੇ ਊਠ, ਢਲਦੇ ਸੂਰਜ ਦੀਆਂ ਕਿਰਨਾਂ ਨਾਲ ਚਮਕਦੀ ਸੁਨਹਿਰੀ ਰੇਤ ਆ ਜਾਂਦੀ ਤੇ ਕੰਨਾਂ ‘ਚ ਊਠਾਂ ਦੇ ਗਲ਼ਾਂ ‘ਚ ਲਮਕਦੀਆਂ ਟੱਲੀਆਂ ਦੀ ਟੁਣਕਾਰ ਵੱਜਣ ਲੱਗਦੀ ਤੇ ਇਉਂ ਮਹਿਸੂਸ ਹੁੰਦਾ ਜਿਵੇਂ ਛਾਲ ਮਾਰਕੇ ਮੈਂ ਵੀ ਊਠ ‘ਤੇ ਚੜ੍ਹ ਗਿਆ ਹੋਵਾਂ ਸੋ ਆਪਣੇ ਬਚਪਨ ਦੇ ਸੁਪਨੇ ਨੂੰ ਸੱਚ ਕਰਨ ਲਈ ਐਤਕੀ ਸਰਦੀਆਂ ਦੀਆਂ ਛੁੱਟੀਆਂ ਰਾਜਸਥਾਨ ਦੇ ਮਹਾਨ ਥਾਰ ਮਾਰੂਥਲ ‘ਚ ਬਿਤਾਉਣ ਲਈ ਅਸੀਂ ਸੁਨਹਿਰੇ ਸ਼ਹਿਰ ਜੈਸਲਮੇਰ ਵੱਲ ਨੂੰ ਚਾਲੇ ਪਾ ਦਿੱਤੇ ਜੈਸਲਮੇਰ ਰਾਜਸਥਾਨ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਜੋ ਸਰਹੱਦੀ ਇਲਾਕੇ ‘ਚ ਸਥਿੱਤ ਹੈ
ਇੱਥੋਂ ਦੇ ਜ਼ਿਆਦਾਤਰ ਮਕਾਨ ਵਿਸ਼ੇਸ਼ ਪੱਥਰ ਤੋਂ ਬਣੇ ਹੋਏ ਹਨ, ਜੋ ਰਾਤ ਸਮੇਂ ਸੋਨੇ ਵਾਂਗਰ ਚਮਕਦਾ ਹੈ ਤੇ ਜੈਸਲਮੇਰ ਦੇ ਆਸ-ਪਾਸ ਦੀ ਰੇਤ ਵੀ ਧੁੱਪ ‘ਚ ਸੋਨੇ ਰੰਗੀ ਲੱਗਦੀ ਹੈ, ਇਸੇ ਕਰਕੇ ਜੈਸਲਮੇਰ ਨੂੰ ‘ਸੁਨਿਹਰੀ ਨਗਰੀ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਜੈਸਲਮੇਰ ਸ਼ਹਿਰ ਸਾਢੇ ਅੱਠ ਸਦੀਆਂ ਪਹਿਲਾਂ ਰਾਓ ਜੈਸਲ ਨੇ ਉਦੋਂ ਵਸਾਇਆ ਸੀ, ਜਦੋਂ ਉਸਨੇ ਲੋਦਰਵਾ ਤੋਂ ਬਦਲ ਕੇ ਜੈਸਲਮੇਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ
ਜੈਸਲਮੇਰ ਦੇ ਕੁਝ ਮੁੱਖ ਦੇਖਣਯੋਗ ਸਥਾਨ :-ਭਾਵੇਂ ਇਸ ਲੇਖ ਦਾ ਮੁੱਖ ਮਕਸਦ ਪਾਠਕਾਂ ਨੂੰ ‘ਸਮ ਦੇ ਰੇਤੀਲੇ ਟਿੱਲਿਆਂ, ਡੈਜ਼ਰਟ ਨੈਸ਼ਨਲ ਪਾਰਕ ਤੇ ਕੁਲਧਰਾ ਤੇ ਖਾਭਾ’ ਦੇ ਵੀਰਾਨ ਖੰਡਰਾਂ ਬਾਰੇ ਜਾਣਕਾਰੀ ਦੇਣਾ ਹੀ ਹੈ ਪਰ ਫਿਰ ਵੀ ਜੈਸਲਮੇਰ ਬਾਰੇ ਸੰਖੇਪ ਜਾਣਕਾਰੀ ਦੇਣਾ ਵੀ ਜਰੂਰੀ ਹੈ ਜੈਸਲਮੇਰ ਦਾ ਸਭ ਤੋਂ ਮਹੱਤਵਪੂਰਨ ਸੈਲਾਨੀ ਸਥਲ ‘ਸੋਨਾਰ ਕਿਲ੍ਹਾ’ ਹੈ ਜਿਸਨੂੰ ਰਾਓ ਜੈਸਲ ਨੇ ਸੰਨ 1156 ਈ.’ਚ ਸੁਰੱਖਿਆ ਕਾਰਨਾਂ ਕਰਕੇ  ‘ਤ੍ਰਿਕੁਟਾ’ ਨਾਂਅ ਦੀ ਪਹਾੜੀ Àੁੱਪਰ ਬਣਵਾਇਆ ਸੀ ਇਹ ਕਿਲ੍ਹਾ ਵਿਸ਼ੇਸ਼ ਕਿਸਮ ਦੇ ‘ਬਲੂਆ’ ਪੱਥਰ ਤੋਂ ਬਣਿਆ ਹੈ ਜੋ ਧੁੱਪ ‘ਚ ਜਾਂ ਰਾਤ ਨੂੰ ਰੋਸ਼ਨੀ ‘ਚ ਸੋਨੇ ਵਾਂਗ ਚਮਕਦਾ ਹੈ ਇਸੇ ਕਰਕੇ ਹੀ ਇਸ ਨੂੰ ‘ਸੋਨਾਰ ਕਿਲ੍ਹਾ’ ਕਿਹਾ ਜਾਂਦਾ ਹੈ ਕਿਲ੍ਹੇ ਦੀ ਉੱਚੀ ਚਾਰਦੀਵਾਰੀ ਦੇ ਬਾਹਰ ਲੱਗੀਆਂ ਲਾਈਟਾਂ ਦੀ ਰੋਸ਼ਨੀ ਕਾਰਨ ਰਾਤ ਨੂੰ ਇਹ ਦੂਰ-ਦੂਰ ਤੱਕ ਸੋਨੇ ਵਾਂਗ ਚਮਕਦਾ ਦਿਖਾਈ ਦਿੰਦਾ ਹੈ ਤੇ ਇਸ ਅਦਭੁੱਤ ਤੇ ਮਨਮੋਹਕ ਦ੍ਰਿਸ਼ ਨੂੰ ਦੇਖਣ ਵਾਲੇ ਅਸ਼-ਅਸ਼ ਕਰ ਉੱਠਦੇ ਹਨ
ਕਿਲ੍ਹੇ ਦੇ ਅੰਦਰ ਅੱਜ ਵੀ ਸ਼ਹਿਰ ਦੀ ਪੰਜ ਹਜ਼ਾਰ ਅਬਾਦੀ ਵਸਦੀ ਹੈ ਤੇ ਅੰਦਰ ਹੀ ਬਹੁਤ ਸਾਰੇ ਹੋਟਲ ਬਣੇ ਹੋਏ ਹਨ, ਜਿਨ੍ਹਾਂ ‘ਚ ਸਿਰਫ਼ ਵਿਦੇਸ਼ੀ ਸੈਲਾਨੀ ਤੇ ਖਾਸ ਮਹਿਮਾਨ ਹੀ ਰੁਕ ਸਕਦੇ ਹਨ ਕਿਲ੍ਹੇ ਅੰਦਰ ਇੱਕ ਮਿਊਜੀਅਮ ਵੀ ਬਣਿਆ ਹੋਇਆ ਹੈ ਜਿੱਥੇ ਉਸ ਸਮੇਂ ਦੀਆਂ ਅਨੇਕ ਵਸਤਾਂ ਤੇ ਹਥਿਆਰ ਸਾਂਭੇ ਪਏ ਹਨ ਸੋਨਾਰ ਕਿਲ੍ਹੇ ਤੋਂ ਬਾਅਦ ਜੈਸਲਮੇਰ ਦੀ ‘ਗਦਸੀਸਰ ਝੀਲ’ ਵੀ ਦੇਖਣਯੋਗ ਹੈ ਜੋ ਮੁੱਖ ਸੜਕ ‘ਤੇ ਹੀ ਹੈ ਇੱਥੇ ਬੋਟਿੰਗ ਦਾ ਪ੍ਰਬੰਧ ਵੀ ਹੈ ਕਹਿੰਦੇ ਹਨ ਇਹ ਝੀਲ ਰਾਓ ਗਦਸੀ ਸਿੰਘ  ਨੇ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਸੰਨ 1367 ਈ. ‘ਚ ਬਣਵਾਈ ਸੀ
ਇੱਥੇ ਸੈਲਾਨੀਆਂ ਦੀ ਕਾਫੀ ਭਰਮਾਰ ਰਹਿੰਦੀ ਹੈ ਗੇਟ ‘ਤੇ ਨੰਨ੍ਹੇ ਕਲਾਕਾਰ ਆਪਣੇ ਸੰਗੀਤ ਤੇ ਨਾਚ ਰਾਹੀਂ ਸੈਲਾਨੀਆਂ ਨੂੰ ਮੰਤਰ ਮੁਗਧ ਕਰ ਰਹੇ ਸਨ, ਉਨ੍ਹਾਂ ਨੂੰ ਰਾਜਸਥਾਨੀ ਪਗੜੀ ‘ਚ ਦੇਖਕੇ ਲੱਗਦਾ ਸੀ ਜਿਵੇਂ ਨੰਨ੍ਹੇ-ਮੁੰਨੇ ਫਰਿਸ਼ਤੇ ਧਰਤੀ ‘ਤੇ ਆ ਪ੍ਰਗਟ ਹੋ ਗਏ ਹੋਣ ਇਸ ਤੋਂ ਇਲਾਵਾ ਜੈਸਲਮੇਰ ‘ਚ ‘ਸਾਲਿਮ ਸਿੰਘ ਦੀ ਹਵੇਲੀ, ਪਟਵਾਂ ਕੀ ਹਵੇਲੀ, ਮਿਰਚੀ ਸੇਠ ਦੀ ਹਵੇਲੀ ਤੇ ਨੱਥਾ ਮੱਲ ਦੀ ਹਵੇਲੀ’ ਆਦਿ ਉਸ ਸਮੇਂ ਦੀ ਭਵਨ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਪੇਸ਼ ਕਰਦੀਆਂ ਹਨ ਵਾਰ ਮਿਊਜ਼ੀਅਮ ਭਾਰਤ-ਪਾਕਿ ਜੰਗ ਦੀਆਂ ਯਾਦਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ ਸਨ ਸੈੱਟ ਪੁਆਇੰਟ ਤੋਂ ਡੁੱਬਦੇ ਸੂਰਜ ਨੂੰ ਤੱਕਣ ਦੇ ਪਲਾਂ ਨੂੰ ਭਲਾ ਕੌਣ ਭੁੱਲ ਸਕਦਾ ਹੈ
ਇਨ੍ਹਾਂ ਸੈਲਾਨੀ ਥਾਵਾਂ ਤੋਂ ਇਲਾਵਾ ਜੈਸਲਮੇਰ ਦੀਆਂ ਊਠ ਦੇ ਚਮੜੇ ਤੋਂ ਬਣੀਆਂ ਵਸਤਾਂ ਵੀ ਬਹੁਤ ਮਸ਼ਹੂਰ ਹਨ, ਜੋ ਬਹੁਤ ਹੀ ਹਲਕੀਆਂ ਤੇ ਹੰਢਣਸਾਰ ਹੁੰਦੀਆਂ ਹਨ ਸਾਡੇ ਗਾਈਡ ਨੇ ਦੱਸਿਆ ਕਿ ਇੱਥੋਂ ਦੀ ਊਠ ਦੀ ਉੱਨ ਤੋਂ ਬਣੀ ਸੌ ਗ੍ਰਾਮ ਦੀ ਰਜਾਈ ਲੈਕੇ ਪੋਹ ਦੀਆਂ ਠੰਢੀਆਂ ਰਾਤਾਂ ਨੂੰ ਵੀ ਮੁੜ੍ਹਕਾ ਆਉਣ ਲੱਗਦਾ ਹੈ ਤੇ ‘ਬਲੂਆ’ ਪੱਥਰ ਤੋਂ ਬਣੇ ਭਾਂਡਿਆਂ ‘ਚ ਪਾਣੀ ਪਾਕੇ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਪਰ ਮੇਰੇ ਸੁਪਨਿਆਂ ਦਾ ਰੇਗਿਸਤਾਨ ਤਾਂ ਜੈਸਲਮੇਰ ਤੋਂ ਲਗਭਗ ਪੰਤਾਲੀ ਕਿਲੋਮੀਟਰ ਦੂਰ ‘ਸਮ’ ਵਿਖੇ ਸੀ ਸੋ ਅਸੀਂ ਗੱਡੀ ਸਮ ਵਿਖੇ ਸਥਿੱਤ ‘ਰਾਇਲ ਡੈਜ਼ਰਟ ਕੈਂਪ’ ਵੱਲ ਨੂੰ ਤੋਰ ਦਿੱਤੀ ਤੇ ਜਦੋਂ ਅਸੀਂ ਕੈਂਪ ਦੇ ਅੰਦਰ ਦਾਖਲ ਹੋਏ ਉਸ ਸਮੇਂ ਕਾਫੀ ਹਨ੍ਹੇਰਾ ਹੋ ਚੁੱਕਾ ਸੀ
ਰੇਤ ਦੇ ਟਿੱਲਿਆਂ ‘ਚ :- ਕੈਂਪ ਦੇ ਅੰਦਰ ਦਾ ਦ੍ਰਿਸ਼ ਵੀ ਦਿਲ ਨੂੰ ਟੁੰਬਣ ਵਾਲਾ ਸੀ ਸਾਰੇ ਸੈਲਾਨੀ ਗੋਲ ਚੱਕਰ ਬਣਾਕੇ ਮੰਤਰ ਮੁਗਧ ਹੋਏ ਬੈਠੇ ਸਨ ਤੇ ਸਟੇਜ਼ ‘ਤੇ ਬੈਠੇ ਕਲਾਕਾਰ ਰਾਜਸਥਾਨ ਦਾ ਸਥਾਨਕ ਗੀਤ ਸੰਗੀਤ ਪੇਸ਼ ਕਰ ਰਹੇ ਸਨ ਅਸੀਂ ਵੀ ਮਹਿਫਲ ‘ਚ ਆ ਸਜੇ ਗੀਤ ਸੰਗੀਤ ਤੋਂ ਬਾਦ ਦੋ ਕੁੜੀਆਂ ਰਵਾਇਤੀ ਪਹਿਰਾਵੇ ‘ਚ ਸਥਾਨਕ ਨਾਚ ਪੇਸ਼ ਕਰਨ ਲੱਗੀਆਂ
ਇਸ ਤੋਂ ਬਾਦ ਇੱਕ ਕਲਾਕਾਰ ਨੇ ਸਾਈਕਲ ਦੇ ਚੱਕੇ ਤੇ ਅੱਗ ਦੁਆਰਾ ਆਪਣੇ ਹੈਰਤਅੰਗੇਜ਼ ਕਰਤੱਵ ਦਿਖਾ ਕੇ ਮੂੰਹ ‘ਚ ਉਂਗਲਾਂ ਲੈਣ ਲਈ ਮਜ਼ਬੂਰ ਕਰ ਦਿੱਤਾ ਹੁਣ ਲੇਡੀਜ਼ ਡਾਂਸ ਦੀ ਵਾਰੀ ਸੀ ਤੇ ਸਟੇਜ਼ ਤੋਂ ਸਾਰੀਆਂ ਔਰਤਾਂ ਨੂੰ ਆਪਣੇ ਮਨਪਸੰਦ ਗੀਤਾਂ ‘ਤੇ ਡਾਂਸ ਕਰਨ ਲਈ ਸੱਦਾ ਦਿੱਤਾ ਗਿਆ ਅੰਤ ‘ਚ ਸਾਰਿਆਂ ਨੂੰ ਡਾਂਸ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਤੇ ਸਟੇਜ ਵਾਲੇ ਸਾਰੇ ਕਲਾਕਾਰ ਵੀ ਸੈਲਾਨੀਆਂ ਦੇ ਨਾਲ ਨੱਚਣ ਲੱਗੇ ਖਾਣਾ ਖਾਕੇ ਲੱਗਭਗ ਗਿਆਰਾਂ ਵਜੇ ਅਸੀਂ ਬਿਸਤਰਿਆਂ ‘ਚ ਵੜ ਗਏ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਸਵੇਰ ਹੋ ਗਈ

ਹਰਜਿੰਦਰ ਅਨੂਪਗੜ੍ਹ

ਪ੍ਰਸਿੱਧ ਖਬਰਾਂ

To Top