ਸੰਪਾਦਕੀ

ਝੋਨੇ ਦੇ ਭਾਅ ‘ਚ ਮਾਮੂਲੀ ਵਾਧਾ

ਕੇਂਦਰ ਸਰਕਾਰ ਨੇ ਝੇਨੇ ਦੇ ਘੱਟੋ-ਘੱਟ ਸਮਰੱਥਨ ਮੁੱਲ ‘ਚ 60 ਰੁਪਏ ਵਾਧਾ ਕਰ ਦਿੱਤਾ ਹੈ ਪਿਛਲੇ ਪੰਜ ਸਾਲਾਂ ਤੋਂ ਲਗਭਗ ਇਹੀ ਵਾਧਾ ਦਰ ਚੱਲੀ ਰਹੀ ਹੈ ਪਿਛਲੇ ਸਾਲ ਦੇ ਮੁਤਾਬਕ ਇਸ ਵਾਰ 4.3 ਫੀਸਦ ਵਾਧਾ ਹੋਇਆ ਹੈ ਜੋ ਖੇਤੀ ਦੇ ਵਧ ਰਹੇ ਲਾਗਤ ਖਰਚਿਆਂ ਨੂੰ ਪੂਰਾ ਨਹੀਂ ਕਰਦਾ ਜੇਕਰ ਮਜ਼ਦੂਰੀ ਨੂੰ ਹੀ ਵੇਖਿਆ ਜਾਵੇ ਤਾਂ ਪੰਜਾਬ, ਹਰਿਆਣਾ ‘ਚ ਲੇਬਰ ਰੇਟਾਂ ‘ਚ ਭਾਰੀ ਵਾਧਾ ਹੋਇਆ ਹੈ ਬਿਹਾਰ ਤੇ ਹੋਰ ਰਾਜਾਂ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਕਾਰਨ ਲੇਬਰ ਮਹਿੰਗੀ ਹੋਈ ਹੈ ਮਾਨਸੂਨ ਕਮਜ਼ੋਰ ਰਹਿਣ ਤੇ ਬੇਮੌਸਮੀ ਵਰਖਾ ਕਾਰਨ ਹੋਇਆ ਨੁਕਸਾਨ ਸਬੰਧਤ ਕਮੇਟੀ ਵੱਲੋਂ ਰੇਟ ਤੈਅ ਕਰਨ ਸਮੇਂ ਵਿਚਾਰਿਆ ਹੀ ਨਹੀਂ ਜਾਂਦਾ  ਪਿਛਲੇ ਦੋ ਕੁ ਸਾਲਾਂ ‘ਚ ਵਰਖਾ ਦੀ ਕਮੀ ਕਾਰਨ ਕਿਸਾਨ ਝੋਨੇ ਦੀ ਸਿੰਜਾਈ ਲਈ ਟਿਊਬਵੈੱਲਾਂ ‘ਤੇ ਨਿਰਭਰ ਰਹੇ ਹਨ ਬਿਜਲੀ ਦੀ ਕਮੀ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜਲ ਬਾਲ਼ ਕੇ ਝੋਨਾ ਪਾਲਣਾ ਪਿਆ ਹੈ

ਕਿਸਾਨਾਂ ਦੀ ਦੁਰਦਸ਼ਾ ਦਾ ਇੱਕੋ-ਇੱਕ ਕਾਰਨ ਫਸਲਾਂ ਦੇ ਗੈਰ-ਵਾਜਬ ਭਾਅ ਨਹੀਂ ਸਗੋਂ ਕੁਦਰਤੀ ਕਾਰਨ ਕਰਕੇ ਫਸਲ ਦਾ ਨੁਕਸਾਨ ਹੈ ਫਿਰ ਵੀ ਖੇਤੀ ਜਿਣਸਾਂ ਦਾ ਭਾਅ ਘੱਟ ਹੋਣਾ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਪੇਚੀਦਾ ਬਣਾਉਂਦਾ ਹੈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਲਾਗਤ ਖਰਚਿਆਂ ਤੋਂ ਬਾਅਦ 50 ਫੀਸਦੀ ਮੁਨਾਫਾ ਜੋੜ ਕੇ ਫਸਲਾਂ ਦੇ ਭਾਅ ਤੈਅ ਕੀਤੇ ਜਾਣ ਖੇਤੀ ਜਿਣਸਾਂ ਦੇ ਭਾਅ ਨੂੰ ਵੀ ਬਜ਼ਾਰ ਦੀਆਂ ਹੋਰ ਵਸਤੂਆਂ ਬਰਾਬਰ ਤੈਅ ਕੀਤੇ ਜਾਣ ਕੱਪੜਾ, ਲੱਕੜ, ਬੱਸਾਂ ਦੇ ਕਿਰਾਏ ਤੇ ਖਾਣ-ਪੀਣ ਦੀਆਂ ਚੀਜ਼ਾਂ ‘ਚ ਖੇਤੀ ਜਿਣਸਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ ਕਿਸਾਨ ਵੀ ਆਪਣੀਆਂ ਪਰਿਵਾਰਕ ਤੇ ਸਮਾਜਿਕ ਲੋੜਾਂ ਲਈ ਬਜ਼ਾਰ ‘ਤੇ ਨਿਰਭਰ ਕਰਦਾ ਹੈ ਇਸ ਵਾਸਤੇ ਉਸ ਨੇ ਸਾਰੇ ਖਰਚੇ ਖੇਤੀ ਦੀ ਕਮਾਈ ‘ਚੋਂ ਹੀ ਕੱਢਣੇ ਹਨ ਇਸ ਨਜ਼ਰੀਏ ਤੋਂ ਇਸ ਗੱਲ ‘ਚ ਕੋਈ ਦੋ ਰਾਇ ਨਹੀਂ ਕਿ ਖੇਤੀ ਜਿਣਸਾਂ ਦਾ ਭਾਅ ਵੀ ਕੀਮਤ ਸੂਚਕ ਅੰਕ ਨਾਲ ਜੋੜਿਆ ਜਾਵੇ ਅਕਸਰ ਖੇਤੀ ਜਿਣਸਾਂ ਦੇ ਰੇਟ ਤੈਅ ਕਰਨ ਲਈ ਸਬੰਧਤ ਸਰਕਾਰ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੁੰਦੀ ਹੈ ਕਿ ਕਿਧਰੇ ਜ਼ਰੂਰੀ ਵਸਤੂਆਂ ‘ਚ ਬੇਤਹਾਸ਼ਾ ਮਹਿੰਗਾਈ ਨਾ ਹੋ ਜਾਵੇ ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਕਿਸਾਨ ਦੇ ਹਿੱਤਾਂ ਦੀ ਰਾਖੀ ਦੇ ਨਾਲ-ਨਾਲ ਆਮ ਜਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਕਾਲਾ ਬਾਜਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇ ਮਹਿੰਗਾਈ ਵਧਣ ਦੇ ਡਰ ਤੋਂ ਖੇਤੀ ਨੂੰ ਬਦਹਾਲ ‘ਚ ਨਹੀਂ ਛੱਡਿਆ ਜਾ ਸਕਦਾ ਹੈ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਕਿਸਾਨ ਮੰਡੀ ‘ਚ ਆਪਣੀ ਜਿਣਸ ਸਸਤੇ ਭਾਅ ਵੇਚ ਆਉਂਦਾ ਹੈ ਤੇ ਕੁਝ ਦਿਨ ਬਾਅਦ ਹੀ ਉਹੀ ਜਿਣਸ ਆਮ ਲੋਕਾਂ ਤੱਕ ਕਈ ਗੁਣਾ ਮਹਿੰਗੀ ਹੋ ਕੇ ਪਹੁੰਚਦੀ ਹੈ ਖੇਤੀ ਪ੍ਰਧਾਨ ਮੁਲਕ ‘ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਖੇਤੀ ਸੰਕਟ ਦੀ ਦੇਣ ਹਨ ਖੁਸ਼ਹਾਲ ਕਿਸਾਨ ਤੋਂ ਬਿਨਾ ਖੁਸ਼ਹਾਲ ਭਾਰਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ

ਪ੍ਰਸਿੱਧ ਖਬਰਾਂ

To Top