ਪੰਜਾਬ

ਵਿਧਾਨ ਸਭਾ ਅੰਦਰ ਲਾਈ ਬੈਠੇ ਹਨ ਕਾਂਗਰਸੀ ਵਿਧਾਇਕ ਡੇਰਾ

-ਮਨਾਉਣ ਆਏ ਮੁੱਖ ਮੰਤਰੀ ਤੇ ਸਪੀਕਰ ਖਾਲੀ ਹੱਥ ਪਰਤੇ
– 21 ਵਿਧਾਇਕ ਹੁਣ ਵੀ ਐ ਵਿਧਾਨ ਸਭਾ ਦੇ ਅੰਦਰ, ਮੰਗ ਨਹੀਂ ਮੰਨੇ ਜਾਣ ਤੱਕ ਨਹੀਂ ਆਉਣਗੇ ਬਾਹਰ
– ਬੇਭਰੋਸਗੀ ਮਤੇ ‘ਤੇ ਬਹਿਸ ਕਰਨ ਲਈ ਅੜੀ ਹੋਈ ਐ ਕਾਂਗਰਸ
– ਪੰਜਾਬ ਦੇ ਇਤਿਹਾਸ ਵਿੱਚ ਪਹਿਲੀਵਾਰ ਹੋਇਆ ਇੰਝ, ਪਿਛਲੇ 36 ਘੰਟੇ ਤੋਂ ਲਗਾਈ ਬੈਠੇ ਹਨ ਡੇਰਾ
– ਅਕਾਲੀ ਦਲ ਅਤੇ ਸਰਕਾਰ ਦੀ ਸ਼ਾਖ਼ ਬਚਾਉਣ ਲਈ ਆਏ ਸਨ ਮੁੱਖ ਮੰਤਰੀ : ਜਾਖੜ
ਚੰਡੀਗੜ, (ਅਸ਼ਵਨੀ ਚਾਵਲਾ )
ਪੰਜਾਬ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਡਿੱਗਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਦੇ ਵਿਧਾਇਕ ਇਸ ਮਤੇ ‘ਤੇ ਬਹਿਸ ਕਰਵਾਉਣ ਲਈ ਅੜੇ ਹੋਏ ਹਨ, ਜਿਸ ਕਾਰਨ ਬੀਤੇ ਸੋਮਵਾਰ ਨੂੰ ਸ਼ਾਮ 6 ਵਜੇ ਸਦਨ ਦੀ ਕਾਰਵਾਈ ਮੁਅੱਤਲ ਹੋਣ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸਦਨ ਦੇ ਅੰਦਰ ਹੀ ਡੇਰਾ ਲਾਇਆ ਹੋਇਆ ਹੈ ਉਨਾਂ ਨੂੰ ਮਨਾਉਣ ਲਈ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਾਂਗਰਸੀ ਵਿਧਾਇਕਾਂ ਕੋਲ ਸਦਨ ਵਿੱਚ ਪਹੁੰਚ ਕੀਤੀ ਪਰ ਕਾਂਗਰਸੀ ਵਿਧਾਇਕਾਂ ਨੇ ਬਹਿਸ ਕਰਨ ਦੀ ਮੰਗ ਮੰਨੇ ਜਾਣ ਤੱਕ ਸਦਨ ਤੋਂ ਬਾਹਰ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਪਿਛਲੇ 36 ਘੰਟੇ ਤੋਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀਵਾਰ ਵਿਰੋਧੀ ਧਿਰ ਦੇ ਵਿਧਾਇਕ ਸਦਨ ਵਿੱਚ ਆਪਣੀ ਗੱਲ ਨੂੰ ਰੱਖਣ ਲਈ ਡੇਰਾ ਲਾਈ ਬੈਠੇ ਹਨ।
ਪੰਜਾਬ ਵਿਧਾਨ ਸਭਾ ਵਿੱਚ ਇਸ ਸਮੇਂ ਵੀ 21 ਦੇ ਲਗਭਗ ਵਿਧਾਇਕ ਮੌਜੂਦ ਹਨ। ਬੀਤੀ ਸਾਰੀ ਰਾਤ ਵਿਧਾਨ ਸਭਾ ਦੇ ਅੰਦਰ ਲਗਭਗ 30 ਵਿਧਾਇਕ ਮੌਜੂਦ ਰਹੇ ਸਨ, ਇਨਾਂ ਵਿੱਚੋਂ 4 ਮਹਿਲਾ ਵਿਧਾਇਕ ਮੰਗਲਵਾਰ ਸਵੇਰੇ ਤਿਆਰ ਹੋਣ ਲਈ ਆਪਣੇ ਘਰ ਚਲੇ ਗਏ ਸਨ, ਜਿਨਾਂ ਨੂੰ ਕਿ ਵਾਪਸ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਨਹੀਂ ਦਿੱਤਾ ਗਿਆ।
ਵਿਧਾਨ ਸਭਾ ਦੇ ਅੰਦਰ ਵਿਰੋਧ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਿਧਾਇਕਾਂ ਦੀ ਅੜੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਮੰਗਲਵਾਰ ਬਾਅਦ ਦੁਪਹਿਰ ਵਿਧਾਨ ਸਭਾ ਵਿੱਚ ਪੁੱਜੇ, ਜਿਥੇ ਕਿ ਉਨਾਂ ਨੇ ਸਿਰਫ਼ 2-3 ਮਿੰਟ ਹੀ ਰਹਿੰਦੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਸ਼ ਕੀਤੀ ਪਰ ਕਾਂਗਰਸੀ ਵਿਧਾਇਕਾਂ ਨੇ ਜਦੋਂ ਮੁੱਖ ਮੰਤਰੀ ਤੋਂ ਉਨਾਂ ਦੀ ਮੰਗ ਬਾਰੇ ਪੁੱਛਿਆ ਤਾਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਾਫ਼ ਕਹਿ ਦਿੱਤਾ ਕਿ ਉਨਾਂ ਨੂੰ ਤਾਂ ਜਾਣਕਾਰੀ ਹੀ ਨਹੀਂ ਸੀ ਕਿ ਉਹ ਸਾਰੀ ਰਾਤ ਦੇ ਇਥੇ ਬੈਠੇ ਹਨ। ਉਨਾਂ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਹ ਮਿਲਣ ਅਤੇ ਮਨਾਉਣ ਲਈ ਆਏ ਹਨ, ਜਿਥੇ ਤੱਕ ਬਹਿਸ ਦੋਬਾਰਾ ਕਰਵਾਉਣ ਦੀ ਗੱਲ ਹੈ ਤਾਂ ਇਸ ਸਬੰਧੀ ਤਾਂ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਬਿਜ਼ਨਸ ਐਡਵਾਇਜਰੀ ਕਮੇਟੀ ਹੀ ਫੈਸਲਾ ਕਰ ਸਕਦੀ ਹੈ, ਇਹ ਉਨਾਂ ਦੇ ਹੱਥ ਵਿੱਚ ਨਹੀਂ ਹੈ। ਇਸ ‘ਤੇ ਕਾਂਗਰਸੀ ਵਿਧਾਇਕ ਭੜਕ ਪਏ ਅਤੇ ਉਨਾਂ ਨੇ ਕਿਹਾ ਕਿ ਜਦੋਂ ਉਨਾਂ ਦੇ ਹੱਥ ਕੁਝ ਹੀ ਨਹੀਂ ਹੈ ਤਾਂ ਉਹ ਆਏ ਕਿਉਂ ਹਨ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਜਦੋਂ ਤੱਕ ਬਹਿਸ ਕਰਵਾਉਣ ਦੀ ਮੰਗ ਪ੍ਰਵਾਨ ਨਹੀਂ ਚੜ੍ਹ ਜਾਵੇਗੀ ਉਹ ਇਸੇ ਤਰਾਂ ਵਿਧਾਨ ਸਭਾ ਵਿੱਚ ਹੀ ਬੈਠੇ ਰਹਿਣਗੇ। ਕਾਂਗਰਸੀ ਵਿਧਾਇਕਾਂ ਤੋਂ ਖਰੀ ਖੋਟੀ ਸੁਣ ਕੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ 2-3 ਮਿੰਟ ਬਾਅਦ ਹੀ ਵਿਧਾਨ ਸਭਾ ਤੋਂ ਵਾਪਸੀ ਕਰ ਲਈ।
ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੂੰ ਮਨਾਉਣ ਲਈ ਖ਼ੁਦ ਸਪੀਕਰ ਚਰਨਜੀਤ ਸਿੰਘ ਅਟਵਾਲ ਵਿਧਾਨ ਸਭਾ ਵਿਖੇ ਪੁੱਜੇ ਪਰ ਉਨਾਂ ਨੂੰ ਵੀ ਖ਼ਾਲੀ ਹੱਥ ਹੀ ਵਾਪਸ ਪਰਤਣਾ ਪਿਆ, ਕਿਉਂਕਿ ਬਹਿਸ ਕਰਵਾਉਣ ਦੀ ਮੰਗ ਨੂੰ ਪ੍ਰਵਾਨ ਉਹ ਨਹੀਂ ਕਰ ਸਕਦੇ ਹਨ। ਇਸ ਸਬੰਧੀ ਫੈਸਲਾ ਬੀਏਸੀ ਦੀ ਮੀਟਿੰਗ ਵਿੱਚ ਹੀ ਲਿਆ ਜਾ ਸਕਦਾ ਹੈ।
ਸੀਨੀਅਰ ਕਾਂਗਰਸੀ ਵਿਧਾਇਕ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਦੀ ਸ਼ਾਖ਼ ਬਚਾਉਣ ਲਈ ਉਨਾਂ ਨੇ ਇੱਕ ਅਸਫ਼ਲ ਕਦਮ ਚੁੱਕਿਆ ਸੀ ਪਰ ਬਿਹਤਰ ਹੁੰਦਾ ਕਿ ਪੰਜਾਬ ਦੇ ਜੋ ਅਹਿਮ ਮੁੱਦੇ ਹਨ, ਉਨਾਂ ‘ਤੇ ਗੱਲਬਾਤ ਕਰਨ ਲਈ ਸੱਚੇ ਮਨ ਨਾਲ ਆਉਂਦੇ ਤਾਂ ਪੰਜਾਬ ਦਾ ਮਸਲਾ ਸ਼ਾਇਦ ਹਲ਼ ਹੁੰਦਾ ਪਰ ਜਿਹੜਾ ਇਸ ਤਰਾਂ ਦੀ ਕੋਸ਼ਸ਼ ਕੀਤੀ ਗਈ ਹੈ, ਉਸ ਨੂੰ ਪੰਜਾਬ ਦੇ ਲੋਕ ਅਤੇ ਵਿਰੋਧੀ ਧਿਰ ਚੰਗੀ ਤਰਾਂ ਜਾਣਦੀ ਹੈ ਕਿ ਕਿਹੜੇ ਇਰਾਦੇ ਨਾਲ ਉਹ ਇਥੇ ਆਏ ਸਨ।

ਪ੍ਰਸਿੱਧ ਖਬਰਾਂ

To Top