ਪੰਜਾਬ

ਸ਼ਹੀਦ ਊਧਮ ਸਿੰਘ ਦੀ ਬਰਸੀ ਤੋਂ ਦੂਰ ਰਹੇ ਮੁੱਖ ਮੰਤਰੀ

ਰਾਜ ਪੱਧਰੀ ਸਮਾਗਮ ਦੌਰਾਨ ਸਟੇਜ 'ਤੇ ਬੈਠੇ ਅਕਾਲੀ ਆਗੂ ਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਸੁਖਦੇਵ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ
  • ਭਾਜਪਾ ਮੰਤਰੀਆਂ ਨੇ ਵੀ ਵੱਟਿਆ ਸਮਾਗਮ ਤੋਂ ਟਾਲਾ
  • ਸਥਾਨਕ ਅਕਾਲੀ ਲੀਡਰਸ਼ਿਪ ਨੇ ਸੰਭਾਲੀ ਸਟੇਜ

ਊਧਮ ਸਿੰਘ ਵਾਲਾ (ਸੁਨਾਮ),  (ਗੁਰਪ੍ਰੀਤ ਸਿੰਘ/ਅਮਰੀਕ ਸਿੰਘ)। ਅੱਜ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਜੀ ਦੀ ਬਰਸੀ ਸਬੰਧੀ ਭਾਵੇਂ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਰਾਜ ਪੱਧਰੀ ਸਮਾਗਮ ਤੋਂ ਦੂਰ ਹੀ ਰਹੇ ਜ਼ਿਲ੍ਹਾ ਸੰਗਰੂਰ ਦੀ ਅਕਾਲੀ ਲੀਡਰਸ਼ਿਪ ਤੋਂ ਬਿਨਾਂ ਕਿਸੇ ਵੀ ਮੰਤਰੀ ਨੇ ਸਮਾਗਮ ਵਿੱਚ ਹਾਜ਼ਰੀ ਨਾ ਭਰੀ ਜਦੋਂ ਕਿ ਲੋਕ ਸੰਪਰਕ ਵਿਭਾਗ ਵੱਲੋਂ ਭੇਜੇ ਗਏ ਸੱਦਾ ਪੱਤਰਾਂ ‘ਚ ਮੁੱਖ ਮੰਤਰੀ ਤੋਂ ਬਿਨਾਂ ਭਾਜਪਾ ਦੇ ਮੰਤਰੀ ਤੇ ਹੋਰ ਆਗੂਆਂ ਦੇ ਨਾਂਅ ਵੀ ਸ਼ਾਮਲ ਸਨ
ਸਬੰਧਿਤ ਵਿਭਾਗ ਤੋਂ ਇਕੱਤਰ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਸਮਾਗਮ ਵਿੱਚ ਨਾ ਪੁੱਜਣ ਦਾ ਕਾਰਨ ਉਨ੍ਹਾਂ ਦਾ ਅਚਾਨਕ ਬਿਮਾਰ ਹੋਣਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਭਾਜਪਾ ਮੰਤਰੀਆਂ ਦੇ ਸ਼ਾਮਿਲ ਨਾ ਹੋਣ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ। ਅੱਜ ਦੇ ਰਾਜ ਪੱਧਰੀ ਸਮਾਗਮ ਵਿੱਚ ਸਿਰਫ਼ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਵਿੱਤ ਮੰਤਰੀ ਤੇ ਹਲਕਾ ਸੁਨਾਮ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਸਿਰਫ਼ ਸਥਾਨਕ ਅਕਾਲੀ-ਭਾਜਪਾ ਲੀਡਰਸ਼ਿਪ ਹੀ ਸ਼ਾਮਿਲ ਹੋਏ ਜੋ ਕਿ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਤੋਂ ਜ਼ਿਆਦਾ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕੀਤਾ ਗਿਆ। ਅਕਾਲੀ ਲੀਡਰਾ ਵੱਲੋਂ ਦਿੱਤੇ ਗਏ ਭਾਸ਼ਣ ਵਿੱਚ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਗਿਆ।ਕਾਂਗਰਸ ਪਾਰਟੀ ਦਾ ਬਹੁਤ ਹੀ ਘੱਟ ਅਕਾਲੀਆਂ ਨੇ ਆਪਣੇ ਭਾਸ਼ਣਾਂ ‘ਚ ਜ਼ਿਕਰ ਕੀਤਾ। ਅੱਜ ਦੇ ਇਸ ਸਮਾਗਮ ‘ਚ ਮੁੱਖ ਸੰਸਦੀ ਸਕੱਤਰ ਬਲਵੀਰ ਸਿੰਘ ਘੁੰਨਸ, ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਵਿਧਾਇਕ ਹਲਕਾ ਅਮਰਗੜ ਇਕਬਾਲ ਸਿੰਘ ਝੂੰਦਾਂ, ਵਿਧਾਇਕ ਹਲਕਾ ਧੂਰੀ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ  ਗੋਬਿੰਦ ਸਿੰਘ ਕਾਂਝਲਾ ਤੇ ਇਕਰਾਮ ਬੱਗੇ ਖਾਂ, ਵਾਈਸ ਚੇਅਰਮੈਨ ਮੰਡੀ ਬੋਰਡ ਰਵਿੰਦਰ ਸਿੰਘ ਚੀਮਾ, ਵਾਈਸ ਚੇਅਰਮੈਨ ਪੀ.ਆਰ.ਟੀ.ਸੀ. ਵਿਨਰਜੀਤ ਸਿੰਘ ਗੋਲਡੀ, ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇਜਾ ਸਿੰਘ ਕਮਾਲਪੁਰ, ਓ.ਐਸ.ਡੀ.ਟੂ ਵਿੱਤ ਮੰਤਰੀ ਅਤੇ ਯੂਥ ਆਗੂ ਅਮਨਵੀਰ ਸਿੰਘ ਚੈਰੀ, ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਰਘਬੀਰ ਸਿੰਘ ਜਖੇਪਲ ਆਦਿ ਸਮੇਤ ਹੋਰ ਵੀ ਕਈ ਸਥਾਨਕ ਅਕਾਲੀ ਆਗੂ, ਅਕਾਲੀ ਵਰਕਰ ਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ
ਡੱਬੀ
ਚੈਰੀ ਨੂੰ ਹਲਕਾ ਸੁਨਾਮ ਲਈ ਕੀਤਾ ‘ਪਰਮੋਟ’
ਅੱਜ ਦੇ ਸਮਾਗਮ ਦੀ ਇਹ ਗੱਲ ਵਿਸ਼ੇਸ਼ ਰਹੀ ਕਿ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਕਰੀਬੀ ਰਿਸ਼ਤੇਦਾਰ ਅਮਨਵੀਰ ਸਿੰਘ ਚੈਰੀ ਦੇ ਨਾਂਅ ਨੂੰ ਵੱਡੇ ਪੱਧਰ ‘ਤੇ ਉਭਾਰਿਆ ਗਿਆ। ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਅਕਾਲੀ ਆਗੂਆਂ ਨੇ ਚੈਰੀ ਦੀਆਂ ਸਿਫ਼ਤਾਂ ਦੇ ਪੁਲ਼ ਬੰਨੇ। ਪੰਡਾਲ ਵਿੱਚ ਬੈਠੇ ਲੋਕ ਘੁਸਰ-ਮੁਸਰ ਕਰਦੇ ਸੁਣੇ ਗਏ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਚੈਰੀ ਹਲਕਾ ਸੁਨਾਮ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਹੋਣਗੇ ਜਦੋਂ ਕਿ ਪਰਮਿੰਦਰ ਸਿੰਘ ਢੀਂਡਸਾ ਹਲਕਾ ਲਹਿਰਾਗਾਗਾ ਤੋਂ ਸੰਭਾਵੀ ਉਮੀਦਵਾਰ ਹਨ।
ਡੱਬੀ
3 ਕਰੋੜ ਨਾਲ ਬਣੇਗੀ ਸ਼ਹੀਦ ਊਧਮ ਸਿੰਘ ਦੀ ਯਾਦਗਾਰ
ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਜਾਲੀਆਂ ਭੇਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਨਾਮ ਵਿਖੇ 5 ਏਕੜ ਰਕਬੇ ‘ਚ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਯਾਦਗਾਰ ਸਥਾਪਤ ਕਰਨ ਲਈ ਜ਼ਮੀਨ ਐਕਵਾਇਰ ਕਰਨ ਲਈ 3.40 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰ ਲਈ ਗਈ ਹੈ ਅਤੇ ਜ਼ਮੀਨ ਐਕਵਾਇਰ ਕਰਨ ਦੀ ਮੁੱਢਲੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਜਾਂ ਉੱਪ ਮੁੱਖ ਮੰਤਰੀ ਵੱਲੋਂ ਆਉਂਦੇ ਦੋ-ਤਿੰਨ ਮਹੀਨਿਆਂ ਅੰਦਰ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top