ਪੰਜਾਬ

ਸੁਖਬੀਰ ਬਾਦਲ ਦੇ ਨਜ਼ਦੀਕੀ ਹਰਮੀਤ ਪਠਾਣਮਾਜਰਾ ਵੱਲੋਂ ਅਸਤੀਫਾ

  • ਹਲਕਾ ਸਨੌਰ ਤੋਂ ਅਜਾਦ ਚੋਣ ਲੜਨ ਦਾ ਕੀਤਾ ਐਲਾਨ
  • ਅਕਾਲੀ ਦਲ ਦੇ ਕੌਰ ਕਮੇਟੀ ਦੇ ਮੈਂਬਰ ਹਨ ਹਰਮੀਤ ਸਿੰਘ

ਪਟਿਆਲਾ, ਖੁਸ਼ਵੀਰ ਸਿੰਘ ਤੂਰ   
ਸ੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਪਟਿਆਲਾ ਅੰਦਰ ਟੌਹੜਾ ਪਰਿਵਾਰ ਦੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਦੂਜਾ ਵੱਡਾ ਝਟਕਾ ਲੱਗਾ ਹੈ। ਹਲਕਾ ਸਨੌਰ ਤੋਂ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂ ਅਤੇ ਅਕਾਲੀ ਦਲ ਦੇ ਕੌਰ ਕਮੇਟੀ ਦੇ ਮੈਂਬਰ ਹਰਮੀਤ ਸਿੰਘ ਪਠਾਣਮਾਜਰਾ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਹਲਕਾ ਸਨੌਰ ਤੋਂ ਅਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਪਠਾਣਮਾਜਰਾ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਲਈ ਹਲਕਾ ਸਨੌਰ ਤੋਂ ਕਸੂਤੀ ਸਥਿਤੀ ਹੋ ਗਈ ਹੈ ਕਿਉਕਿ ਪਠਾਣਮਾਜਰਾ ਹਲਕਾ ਸਨੌਰ ਅੰਦਰ ਨਵੇਂ ਲਾਏ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਬਾਹਰੀ ਆਗੂ ਗਰਦਾਨ ਰਹੇ ਹਨ ਜਿਸ ਕਾਰਨ ਚੰਦੂਮਾਜਰਾ ਪਰਿਵਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪੈ ਸਕਦਾ ਹੈ।
ਜਾਣਕਾਰੀ ਅਨੁਸਾਰ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਕਾਲੀ ਦਲ ਵੱਲੋਂ ਕੁਝ ਸਮਾਂ ਪਹਿਲਾ ਹੀ ਕੋਰ ਕਮੇਟੀ ਦਾ ਮੈਂਬਰ ਲਾਇਆ ਗਿਆ ਸੀ। ਉਹ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਬਲਾਕ ਸੰਮਤੀ ਭੁਨਰਹੇੜੀ ਦੇ ਚੇਅਰਮੈਂਨ ਵੀ ਰਹਿ ਚੁੱਕੇ ਹਨ।  ਉਹ ਅਕਾਲੀ ਦਲ ਵੱਲੋਂ ਹਲਕਾ ਸਨੌਰ ਤੋਂ ਟਿਕਟ ਦੇ ਦਾਅਵੇਦਾਰ ਸਨ ਪਰ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਦਿਆ ਇੱਥੇ ਐਪੀ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਹਲਕਾ ਇੰਚਾਰਜ਼ ਲਗਾ ਕੇ ਇੱਕ ਤਰ੍ਹਾਂ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਐਲਾਨਨ ਦਾ ਠੱਪਾ ਲਗਾ ਦਿੱਤਾ ਗਿਆ।  ਹਰਮੀਤ ਸਿੰਘ ਪਠਾਣਮਾਜਰਾ ਚੰਦੂਮਾਜਰਾ ਨੂੰ ਹਲਕੇ ਵਿੱਚ ਉਤਾਰਨ ਤੋਂ ਹੀ ਨਰਾਜ਼ ਚੱਲ ਰਹੇ ਸਨ ਅਤੇ ਅੱਜ ਉਨ੍ਹਾਂ ਆਪਣੀ ਨਰਾਜ਼ਗੀ ਨੂੰ ਸਿੱਧ ਕਰਦਿਆ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ‘ਸੱਚ ਕਹੂੰ’ ਨਾਲ ਗੱਲ ਕਰਦਿਆ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਚੇਅਰਮੈਂਨੀਆਂ ਦਾ ਲਾਲਚ ਦੇ ਕੇ ਹਰ ਵਾਰ ਪਲੋਸ ਲਿਆ ਜਾਂਦਾ ਸੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸਨੌਰ ਤੋਂ ਬਾਹਰਲੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਲੜਕੇ ਹਰਿੰਦਰਪਾਲ ਚੰਦੂਮਾਜਰਾ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਜਦਕਿ ਹਲਕੇ ਦੇ ਲੋਕਾਂ ਨੂੰ ਖੁੱਡੇ ਲਾਈਨ ਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਆਪਣੇ ਸਮੱਰਥਕਾਂ ਨਾਲ ਵਿਚਾਰਾਂ ਕਰਨ ਤੋਂ ਬਾਅਦ ਹੀ ਉਨ੍ਹਾਂ ਨੇ ਅਕਾਲੀ ਦਲ ਨੂੰ ਤਿਆਗਿਆ ਹੈ ਅਤੇ ਉਹ ਹਲਕਾ ਸਨੌਰ ਤੋਂ ਅਜ਼ਾਦ ਉੁਮੀਦਵਾਰ ਦੇ ਤੌਰ ਤੇ ਚੋਣ ਲੜਨਗੇ।
ਇੱਧਰ ਪਠਾਣਮਾਜਰਾ ਦੇ ਅਕਾਲੀ ਦਲ ਤੋਂ ਬਾਗੀ ਹੋਣ ਤੋਂ ਬਾਅਦ ਅਕਾਲੀ ਦਲ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ। ਕਿਉਂਕਿ ਇਸ ਹਲਕੇ ਤੋਂ ਅਕਾਲੀ ਦਲ ਦੀਆਂ ਵੋਟਾਂ ਵੰਡੇ ਜਾਣ ਦੇ ਵਧੇਰੇ ਆਸਾਰ ਹੋ ਗਏ ਹਨ। ਇਸ ਹਲਕੇ ਤੋਂ ਪਹਿਲਾ ਹੀ ਹਲਕਾ ਇੰਚਾਰਜ਼ੀ ਤੋਂ ਹਟਾਏ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਚੰਦੂਮਾਜਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਪਠਾਣਮਾਜਰਾ ਚੰਦੂਮਾਜਰਾ ਦਾ ਰਾਹ ਰੋਕਣ ਲਈ ਅੱਗੇ ਆ ਗਏ ਹਨ। ਇੱਥੋਂ ਅਕਾਲੀ ਦਲ ਤੋਂ ‘ਆਪ’ ਵਿੱਚ ਗਏ ਹਰਮੇਲ ਸਿੰਘ ਟੌਹੜਾ ਨੂੰ ਟਿਕਟ ਦੇਣ ਦੇ ਚਰਚੇ ਹਨ ਜਿਸ ਕਾਰਨ ਅਕਾਲੀ ਦਲ ਦੀਆਂ ਵੋਟਾਂ ਵੰਡਣੀਆਂ ਸੁਭਾਵਿਕ ਹਨ। ਜ਼ਿਲ੍ਹਾ ਪਟਿਆਲਾ ਅੰਦਰ ਕਾਂਗਰਸ ਪਹਿਲਾ ਹੀ ਭਾਰੂ ਰਹੀ ਹੈ ਅਤੇ ਹੁਣ ਅਕਾਲੀ ਦਲ ਨੂੰ ਲੱਗ ਰਹੇ ਝਟਕੇ ਇਸ ਦੀ ਰਾਹ ਹੋਰ ਕੰਡਿਆਂ ਭਰੀ ਬਣਾ ਰਹੇ ਹਨ।

ਪ੍ਰਸਿੱਧ ਖਬਰਾਂ

To Top