ਸਿਹਤ

ਹੀਮੋਫੀਲੀਆ

ਇਨਸਾਨੀ ਸਰੀਰ ਵਿੱਚ ਲਹੂ ਨਾੜੀਆਂ ਫਟਣ ਜਾਂ ਕਿਸੇ ਕਿਸਮ ਦੀ ਸੱਟ-ਫੇਟ ਲੱਗ ਜਾਣ ਸਮੇਂ ਲਹੂ ਵਗਣ ਤੋਂ ਰੋਕਣ ਲਈ ਲਹੂ ਜੰਮਣ ਦੀ ਇੱਕ ਜੀਵਨਮਈ ਕਿਰਿਆ ਲਗਾਤਾਰ ਹੁੰਦੀ ਰਹਿੰਦੀ ਹੈ ਤੇ ਇਸ ਜੀਵਨਮਈ ਕਿਰਿਆ ਦੀ ਬਦੌਲਤ ਹੀ ਲਹੂ ਧਮਨੀਆਂ, ਰਗਾਂ ਜਾਂ ਕੈਪਲਰੀਜ਼ ਲਹੂ ਚੱਕਰ ਪ੍ਰਣਾਲੀ ਵਿੱਚੋਂ ਬਾਹਰ ਨਹੀਂ ਆਉਂਦਾ। ਕਿਉਂਕਿ ਲਹੂ ਨੂੰ ਜਮਾਉਣ ਵਿੱਚ ਲਹੂ ਵਿੱਚ ਮਿਲਣ ਵਾਲਾ ਇੱਕ ਤੱਤ ਫੈਕਟਰ-8 ਕੰਮ ਕਰਦਾ ਹੈ। ਜਦੋਂ ਲਹੂ ਜੰਮਣ ਦੀ ਕਿਰਿਆ ਲਈ ਜ਼ਰੂਰੀ ਇਹ ਫੈਕਟਰ-8 ਜਾਂ 9 ਦੀ ਘਾਟ ਹੋ ਜਾਵੇ ਤਾਂ ਲਹੂ ਵਗਣ ਲੱਗਦਾ ਹੈ। ਮੈਡੀਕਲ ਭਾਸ਼ਾ ਵਿੱਚ ਕਹੀਏ ਤਾਂ ਪੀੜਤ ਵਿਅਕਤੀ ਵਿੱਚ ਬਲੱਡ ਕੋਐਗਿਊਲੇਸ਼ਨ ਨਹੀ ਹੁੰਦਾ। ਸਰੀਰ ਦੇ ਕਿਸੇ ਇੱਕ ਹਿੱਸੇ ਜਾਂ ਕਈ ਥਾਵਾਂ ਤੋਂ ਅੰਦਰੂਨੀ ਜਾਂ ਬਾਹਰੀ ਤੌਰ ‘ਤੇ ਵਾਰ-ਵਾਰ ਲਹੂ ਰਿਸਣਾ ਸ਼ੁਰੂ ਹੋ ਜਾਵੇ ਤਾਂ ਇਹ ਜਮਾਂਦਰੂ ਲਹੂ ਵਗਣ ਦਾ ਇੱਕ ਵਿਕਾਰ ਭਾਵ ਹੀਮੋਫੀਲੀਆ ਹੋ ਸਕਦਾ ਹੈ। ਜ਼ਿਆਦਾ ਖ਼ੂਨ ਵਗਣ ਕਾਰਨ ਪੀੜਤ ਦੀ ਹਾਲਤ ਗੰਭੀਰ ਵੀ ਹੋ ਸਕਦੀ ਹੈ। ਹੀਮੋਫੀਲੀਆ ਸਿਰਫ਼ ਮਰਦਾਂ ਵਿੱਚ ਹੁੰਦਾ ਹੈ ਪਰ ਔਰਤ ਪੀੜ੍ਹੀਓ-ਪੀੜ੍ਹੀ ਅਗਲੀ ਨਸਲ ਵਿੱਚ ਇਹ ਵਿਕਾਰ ਪਹੁੰਚਾ ਦਿੰਦੀ ਹੈ। ਕਿਉਂਕਿ ਇਹ ਵਿਕਾਰ ਇਨਸਾਨਾਂ ਵਿੱਚ ਮਿਲਦੇ 23 ਜੋੜੇ ਗੁਣ ਸੂਤਰਾਂ ਭਾਵ ਕਰੋਮੋਸੋਮੋਜ਼ ਦੇ ਐੱਕਸ ਕਰੋਮੋਸੋਮ ਦੇ ਵਿਗਾੜ ਕਰਕੇ ਪੈਦਾ ਹੁੰਦੀ ਹੈ। ਔਰਤਾਂ ਵਿੱਚ 2 ਐੱਕਸ ਕਰੋਮੋਸੋਮਜ਼ ਜੋੜੇ ਮਿਲਦੇ ਹਨ ਤੇ ਮਰਦਾਂ ਵਿੱਚ 1 ਜੋੜਾ ਐਕਸ ਅਤੇ 1 ਵਾਈ ਹੁੰਦਾ ਹੈ। ਜਦਕਿ ਇਹ ਐੱਕਸ ਕਰੋਮੋਸੋਮਜ਼ ਦਾ ਵਿਗਾੜ ਹੁੰਦਾ ਹੈ। ਮਾਤਾ-ਪਿਤਾ ਤੋਂ ਇਹ ਵਿਕਾਰ ਬੱਚਿਆਂ ਵਿੱਚ ਚਲਾ ਜਾਂਦਾ ਹੈ। ਹੀਮੋਫੀਲੀਆ ਦੋ ਪ੍ਰਕਾਰ ਦਾ ਹੁੰਦਾ ਹੈ। ਫੈਕਟਰ 8 ਦੀ ਘਾਟ ਕਾਰਲ ਹੋਣ ਵਾਲੀ ਕਿਸਮ ਹੀਮੋਫੀਲੀਆ-ਏ ਅਤੇ ਫੈਕਟਰ 9 ਦੀ ਘਾਟ ਕਾਰਨ ਹੋਣ ਵਾਲੀ ਹੀਮੋਫੀਲੀਆ-ਬੀ ਕਿਸਮ ਹੈ। ਇਹ ਵਿਕਾਰ ਕਿਸੇ ਵੀ ਜਾਤੀ ਅਤੇ ਧਰਮ ਵਿੱਚ ਪਾਇਆ ਜਾ ਸਕਦਾ ਹੈ।
ਅਲਾਮਤਾਂ :
ਲਹੂ ਵਿੱਚ ਮਿਲਣ ਵਾਲੇ ਅੰਸ਼-8 ਜਾਂ 9 ਦੀ ਆਮ ਪੱਧਰ ਨਾਲੋਂ ਘਾਟ ਹੋ ਜਾਣੀ। ਘਾਟ ਦੀ ਪੱਧਰ ਅਨੁਸਾਰ ਇਹ ਵਿਕਾਰ ਮਾਈਲਡ, ਮਾਡਰੇਟ ਅਤੇ ਸਵੀਅਰ ਹੋ ਸਕਦਾ ਹੈ। ਗੋਡੇ, ਗਿੱਟੇ ਜਾਂ ਕੂਹਣੀ ਦੇ ਜੋੜਾਂ, ਪੱਠਿਆਂ ਜਾਂ ਮਿਹਦਾ ਆਂਦਰਾਂ ਵਿੱਚੋਂ ਖ਼ੂਨ ਦਾ ਵਗਣਾ ਅਤੇ ਦਰਦ। ਹੀਮੋਗਲੋਬਿਨ ਦੀ ਘਾਟ, ਅੰਗਾਂ ਵਿੱਚ ਵਿਕਾਰ, ਨੱਕ ਜਾਂ ਮਸੂੜਿਆਂ ‘ਚੋਂ ਖ਼ੂਨ ਵਗਣਾ, ਅੱਖਾਂ ਦੇ ਅੰਦਰ ਖ਼ੂਨ ਦਾ ਨਿੱਕਲਣਾ, ਜੋੜਾਂ ਦੀ ਸੋਜ਼ਸ਼ ਅਤੇ ਖਿਚਾਅ, ਚਮੜੀ ‘ਤੇ ਨੀਲ ਪੈਣੇ, ਜਖ਼ਮ/ਕੱਟ ਵਿੱਚੋਂ ਜ਼ਿਆਦਾ ਦੇਰ ਤੱਕ ਖ਼ੂਨ ਵਗਦੇ ਰਹਿਣਾ, ਅੰਦਰੂਨੀ ਖ਼ੂਨ ਵਗਣਾ, ਮਲ ਅਤੇ ਪੇਸ਼ਾਬ ਵਿੱਚ ਖ਼ੂਨ ਆਦਿ ਵਰਗੀਆਂ ਅਲਾਮਤਾਂ ਨਜ਼ਰ ਆਉਂਦੀਆਂ ਹਨ। ਇੱਕ ਤਜ਼ਰਬੇਕਾਰ ਡਾਕਟਰ ਖ਼ੂਨ ਜਾਂਚ ਅਤੇ ਚਿੰਨ੍ਹਾਂ ਦੇ ਆਧਾਰ ‘ਤੇ ਇਸ ਰੋਗ ਦਾ ਸ਼ੱਕ ਅਤੇ ਪੁਸ਼ਟੀ ਕਰ ਲੈਂਦਾ ਹੈ। ਹੀਮੋਫੀਲੀਆ-ਏ ਅਤੇ ਬੀ ਕਿਸਮਾਂ ਦੀਆਂ ਅਲਾਮਤਾਂ ਤਕਰੀਬਨ ਇੱਕ ਸਮਾਨ ਹੁੰਦੀਆਂ ਹਨ ਪਰੰਤੂ ਏ ਕਿਸਮ ਜ਼ਿਆਦਾ ਗੰਭੀਰ ਹੋ ਸਕਦੀ ਹੈ। ਖ਼ੂਨ ਦਾ ਵਗਣਾ ਅੰਦਰੂਨੀ ਜਾਂ ਬਾਹਰੀ ਹੋ ਸਕਦਾ ਹੈ।
ਇਲਾਜ ਅਤੇ ਸਾਵਧਾਨੀਆਂ:
ਖ਼ੂਨ ਜਾਂਚ ਵਿੱਚ ਪ੍ਰੇਥਰੋਮਬਿਨ ਸਮਾਂ, ਲਹੂ ਵਗਣ ਦਾ ਸਮਾਂ ਅਤੇ ਰਕਤਾਣੂਆਂ ਦੀ ਜਾਂਚ ਕੀਤੀ ਜਾਂਦੀ ਹੈ। ਕਮੀ ਵਾਲੇ ਖ਼ੂਨ ਤੱਤ ਫੈਕਟਰ-8 ਦੀ ਘਾਟ ਪੂਰੀ ਕਰਨ ਲਈ ਖ਼ੂਨ, ਪਲਾਜ਼ਮਾ, ਫਿਬਰੀਨੋਜਨ, ਕਰਾਈਓਪ੍ਰੈਸੀਪੀਟੇਟ, ਗਾੜ੍ਹਾ ਅੰਸ਼-8 ਅਤੇ ਖਾਸ ਦਵਾਈਆਂ ਨਾਲ ਅਸਰਦਾਰ ਡਾਕਟਰੀ ਇਲਾਜ ਕੀਤਾ ਜਾਂਦਾ ਹੈ। ਇਹ ਵਿਕਾਰ ਅਗਲੀ ਪੀੜ੍ਹੀ ਵਿੱਚ ਨਾ ਪਹੁੰਚੇ ਇਸ ਲਈ ਜ਼ਰੂਰੀ ਹੈ ਕਿ ਵਿਆਹ ਸਮੇਂ ਜਨਮ ਕੁੰਡਲੀ ਮਿਲਾਉਣ ਤੋਂ ਪਹਿਲਾਂ ਮੁੰਡੇ-ਕੁੜੀ ਦੇ ਲਹੂ ਦੀ ਜਾਂਚ ਵੀ ਕਰਵਾਈ ਜਾਵੇ ਤਾਂ ਕਿ ਹੀਮੋਫੀਲੀਆ, ਥੈਲਾਸੀਮੀਆ ਅਤੇ ਖ਼ੂਨ ਦੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਿਆ ਜਾਵੇ ਅਤੇ ਇਸ ਵਿਕਾਰ ਦਾ ਅਗਲੀ ਪੀੜ੍ਹੀ ਵਿੱਚ ਫੈਲਾਅ ਰੋਕਿਆ ਜਾ ਸਕੇ। ਹੀਮੋਫੀਲੀਆ ਤੋਂ ਪੀੜਤ ਵਿਅਕਤੀਆਂ ਨੂੰ ਸੱਟਾਂ ਲੱਗਣ ਵਾਲੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਖ਼ੂਨ ਨੂੰ ਪਤਲਾ ਕਰਨ ਵਾਲੀਆਂ ਐਂਟੀਕੋਐਗੂਲੈਂਟ ਭਾਵ ਐਸਪਰੀਨ ਵਰਗੀਆਂ ਦਵਾਈਆਂ ਕਦੀ ਨਹੀਂ ਵਰਤਣੀਆਂ ਚਾਹੀਦੀਆਂ। ਦਰਦ ਜਾਂ ਸੋਜਸ਼ ਘਟਾਉਣ ਵਾਲੀਆਂ ਦਵਾਈਆਂ ਵੀ ਡਾਕਟਰੀ ਸਲਾਹ ਨਾਲ ਲਈਆਂ ਜਾਣ। ਪ੍ਰਭਾਵਿਤ ਬੱਚਿਆਂ ਦੇ ਨਾਲ-ਨਾਲ ਮਾਪਿਆਂ ਦਾ ਮਨੋਬਲ ਵਧਾਉਣ ਲਈ ਮਨੋਵਿਗਿਆਨਕ ਚਿਕਿਤਸਾ ਦਿੱਤੀ ਜਾਣੀ ਚਾਹੀਦੀ ਹੈ। ਹਰੇਕ ਤੰਦਰੁਸਤ ਮਰਦ ਜਾਂ ਔਰਤ ਨੂੰ ਖ਼ੂਨ ਦੇ ਲੋੜਵੰਦਾਂ ਲਈ ਸਵੈ-ਇੱਛੁਕ ਤੌਰ ‘ਤੇ ਖ਼ੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਹੀਮੋਫੀਲੀਆ ਪੀੜਤਾਂ ਲਈ ਯੋਗ ਡਾਕਟਰੀ ਅਤੇ ਵਿੱਤੀ ਸਹਾਇਤਾ ਵੀ ਸਰਕਾਰਾਂ ਵੱਲੋਂ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਨਰੇਸ਼ ਪਠਾਣੀਆ,
ਫਸਟ ਏਡ ਟ੍ਰੇਨਰ, ਭਾਗੂ ਰੋਡ (ਬਠਿੰਡਾ)।
ਮੋ. 98557-00157

ਪ੍ਰਸਿੱਧ ਖਬਰਾਂ

To Top