ਲੇਖ

ਜ਼ਬਰ-ਜ਼ੁਲਮ ਖਿਲਾਫ਼ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ

ਦੁਨੀਆਂ ‘ਚ ਇਤਿਹਾਸ ਦੇ ਸਫ਼ੇ ‘ਤੇ ਸਿਦਕ, ਸਿਰਜਣਾ ਤੇ ਸ਼ਹਾਦਤ ਦੀ ਜੋ ਮਿਸਾਲ ਗੁਰਮਤਿ ‘ਚ ਮਿਲਦੀ ਹੈ ਉਸਦੀ ਤੁਲਨਾ ਅਸੰਭਵ ਦੀ ਹੱਦ ਤੱਕ ਮੁਸ਼ਕਲ ਜਾਪਦੀ ਹੈ ਸ੍ਰੀ ਗੁਰੂ ਨਾਨਕ ਤੋਂ ਸ਼ੁਰੂ ਹੋਇਆ ਗੁਰਮਤਿ ਦਰਸ਼ਨ ਸੰਸਥਾਗਤ ਰੂਪ ‘ਚ ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਫੈਲਣ ਲੱਗਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾ ਕੇ ਕਿਰਤ ਤੇ ਕਿਰਤੀ ਨੂੰ ਮਹੱਤਵ ਦੇਣ ਦੇ ਸਿਧਾਂਤ ਨੂੰ ਵਿਹਾਰਕ ਰੂਪ ‘ਚ ਸ਼ਹਿਰੀਕਰਨ ਦਾ ਜਾਮਾ ਪਹਿਨਾਇਆ ਗੁਰੂ ਅਰਜਨ ਦੇਵ ਜੀ ਨਾਲ ਇਹ ਪ੍ਰਕਿਰਿਆ ਸਿਖਰ ਵੱਲ ਵਧਦੀ ਹੈ  ਗੁਰੂ ਨਾਨਕ ਦੇਵ ਜੀ ਨਾਲ ਹੋਂਦ ‘ਚ ਆਇਆ ਗੁਰਮਤਿ ਦਰਸ਼ਨ ਗੁਰੂ ਅਰਜਨ ਦੇਵ ਜੀ ਦੀ ਬਦੌਲਤ ਆਦਿ ਗ੍ਰੰਥ ‘ਚ ਸੰਕਲਤ ਹੋ ਕੇ ‘ਪੋਥੀ ਪਰਮੇਸਰੁ ਕਾ ਥਾਨੁ’ ਦੇ ਵਾਕ ‘ਤੇ ਪੂਰਾ ਉੱਤਰਦਾ ਹੈ ਇਸੇ ਤਰ੍ਹਾਂ ਸਿੱਖੀ ਦੇ ਸੰਸਥਾਪਕ ਨੇ ਫ਼ਕੀਰੀ ਦਾ ਜੋ ਸੰਕਲਪ ਉਦਾਸੀਆਂ ਦੇ ਮਾਧਿਅਮ ਰਾਹੀਂ ਸਾਹਮਣੇ ਲਿਆਂਦਾ ਸੀ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਸ ਨਾਲ ਕੁਰਬਾਨੀ ਦਾ ਸੰਕਲਪ ਜੋੜ ਕੇ ਗੁਰਮਤਿ ਨੂੰ ਲਾਸਾਨੀ ਜੀਵਨ ਵਿਹਾਰ ‘ਚ ਬਦਲ ਦਿੰਦੀ ਹੈ
ਸ੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖ ਕੇ ਇਸ ਸ਼ਹਿਰ ਨੂੰ ਬਹੁਤ ਸਾਰੇ ਮਾਮਲਿਆਂ ‘ਚ ਵਿਲੱਖਣ ਬਣਾਉਣ ਦਾ ਸੁਫ਼ਨਾ ਲਿਆ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਸਿੱਖ ਮੱਤ ਦਾ ਪ੍ਰਚਾਰ ਕੇਂਦਰ ਸਥਾਪਤ ਕਰਨਾ ਇਸ ਸੁਫ਼ਨੇ ਦਾ ਮੂਲ ਸੀ ਇਹ ਸ਼ਹਿਰ ਅਧਿਆਤਮਕ ਕੇਂਦਰ ਹੋਣ ਦੇ ਨਾਲ-ਨਾਲ ਵਪਾਰ ਦਾ ਵੀ ਵੱਡਾ ਸਥਾਨ ਬਣਿਆ ਵੱਖ-ਵੱਖ ਕਿੱਤਿਆਂ ਦੇ ਮਾਹਿਰ ਲੋਕ ਇੱਥੇ ਆ ਕੇ ਵਸੇ ਤੇ ਮੁਗ਼ਲ ਬਾਦਸ਼ਾਹਾਂ ਵੱਲੋਂ ਚਲਾਏ ਸ਼ਹਿਰੀਕਰਨ ਦੇ ਮੁਕਾਬਲੇ ਗੁਰਮਤਿ ਨਵੇਂ ਸਮਾਜ ਦੀ ਉਸਾਰੀ ਦੀ ਅਦੁੱਤੀ ਪੂਰਤੀ ਕਰਨ ਦਾ ਸਾਧਨ ਬਣਨ ਲੱਗਾ ਗੁਰੂ ਅਰਜਨ ਦੇਵ ਜੀ ਨੇ 1581 ਈ. ‘ਚ ਗੁਰਿਆਈ ਪ੍ਰਾਪਤ ਹੋਈ ਚੌਥੇ ਗੁਰੂ ਨੇ ਆਪਣੇ ਜੇਠੇ ਪੁੱਤਰ ਪ੍ਰਿਥੀਏ ਨੂੰ ਤਰਕ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਵਾਰਸ ਬਣਾਇਆ ਤਾਂ ਇਸਦਾ ਕਾਰਨ ਇਹੀ ਲੱਗਦਾ ਹੈ ਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਸਿੱਖੀ ਦੇ ਨਵੇਂ ਸਮਾਜ ਦੀ ਉਸਾਰੀ ਦੀ ਪ੍ਰੰਪਰਾ ਨੂੰ ਗੁਰੂ ਅਰਜਨ ਦੇਵ ਜੀ ਹੀ ਅੱਗੇ ਵਧਾ ਸਕਦੇ ਹਨ ਇਸ ਸੋਚ ਅਨੁਸਾਰ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਨੂੰ ਗੁਰਮਤਿ ਗਿਆਨ ਦਰਸ਼ਨ ਤੇ ਪ੍ਰਚਾਰ ਦਾ ਪ੍ਰਮਾਣਿਕ ਕੇਂਦਰ ਬਣਾ ਦਿੱਤਾ ਨਾਲ ਹੀ ਉਨ੍ਹਾਂ ਨੇ ਬਹੁਤ ਸਾਰੇ ਹੋਰ ਸ਼ਹਿਰਾਂ ਦੀ ਸਥਾਪਨਾ ਕੀਤੀ ਜਿਨ੍ਹਾਂ ‘ਚ ਤਰਨਤਾਰਨ ਤੇ ਕਰਤਾਰਪੁਰ ਪ੍ਰਮੁੱਖ ਹਨ
ਇਸਦੇ ਨਾਲ ਹੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਮਸੰਦ ਪ੍ਰਥਾ ਨੂੰ ਉਤਸ਼ਾਹਿਤ ਕੀਤਾ ਉਨ੍ਹਾਂ ਕਿਰਤੀਆਂ ਦੇ ਦਸਾਂ ਨਹੁੰਆਂ ਦੀ ਕਮਾਈ ਨੂੰ ਧਰਮ ਦੇ ਪ੍ਰਚਾਰ ਹਿਤ ਵਰਤਣ ਲਈ ਦਸਵੰਧ ਦੀ ਵਿਧੀ ਸਾਹਮਣੇ ਲਿਆਂਦੀ ਸਭ ਤੋਂ ਮਹੱਤਵਪੂਰਨ ਕਾਰਜ ਇੱਕ ਸਰਬ ਸਾਂਝੇ ਦਾਰਸ਼ਨਿਕ ਗ੍ਰੰਥ ਦਾ ਸੰਪਾਦਨ ਹੈ ਜਿਹੜਾ ਕਿ ਰੰਗ, ਨਸਲ, ਜਾਤ, ਧਰਮ ਤੇ ਭਾਸ਼ਾ ਤੋਂ Àੁੱਪਰ ਉੱਠ ਕੇ ਸਮੁੱਚੀ ਮਨੁੱਖਤਾ ਨੂੰ ਸਾਂਝੀ ਲੜੀ ‘ਚ ਪਰੋਂਦਾ ਹੈ ਇਤਿਹਾਸਕਾਰ ਇਸ ਗੱਲ ਦੀ ਸਾਖੀ ਭਰਦੇ ਹਨ ਕਿ ਇਨ੍ਹਾਂ ਯਤਨਾਂ ਨੂੰ ਗੁਰਮਤਿ ਦੇ ਦੋਖੀਆਂ ਨੇ ਮੁਗ਼ਲ ਸਲਤਨਤ ਦੇ ਸਮਾਂਤਰ ਹਕੂਮਤ ਦੀ ਸਥਾਪਤੀ ਕਹਿ ਕੇ ਬਾਦਸ਼ਾਹ ਤੱਕ ਪਹੁੰਚ ਕੀਤੀ ਧਰਮ ਦੀ ਵਿਆਕਰਣ ‘ਚ ਸਮਾਜ ਸੁਧਾਰ ਦੇ ਕਾਰਜਾਂ ਨੂੰ ਰਾਜਨੀਤਕ ਕਰਾਰ ਦੇ ਦਿੱਤਾ ਗਿਆ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦੀ ਸਥਾਪਨਾ ਹਿੱਤ ਇਸ ਦੀ ਨੀਂਹ ਮੁਸਲਿਮ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਤੋਂ  1584 ਈ. ‘ਚ ਰਖਵਾਈ ਸਾਈਂ ਮੀਆਂ ਮੀਰ ਜਿਸ ਸੂਫ਼ੀ ਫਿਰਕੇ ਨਾਲ ਸਬੰਧਤ ਸੀ ਉਹ ਕੱਟੜਤਾ ਤੇ ਤੁਅੱਸਬ ਦੀ ਥਾਂ ਸਦਭਾਵੀ ਵਿਚਾਰਾਂ ਵਾਲਾ ਸੀ ਅਕਬਰ ਦੀ ਵੱਖ-ਵੱਖ ਧਾਰਮਿਕ ਫਿਰਕਿਆਂ ਸਬੰਧੀ ਸਹਿਣਸ਼ੀਲਤਾ ਵਾਲੀ ਨੀਤੀ ਕਾਰਨ ਵਿਭਿੰਨ ਧਰਮਾਂ ਦਾ ਪ੍ਰਚਾਰ ਤੇ ਪ੍ਰਸਾਰ ਭਰਪੂਰਤਾ ਨਾਲ ਹੋਇਆ ਪਰ ਜਹਾਂਗੀਰ ਨੂੰ ਗੱਦੀ ਦਿਵਾਉਣ ਸਮੇਂ ਨਕਸ਼ਬੰਦੀ ਸਿਲਸਿਲੇ ਦੇ ਸ਼ੇਖ ਅਹਿਮਦ ਬਿਨ ਸਰਹੰਦੀ ਉਰਫ਼ ਮੁਜੱਦਦ ਅਲਫ਼ ਸਾਨੀ ਨੇ ਅਕਬਰ ਦੀ ਇਸ ਨੀਤੀ ਨੂੰ ਰੱਦ ਕਰਕੇ ਤਲਵਾਰ ਦੇ ਜ਼ੋਰ ਨਾਲ ਇਸਲਾਮੀ ਮਾਨਤਾਵਾਂ ਦੀ ਸਥਾਪਤੀ ਦੀ ਸ਼ਰਤ ਰੱਖੀ ਸੀ ਇਸ ਸ਼ਰਤ ਦੀ ਵਜ੍ਹਾ ਕਰਕੇ ਜਹਾਂਗੀਰ ਬਾਕੀ ਧਰਮਾਂ ਵਿਸ਼ੇਸ਼ ਕਰਕੇ ਸਿੱਖ ਮੱਤ ਪ੍ਰਤੀ ਵੈਰ ਭਾਵ ਰੱਖਣ ਲੱਗਾ
ਪ੍ਰਿਥੀ ਚੰਦ ਦਾ ਵਿਰੋਧ  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਕਾਰ ਦੇ ਨਾਲ-ਨਾਲ ਵਧ ਰਿਹਾ ਸੀ  ਉਸਦੀ ਨੇੜਤਾ ਸੁਲਹੀ ਖ਼ਾਂ ਤੇ ਬੀਰਬਲ ਦੋਵਾਂ ਨਾਲ ਸੀ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਖਿਲਾਫ ਸਾਜ਼ਿਸ਼ਾਂ ਦਾ ਦੌਰ ਜਾਰੀ ਸੀ ਦਜੇ ਪਾਸੇ ਅੰਮ੍ਰਿਤਸਰ  ਗੁਰਮਤਿ ਪ੍ਰਚਾਰ ਦੇ ਕੇਂਦਰ ਵਜੋਂ ਵਿਕਸਿਤ ਹੋ ਰਿਹਾ ਸੀ ਗੁਰੂ ਅਰਜਨ ਦੇਵ ਜੀ ਨੇ ਸਾਧਾਰਨ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਨੇਕਾਂ ਯਤਨ ਕੀਤੇ ਜਿਨਾਂ ‘ਚ ਖੂਹ, ਬਾਉਲੀਆਂ  ਤੇ ਧਰਮਸ਼ਾਲਾਵਾਂ ਦਾ ਨਿਰਮਾਣ ਪ੍ਰਮੁੱਖ ਹੈ ਉਨ੍ਹਾਂ ਨੇ ਸਿੱਖਾਂ ਨੂੰ ਵਪਾਰਕ ਤੌਰ ‘ਤੇ ਖੁਸ਼ਹਾਲ ਫਿਰਕਾ ਬਣਾਉਣ ਲਈ ਘੋੜਿਆਂ ਦੇ ਵਪਾਰ ਨਾਲ ਜੋੜਿਆ ਅੰਗਰੇਜ਼ੀ ਵਿਦਵਾਨ ਟਰੰਪ ਇਸ ਮੱਤ ਦੀ ਸ਼ਾਹਦੀ ਭਰਦਾ ਹੈ ਕਿ ਗੁਰੂ ਅਰਜਨ ਦੇਵ ਜੀ ਵੇਲੇ ਸਿੱਖਾਂ ਦਾ ਅਰਬ ਦੇਸ਼ਾਂ ਨਾਲ ਘੋੜਿਆਂ ਦਾ ਵਪਾਰ ਚੱਲਦਾ ਸੀ ਇਨ੍ਹਾਂ ਯਤਨਾਂ ਕਰਕੇ ਹੀ 1598 ‘ਚ ਬਾਦਸ਼ਾਹ ਅਕਬਰ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਲਈ ਆਇਆ
ਅਧਿਆਤਮਕ ਆਗੂ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਉੱਚ-ਕੋਟੀ ਦੇ ਕਵੀ ਤੇ ਕਲਪਨਾਸ਼ੀਲ ਵਿਅਕਤੀ ਸਨ  ਇਹੀ ਕਾਰਨ ਹੈ ਕਿ ਆਦਿ ਗ੍ਰੰਥ ‘ਚ ਬਿਨਾਂ ਕਿਸੇ ਧਾਰਮਿਕ ਜਾਂ ਸੰਪ੍ਰਦਾਇਕ ਦਵੈਤ ਤੋਂ ਭਾਰਤੀ ਕਵੀਆਂ ਨੂੰ ਸ਼ਾਮਲ ਕੀਤਾ ਗਿਆ ਕਿਤੇ ਨਾ ਕਿਤੇ ਇਹ ਸਾਰੇ ਤੱਥ ਮੁਗ਼ਲ ਸਲਤਨਤ ਲਈ ਖ਼ਤਰੇ ਦੀ ਘੰਟੀ ਬਣ ਰਹੇ ਸਨ ਤੁਜ਼ਕੇ-ਜਹਾਂਗੀਰੀ ‘ਚ ਬਾਦਸ਼ਾਹ ਜਹਾਂਗੀਰ ਇਸ ਖ਼ਤਰੇ ਨੂੰ ਮਹਿਸੂਸ ਕਰਦਾ ਸਮਾਜ ਨੂੰ ਇਕਮੁੱਠ ਕਰਨ ਵਾਲੀ ਗੁਰੂ ਸਾਹਿਬ ਦੀ ਕੋਸ਼ਿਸ਼ ਖਿਲਾਫ ਆਪਣੀ ਨਫ਼ਰਤ ਪ੍ਰਗਟ ਕਰਦਾ ਹੈ  ਇਸਦੇ ਨਾਲ ਸ਼ਹਿਜ਼ਾਦਾ ਖੁਸਰੋ ਵਾਲੀ ਘਟਨਾ ਅਜਿਹਾ ਤੱਤਕਾਲੀ ਪ੍ਰਭਾਵ ਸੀ ਜਿਸ ਕਾਰਨ ਗੁਰੂ ਅਰਜਨ ਦੇਵ ਜੀ ਪ੍ਰਤੀ ਦਰਬਾਰੀ ਨਫ਼ਰਤ ਆਪਣੇ ਸਿਖਰ ‘ਤੇ ਪਹੁੰਚ ਗਈ ਸ਼ਹਿਜ਼ਾਦਾ ਖੁਸਰੋ ਮੁਗ਼ਲ ਦਰਬਾਰ ਖਿਲਾਫ ਬਗ਼ਾਵਤ ਕਰਕੇ ਉੱਤਰੀ ਭਾਰਤ ਦੇ ਦੌਰੇ ਦੌਰਾਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ‘ਚ ਆਇਆ ਗੁਰੂ ਅਰਜਨ ਦੇਵ ਜੀ ਨੇ ਪ੍ਰੰਪਰਾ ਤਹਿਤ ਖੁਸਰੋ ਨੂੰ ਜਲ-ਪਾਣੀ ਛਕਾਇਆ ਇਸ ਘਟਨਾ ਨੂੰ ਮੁਗ਼ਲ ਦਰਬਾਰ ‘ਚ ਬਾਗ਼ੀ ਨੂੰ ਪਨਾਹ ਦੇਣ ਵਜੋਂ ਪੇਸ਼ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦੀ ਵੱਡੀ ਵਜ੍ਹਾ ਇਹੀ ਘਟਨਾ ਸੀ
ਬਾਦਸ਼ਾਹ ਜਹਾਂਗੀਰ ਦੇ ਦਰਬਾਰ ‘ਚ ਗੁਰਮਤਿ ਦਾ ਦੋਖੀ ਚੰਦੂ  ਉਨ੍ਹਾਂ ਦੀ ਸ਼ਹਾਦਤ ਦਾ ਵੱਡਾ ਕਾਰਨ ਬਣਿਆ ਉਸਨੇ ਲਗਾਤਾਰ ਮੁਗ਼ਲ ਬਾਦਸ਼ਾਹ ਦੇ ਕੰਨ ਗੁਰੂ ਅਰਜਨ ਦੇਵ ਜੀ ਦੇ ਖਿਲਾਫ਼ ਭਰੇ ਸਨ ਤੇ ਉਹ ਆਪਣੀ ਨਿੱਜੀ ਰੰਜਿਸ਼ ਤਹਿਤ ਗੁਰੂ ਅਰਜਨ ਦੇਵ ਜੀ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਲੰਮੇ ਸਮੇਂ ਤੋਂ ਇਛੁੱਕ ਸੀ ਕੁੱਝ ਇਤਿਹਾਸਕਾਰ ਇਸ ਗੱਲ ਦੇ ਹਮਾਇਤੀ ਹਨ ਕਿ ਗੁਰੂ ਸਾਹਿਬ ਨੂੰ ਬੜੀ ਵੱਡੀ ਰਕਮ ਜ਼ੁਰਮਾਨੇ ਦੇ ਤੌਰ ‘ਤੇ ਅਦਾ ਕਰਨ ਦਾ ਫ਼ਰਮਾਨ ਜਾਰੀ ਹੋਇਆ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਜ਼ੁਰਮਾਨਾ ਅਦਾ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਉਨ੍ਹਾਂ ਖੁਦ ਨੂੰ ਨਾਮ ਦੇ ਕਾਰਿੰਦੇ ਦੇ ਤੌਰ ‘ਤੇ ਪੇਸ਼ ਕੀਤਾ ਜੋ ਸੰਸਾਰਕ ਪਦਾਰਥਾਂ ਜਾਂ ਮਾਇਆ ਨੂੰ ਇਕੱਤਰ ਨਹੀਂ ਕਰਦਾ ਸੀ ਚੰਦੂ ਨੇ ਦਸਵੰਧ ਦੀਆਂ ਵੱਡੀਆਂ ਸਲਾਨਾ ਰਕਮਾਂ ਦਾ ਹਵਾਲਾ ਬਾਦਸ਼ਾਹ ਨੂੰ ਦਿੱਤਾ ਜਿਸ ਨੂੰ ਗੁਰੂ ਸਾਹਿਬ ਨੇ ‘ਸੰਗਤ ਦੀ ਮਾਇਆ ਸੰਗਤ ਲਈ’ ਕਿਹਾ, ਨਤੀਜਨ ਅਸਹਿ ਅਤੇ ਅਕਹਿ ਤਸੀਹਿਆਂ ਦਾ ਦੌਰ ਆਰੰਭ ਹੋਇਆ 42  ਸਾਲ ਦੀ ਉਮਰ ‘ਚ 25 ਸਾਲ ਦੀ ਗੁਰਿਆਈ ਨਿਭਾ ਕੇ 1606 ਈ. ਨੂੰ ਗੁਰੂ ਅਰਜਨ ਦੇਵ ਜੀ ‘ਤੇਰਾ ਕੀਆ ਮੀਠਾ ਲਾਗੈ’ ਕਹਿੰਦੇ ਹੋਏ ਕੁਰਬਾਨੀ ਦੀ ਵਚਿੱਤਰ ਮਿਸਾਲ ਕਾਇਮ ਕਰਦੇ ਹੋਏ ਸੱਚ ਤੇ ਸ਼ਹਾਦਤ ਦਾ ਸੁਨਹਿਰਾ ਪੰਨਾ ਜੋੜ ਗਏ
ਸਮਕਾਲ ‘ਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਈ ਪੱਖਾਂ ਤੋਂ ਸਿਰਫ ਸਿੱਖੀ ਲਈ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਪ੍ਰੇਰਨਾਦਾਇਕ ਪ੍ਰਸੰਗ ਹੈ ਗੁਰੂ ਸਾਹਿਬ ਨੇ ਜ਼ੁਲਮ, ਜਬਰ ਤੇ ਸਾਜਿਸ਼ ਸਾਹਮਣੇ ਸਿਦਕ  ਤੇ ਅਡੋਲਤਾ ਦੀ ਤਾਕਤ ਨੂੰ ਸਾਬਤ ਕੀਤਾ ਉਨ੍ਹਾਂ ਦੀ ਸ਼ਹਾਦਤ ਤੋਂ ਪੈਦਾ ਹੋਏ ਬੀਜ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ-ਪੀਰੀ ਸੰਕਲਪ ਰਾਹੀਂ  ਤੇ ਬਾਅਦ ‘ਚ ਦਸਮ ਗੁਰੂ ਸਮੇਂ ਖ਼ਾਲਸੇ ਦੀ ਸਿਰਜਣਾ ਰਾਹੀਂ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਸਥਾਪਿਤ ਕਰਨ ਵਿਚ ਸਫਲ ਰਹੇ ਸਿਰਫ ਸਿੱਖ ਇਤਿਹਾਸ ‘ਚ ਹੀ ਨਹੀਂ ਸਗੋਂ ਦੁਨੀਆਂ ਦੇ ਇਤਿਹਾਸ ‘ਚ ਅਜਿਹੀ ਸ਼ਹਾਦਤ ਦੀ ਮਿਸਾਲ ਦੁਰਲੱਭ ਹੈ

ਡਾ. ਨਛੱਤਰ ਸਿੰਘ ਮੱਲ੍ਹੀ
ਉਪਕੁਲਪਤੀ,ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ

ਪ੍ਰਸਿੱਧ ਖਬਰਾਂ

To Top