Uncategorized

ਜ਼ਮੀਨ ਦੀ ਸਿਹਤ ਸੰਭਾਲ ਲਈ ਮਿੱਟੀ ਅਤੇ ਪਾਣੀ ਪਰਖ਼ ਦੀ ਮਹੱਤਤਾ

ਭੂਮੀ, ਖੇਤੀ ਦਾ ਆਧਾਰ ਹੈ ਅਤੇ ਕੁਦਰਤ ਦੀ ਮਨੁੱਖਤਾ ਵਾਸਤੇ ਬਹੁਮੁੱਲੀ ਦਾਤ ਹੈ ਹਰ ਇੱਕ ਖੇਤ ਵਿੱਚ ਘੱੱਟ ਤੋਂ ਘੱਟ ਖਰਚਾ ਕਰ ਕੇ ਫ਼ਸਲ ਦਾ ਪੂਰਾ ਝਾੜ ਪ੍ਰਾਪਤ ਕਰਨਾ ਅਤੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਵੀ ਬਣਾਈ ਰੱਖਣਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ ਇਸ ਮਕਸਦ ਲਈ ਭੂਮੀ ਦੀ ਸਮਰੱਥਾ ਨੂੰ ਸਮਝਣਾ ਅਤੇ ਪਰਖਣਾ ਜ਼ਰੂਰੀ ਹੋ ਜਾਂਦਾ ਹੈ ਜੈਵਿਕ ਅਤੇ ਰਸਾਇਣਕ ਖਾਦਾਂ ਦੀ ਸੁੱਚਜੀ ਵਰਤੋਂ ਕਰਨੀ ਮਹੱਤਵ ਪੂਰਨ ਹੈ ਕਿਉਂਕਿ ਖਾਦਾਂ ਮਹਿੰਗੀਆਂ ਹਨ ਅਤੇ ਪੂਰਾ ਝਾੜ ਲੈਣ ਲਈ ਉਨ੍ਹਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ ਖਾਦਾਂ ਦੀ ਸੰਤੁਲਿਤ ਤੇ ਸੁਚੱਜੀ ਵਰਤੋਂ ਲਈ ਭੂਮੀ (ਮਿੱਟੀ) ਦੀ ਪਰਖ ਬਹੁਤ ਮਹੱਤਤਾ ਰੱਖਦੀ ਹੈ, ਕਿਉਂਕਿ ਭੂਮੀ ਦੀ ਪਰਖ਼ ਕਰਵਾ ਕੇ ਹੀ ਸਾਨੂੰ ਉਸ ‘ਚ ਮੌਜੂਦ ਜ਼ਰੂਰੀ ਖੁਰਾਕੀ ਤੱਤਾਂ ਦੀ ਮਾਤਰਾ ਬਾਰੇ ਪਤਾ ਲੱਗਦਾ ਹੈ ਕੱਲਰੀ ਜ਼ਮੀਨ ਨੂੰ ਠੀਕ ਕਰਨ ਲਈ ਜ਼ਮੀਨ ਦੀ ਹੇਠਲੀ ਤਹਿ ਵੀ ਦੇਖੀ ਜਾਂਦੀ ਹੈ
ਮਿੱਟੀ ਪਰਖ਼ ਦੇ ਨਾਲ-ਨਾਲ ਟਿਊਬਵੈੱਲ  ਦੇ ਪਾਣੀ ਦੀ ਪਰਖ਼ ਵੀ ਪ੍ਰਯੋਗਸਾਲਾ ਤੋਂ ਕਾਰਵਾਈ ਜਾਵੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਸਿੰਚਾਈ ਦੇ ਕਾਬਲ ਹੈ ਜਾਂ ਨਹੀਂ ਇਸ ਲੇਖ ਵਿੱਚ ਭੂਮੀ ਅਤੇ ਪਾਣੀ ਪਰਖ਼ ਬਾਰੇ ਜਾਣਕਾਰੀ ਅਤੇ ਸਹੀ ਢੰਗ ਨਾਲ ਨਮੂਨੇ ਲੈਣ ਦਾ ਢੰਗ ਦੱਸਿਆ ਗਿਆ ਹੈ
 ਭੂਮੀ ਪਰਖ਼ ਰਿਪੋਰਟ
ਭੂਮੀ ਪਰਖ਼ ਰਿਪੋਰਟ (ਜਾਂ ਭੂਮੀ ਸਿਹਤ ਕਾਰਡ) ਵਿੱਚ ਭੂਮੀ ਦੇ ਗੁਣਾਂ ਤੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜ਼ਮੀਨ ਵਿੱਚ ਜੀਵਕ ਕਾਰਬਨ ਅਤੇ ਹੋਰ ਤੱਤਾਂ ਦੇ ਨਾਲ-ਨਾਲ ਜ਼ਮੀਨ ਦੇ ਤੇਜ਼ਾਬੀ/ਖਾਰੇਪਣ ਅਤੇ ਲੂਣਾਂ ਦੀ ਮਾਤਰਾ ਬਾਰੇ ਦੱਸਿਆ ਜਾਂਦਾ ਹੈ ਖੁਰਾਕੀ ਤੱਤਾਂ ਲਈ ਮਿੱਟੀ ਪਰਖ਼ ਕਰਨ ਬਾਅਦ ਮਾਤਰਾ ਦੇ ਆਧਾਰ ‘ਤੇ ਜ਼ਮੀਨ ਨੂੰ ਘੱਟ, ਦਰਮਿਆਨੀ ਅਤੇ ਜ਼ਿਆਦਾ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ ਇਸ ਤੋਂ ਬਾਅਦ ਫ਼ਸਲ ਦੇ ਅਧਾਰ ‘ਤੇ ਹਰ ਸ਼੍ਰੇਣੀ ਲਈ ਖਾਦਾਂ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਜਾਂਦੀਆਂ ਹਨ
ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਤੱਤ: ਜ਼ਮੀਨ ‘ਚ ਉਪਲੱਬਧ ਨਾਈਟ੍ਰੋਜਨ ਤੱਤ ਦਾ ਪਤਾ ਲਾਉਣ ਲਈ ਜੀਵਕ ਮਾਦੇ ਦੀ ਪਰਖ ਕੀਤੀ ਜਾਂਦੀ ਹੈ ਜਿਹੜੀਆਂ ਜ਼ਮੀਨਾਂ ‘ਚ ਜੀਵਕ ਮਾਦਾ ਘੱਟ ਸ਼੍ਰੇਣੀ ਵਿੱਚ ਹੋਵੇ ਉੱਥੇ ਨਾਈਟ੍ਰੋਜਨ ਵਾਲੀ ਖਾਦ ਦੀ ਮਾਤਰਾ ਸਿਫ਼ਾਰਿਸ਼ ਕੀਤੀ ਖਾਦ ਨਾਲੋਂ 25 ਪ੍ਰਤੀਸ਼ਤ ਵਧਾ ਦੇਣੀ ਚਾਹੀਦੀ ਹੈ ਦੂਜੇ ਪਾਸੇ ਜੇ ਜੀਵਕ ਮਾਦੇ ਦੀ ਮਾਤਰਾ ਵੱਧ ਸ਼੍ਰੇਣੀ ਵਿੱਚ ਹੋਵੇ ਤਾਂ ਇਨ੍ਹਾਂ ਖਾਦਾਂ ਦੀ ਮਾਤਰਾ 25 ਪ੍ਰਤੀਸ਼ਤ ਘਟਾ ਦੇਣੀ ਚਾਹੀਦੀ ਹੈ ਇਸੇ ਤਰ੍ਹਾਂ ਫਾਸਫੋਰਸ ਤੱਤ ਲਈ ਵੀ ਕਰੋ ਜੇ ਜ਼ਮੀਨ ਫਾਸਫੋਰਸ ਤੱਤ ਲਈ ਬਹੁਤ ਜ਼ਿਆਦਾ ਸ਼੍ਰੇਣੀ ਵਿੱਚ ਆਉਂਦੀ ਹੋਵੇ ਤਾਂ ਫਾਸਫੋਰਸ ਤੱਤ ਵਾਲੀਆਂ ਖਾਦਾਂ ਦੀ ਵਰਤੋਂ 2-3 ਸਾਲ ਲਈ ਨਾ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਦੁਬਾਰਾ ਮਿੱਟੀ ਪਰਖ਼ ਕਰਵਾ ਕੇ ਜ਼ਮੀਨ ਵਿੱਚ ਫਾਸਫੋਰਸ ਦੀ ਉਪਲੱਬਧਾ ਅਨੁਸਾਰ ਖਾਦਾਂ ਪਾਓ ਪੋਟਾਸ਼ੀਅਮ ਖਾਦ ਦੀ ਵਰਤੋਂ ਵੀ ਸਿਰਫ਼ ਉਨ੍ਹਾਂ ਜ਼ਮੀਨਾਂ ਵਿੱਚ ਕਰਨ ਦੀ ਸਿਫ਼ਾਰਸ਼ ਹੈ, ਜਿੱਥੇ ਇਸ ਦੀ ਘਾਟ ਹੋਵੇ ਪੰਜਾਬ ਵਿੱਚ ਆਮ ਤੌਰ ‘ਤੇ ਪੋਟਾਸ਼ ਤੱਤ ਦੀ ਘਾਟ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ ਤੇ ਰੋਪੜ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲਦੀ ਹੈ
ਛੋਟੇ ਤੱਤਾਂ ਦੀ ਪਰਖ: ਫ਼ਸਲਾਂ ਲਈ ਛੋਟੇ ਤੱਤ ਜਿਵੇਂ ਕਿ ਜ਼ਿੰਕ, ਲੋਹਾ, ਮੈਂਗਨੀਜ਼ ਅਤੇ ਤਾਂਬਾ ਵੀ ਓਨੇ ਹੀ ਲੋੜੀਂਦੇ ਤੇ ਜਰੂਰੀ ਹਨ ਜਿੰਨੇ ਕਿ ਵੱਡੇ ਤੱਤ ਇਨ੍ਹਾਂ ‘ਚੋਂ ਆਮ ਤੌਰ ‘ਤੇ ਫ਼ਸਲਾਂ ਉੱਪਰ ਜ਼ਿੰਕ, ਮੈਂਗਨੀਜ਼ ਅਤੇ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਮਿਲ ਜਾਂਦੀਆਂ ਹਨ, ਇਸ ਲਈ ਵੱਡੇ ਤੱਤਾਂ ਦੇ ਨਾਲ-ਨਾਲ ਛੋਟੇ ਤੱਤਾਂ ਦੀ ਪਰਖ ਵੀ ਜਰੂਰ ਕਰਵਾ ਲੈਣੀ ਚਾਹੀਦੀ ਹੈ ਪੰਜਾਬ ਵਿੱਚ ਮਿੱਟੀ ਦੀ ਪਰਖ਼ ਅਨੁਸਾਰ ਜੇਕਰ ਜਿੰਕ-0.6, ਲੋਹਾ 4.5 ਅਤੇ ਮੈਂਗਨੀਜ਼ 3.5 ਕਿਲੋਗ੍ਰਾਮ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਫ਼ਸਲਾਂ ਦਾ ਝਾੜ ਘਟ ਸਕਦਾ ਹੈ
(ਅ) ਮਿੱਟੀ ਦੇ ਨਮੂਨੇ ਲੈਣ ਦਾ ਢੰਗ
ਫ਼ਸਲਾਂ ਲਈ ਖਾਦਾਂ ਦੀ ਸਿਫਾਰਿਸ਼ ਲਈ: ਧਰਤੀ ਦੀ ਸਤ੍ਹਾ ਤੋਂ ਘਾਹ-ਫੂਸ ਹਟਾਉਣ ਤੋਂ ਬਾਅਦ ਖੁਰਪੇ ਜਾਂ ਕਹੀ ਨਾਲ ਅੰਗਰੇਜ਼ੀ ਦੇ ਅੱਖਰ ‘ਵੀ’ ਵਾਂਗ ਛੇ ਇੰਚ ਡੂੰਘਾ ਟੱਕ ਲਗਾਓ ਇਸ ਟੱਕ ਦੇ ਇੱਕ ਪਾਸਿਓਂ ਲਗਭਗ ਇੱਕ ਇੰਚ ਮੋਟੀ ਤਹਿ ਉਤਾਰ ਲਓ ਇੱਕ ਖੇਤ ‘ਚੋਂ 5 ਤੋਂ 7 ਥਾਵਾਂ ਤੋਂ ਇਸ ਤਰ੍ਹਾਂ ਮਿੱਟੀ ਦੇ ਨਮੂਨੇ ਲਓ ਇਸ ਮਿੱਟੀ ਨੂੰ ਸਾਫ਼ ਬਾਲਟੀ, ਤਸਲੇ ਜਾਂ ਕੱਪੜੇ ‘ਤੇ ਚੰਗੀ ਤਰ੍ਹਾਂ ਮਿਲਾ ਲਓ ਇਸ ‘ਚੋਂ ਲਗਭਗ ਅੱਧਾ ਕਿਲੋ ਮਿੱਟੀ ਲੈ ਕੇ ਸਾਫ਼ ਕੱਪੜੇ ਦੀ ਥੈਲੀ ਵਿੱਚ ਪਾ ਲਓ ਤੇ ਖੇਤ ਨੰਬਰ, ਕਿਸਾਨ ਦਾ ਨਾਂਅ, ਪਤਾ ਤੇ ਮਿਤੀ ਦਰਜ ਕਰ ਦਿਓ ਆਮ ਹਾਲਤਾਂ ‘ਚ ਮਿੱਟੀ ਦੇ ਨਮੂਨੇ ਫ਼ਸਲ ਵੱਢਣ ਤੋਂ ਬਾਅਦ ਖਾਲੀ ਖੇਤਾਂ ‘ਚੋਂ ਲਓ
ਕੱਲਰੀ ਜ਼ਮੀਨ ਦੇ ਸੁਧਾਰ ਤੇ ਬਾਗ ਲਾਉਣ ਲਈ: ਕੱਲਰੀ ਜ਼ਮੀਨ ਦੇ ਸੁਧਾਰ ਲਈ ਨਮੂਨੇ ਲੈਣ ਲਈ ਖੇਤ ਵਿੱਚ ਤਿੰਨ ਫੁੱਟ ਡੂੰਘਾ ਟੋਆ ਪੁੱਟ ਲਓ, ਜਿਸਦਾ ਇੱਕ ਪਾਸਾ ਸਿੱਧਾ ਤੇ ਦੂਜਾ ਪਾਸਾ ਤਿਰਛਾ ਹੋਵੇ ਸਿੱਧੇ ਖੜ੍ਹਵੇਂ ਪਾਸਿਓਂ ਖੁਰਪੇ ਨਾਲ 0-1/2,1/2-1, 1-2, ਅਤੇ 2-3 ਫੁੱਟ ਪਰਤਾਂ ਵਿੱਚੋਂ ਇੱਕ ਇੰਚ ਮੋਟੀ ਮਿੱਟੀ ਦੀ ਤਹਿ ਵੱਖ-ਵੱਖ ਲਾਹ ਲਓ ਇਨ੍ਹਾਂ ਮਿੱਟੀ ਦੇ ਨਮੂਨਿਆਂ ਨੂੰ ਵੱਖ-ਵੱਖ ਸਾਫ਼ ਕੱਪੜੇ ਦੀਆਂ ਥੈਲੀਆਂ ‘ਚ ਪਾਓ ਜੇ ਕੋਈ ਰੋੜਾਂ ਦੀ ਤਹਿ ਹੋਵੇ ਤਾਂ ਉਸਦਾ ਵੱਖ ਨਮੂਨਾ ਲਓ ਤੇ ਉਸ ਤਹਿ ਦੀ ਡੂੰਘਾਈ ਅਤੇ ਮੋਟਾਈ ਦਰਜ ਕਰ ਦਿਓ ਜੇ ਮਿੱਟੀ ਦੇ ਨਮੂਨੇ ਗਿੱਲੇ ਹੋਣ ਤਾਂ ਕੱਪੜੇ ਦੀਆਂ ਥੈਲੀਆਂ ਵਿੱਚ ਪਾਉਣ ਤੋਂ ਪਹਿਲਾਂ ਛਾਵੇਂ ਸੁਕਾ ਲਓ
ਸਿੰਚਾਈ ਵਾਲੇ ਪਾਣੀ ਦੀ ਪਰਖ਼ ਤੇ ਨਮੂਨੇ ਲੈਣ ਦਾ ਢੰਗ
ਪੰਜਾਬ ‘ਚ ਧਰਤੀ ਹੇਠਲੇ ਤਕਰੀਬਨ 42 ਫੀਸਦੀ ਪਾਣੀ ਮਾੜੇ ਹਨ ਸੋ ਇਨ੍ਹਾਂ ਦੀ ਵਰਤੋਂ ਫ਼ਸਲਾਂ ਤੇ ਜ਼ਮੀਨ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ ਪਰ ਜੇਕਰ ਪਾਣੀ ਟੈਸਟ ਕਰਵਾ ਲਈਏ ਤਾਂ ਕੁਝ ਸਿਫਾਰਿਸ਼ਾਂ ਨਾਲ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ਆਮ ਤੌਰ ‘ਤੇ ਮਾੜੇ ਪਾਣੀਆਂ ‘ਚ ਲੂਣਾਂ ਦੀ ਮਾਤਰਾ  ਜ਼ਿਆਦਾ ਹੁੰਦੀ ਹੈ ਜਾਂ ਸੋਡੀਅਮ ਵਾਲੇ ਲੂਣ ਜ਼ਿਆਦਾ ਹੁੰਦੇ ਹਨ ਜਾਂ ਦੋਵੇਂ ਹੀ ਜ਼ਿਆਦਾ ਹੋ ਸਕਦੇ ਹਨ ਤੇ ਇਨ੍ਹਾਂ ਦੇ ਆਧਾਰ ‘ਤੇ ਇਨ੍ਹਾਂ ਪਾਣੀਆਂ ਨੂੰ ਲੂਣੇ, ਸੋਡੇ ਵਾਲੇ ਜਾਂ ਲੂਣੇ-ਸੋਡੇ ਵਾਲੇ ਪਾਣੀ ਕਿਹਾ ਜਾਂਦਾ ਹੈ ਪੰਜਾਬ ਦੇ ਜ਼ਮੀਨੀ ਪਾਣੀਆਂ ਵਿੱਚ ਆਮ ਕਰਕੇ ਸੋਡੀਅਮ ਵਾਲੇ ਲੂਣ ਜ਼ਿਆਦਾ ਹੋਣ ਦੀ ਸਮੱਸਿਆ ਹੈ ਇਨ੍ਹਾਂ ਪਾਣੀਆਂ ਦੀ ਸੁਚੱਜੀ ਵਰਤੋਂ ਲਈ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨੀ ਬਹੁਤ ਜਰੁਰੀ ਹੈ
ਪਾਣੀ ਦਾ ਨਮੂਨਾ ਲੈਣ ਤੋਂ ਪਹਿਲਾਂ ਟਿਊਬਵੈੱਲ 15 ਮਿੰਟ ਲਈ ਚਲਾਓ ਇੱਕ ਖਾਲੀ ਬੋਤਲ ਲੈ ਕੇ ਉਸਨੂੰ ਟਿਊਬਵੈੱਲ ਦੇ ਪਾਣੀ ਨਾਲ 2-3 ਵਾਰ ਚੰਗੀ ਤਰ੍ਹਾਂ ਧੋ ਲਓ ਬੋਤਲ ਸਾਫ਼ ਕਰਨ ਲਈ ਕਿਸੇ ਵੀ ਸਾਬਣ ਜਾਂ ਸਰਫ਼ ਦਾ ਪ੍ਰਯੋਗ ਨਾ ਕਰੋ ਲਗਭਗ ਅੱਧਾ ਲੀਟਰ ਪਾਣੀ ਲੈ ਕੇ ਬੋਤਲ ਦਾ ਢੱਕਣ ਚੰਗੀ ਤਰ੍ਹਾਂ ਬੰਦ ਕਰ ਦਿਓ ਤੇ ਬੋਤਲ ‘ਤੇ ਇੱਕ ਕਾਗਜ਼ ਚਿਪਕਾ ਕੇ ਜ਼ਰੂਰੀ ਜਾਣਕਾਰੀ  ਲਿਖ ਦਿਓ, ਜਿਵੇਂ ਕਿ ਕਿਸਾਨ ਦਾ ਨਾਂਅ ਤੇ ਪਤਾ, ਟਿਊਬਵੈੱਲ ਦੀ ਡੂੰਘਾਈ, ਜ਼ਮੀਨ ਦੀ ਕਿਸਮ ਜਿਸਦੀ ਸਿੰਚਾਈ ਕਰਨੀ ਹੈ, ਜ਼ਮੀਨੀ ਪਾਣੀ ਦੀ ਤਹਿ ਦੀ ਡੂੰਘਾਈ, ਕਿਹੜੀਆਂ ਫ਼ਸਲਾਂ ਉਗਾਈਆਂ ਜਾਣੀਆਂ ਹਨ
ਪਾਣੀ ਦੀ ਗੁਣਵੱਤਾ ਲਈ ਮਾਪਦੰਡ: ਪੰਜਾਬ ਵਿੱਚ ਮਿੱਟੀ ਪਰਖ਼ ਪ੍ਰਯੋਗਸ਼ਾਲਾਵਾਂ ਵਿੱਚ ਪਾਣੀ ਦੇ ਮੁੱਖ ਤੌਰ ‘ਤੇ ਦੋ ਮਾਪਦੰਡਾਂ ਦੇ ਪਰਖ ਕੀਤੀ ਜਾਂਦੀ ਹੈ: ਕੁੱਲ ਘੁਲਣਸ਼ੀਲ ਲੂਣ (ਬਿਜਲਈ ਚਾਲਕਤਾ, ਈ.ਸੀ.) ਤੇ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ (ਰੈਜ਼ੀਡੂਅਲ ਸੋਡੀਅਮ ਕਾਰਬੋਨੇਟ, ਆਰਐੱਸਸੀ) ਇਨ੍ਹਾਂ ਮਾਪਦੰਡਾਂ ਦੇ ਆਧਾਰ ‘ਤੇ ਸਿੰਚਾਈ ਵਾਲੇ ਪਾਣੀ ਦੀਆਂ ਹੱਦਾਂ ਤੈਅ ਕੀਤੀਆਂ ਗਈਆਂ ਹਨ ਅਤੇ ਪਾਣੀ ਨੂੰ 4 ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ ਜੇ ਪਾਣੀ ਦੀ ਆਰਐੱਸਸੀ 7.5 ਮਿੱਲੀ ਇਕਉਲੈਂਟ ਪ੍ਰਤੀ ਲੀਟਰ ਤੋਂ ਜਿਆਦਾ ਹੋਵੇ ਤੇ ਈਸੀ. 4000 ਮਾਈਕ੍ਰੋ ਮਹੋਜ਼ ਪ੍ਰਤੀ ਸੈਂ.ਮੀ. ਤੋਂ ਜਿਆਦਾ ਹੋਵੇ ਤਾਂ ਇਹ ਸਿੰਚਾਈ ਲਈ ਵਰਤੋਂ ਯੋਗ ਨਹੀਂ ਹੁੰਦਾ
(ਸ) ਭੁਮੀ ਦੀ ਪਰਖ਼ ਕਦੋਂ ਤੇ ਕਿੰਨੀ ਦੇਰ ਬਾਅਦ ਕਰਵਾਈ ਜਾਵੇ
ਭੂਮੀ ਦੀ ਪਰਖ਼ ਸਾਲ ਵਿੱਚ ਕਿਸੇ ਵੀ ਸਮੇਂ ਜਦੋਂ ਹਾਲਾਤ ਨਮੂਨਾ ਲੈਣ ਦੇ ਅਨੁਕੂਲ ਹੋਣ ਕਰਵਾ ਲੈਣੀ ਚਾਹੀਦੀ ਹੈ ਖਾਦਾਂ ਦੀ ਵਰਤੋਂ ਕਰਨ ਲਈ ਮਿੱਟੀ ਦੀ ਪਰਖ਼ ਫ਼ਸਲ ਬੀਜਣ ਤੋਂ ਪਹਿਲਾਂ ਕਰਵਾਉਣੀ ਚਾਹੀਦੀ ਹੈ ਕਿਉਂਕਿ ਉਸ ਸਮੇਂ ਖੇਤ ਖਾਲੀ ਹੁੰਦੇ ਹਨ ਤੇ ਨਮੂਨਾ ਵੀ ਸੌਖਾ ਲਿਆ ਜਾ ਸਕਦਾ ਹੈ ਰੂੜੀ ਦੀ ਖਾਦ ਜਾਂ ਰਸਾਇਣਕ ਖਾਦ ਪਾਉਣ ਤੋਂ 2-3 ਮਹੀਨੇ ਬਾਅਦ ਹੀ ਮਿੱਟੀ ਦਾ ਨਮੂਨਾ ਲੈਣਾ ਚਾਹੀਦਾ ਹੈ ਮਿੱਟੀ ਦੀ ਪਰਖ਼ ਫ਼ਸਲੀ ਚੱਕਰ ਬਾਅਦ ਜਾਂ ਤਿੰਨ ਸਾਲ ਬਾਅਦ ਕਰਵਾਉਣੀ ਚਾਹੀਦੀ ਹੈ
ਧੰਨਵਾਦ ਸਹਿਤ, ਚੰਗੀ ਖੇਤੀ

ਪ੍ਰਸਿੱਧ ਖਬਰਾਂ

To Top