ਪੰਜਾਬ

ਤੇਜ਼ ਰਫ਼ਤਾਰ ਮੋਟਰਸਾਇਕਲ ਦਰਖ਼ਤ ਨਾਲ ਟਕਰਾਇਆ, ਦੋ ਦੀ ਮੌਤ

ਜੀਵਨ ਰਾਮਗੜ
ਬਰਨਾਲਾ,  ਨੇੜਲੇ ਪਿੰਡ ਰਾਜਗੜ ਵਿਖੇ ਹਾਦਸਾਗ੍ਰਸਤ ਹੋਏ ਤੇਜ਼ ਰਫ਼ਤਾਰ ਬੇਕਾਬੂ ਮੋਟਰਸਾਇਕਲ ‘ਤੇ ਸਵਾਰ ਦੋ ਨਾਬਾਲਿਗ ਲੜਕਿਆਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਦੂਜਾ ਉਸ ਦਾ ਸਾਥੀ 18 ਕੁ ਸਾਲ ਦੀ ਉਮਰ ਦਾ ਦੱਸਿਆ ਜਾਂਦਾ ਹੈ।
ਥਾਣਾ ਧਨੌਲਾ ਪੁਲਿਸ ਅਨੁਸਾਰ ਅੱਜ ਸੁਵਖ਼ਤੇ ਸੁਖ਼ਕਰਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਫ਼ਰਵਾਹੀ ਆਪਣੇ ਸਾਥੀ ਰਜਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਨਾਲ ਇੱਕ ਮੋਟਰਸਾਇਕਲ ‘ਤੇ ਸਵਾਰ ਹੋ ਕੇ ਨੇੜਲੇ ਪਿੰਡ ਕੱਟੂ ਵਿਖੇ ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦ ਉਕਤ ਮੋਟਰਸਾਇਲ ਸਵਾਰ ਨਾਬਾਲਿਗ ਲੜਕੇ ਪਿੰਡ ਕੱਟੂ ਵਿਖੇ ਪੁੱਜੇ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਮੋਟਰਸਾਇਕਲ ਬੇਕਾਬੂ ਹੋ ਗਿਆ ਅਤੇ ਮੋੜ ਮੁੜਦਿਆਂ ਇੱਕ ਦਰਖ਼ਤ ਨਾਲ ਜਾ ਟਕਰਾਇਆ ਹਾਦਸੇ ਵਿੱਚ ਦੋਵਾਂ ਲੜਕਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ‘ਚ ਸੁਖ਼ਕਰਨਦੀਪ ਸਿੰਘ (16) ਨੌਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਬਾਬਾ ਫ਼ਰੀਦ ਸਕੂਲ ਵਿਖੇ ਪੜ੍ਹਦਾ ਸੀ। ਜਦ ਕਿ ਦੂਜਾ ਲੜਕਾ ਹਰਜਿੰਦਰ ਸਿੰਘ ਉਸ ਦਾ ਗਰਾਈਂ ਸਾਥੀ ਸੀ। ਦੋਵਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਫ਼ਰਵਾਹੀ ‘ਚ ਸੋਗ ਦੀ ਲਹਿਰ ਫੈਲ ਗਈ। ਥਾਣਾ ਧਨੌਲਾ ਦੇ ਪੁਲਿਸ ਅਧਿਕਾਰੀ ਸੁਖ਼ਚੈਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖ਼ਕਰਨਦੀਪ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਦੀ ਕਾਰਵਾਈ ਅਮਲ ‘ਚ ਲਿਆ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ।

ਪ੍ਰਸਿੱਧ ਖਬਰਾਂ

To Top