Breaking News

ਸਖ਼ਤ ਸੁਰਖਿਆ ‘ਚ ਪਾਸ ਹੋਏ 22 ਬਿਲ, ਸਪੀਕਰ ‘ਤੇ ਸੁੱਟੀ ਗਈ ਬਿੱਲ ਅਤੇ ਕੈਗ ਦੀ ਰਿਪੋਰਟ

-ਹੰਗਾਮੇ ਦੀ ਭੇਟ ਚੜਿਆ ਵਿਧਾਨ ਸਭਾ ਦਾ ਆਖ਼ਰੀ ਦਿਨ, ਨਹੀਂ ਹੋਇਆ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ
– ਸਪੀਕਰ ਨੂੰ ਬਚਾਉਣ ਲਈ ਮਾਰਸ਼ਲਾਂ ਨੇ ਬਣਾਇਆ ਹੋਇਆ ਸੀ ਘੇਰਾ, ਕਾਂਗਰਸ ਲਗਾਤਾਰ ਸੁੱਟ ਰਹੀਂ ਸੀ ਕਿਤਾਬਾਂ
– ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਬਿਜ਼ਨਸ ਰੱਦ ਕਰਦੇ ਹੋਏ ਕਰਵਾਏ ਸਿਰਫ਼ ਬਿਲ ਪਾਸ
ਚੰਡੀਗੜ,  (ਅਸ਼ਵਨੀ ਚਾਵਲਾ)
ਪੰਜਾਬ ਵਿਧਾਨ ਸਭਾ ਦਾ 4 ਦਿਨਾਂ ਮਾਨਸੂਨ ਸੈਸ਼ਨ ਹੰਗਾਮੇ ਦੀ ਭੇਟ ਚੜਦੇ ਹੋਏ ਬੁੱਧਵਾਰ ਨੂੰ ਖ਼ਤਮ ਹੋ ਗਿਆ। ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦਾ ਇਹ ਆਖ਼ਰੀ ਵਿਧਾਨ ਸਭਾ ਸੈਸ਼ਨ ਸੀ। ਪਿਛਲੇ ਦੋ ਦਿਨਾਂ ਤੋਂ ਵਿਧਾਨ ਸਭਾ ਦੇ ਅੰਦਰ ਹੀ ਡੇਰਾ ਜਮਾਈ ਬੈਠੇ ਕਾਂਗਰਸੀ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਬੁੱਧਵਾਰ ਸਵੇਰੇ ਸ਼ੁਰੂ ਹੋਣ ਤੋਂ ਬਾਅਦ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਾਂਗਰਸੀ ਵਿਧਾਇਕਾਂ ਨੂੰ ਕਾਫ਼ੀ ਜਿਆਦਾ ਸਮਝਾਉਣ ਦੀ ਕੋਸ਼ਸ਼ ਕੀਤੀ ਕਿ ਉਹ ਪ੍ਰਸ਼ਨ ਕਾਲ ਤੋਂ ਬਾਅਦ ਆਪਣੀ ਗਲ ਸਿਫ਼ਰ ਕਾਲ ‘ਚ ਰੱਖ ਸਕਦੇ ਹਨ ਪਰ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਮੰਨਣ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਪਹਿਲਾਂ ਬੇਭਰੋਸਗੀ ਮਤੇ ‘ਤੇ ਬਹਿਸ ਸ਼ੁਰੂ ਕਰਵਾਈ ਜਾਵੇ ਉਸ ਤੋਂ ਬਾਅਦ ਹੀ ਉਹ ਸਦਨ ਦੀ ਕਾਰਵਾਈ ਨੂੰ ਸ਼ੁਰੂ ਹੋਣ ਦੇਣਗੇ। ਕਾਂਗਰਸੀ ਵਿਧਾਇਕਾਂ ਵਲੋਂ ਹੰਗਾਮਾ ਕਰਨ ‘ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ।
ਸਦਨ ਦੀ ਕਾਰਵਾਈ 15 ਮਿੰਟ ਬਾਅਦ ਸ਼ੁਰੂ ਹੋਣ ‘ਤੇ ਕਾਂਗਰਸੀ ਵਿਧਾਇਕਾਂ ਨੇ ਮੁੜ ਤੋਂ ਜਦੋਂ ਹੰਗਾਮਾ ਕੀਤਾ ਤਾਂ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਦਨ ਵਿੱਚ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਸਣੇ ਸਾਰੇ ਧਿਆਨ ਦਿਵਾਓ ਮਤੇ ਰੱਦ ਕਰਦੇ ਹੋਏ ਬਿਲ ਪਾਸ ਕਰਵਾਉਣੇ ਸ਼ੁਰੂ ਕਰ ਦਿੱਤੇ। ਜਿਸ ਨੂੰ ਦੇਖਦੇ ਹੋਏ ਕਾਂਗਰਸੀ ਵਿਧਾਇਕਾਂ ਦਾ ਪਾਰਾ ਚੜ ਗਿਆ ਅਤੇ ਉਨਾਂ ਨੇ ਪਹਿਲਾਂ ਤੋਂ ਹੀ ਕੀਤੀ ਤਿਆਰੀ ਅਨੁਸਾਰ ਸਦਨ ਵਿੱਚ ਪਏ ਬਿਲ ਦੀਆ ਕਾਪੀਆਂ ਅਤੇ ਕੈਗ ਦੀਆ ਰਿਪੋਰਟਾਂ ਨੂੰ ਚੁੱਕ ਕੇ ਸਪੀਕਰ ਚਰਨਜੀਤ ਸਿੰਘ ਅਵਟਾਲ ਵੱਲ ਸੁੱਟਣਾ ਸ਼ੁਰੂ ਕਰ ਦਿੱਤਾ।
ਕਾਂਗਰਸੀਆਂ ਵਲੋਂ ਕਾਗ਼ਜ਼ ਅਤੇ ਕੈਗ ਦੀਆ ਰਿਪੋਰਟਾਂ ਸੁੱਟਣ ਦੀ ਕਾਰਵਾਈ ਨੂੰ ਦੇਖਦੇ ਹੋਏ ਮਾਰਸ਼ਲਾਂ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਇੱਕ ਘੇਰੇ ਵਿੱਚ ਲੈ ਲਿਆ ਅਤੇ ਕਿਸੇ ਵੀ ਕਾਗ਼ਜ਼ ਅਤੇ ਕੈਗ ਦੀਆਂ ਰਿਪੋਰਟਾਂ ਨੂੰ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਲੱਗਣ ਨਹੀਂ ਦਿੱਤਾ। ਕਾਂਗਰਸ ਦੇ ਕਈ ਵਿਧਾਇਕਾਂ ਨੇ ਕਾਫ਼ੀ ਜਿਆਦਾ ਕੋਸ਼ਸ਼ ਕੀਤੀ ਕਿ ਉਨਾਂ ਵਲੋਂ ਸੁੱਟੇ ਗਏ ਕਾਗ਼ਜ਼ ਕਿਸੇ ਤਰੀਕੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਲੱਗਣ ਪਰ ਮਾਰਸ਼ਲਾਂ ਦੇ ਸੁਰੱਖਿਅਤ ਘੇਰੇ ਕਾਰਨ ਉਹ ਸਫ਼ਲ ਨਹੀਂ ਹੋ ਪਾਏ।
ਇਸ ਦਰਮਿਆਨ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ 22 ਦੇ ਲਗਭਗ ਬਿਲ ਪਾਸ ਕਰ ਦਿੱਤੇ। ਇਨਾਂ ਬਿੱਲਾਂ ਨੂੰ ਪਾਸ ਕਰਨ ਤੋਂ ਬਾਅਦ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਦਨ ਦੀ ਕਾਰਵਾਈ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ।
ਸਦਨ ਦੀ ਮਰਿਆਦਾ ਤਾਰ ਤਾਰ ਕਰਕੇ ਰੱਖ ਦਿੱਤੀ ਐ ਕਾਂਗਰਸ ਨੇ : ਪਰਕਾਸ਼ ਸਿੰਘ ਬਾਦਲ
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਇਨਾਂ ਵਿਧਾਇਕਾਂ ਨੂੰ ਚੁਣ ਕੇ ਇਥੇ ਇਸ ਕਰਕੇ ਭੇਜਿਆ ਸੀ ਕਿ ਉਹ ਆਮ ਜਨਤਾ ਦੀ ਗਲ ਰਖਦੇ ਹੋਏ ਉਨਾਂ ਦੇ ਮਸਲੇ ਹਲ਼ ਕਰਵਾਉਣ ਪਰ ਇਨਾਂ ਕਾਂਗਰਸੀਆ ਨੇ ਹਰ ਵਾਰ ਆਪਣੀ ਹੱਦ ਤੋੜਦੇ ਹੋਏ ਸਿਰਫ਼ ਹੰਗਾਮਾ ਹੀ ਕੀਤਾ ਹੈ ਅਤੇ ਹਾਊਸ ਦੀ ਕਾਰਵਾਈ ਨੂੰ ਚਲਣ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਬੀਤੇ ਦਿਨੀਂ ਉਹ ਖ਼ੁਦ ਕਾਂਗਰਸੀ ਵਿਧਾਇਕਾਂ ਕੋਲ ਗਏ ਸਨ ਕਿ ਉਹ ਸਦਨ ਦੀ ਕਾਰਵਾਈ ਨੂੰ ਚਲਣ ਦੇਣ ਪਰ ਉਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ਅੱਜ ਜਿਸ ਤਰਾਂ ਸਦਨ ਦੇ ਅੰਦਰ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਉਪਰ ਕਾਗ਼ਜ਼ ਅਤੇ ਰਿਪੋਰਟ ਦੀਆਂ ਕਾਪੀਆਂ ਸੁੱਟੀ ਗਈਆਂ ਹਨ ਤੇ ਖ਼ਾਸ ਕਰਕੇ ਬਿਕਰਮ ਮਜੀਠਿਆ ‘ਤੇ ਜੁੱਤੀ ਸੁੱਟੀ ਗਈ ਹੈ, ਇਹ ਸਾਰਾ ਕੁਝ ਕਰਕੇ ਕਾਂਗਰਸ ਨੇ ਸਦਨ ਦੀ ਮਰਿਆਦਾ ਹੀ ਤਾਰ ਤਾਰ ਕਰਕੇ ਰੱਖ ਦਿੱਤੀ ਹੈ।

ਤੋਤਾ ਸਿੰਘ ਜੀ ਸੁੱਤੇ ਪਏ ਹੋ ਕੀ ?, ਬਿਲ ਪੇਸ਼ ਕਰੋ!
ਪੰਜਾਬ ਵਿਧਾਨ ਸਭਾ ਵਿੱਚ ਜਦੋਂ ਹੰਗਾਮੇ ਦਰਮਿਆਨ ਸਪੀਕਰ ਚਰਨਜੀਤ ਸਿੰਘ ਅਟਵਾਲ ਬਿਲ ਪਾਸ ਕਰਵਾਉਣ ਲਗੇ ਹੋਏ ਸਨ ਤਾਂ ਪੰਜਾਬ ਪੇਂਡੂ ਵਿਕਾਸ ਦੂਜੀ ਸੋਧਨਾ ਬਿਲ ‘ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕੈਬਨਿਟ ਮੰਤਰੀ ਤੋਤਾ ਸਿੰਘ ਨੂੰ ਬਿੱਲ ਪੇਸ਼ ਕਰਨ ਲਈ ਕਿਹਾ ਤਾਂ ਤੋਤਾ ਸਿੰਘ ਦਾ ਧਿਆਨ ਹੋਰ ਪਾਸੇ ਸੀ ਸਪੀਕਰ ਨੇ 2 ਵਾਰ ਉਨ੍ਹਾਂ ਦਾ ਨਾਂਅ ਲਿਆ ਪਰ ਤੋਤਾ ਸਿੰਘ ਨੇ ਧਿਆਨ ਹੀ ਨਹੀਂ ਦਿੱਤਾ। ਇਸ ‘ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਗ਼ੁੱਸੇ ਵਿੱਚ ਕਿਹਾ ਕਿ ਤੋਤਾ ਸਿੰਘ ਜੀ ਸੁੱਤੇ ਹੋਏ ਕੀ ? ਬਿੱਲ ਪੇਸ਼ ਕਰੋ! ਸਪੀਕਰ ਵਲੋਂ ਇਹ ਸ਼ਬਦ ਬੋਲਣ ਤੋਂ ਬਾਅਦ ਤੋਤਾ ਸਿੰਘ ਆਪਣੀ ਸੀਟ ਤੋਂ ਖੜੇ ਹੋਏ ਅਤੇ ਉਨਾਂ ਨੇ ਆਪਣਾ ਬਿਲ ਪੇਸ਼ ਕੀਤਾ।
ਵਿਧਾਨ ਸਭਾ ‘ਚ ਇਹ ਇੱਕ ਵਾਰ ਨਹੀਂ ਹੋਇਆ ਸਗੋਂ ਲਗਾਤਾਰ 4-5 ਵਾਰ ਹੋਇਆ। ਦੋ ਵਾਰ ਤਾਂ ਤੋਤਾ ਸਿੰਘ ਨੂੰ ਕਿਹਾ ਗਿਆ ਕਿ ਉਹ ਆਪਣਾ ਬਿਲ ਪੇਸ਼ ਕਰਨ ਅਤੇ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਪਰਮਿੰਦਰ ਢੀਂਡਸਾ ਅਤੇ ਸੁਰਜੀਤ ਸਿੰਘ ਰੱਖੜਾ ਸਣੇ ਬਿਕਰਮ ਮਜੀਠਿਆ ਨੂੰ ਦੋ ਦੋ ਵਾਰ ਕਹਿ ਕੇ ਬਿਲ ਪੇਸ਼ ਕਰਨ ਲਈ ਕਿਹਾ ਗਿਆ। ਵਿਧਾਨ ਸਭਾ ਵਿੱਚ ਕਾਫ਼ੀ ਜਿਆਦਾ ਰੌਲਾ ਰੱਪਾ ਹੋਣ ਦੇ ਕਾਰਨ ਇਨਾਂ ਮੰਤਰੀਆਂ ਨੂੰ ਸੁਣ ਹੀ ਨਹੀਂ ਰਿਹਾ ਸੀ ਕਿ ਸਪੀਕਰ ਕਹਿ ਕੀ ਰਹੇ ਹਨ ?

ਪ੍ਰਸਿੱਧ ਖਬਰਾਂ

To Top