ਪੰਜਾਬ

ਸਾਰੇ ਐਮਪੀਜ਼ ਦੇ ਡੋਪ ਟੈਸਟ ਹੋਣ, ਸੱਚਾਈ ਸਾਹਮਣੇ ਆਵੇਗੀ : ਮਾਨ

  • ਕਿਹਾ, ਹਰਿੰਦਰ ਖਾਲਸਾ ਵੱਲੋਂ ਲਾਏ ਗਏ ਦੋਸ਼ਾਂ ‘ਚ ਕੋਈ ਸੱਚਾਈ ਨਹੀਂ
  • ਕਿਹਾ, ਵੀਡੀਓ ਬਣਾਉਣ ਦੇ ਮਾਮਲੇ ਨੂੰ ਜਾਣ ਬੁੱਝ ਕੇ ਦਿੱਤਾ ਜਾ ਰਿਹੈ ਤੂਲ

ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਵੀਡੀਓ ਬਣਾਉਣ ਸਮੇਤ ਸ਼ਰਾਬ ਪੀਣ ਦੇ ਮਾਮਲੇ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦੇਸ਼ ਦੇ ਸਾਰੇ ਐਮਪੀਜ਼ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅੱਜ ਇੱਥੇ ਸ਼ਾਮ ਨੂੰ ‘ਆਪ’ ਦੇ ਯੂਥ ਵਿੰਗ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਸ਼ਿਕਰਤ ਕਰਨ ਪੁੱਜੇ ਹੋਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਤੋਂ ਐਮਪੀ ਹਰਿੰਦਰ ਸਿੰਘ ਖਾਲਸਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆ ਕਿਹਾ ਕਿ ਉਹ ‘ਆਪ’ ਚੋਂ ਸਸਪੈਂਡ ਕੀਤੇ ਹੋਏ ਹਨ ਅਤੇ ਉਨ੍ਹਾਂ ਦੀ ਕੋਈ ਬੁੱਕਤ ਨਹੀਂ ਹੈ ਜਿਸ ਕਾਰਨ ਉਹ ਮੇਰੀ ਆਮ ਆਦਮੀ ਪਾਰਟੀ ਵਿੱਚ ਬਣੀ ਪ੍ਰਸਿੱਧੀ ਨੂੰ ਕਮਜੋਰ ਕਰਨ ‘ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਸ਼ਰਾਬ ਪੀਣ ਵਾਲੀ ਗੱਲ ਸਿਰੇ ਤੋਂ ਝੂਠੀ ਹੈ ਅਤੇ ਮੈਂ ਸਮੂਹ ਐਮਪੀਜ਼ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕਰਦਾ ਹਾਂ ਤਾ ਜੋ ਪਤਾ ਲੱਗ ਸਕੇ ਕਿਹੜਾ ਕੀ ਕਰਦਾ ਹੈ ਅਤੇ ਸੱਚਾਈ ਸਭ ਦੇ ਸਾਹਮਣੇ ਆ ਸਕੇ। ਸ੍ਰੀ ਮਾਨ ਨੇ ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ਸਬੰਧੀ ਕਿਹਾ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ ਅਤੇ ਦੂਜੀਆਂ ਪਾਰਟੀਆਂ ਵੱਲੋਂ ਐਵੇਂ ਹੀ ਬਖੇੜਾ ਪਾਇਆ ਹੋਇਆ ਹੈ।
ਜਦੋਂ ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਮੰਗ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਜਨਤਾ ਨੇ ਚੁਣ ਕੇ ਸੰਸਦ ਵਿੱਚ ਭੇਜਿਆ ਹੈ ਅਤੇ ਜਨਤਾ ਨੂੰ ਵੀ ਸੰਸਦ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਫੈਲਾਅ ਤੋਂ ਡਰੀਆਂ ਬੈਠੀਆਂ ਹਨ ਜਿਸ ਕਾਰਨ ਉਹ ‘ਆਪ’ ਦੇ ਆਗੂਆਂ ਉੱਪਰ ਬੇਤੁੱਕੇ ਆਰੋਪ ਲਗਾ ਰਹੀਆਂ ਹਨ। ਮਾਨ ਨੇ ਕਿਹਾ ਕਿ ਹਰਿੰਦਰ ਖਾਲਸਾ ਮੁਫਤ ਦੀ ਮਸਹੂਰੀ ਲਈ ਹੀ ਮੇਰੇ ਉੱਪਰ ਅਜਿਹੇ ਆਰੋਪ ਲਗਾ ਰਿਹਾ ਹੈ ਕਿਉਂਕਿ ਉੁਸ ਨੂੰ ਕੋਈ ਪੁੱਛ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਇਤਿਹਾਸ ਸਿਰਜੇਗੀ ਕਿਉਂਕਿ ਪੰਜਾਬ ਦੇ ਲੋਕ ਹੁਣ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਚਾਲਾਂ ਤੋਂ ਸੁਚੇਤ ਹੋ ਗਏ ਹਨ।

ਪ੍ਰਸਿੱਧ ਖਬਰਾਂ

To Top