ਪੰਜਾਬ

ਪ੍ਰਦਰਸ਼ਨ ਕਰਨ ਵਾਲੇ ਵਿਧਾਇਕਾਂ ਨੂੰ ਕੈਪਟਨ ਵੱਲੋਂ ਹੱਲਾਸ਼ੇਰੀ, ਕਿਹਾ ਹਾਲੇ ਤਾਂ ਸ਼ੁਰੂਆਤ ਹੋਈ ਐ

 ਪਟਿਆਲਾ,  (ਖੁਸ਼ਵੀਰ ਸਿੰਘ ਤੂਰ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਅਕਾਲੀ-ਭਾਜਪਾ ਸਰਕਾਰ ਨੂੰੰ ਚਰਚਾ ਤੋਂ ਭੱਜਣ ਲਈ ਮਜ਼ਬੂਰ ਕਰਨ ‘ਤੇ ਕਾਂਗਰਸੀ ਵਿਧਾਇਕਾਂ ਦੀ ਪਿੱਠ ਥਾਪੜੀ ਹੈ। ਕੈਪਟਨ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਰੋਧੀ ਧਿਰ ਨੇ ਸਰਕਾਰ ਨੂੰ ਹਾਊਸ ਤੋਂ ਵਾਕ ਆਊਟ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਕਾਂਗਰਸੀ ਵਿਧਾਇਕਾਂ ਦੇ ਧਰਨੇ ਦਾ ਸਮਰਥਨ ਅਤੇ ਇਸ ਨੂੰ ਉਚਿਤ ਕਰਾਰ ਦਿੰਦਿਆਂ ਆਪਣੇ ਵਿਧਾਇਕਾਂ ਨੂੰ ਵਧਾਈ ਦਿੱਤੀ ਹੈ।
ਅੱਜ ਇੱਥੇ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਵਿਧਾਨ ਸਭਾ ਤੋਂ ਭੱਜ ਸਕਦੇ ਹੋ, ਪਰ ਸੂਬੇ ਦੇ ਲੋਕਾਂ ਤੋਂ ਨਹੀਂ ਭੱਜ ਸਕਦੇ । ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਤੋਂ ਸ਼ੁਰੂ ਹੋਏ ਇਹ ਪ੍ਰਦਰਸ਼ਨ ਸੂਬੇ ਭਰ ‘ਚ ਜਾਣਗੇ ਅਤੇ ਆਖਿਰੀ ਲੜਾਈ ਵੋਟਾਂ ਰਾਹੀਂ ਲੜੀ ਜਾਵੇਗੀ। ਉਨ੍ਹਾਂ ਪ੍ਰਦਰਸ਼ਨਕਾਰੀ ਵਿਧਾਇਕਾਂ ਨੂੰ ਮਿਲਣ ਤੇ ਉਨਾਂ ਨੂੰ ਧਰਨਾ ਹਟਾਉਣ ਵਾਸਤੇ ਪਹੁੰਚੇ ਮੁੱਖ ਮੰਤਰੀ ‘ਤੇ ਵਰਦਿਆਂ ਕਿਹਾ ਕਿ ਉਨਾਂ ਨੇ ਸਿਰਫ਼ ਮਗਰਮੱਛ ਦੇ ਅੱਥਰੂ ਵਹਾਉਣ ਦੀ ਕੋਸ਼ਿਸ਼ ਕੀਤੀ ਹੈ। ਜਦਕਿ ਉਨਾਂ ਨੂੰ ਬੀਤੇ ਦਿਨ ਹੀ ਚਰਚਾ ‘ਚ ਦਖਲ ਦੇਣੀ ਚਾਹੀਦੀ ਸੀ।  ਕੈਪਟਨ ਅਮਰਿੰਦਰ ਨੇ ਕਿਹਾ ਕਿ ਲੜਾਈ ਤਾਂ ਹਾਲੇ ਸ਼ੁਰੂ ਹੋਈ ਹੈ ਅਤੇ ਉਹ ਇਸ ਨੂੰ ਅਸਲ ਨਤੀਜ਼ੇ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਹਰੇਕ ਜ਼ਿਲੇ ਤੇ ਬਲਾਕ ਪੱਧਰ ‘ਤੇ ਪ੍ਰਦਰਸ਼ਨ ਕਰਕੇ ਤੇ ਪੁਤਲੇ ਫੂਕ ਕੇ ਸਰਕਾਰ ਖਿਲਾਫ ਪਹਿਲਾਂ ਹੀ ਹਮਲੇ ਸ਼ੁਰੂ ਕਰ ਦਿੱਤੇ ਹਨ।

 

ਪ੍ਰਸਿੱਧ ਖਬਰਾਂ

To Top