ਪੰਜਾਬ

ਹਵਾਈ ਅੱਡੇ ਦਾ ਮਾਮਲਾ ਗਰਮਾਇਆ, ਹਰਿਆਣਾ ਸਰਕਾਰ ਕਰੇਗੀ ਕੇਂਦਰੀ ਹਵਾਬਾਜ਼ੀ ਮੰਤਰੀ ਤੇ ਅਮਿਤ ਸ਼ਾਹ ਨੂੰ ਸ਼ਿਕਾਇਤ

  • ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਨੂੰ ਮੁਹਾਲੀ ਇੰਟਰਨੈਸ਼ਨਲ ਏਅਰਪੋਰਟ ਦੱਸ ਕੇ ਫਾਇਦਾ ਲੈਣ ਦੀ ਫਿਰਾਕ ‘ਚ ਅਕਾਲੀ ਦਲ 
  • ਪੰਜਾਬ ‘ਚ ਚੋਣਾਂ ਕਾਰਨ ਕੀਤਾ ਜਾ ਰਿਹਾ ਐ ਜਨਤਾ ਨੂੰ ਗੁਮਰਾਹ, ਏਅਰਪੋਰਟ ਵਿੱਚ ਪੰਜਾਬ ਅਤੇ ਹਰਿਆਣਾ ਦਾ ਬਰਾਬਰ 24.5 – 24.5 ਫੀਸਦੀ ਹਿੱਸਾ
  • ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਕੋਲ ਜਾ ਰਹੇ ਹਾਂ ਸ਼ਿਕਾਇਤ ਲੈ ਕੇ ਫਿਰ ਕਰਾਂਗੇ ਭਾਜਪਾ ਪ੍ਰਧਾਨ ਨੂੰ ਸ਼ਿਕਾਇਤ

ਚੰਡੀਗੜ,  ਅਸ਼ਵਨੀ ਚਾਵਲਾ
ਪੰਜਾਬ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਫਾਇਦਾ ਲੈਣ ਦੇ ਮਕਸਦ ਨਾਲ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਦਾ ਨਾਅ ਮੁਹਾਲੀ ਇੰਟਰਨੈਸ਼ਨਲ ਏਅਰਪੋਰਟ ਲਿਖਣ ਦਾ ਵਿਵਾਦ ਰੁਕਣ ਦਾ ਨਾਅ ਨਹੀਂ ਲੈ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖਣ ਤੋਂ ਬਾਅਦ ਹੁਣ ਪੰਜਾਬ ਦੀ ਸ਼ਿਕਾਇਤ ਕੇਂਦਰ ਸਰਕਾਰ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਕਰਨ ਜਾ ਰਹੇ ਹਨ। ਇਸ ਸਬੰਧੀ ਜਲਦ ਹੀ ਮਨੋਹਰ ਲਾਲ ਖੱਟਰ ਵਲੋਂ ਕੇਂਦਰੀ ਹਵਾਬਾਜ਼ੀ ਮੰਤਰੀ ਏ. ਗਜ਼ਪਤੀ ਰਾਜੂ ਅਤੇ ਅਤੇ ਭਾਜਪਾ ਪ੍ਰਧਾਨ ਅਮਿਤ ਤੋਂ ਮਿਲਣ ਲਈ ਸਮਾਂ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਬਣਾਉਣ ਲਈ ਕੇਂਦਰੀ ਹਵਾਬਾਜ਼ੀ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੀ ਹਿੱਸੇਦਾਰੀ ਨਾਲ ਮੁਹਾਲੀ ਇਲਾਕੇ ਦੇ ਕੁਝ ਪਿੰਡਾਂ ਦੀ ਜਮੀਨ ਐਕਵਾਇਰ ਕਰਦੇ ਹੋਏ ਇਸ ਦਾ ਨਿਰਮਾਣ ਸ਼ੁਰੂ ਕੀਤਾ ਸੀ। ਇਸ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਨੂੰ ਬਣਾਉਣ ਲਈ ਕੇਂਦਰ ਸਰਕਾਰ ਨੇ 1 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਵਿੱਚ 500 ਕਰੋੜ ਰੁਪਏ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਅਤੇ 250-250 ਕਰੋੜ ਰੁਪਏ ਹਰਿਆਣਾ ਅਤੇ ਪੰਜਾਬ ਨੇ ਆਪਣਾ ਆਪਣਾ ਹਿੱਸਾ ਦਿੱਤਾ ਸੀ। ਇਸ ਹਿੱਸੇਦਾਰੀ ਨੂੰ ਸ਼ਾਮਲ ਕਰਨ ਮੌਕੇ ਇਹ ਤੈਅ ਹੋਇਆ ਸੀ ਕਿ ਇਸ ਏਅਰਪੋਰਟ ਵਿੱਚ ਹਰਿਆਣਾ ਅਤੇ ਪੰਜਾਬ ਦਾ ਹਮੇਸ਼ਾ ਬਰਾਬਰ ਹਿੱਸਾ ਹੋਵੇਗਾ ਅਤੇ ਹਰ ਤਰਾਂ ਦੇ ਫੈਸਲੇ ਵਿੱਚ ਦੋਵਾਂ ਸੂਬਿਆ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਏਅਰਪੋਰਟ ਤੋਂ ਪਹਿਲਾਂ ਰਾਸ਼ਟਰੀ ਟਰਮੀਨਲ ਮੁਹਾਲੀ ਵਾਲੇ ਪਾਸੇ ਹੋਣ ਦੇ ਕਾਰਨ ਮੁਹਾਲੀ ਵਿਖੇ ਹੀ ਏਅਰਪੋਰਟ ਦੀ ਨੇੜਲੀ ਜਮੀਨ ‘ਤੇ ਹੀ ਇੰਟਰਨੈਸ਼ਨਲ ਏਅਰਪੋਰਟ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਇਥੇ ਉਸ ਸਮੇਂ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਭਾਵੇਂ ਮੁਹਾਲੀ ਦੀ ਜਮੀਨ ‘ਤੇ ਇਸ ਏਅਰਪੋਰਟ ਨੂੰ ਬਣਾਇਆ ਜਾ ਰਿਹਾ ਹੈ ਪਰ ਇਸ ਦੇ ਨਾਲ ਮੁਹਾਲੀ ਦਾ ਨਾਅ ਨਹੀਂ ਜੋੜਿਆ ਜਾਵੇਗਾ।
ਮੁਹਾਲੀ ਵਿਖੇ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਬਣਾਉਣ ਦਾ ਕੰਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਇਸ ਦੇ ਨਾਅ ਨੂੰ ਲੈ ਕੇ ਹਮੇਸ਼ਾ ਹੀ ਵਿਵਾਦ ਰਿਹਾ ਹੈ। ਪੰਜਾਬ ਸਰਕਾਰ ਮੁਹਾਲੀ ਵਿਖੇ ਹੋਣ ਦੇ ਕਾਰਨ ਇਸ ਨਾਲ ਮੁਹਾਲੀ ਜੋੜਨਾ ਚਾਹੁੰਦੀ ਸੀ ਪਰ ਹਰਿਆਣਾ ਨੇ ਹਮੇਸ਼ਾ ਹੀ ਇਸ ਦਾ ਵਿਰੋਧ ਕੀਤਾ ਸੀ। ਇਸ ਨਾਅ ਦੇ ਵਿਵਾਦ ਨੂੰ ਲੈ ਕੇ ਕਈ ਮੀਟਿੰਗਾਂ ਵੀ ਹੋਇਆ ਪਰ ਹੱਲ ਨਹੀਂ ਹੋ ਸਕਿਆ। ਪਿਛਲੇ ਸਾਲ ਇਸ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਹੋਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਸਰਕਾਰ ਦੀ ਸਹਿਮਤੀ ਏਅਰਪੋਰਟ ਦੇ ਨਾਅ ‘ਤੇ ਸਹਿਮਤੀ ਹੋ ਗਈ ਸੀ ਕਿ ਇਸ ਦਾ ਨਾਅ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ ਹੋਵੇਗਾ। ਇਸ ਸਬੰਧੀ ਸਹਿਮਤੀ ਹੋਣ ਤੋਂ ਬਾਅਦ ਕੇਂਦਰੀ ਅਥਾਰਿਟੀ ਆਫ਼ ਇੰਡੀਆ ਨੇ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ ਪਰ ਬੀਤੇ ਦਿਨੀਂ ਇਸ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਪਹਿਲੀ ਇੰਟਰਨੈਸ਼ਨਲ ਉਡਾਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣੇ ਪ੍ਰਚਾਰ ਦਰਮਿਆਨ ਇਸ ਹਵਾਈ ਅੱਡੇ ਦਾ ਨਾਅ ਮੁਹਾਲੀ ਇੰਟਰਨੈਸ਼ਨਲ ਹਵਾਈ ਅੱਡਾ ਰੱਖ ਦਿੱਤਾ। ਇਸ ਸਬੰਧੀ ਬਕਾਇਦਾ ਸਾਰੇ ਅਖ਼ਬਾਰਾਂ ਵਿੱਚ ਦਿੱਤੇ ਇਸ਼ਤਿਹਾਰ ਅਤੇ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ‘ਤੇ ਕੀਤੀ ਗਏ ਪ੍ਰਚਾਰ ਬੋਰਡ ‘ਤੇ ਵੀ ਮੁਹਾਲੀ ਇੰਟਰਨੈਸ਼ਨਲ ਏਅਰਪੋਰਟ ਹੀ ਲਿਖਿਆ ਗਿਆ ਸੀ। ਜਿਸ ‘ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਨਰਾਜ਼ਗੀ ਪੱਤਰ ਲਿਖਦੇ ਹੋਏ ਆਪਣੀ ਗਲਤੀ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਵਲੋਂ ਕੋਈ ਵੀ ਜੁਆਬ ਨਾ ਆਉਣ ‘ਤੇ ਹੁਣ ਹਰਿਆਣਾ ਸਰਕਾਰ ਕੇਂਦਰ ਸਰਕਾਰ ਦਾ ਦਰਵਾਜਾ ਖੜਕਾਉਣ ਜਾ ਰਹੀਂ ਹੈ। ਜਿਥੇ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਏ. ਗਜ਼ਪਤੀ ਰਾਜੂ ਨੂੰ ਮਿਲ ਕੇ ਸ਼ਿਕਾਇਤ ਕੀਤੀ ਜਾਵੇਗੀ, ਉਥੇ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਕੋਲ ਵੀ ਸ਼ਿਕਾਇਤ ਕੀਤੀ ਜਾਵੇਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਪੰਜਾਬ ਵਿੱਚ ਸਹਿਯੋਗੀ ਪਾਰਟੀ ਹੈ।

ਪੰਜਾਬ ਨੇ ਗਲਤ ਕੀਤਾ ਐ, ਅਸੀਂ ਕਰਨ ਜਾ ਰਹੇ ਹਾਂ ਸਖ਼ਤ ਕਾਰਵਾਈ : ਨਾਰ ਵੀਰ ਸਿੰਘ
ਹਰਿਆਣਾ ਦੇ ਹਵਾਬਾਜ਼ੀ ਮੰਤਰੀ ਨਾਰਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਇਸ ਵਰਤਾਓ ਤੋਂ ਹਰਿਆਣਾ ਸਰਕਾਰ ਕਾਫ਼ੀ ਜਿਆਦਾ ਨਰਾਜ਼ ਹੈ। ਪੰਜਾਬ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਇਸ ਤਰਾਂ ਦੀ ਗੈਰ ਸੰਵਿਧਾਨਿਕ ਕਾਰਵਾਈ ਕਰੇ, ਕਿਉਂਕਿ ਜਦੋਂ ਅਸੀਂ ਬਰਾਬਰ ਦੇ ਹੱਕਦਾਰ ਹੈ ਤਾਂ ਪੰਜਾਬ ਆਪਣੇ ਤਰੀਕੇ ਨਾਲ ਕੁਝ ਨਹੀਂ ਕਰ ਸਕਦਾ ਹੈ। ਉਨਾਂ ਕਿਹਾ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ ਪਰ ਹੁਣ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੇਂਦਰੀ ਪੱਧਰ ‘ਤੇ ਕਾਰਵਾਈ ਕਰਨ ਜਾ ਰਹੇ ਹਨ। ਪੰਜਾਬ ਦੀ ਇਸ ਕਾਰਵਾਈ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਕਰਨਗੇ।

ਪ੍ਰਸਿੱਧ ਖਬਰਾਂ

To Top