ਪੰਜਾਬ

ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਪਲਟੀ, 60 ਜ਼ਖਮੀ

ਪਟਿਆਲਾ/ਘਨੌਰ, ਖੁਸ਼ਵੀਰ ਸਿੰਘ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਲਾਛੜੂ ਕਲਾਂ ਤੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਪੀ.ਆਰ.ਟੀ.ਸੀ ਦੀ ਬੱਸ ਅੱਜ ਸਵੇਰੇ ਬੇਕਾਬੂ ਹੋ ਕੇ ਰਾਜਪੁਰਾ-ਸਰਹਿੰਦ ਰੋਡ ‘ਤੇ ਪੈਂਦੇ ਇੱਕ ਫਲਾਈ ਓਵਰ ਤੋਂ ਨੇੜੇ ਹੀ  ਸਲਿੱਪ ਰੋਡ ਉਪਰ ਜਾ ਡਿੱਗੀ। ਇਸ ਹਾਦਸੇ ਕਾਰਨ ਬੱਸ ਵਿੱਚ ਸਵਾਰ ਕਰੀਬ 60 ਸ਼ਰਧਾਲੂ  ਜਖਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ 5 ਵਜੇ ਪਿੰਡ ਲਾਛੜੂ ਕਲਾਂ ਤੋਂ ਪੀਆਰਟੀਸੀ ਦੀ ਇੱਕ ਬੱਸ ਪੀਬੀ 11- ਬੀ.ਯੂ 0915 ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ 60 ਸਰਧਾਲਲੂ ਲੈ ਕੇ ਰਵਾਨਾ ਹੋਈ। ਜਦੋਂ ਇਹ ਬੱਸ ਰਾਜਪੁਰਾ-ਸਰਹਿੰਦ ਜੀ.ਟੀ ਰੋਡ ‘ਤੇ ਬਸੰਤਪੁਰਾ ਤੋਂ ਕੁਝ ਦੂਰ ਇੱਕ ਫਲਾਈ ਓਵਰ ਤੋਂ ਗੁਜਰ ਰਹੀ ਸੀ ਤਾਂ ਇਸ ਦਾ ਡਰਾਈਵਰ ਅਚਾਨਕ ਸੰਤੁਲਨ ਖੋ ਬੈਠਿਆ ਅਤੇ ਬੱਸ ਫਲਾਈ ਓਵਰ ਦੀ ਰੇਲਿੰਗ ਤੋੜਦੀ ਹੋਈ ਤਿੰਨ-ਚਾਰ ਪਲਟੀਆਂ ਖਾ ਕੇ 25-30 ਫੁੱਟ ਉਚੇ ਫਲਾਈ ਓਵਰ ਤੋਂ ਹੇਠਾਂ ਸਲਿੱਪ ਰੋਡ ‘ਤੇ ਜਾ ਡਿੱਗੀ। ਇੱਧਰ ਬੱਸ ਡਰਾਈਵਰ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਫਲਾਈ ਓਵਰ ‘ਤੇ ਇੱਕ ਟਰੱਕ ਨੂੰ ਪਾਸ ਕਰ ਰਿਹਾ ਸੀ ਤਾਂ ਟਰੱਕ ਚਾਲਕ ਦੀ ਕੁਤਾਹੀ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਜਰਨੈਲ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਬੰਤ ਸਿੰਘ, ਭੁਪਿੰਦਰ ਸਿੰਘ, ਹਰਿੰਦਰ ਸਿੰਘ , ਭਿੰਦਰ ਕੌਰ, ਬਲਜੀਤ ਕੌਰ, ਸੁਰਿੰਦਰ ਕੌਰ, ਜ਼ਸਵੀਰ ਕੌਰ, ਮਮਤਾ ਰਾਣੀ, ਜ਼ਸਵਿੰਦਰ ਕੌਰ, ਸੁਰਜੀਤ ਕੌਰ , ਹਰਪ੍ਰੀਤ ਕੌਰ, ਗੁਰਸ਼ਬਦ ਸਿੰਘ, ਗੁਰਨੂਰ ਸਿੰਘ, ਹਰਮਨ ਸਿੰਘ, ਖੁਸ਼ਪ੍ਰੀਤ ਕੌਰ, ਸ਼ਬਨਮ, ਸੱਜਨਾ ,ਰੰਜਨਾ, ਵਾਸੀਅਨ ਲਾਛੜੂ ਕਲਾਂ ਅਤੇ ਅਕਾਸ਼ਦੀਪ ਵਾਸੀ ਪਿੰਡ ਮਰਦਾਂਪੁਰ ਸਮੇਤ 60 ਸ਼ਰਧਾਲੂ ਜਖ਼ਮੀ ਹੋ ਗਏ। ਇਨ੍ਹਾਂ ਜਖ਼ਮੀਆਂ ਵਿਚੋਂ  ਮਨਜੂਰ ਅਲੀ, ਵਰਿੰਦਰ ਕੌਰ, ਮਨਦੀਪ ਕੌਰ, ਵਰਿੰਦਰ ਸਿੰਘ ਅਤੇ ਟਹਿਲ ਸਿੰਘ ਪੰਜ ਜਣਿਆ ਨੂੰ ਹਾਲਤ ਗੰਭੀਰ ਹੋਣ ‘ਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦਕਿ ਬਾਕੀਆਂ ਨੂੰ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸੇ ਸਬੰਧੀ ਸੂਚਨਾਂ ਮਿਲਣ ‘ਤੇ ਹਲਕਾ ਘਨੌਰ ਦੀ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਹਲਕਾ ਘਨੌਰ ਦੇ  ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਹਲਕਾ ਘਨੌਰ ਤੋਂ ਆਪ ਦੀ ਉਮੀਦਵਾਰ ਅੰਨੂ ਰੰਧਾਵਾ  ਜਖ਼ਮੀ ਸ਼ਰਧਾਲੂਆਂ ਦਾ ਹਾਲਚਾਲ ਪੁੱਛਣ ਲਈ ਸਿਵਲ ਹਸਪਤਾਲ ਰਾਜਪੁਰਾ ਪੁੱਜੇ। ਇਸ ਮੌਕੇ ਵਿਧਾਇਕਾ ਮੁਖਮੈਲਪੁਰ ਨੇ ਕਿਹਾ ਕਿ ਸਾਰੇ ਜਖ਼ਮੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ।  ਡਾਕਟਰਾਂ ਵੱਲੋਂ ਮਾਮੂਲੀ ਜਖ਼ਮੀ ਸ਼ਰਧਾਲੂਆਂ ਵਿੱਚੋਂ ਬਹੁਗਿਣਤੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਘਰੋ ਘਰੀ ਤੋਰ ਦਿੱਤਾ ਗਿਆ। ਇਸ ਮੌਕੇ ਪੁੱਜੇ ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਸਵਾਰ ਮੁਹਤਬਰਾਂ ਅਤੇ ਬੱਸ ਡਰਾਈਵਰ ਦਾ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top