ਲੇਖ

ਮਨੁੱਖੀ ਜ਼ਿੰਦਗੀ ‘ਚੋਂ ਗਾਇਬ ਹੋ ਰਿਹਾ ਹਾਸਾ-ਠੱਠਾ

ਅੱਜ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਰੁਝੇਵਿਆਂ ਭਰੀ ਹੋ ਗਈ ਹੈ ਤੇ ਸਾਰੇ ਆਪੋ-ਆਪਣੇ ਕੰਮਾਂ-ਕਾਜਾਂ ਲਈ ਭੱਜ-ਦੌੜ ਕਰ ਰਹੇ ਹਨ। ਕਿਉਂਕਿ ਭੌਤਿਕਤਾਵਾਦ ਦਾ ਅਸਰ ਹਰ ਇੱਕ ਮਨੁੱਖ Àੁੱਪਰ ਹੈ ਹਰ ਕੋਈ ਇੱਕ-ਦੂਸਰੇ ਤੋਂ ਧਨ-ਦੌਲਤ, ਐਸ਼ੋ-ਆਰਾਮ ਤੇ ਸੁਖ-ਸਹੂਲਤਾਂ ਦਾ ਆਨੰਦ ਮਾਨਣ ਵਿੱਚ ਅੱਗੇ ਰਹਿਣਾ ਚਾਹੁੰਦਾ ਹੈ। ਕਿਸੇ ਕੋਲ ਬੈਠਣ, ਗੱਲਾਂ ਕਰਨ, ਦੁੱਖ-ਸੁੱਖ ਵੰਡਣ ਤੇ ਹਾਸਾ-ਠੱਠਾ ਕਰਨ ਦਾ ਸਮਾਂ ਹੀ ਨਹੀਂ ਰਿਹਾ ਇੱਥੋਂ ਤੱਕ ਕੇ ਅਸੀਂ ਆਪਣੇ ਘਰ-ਪਰਿਵਾਰ, ਯਾਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਲਈ ਵੀ ਸਮਾਂ ਨਹੀਂ ਕੱਢ ਪਾ ਰਹੇ
ਇਸ ਸਭ ਕੁਝ ਦੇ ਚਲਦੇ ਲੋਕ ਆਪਣੇ-ਆਪ ਵਿੱਚ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਏ ਹਨ। ਕਿਸੇ ਨੂੰ ਨੌਕਰੀ ਦੀ ਚਿੰਤਾ, ਕਿਸੇ ਨੂੰ ਆਪਣੇ ਅਹੁਦੇ ਦੀਆਂ ਜਿੰਮੇਵਾਰੀਆਂ ਸੰਭਾਲਣ ਦੀ, ਕਿਸੇ ਨੂੰ ਸੱਤਾ ਪ੍ਰਾਪਤੀ ਜਾਂ ਸੱਤਾ ਖੁੱਸ ਜਾਣ ਦੀ ਚਿੰਤਾ। ਕੋਈ ਬਹੁਤ ਗਰੀਬ ਹੈ ਤੇ ਕੋਈ ਰਿਸ਼ਤਿਆਂ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੈ। ਇਹਨਾਂ ਕਾਰਨਾਂ ਕਰਕੇ ਦਿਮਾਗ ਓਵਰਲੋਡ ਹੋ ਜਾਂਦਾ ਹੈ ਤੇ ਇਨਸਾਨ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਇਹਨਾਂ ਗੱਲਾਂ ਕਾਰਨ ਇਨਸਾਨ ਆਪਣੇ-ਆਪ ਤੋਂ ਹੀ ਦੁਖੀ ਹੋਣ ਲੱਗਦਾ ਹੈ। ਅੱਜ ਹਰ ਇਨਸਾਨ ਦੇ ਚਿਹਰੇ ‘ਤੇ ਉਦਾਸੀ ਹੈ। ਟੁੱਟਦੇ ਰਿਸ਼ਤੇ, ਬਿਖਰਦੇ ਪਰਿਵਾਰਾਂ ਦੀ ਸਮੱਸਿਆ ਅੱਜ-ਕੱਲ੍ਹ ਹਰ ਘਰ ਦੀ ਸਮੱਸਿਆ ਬਣ ਗਈ ਹੈ।
ਪੈਸੇ ਦੀ ਝੂਠੀ ਚਮਕ ਨੇ ਹਰ ਕਿਸੇ ਨੂੰ ਆਪਣਿਆਂ ਤੋਂ ਵੱਖ ਤੇ ਦੂਰ ਕਰਕੇ ਰੱਖ ਦਿੱਤਾ ਹੈ। ਹਰ ਇੱਕ ਦੀ ਸੋਚ ਆਪਣੇ ਫਾਇਦੇ ਤੱਕ ਹੀ ਸੀਮਤ ਰਹਿ ਗਈ ਹੈ, ਜਿਸ ਕਾਰਨ ਲੋਕ ਇੱਕ-ਦੂਜੇ ਨਾਲ ਹਾਸਾ-ਠੱਠਾ ਜਾਂ ਮਜ਼ਾਕ ਕਰਨਾ ਹੀ ਭੁੱਲ ਗਏ ਹਨ ਤੇ ਨਾ ਹੀ ਇੱਕ-ਦੂਜੇ ਨਾਲ ਦਿਲ ਦੀ ਗੱਲ ਸਾਂਝੀ ਕਰਦੇ ਹਨ। ਬੱਸ ਇੱਕ ਹੀ ਉਦੇਸ਼ ਰਹਿ ਜਾਂਦਾ ਹੈ ਕਿ ਮੈਂ ਦੂਜੇ ਤੋਂ ਵੱਧ ਅਮੀਰ ਹੋ ਜਾਵਾਂ। ਜ਼ਿੰਦਗੀ ਦੀ ਵਧਦੀ ਉਥਲ-ਪੁਥਲ ਨੇ ਦੂਜਿਆਂ ਨਾਲ ਕੀ ਆਪਣੇ ਆਪ ਨਾਲ ਵੀ ਗੱਲ ਕਰਨ ਜੋਗਾ ਨਹੀਂ ਛੱਡਿਆ ਇਨਸਾਨ ਨੂੰ। ਇਹ ਮੰਨਿਆ ਜਾਂਦਾ ਹੈ ਕਿ ਖੁੱਲ੍ਹ ਕੇ ਹੱਸਣਾ ਸਾਡੇ ਜੀਵਨ ਤੇ ਸਿਹਤ ਲਈ ਸਭ ਤੋਂ ਉੱਤਮ ਹੈ। ਇਸ ਦੇ ਨਾਲ ਦਿਮਾਗੀ ਥਕਾਵਟ ਘਟ ਜਾਂਦੀ ਹੈ, ਖ਼ੂਨ ਵਿੱਚ ਵਾਧਾ ਹੁੰਦਾ ਹੈ ਤੇ ਸਰੀਰ ਨੂੰ ਐਨਰਜ਼ੀ ਪ੍ਰਾਪਤ ਹੁੰਦੀ ਹੈ। ਪਰ ਜ਼ਿੰਦਗੀ ਵਿੱਚ ਹੁਣ ਇਹ ਸਭ ਚੀਜ਼ਾਂ, ਅਸੀਂ ਮਜ਼ਬੂਰਨ ਕਸਰਤ ਰਾਹੀਂ ਪ੍ਰਾਪਤ ਕਰਦੇ ਹਾਂ। ਪੈਸੇ ਅਤੇ ਰੁਤਬੇ ਦੇ ਘੁਮੰਡ ਨੇ ਲੋਕਾਂ ਦਾ ਹਾਸਾ ਹੀ ਗਾਇਬ ਕਰ ਦਿੱਤਾ ਹੈ ਕਿਸੇ ਦੇ ਦੁੱਖ-ਦਰਦ ਨਾਲ ਕਿਸੇ ਨੂੰ ਕੋਈ ਵਾਸਤਾ ਨਹੀਂ ਰਹਿ ਜਾਂਦਾ। ਪੁਰਾਣੇ ਸਮਿਆਂ ਵਾਲੇ ਵਿਆਹ-ਸ਼ਾਦੀਆਂ ਵਿੱਚ ਹੋਣ ਵਾਲੇ ਹਾਸੇ-ਮਜ਼ਾਕ ਗੁਆਚ ਚੁੱਕੇ ਹਨ। ਬੱਸ ਲੋਕਾਚਾਰੀ ਅਤੇ ਖਾਨਾਪੂਰਤੀ ਦੀ ਰਸਮ ਹਰ ਇਨਸਾਨ ਨਿਭਾ ਰਿਹਾ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਅਜਿਹਾ ਸ਼ਾਹੂਕਾਰ ਦੇਖਿਆ ਹੈ ਜੋ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਅਤੇ ਰਾਤ ਤੱਕ ਆਪਣੇ ਕਾਰੋਬਾਰ ਵਿੱਚ ਵਿਅਸਤ ਰਹਿੰਦਾ ਹੈ ਉਸਨੂੰ ਆਪਣੇ ਬੱਚਿਆਂ ਦੀ ਉਮਰ ਜਾਂ ਪੜ੍ਹਾਈ-ਲਿਖਾਈ ਤੇ ਹੋਰ ਘਰੇਲੂ ਕੰਮਾਂ ਦੀ ਕੋਈ ਜਾਣਕਾਰੀ ਨਹੀਂ ਹੈ ਨਾ ਹੀ ਆਪਣੇ ਪਰਿਵਾਰ ਨੂੰ ਸਮਾਂ ਦੇ ਪਾਉਂਦਾ ਹੈ ਫਿਰ ਕੀ ਲੈਣਾ ਐਸੀ ਸ਼ੌਹਰਤ ਤੋਂ ਜੋ ਸਾਡਾ ਪਰਿਵਾਰਕ ਆਨੰਦ ਹੀ ਖ਼ਤਮ ਕਰ ਦੇਵੇ ਇਨਸਾਨ ਨੂੰ ਆਪਣੇ ਆਉਣ ਵਾਲੇ ਕੱਲ੍ਹ ਦਾ ਪਤਾ ਨਹੀਂ ਪਰ ਕੱਲ੍ਹ ਦੀ ਚਿੰਤਾ ਕਾਰਨ ਅੱਜ ਨੂੰ ਆਪਣੇ ਹੱਥੋਂ ਕੱਢ ਰਿਹਾ ਹੈ ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਜਿੰਦਗੀ ਵਿਚ ਫਿਊਚਰ ਦੀ ਪਲਾਨਿੰਗ ਨਹੀਂ ਕਰਨੀ ਚਾਹੀਦੀ ਪਰ ਜੋ ਪਲ ਅੱਜ ਹੱਥ ਵਿਚ ਹਨ ਉਨ੍ਹਾਂ ਨੂੰ ਵੀ ਜੀਣਾ ਨਹੀਂ ਭੁੱਲਣਾ ਚਾਹੀਦਾ
ਸਾਡੇ ਕੋਲ ਮਨੋਰੰਜਨ ਦੇ ਸਾਧਨ ਤਾਂ ਹਨ ਪਰ ਇਹਨਾਂ ਨੂੰ ਵਰਤਣ ਦਾ ਸਮਾਂ ਨਹੀਂ। ਨਿੱਜੀ ਜ਼ਿੰਦਗੀ ਦੀਆਂ ਸੁਖ-ਸਹੂਲਤਾਂ ਜੋੜ ਤਾਂ ਰਹੇ ਹਾਂ ਪਰ ਉਹਨਾਂ ਨੂੰ ਵਰਤ ਨਹੀਂ ਪਾਉਦੇ ਸਮੇਂ ਦੀ ਘਾਟ ਕਾਰਨ, ਜਦ ਕਿ ਹੋਣਾ ਇਸ ਦੇ ਉਲਟ ਚਾਹੀਦਾ ਹੈ। ਜੇਕਰ ਕੋਈ ਕਿਸੇ ਨੂੰ ਨਿੱਕਾ ਜਿਹਾ ਮਜ਼ਾਕ ਕਰ ਦੇਵੇ ਤਾਂ ਗੱਲ ਲੜਾਈ-ਝਗੜੇ ਤੱਕ ਪਹੁੰਚ ਜਾਂਦੀ ਹੈ। ਜਿਸ ਕਾਰਨ ਇਨਸਾਨ ਆਪਣੇ ਹੀ ਸਮਾਜ ਦੇ ਲੋਕਾਂ ਤੋਂ ਦੂਰ ਹੋ ਜਾਂਦਾ ਹੈ। ਡਾਕਟਰਾਂ ਮੁਤਾਬਿਕ ਹੱਸਣਾ ਸਰੀਰ ਲਈ ਬਹੁਤ ਲਾਭਦਾਇਕ ਹੈ। ਇਸ ਨਾਲ ਅਨੇਕਾਂ ਸੂਖ਼ਮ ਨਾ ਦਿਸਣ ਵਾਲੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਅਕਸਰ ਜਾਗਰੂਕ ਲੋਕ ਸਵੇਰ ਦੀ ਕਸਰਤ ਸਮੇਂ ਨਕਲੀ ਹਾਸੇ ਹੱਸਦੇ ਦਿਖਾਈ ਦਿੰਦੇ ਹਨ ਜਾਂ ਵੱਡੇ ਸ਼ਹਿਰਾਂ ਵਿਚ ਹੱਸਣ ਲਈ ਲਾਫ਼ਟਰ ਕਲੱਬ ਜੁਆਇਨ ਕਰਦੇ ਹਨ।
ਸਮੇਂ ਦੀ ਲੋੜ ਮੁਤਾਬਿਕ ਹਾਸਰਸ ਤੇ ਚੁਟਕਲਿਆਂ ਦੀਆਂ ਕਿਤਾਬਾਂ ਵੱਧ ਤੋਂ ਵੱਧ ਪੜ੍ਹੀਆਂ ਜਾਣ ਟੈਲੀਵਿਜ਼ਨ ‘ਤੇ ਹਾਸਿਆਂ ਵਾਲੇ ਪ੍ਰੋਗਰਾਮ ਦੇਖੇ ਜਾਣ। ਘਰਾਂ-ਪਰਿਵਾਰਾਂ ਵਿੱਚ ਅਸਲੀ ਹਾਸਾ ਹੱਸਿਆ ਜਾਵੇ। ਆਪਣੀ ਜੀਵਨਸ਼ੈਲੀ ਨੂੰ ਬਦਲਿਆ ਜਾਵੇ ਤੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਉਹਨਾਂ ਨੂੰ ਹਾਸੇ ਤੇ ਮਨੋਰੰਜਨ ਨਾਲ ਜੋੜਿਆ ਜਾਵੇ। ਯਾਰਾਂ-ਦੋਸਤਾਂ ਨਾਲ ਮਜ਼ਾਕ ਕੀਤਾ ਜਾਵੇ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ। ਇਸ ਉੱਦਮ ਨਾਲ ਅਸਲ ਤੰਦਰੁਸਤ ਜ਼ਿੰਦਗੀ ਤੇ ਖ਼ੁਸ਼ਨੁਮਾ ਸਮਾਜ ਦੀ ਸਿਰਜਣਾ ਹੋਵੇਗੀ।
ਨਵਜੋਤ ਬਜਾਜ ਗੱਗੂ
ਭਗਤਾ ਭਾਈਕਾ
ਮੋ. 98721-02614

ਪ੍ਰਸਿੱਧ ਖਬਰਾਂ

To Top