ਪੰਜਾਬ

ਡੋਪ ਟੈਸਟ ਕਾਂਡ: ਦੋ ਹੋਰ ਗ੍ਰਿਫ਼ਤਾਰ

ਲਛਮਣ ਗੁਪਤਾ
ਫ਼ਰੀਦਕੋਟ,  ਫ਼ਰੀਦਕੋਟ ਵਿਖੇ ਪੁਲਿਸ ਭਰਤੀ ਦੌਰਾਨ ਉਮੀਦਵਾਰਾਂ ਦੀਆਂ ਡੋਪ ਟੈਸਟ ਰਿਪੋਰਟਾਂ ਸਰਕਾਰੀ ਫਾਈਲਾਂ ‘ਚੋਂ ਬਦਲਣ ਦੇ ਦੋਸ਼ਾਂ ਵਿੱਚ ਪੁਲਿਸ ਵੱਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਡੋਪ ਟੈਸਟ ਰਿਪੋਰਟਾਂ ਦੀ ਬਦਲੀ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਕੁਲਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ।  ਪੁੱਛਗਿੱਛ ਲਈ ਇਨ੍ਹਾਂ ਵਿਅਕਤੀਆਂ ਦਾ ਦੋ ਦਿਨ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਪੁਲਿਸ ਨੇ ਇੱਕ ਪੁਲਿਸ ਮੁਲਾਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਜਿਲਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਸਥਾਨਕ ਨਹਿਰੂ ਸਟੇਡੀਅਮ ਵਿਖੇ ਚਲ ਰਹੀ ਪੁਲਿਸ ਭਰਤੀ ਦੌਰਾਨ ਭਰਤੀ ਲਈ ਆਏ ਕੁਝ ਨੌਜਵਾਨਾਂ ਦੇ ਡੋਪ ਟੈਸਟ ਫੇਲ੍ਹ ਹੋ ਗਏ ਸਨ। ਫੇਲ੍ਹ ਹੋਏ ਡੋਪ ਟੈਸਟਾਂ ਦੀਆਂ ਰਿਪੋਰਟਾਂ ਬਦਲੀਆਂ ਗਈਆਂ ਸਨ ਜਿਸ ਤਹਿਤ ਸਿਟੀ ਪਿਲਸ ਨੂੰ ਭਰਤੀ ਨਾਲ ਸੰਬੰਧਤ ਸਿਹਤ ਅਧਿਕਾਰੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤਹਿਤ ਪੁਲਿਸ ਵੱਲੋਂ ਮੁੱਢਲੀ ਜਾਂਚ ਦੌਰਾਨ ਦੋਸ਼ੀ ਪਾਏ ਗਏ ਚਾਰ ਵਿਅਕਤੀਆਂ ਤੋਂ ਇਲਾਵਾ ਇੱਕ ਪੁਲਿਸ ਹਸਪਤਾਲ ‘ਚ ਸੇਵਾ ਨਿਭਾ ਰਹੇ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਹਨਾਂ ਖਿਲਾਫ਼ ਸਿਟੀ ਪੁਲਿਸ ਨੇ ਆਈਪੀਸੀ ਦੀ ਧਾਰਾ 420, 353, 186 ਤਹਿਤ ਪਰਚਾ ਦਰਜ ਕੀਤਾ ਹੈ।

ਪ੍ਰਸਿੱਧ ਖਬਰਾਂ

To Top