ਲੇਖ

ਵਿਕਾਸ ਲਈ ਵਿਕਸਿਤ ਸੋਚ ਜ਼ਰੂਰੀ

ਵਧਣਾ, ਫੁੱਲਣਾ, ਵਿਗਸਣਾ ਪਲ-ਪਲ ਜ਼ਿੰਦਗੀ ਨੂੰ ਕਲਾਵਿਆਂ ‘ਚ ਭਰਨਾ ਤੇ ਫਿਰ ਕਦਮ ਦਰ ਕਦਮ ਮੰਜ਼ਲਾਂ ਸਰ ਕਰਨੀਆਂ ਦੁਨੀਆਂ ਦੇ ਹਰ ਜੀਵ ਦੇ ਹਿੱਸੇ ਆਇਆ ਹੈ  ਪਰ ਮਨੁੱਖ ‘ਤੇ  ਕੁਦਰਤ ਦੀ ਮਿਹਰ ਕੁਝ ਜ਼ਿਆਦਾ ਹੈ ਪਰ ਸਾਰੀ ਦੁਨੀਆਂ ਨੂੰ ਆਪਣੀ ਮੁੱਠੀ ‘ਚ ਕਰਨ ਵਾਲਾ ਮਨੁੱਖ ਆਪੇ ਪੈਦਾ ਕੀਤੀਆਂ ਵਲਗਣਾਂ ‘ਚ ਘਿਰਿਆ ਪਿਆ ਹੈ, ਵਿਕਾਸ ਦੇ ਨਾਂਅ ‘ਤੇ ਨਿੱਤ ਨਵੇਂ ਤਜ਼ਰਬਿਆਂ ਦੀ ਦੌੜ ਵਿੱਚ  ਗੁਆਚਦਾ ਜਾ ਰਿਹਾ ਹੈ
ਦੁਨੀਆਂ ਦੇ ਕੁਝ ਦੇਸ਼ਾਂ ਵਿਚ ਜਿੱਥੇ ਕੁਝ ਵਿਕਸਿਤ, ਕੁਝ ਵਿਕਾਸਸ਼ੀਲ ਮੁਲਕ ਹਨ, ਉਥੇ ਆਦਿਵਾਸੀਆਂ ਦੀ ਵੀ ਧਰਤੀ ‘ਤੇ ਹੋਂਦ ਹੈ ਸਮਾਜ ਨਾਲੋਂ ਟੁੱਟੇ, ਪਲ- ਪਲ ਬਦਲਦੀਆਂ ਸਥਿਤੀਆਂ, ਫ਼ੈਸ਼ਨਾਂ ਤੋਂ ਬੇਖ਼ਬਰ, ਜਿਉਂ ਦਾ ਤਿਉਂ ਜੀਵਨ ਆਪਣੇ ਹੀ ਰੀਤੀ ਰਿਵਾਜ਼ਾਂ ਨੂੰ ਉੱਤਮ ਅਤੇ ਆਖ਼ਰੀ ਮੰਨ ਕੇ ਜ਼ਿੰਦਗੀ ਬਸਰ ਕਰ ਰਹੇ ਹਨ, ਕਿਉਂਕਿ ਸੋਚ, ਸਮਝ ਅਤੇ ਸੁਭਾਅ ਉਨ੍ਹਾਂ ਦੀਆਂ ਪ੍ਰਵਿਰਤੀਆਂ ਦੇ ਹਿਸਾਬ ਨਾਲ ਠਹਿਰਿਆ ਹੋਇਆ ਹੈ  ਵਿਕਾਸ ਦਾ ਹਲਕਾ ਜਿਹਾ ਇਸ਼ਾਰਾ ਵੀ ਕਦੇ ਮਿਲਿਆ ਜਾਂ ਉਨ੍ਹਾਂ ਦੇ ਦਿਮਾਗ਼ਾਂ ਤੇ ਦਿਲਾਂ ਨੇ ਸਵੀਕਾਰ ਕੀਤਾ ਤਾਂ ਰੌਸ਼ਨ ਹੋਣ ਵਿਚ ਦੇਰ ਨਹੀਂ ਲੱਗੇਗੀ
ਵਿਕਾਸ ਲਈ ਵਿਕਸਿਤ ਸੋਚ ਜ਼ਰੂਰੀ ਹੈ, ਬਦਲਾਅ ਲਈ ਬਦਲਣਾ ਜ਼ਰੂਰੀ ਹੈ ਪਰ ਅਸੀਂ ਗੱਲ ਕਰ ਰਹੇ ਹਾਂ ਆਪਣੇ ਉਸ ਸਮਾਜ ਦੀ ਜੋ ਆਪਣੇ ਆਪ ਨੂੰ ਸੱਭਿਅਕ ਅਖਵਾਉਂਦਾ ਹੈ ਅਤੇ ਵਿਕਾਸ, ਬਦਲਾਅ ਤਰੱਕੀ ਦੀ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਪੱਛਮੀ ਦੇਸ਼ਾਂ ਦੀ ਚੜ੍ਹੀ ਗੁੱਡੀ ਦੀ ਗੂੰਜ ਧਰਤੀ ਦੇ ਸਭ ਕੋਨਿਆਂ ‘ਚ ਸੁਣਾਈ ਦਿੰਦੀ ਹੈ ਅਤੇ ਗੂੰਜ ‘ਤੇ ਥਿਰਕਣ ਲਈ ਬਾਕੀ ਦੇਸ਼ ਵੀ ਕਮਰਕੱਸੇ ਕਸੀ ਬੈਠੇ ਹਨ
ਸਾਲਾਂਬੱਧੀ ਗੁਲਾਮੀ ਦੀਆਂ ਜੰਜੀਰਾ ਵਿਚ ਜਕੜਿਆ ਰਿਹਾ ਭਾਰਤ ਵੀ ਆਪਣਾ ਕੱਦ ਕੱਢ ਰਿਹਾ ਹੈ, ਆਬਾਦੀ ਵਿੱਚ ਜੋ ਬਹੁਤ ਉੱਚਾ ਹੈ, ਬੇਸ਼ੱਕ ਬਾਕੀ ਖੇਤਰਾਂ ਦੇਸ਼ ‘ਚ ਹਾਲੇ ਬੌਣਾ ਹੈ ਭਾਰਤ ਦੀਆਂ ਅਣਗਿਣਤ ਉਪਲੱਬਧੀਆਂ ਕਿਸੇ ਪਛਾਣ ਦੀਆਂ ਮੁਥਾਜ਼ ਨਹੀਂ , ਕੁਦਰਤ ਦੀ ਮਿਹਰਬਾਨੀ ਦੀ ਵੀ ਇੱਥੇ ਕੋਈ ਕਮੀ ਨਹੀਂ ਕਵੀ ਵਿਧਾਤਾ ਸਿੰਘ ਤੀਰ ਮੁਤਾਬਕ :
ਤੇਰੇ ਸੋਹਣੇ ਦਰਿਆ, ਪਹਾੜ ਸੋਹਣੇ,
ਜੰਗਲ ਜੂਹ ਤੇ ਬਾਗ਼ ਮੈਦਾਨ ਸੋਹਣੇ
ਤੂੰ ਹੀ ਗੁਰੂ ਹੈਂ ਫਲਸਫ਼ੇ ਸਾਇੰਸਾਂ ਦਾ,
ਤੇਰੇ ਵਿਚ ਹੀ ਹੋਏ ਗਿਆਨ ਸੋਹਣੇ
ਪਰ ਏਨੀ ਵੱਡੀ ਜਨਸੰਖਿਆ ਤੇ ਹਰ ਤਰ੍ਹਾਂ ਦੇ ਸਾਧਨਾਂ ਵਾਲਾ ਮੁਲਕ ਹਾਲੇ ਵੀ ਇੰਨਾਂ ਪਿੱਛੇ ਕਿਉਂ, ਅਜੇ ਵੀ ਵਿਕਾਸਸ਼ੀਲ ਹੀ ਚੱਲਿਆ ਆਉਂਦਾ ਹੈ, ਵਿਕਸਿਤ ਨਹੀਂ?  ਅਧਿਉਂ ਵੱਧ ਆਬਾਦੀ ਨੂੰ ਹਾਲੇ ਵੀ ਰੋਟੀ ਦੀ ਚਿੰਤਾ, ‘ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ’ ਬੱਸ ਇਹੀ ਖੋਟ ਸਾਡੇ ਮੁਲਕ ਨੂੰ ਅੱਗੇ ਨਹੀਂ ਵਧਣ ਦਿੰਦੀ  ਇਸ ਦਾ ਸਭ ਤੋਂ ਵੱਡਾ ਕਾਰਨ, ਅਸਮਾਨਤਾ ਹੈ ਬਰਾਬਰੀ ਕਿਸੇ ਵੀ ਪੱਖ ਤੋਂ ਸਮਾਜ ਵਿੱਚ ਭਾਵੇਂ ਨਹੀਂ ਹੋ ਸਕਦੀ ਪਰ ਕੁਝ ਕੁ ਮੁੱਦਿਆਂ ‘ਤੇ ਸਮਾਜ ਦੀ ਬਿਹਤਰੀ ਲਈ ਆਪਣੀ ਸੋਚ ਨੂੰ ਇੱਕ ਕਰਨਾ ਹੀ ਚਾਹੀਦਾ
ਹਰ ਖੇਤਰ ਵਿਚ ਏਨਾ ਵੱਡਾ ਪਾੜਾ ਵਿਕਾਸ ਦੀ ਹਾਮੀ ਨਹੀਂ ਭਰਦਾ, ਸਗੋਂ ਗੰਧਲੇ ਪਾਣੀ ਵਾਂਗੂ ਉਥੇ ਹੀ ਖੜ੍ਹਾ ਰੱਖਦਾ ਏ ਜੇ ਖੇਤੀਬਾੜੀ ਨਾਲ ਸਬੰਧਤ ਗੱਲ ਕਰੀਏ ਤਾਂ ਉਲਝੀ ਪਈ ਹੈ  ਕਿਸਾਨੀ ਆੜ੍ਹਤੀਆਂ, ਸ਼ੈਲਰਾਂ, ਵਪਾਰੀਆਂ ਅਤੇ ਸਰਕਾਰੀ ਨੀਤੀਆਂ ਦੀਆਂ ਮੱਕਾਰੀ ਤੰਦਾਂ ਵਿੱਚ ਉਤਪਾਦਕ ਨੂੰ ਉਹਦਾ ਬਣਦਾ ਤੇ ਜਾਇਜ਼ ਹੱਕ ਮਿਲਦਾ ਈ ਨਹੀਂ  ਜਿਹੜਾ ਠੰਢਾਂ, ਧੁੱਪਾਂ ਅਤੇ ਰਾਤਾਂ ਵਿੱਚ ਵਿਚਰਦਾ, ਗੁਜ਼ਰਦਾ, ਬਸਰਦਾ ਰਹਿੰਦਾ ਹੈ
ਬਹੁਤ ਵੱਡੀ ਵਸੋਂ ਅਤੇ ਵੱਖ-ਵੱਖ ਕੌਮਾਂ, ਧਰਮਾਂ, ਭਾਸ਼ਾਵਾਂ ਅਤੇ ਸੱਭਿਆਚਾਰਕ ਵਖਰੇਵਿਆਂ ਨੇ ਵੀ ਇਸ ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ ਹੈ ਇਹ ਵਖਰੇਵੇਂ ਕੁਦਰਤੀ ਹਨ ਅਤੇ ਲੋਕਾਂ ਦੇ ਆਪਣੇ ਹੱਕ ਅਤੇ ਰਖੇਵੇਂ ਹਨ ਪਰ ਇਸ ਨੂੰ ਸਿਰਫ਼ ਲੋਕਾਂ ਤੱਕ ਸੀਮਤ ਨਾ ਰਹਿਣ ਦੇਣ ਕਰਕੇ ਬਹਿਸ ਦੇ ਮੁੱਦੇ ਬਣਾ ਦੇਣਾ ਇੱਕ ਖ਼ੁਦਗਰਜ਼ੀ ਦੀ ਨਿਸ਼ਾਨੀ ਹੈ ਅਤੇ ਇਹ ਖ਼ੁਦਗਰਜ਼ੀ ਹੀ ਸਾਡੀ ਨਾਕਾਮੀ ਹੈ  ਇੱਕ ਧਰਮ ਨੂੰ ਦੂਜੇ ਦੇ ਖ਼ਿਲਾਫ਼, ਇੱਕ ਸੋਚ ਦੇ ਆਪਣੇ ਹਿਸਾਬ ਨਾਲ ਅਰਥ ਕੱਢ-ਕੱਢ ਕੇ ਵਾਵੇਲਾ ਖੜ੍ਹਾ ਕਰਨਾ, ਪਿਛਾਂਹ ਖਿੱਚੂ ਸੋਚ ਹੈ ਜਾਂ ਅਗਾਂਹ ਵਧੂ?
ਟੀ.ਵੀ. ‘ਤੇ ਅਕਸਰ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਅਤੇ ਬਹਿਸਬਾਜ਼ੀ ਇਹੋ ਜਿਹਾ ਰੌਚਕ ਮਾਹੌਲ ਪੈਦਾ ਕਰਦੀ ਹੈ ਕਿ ਕਦੀ ਹਾਸਾ ਆਉਂਦਾ ਹੈ, ਕਦੇ ਤਰਸ ਤੇ ਕਦੇ ਗ਼ੁੱਸਾ ਕਿ ਅਸੀਂ ਇੱਕ-ਦੂਜੇ ‘ਤੇ ਦੂਸ਼ਣਬਾਜ਼ੀ ਕਰਨ ਤੋਂ ਸਿਵਾ ਕੁਝ ਹੋਰ ਵੀ ਕਰ ਰਹੇ ਹਾਂ? ਸਿਰਫ਼ ਮਕਸਦ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਅਤੇ ਬਾਕੀ ਸਮਾਜ ਦਾ ਕੀ?
ਸਮੱਸਿਆਵਾਂ ਦਾ ਕੀ? ਵਿਕਸਿਤ ਦੇਸ਼ ਕਿੱਥੋਂ ਤੋਂ ਕਿੱਥੇ ਪਹੁੰਚ ਗਏ, ਕੀ ਕੀ ਖੋਜਾਂ ਕਰ ਲਈਆਂ ਅਤੇ ਅਸੀਂ ਕੀ ਕੀ ਊਜਾਂ ਲਾ ਲਈਆਂ?
ਸਵਾਰਥੀ ਤੇ ਗੰਧਲੀ ਸਿਆਸਤ ਤੇ ਦੂਸ਼ਣਬਾਜ਼ੀ ਵਰਗੀਆਂ  ਗੱਲਾਂ ‘ਚ ਵਕਤ ਬਰਬਾਦ ਕਰਨ ਦੀ ਥਾਂ ਜੇ ਕਿਤੇ ਜਨਤਾ ਦੇ ਹਿੱਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਏਨਾ ਰੌਲ਼ਾ ਪਾਉਣ ਦੀ ਲੋੜ ਨਾ ਪਵੇ  ਹਰ ਵਕਤ ਆਪਣਾ ਪੱਖ ਪੇਸ਼ ਕਰਨਾ, ਲੋਕਤੰਤਰ ਦੀ ਆਜ਼ਾਦੀ ਤਾਂ ਪਰ ਲੋਕਾਂ ਦੇ ਜੀਵਨ ਤੇ ਲੋੜਾਂ ਦਾ ਕੌਣ ਵਾਰਸ?
ਪਿਛਲੇ ਦਿਨੀਂ ਇੱਕ ਗ਼ਰੀਬ ਔਰਤ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਬਾਹਰ ਸੜਕ ‘ਤੇ ਇੱਕ ਬੱਚੀ ਨੂੰ ਜਨਮ ਦਿੱਤਾ ਇਸ ਤੋਂ ਵੱਡੀ ਸ਼ਰਮਨਾਕ ਸਥਿਤੀ ਹੋਰ ਕੀ ਹੋ ਸਕਦੀ ਹੈ, ਜੇ ਅੱਜ ਤੁਲਨਾ ਕਰੀਏ ਵਿਕਾਸ ਤੇ ਵਿਕਾਸਸ਼ੀਲਤਾ ਦੀ ਤਾਂ ਇਸ ਜਣੇਪੇ ਨੂੰ ਲੈ ਕੇ ਤਾਂ ਕੈਨੇਡਾ ਤੋਂ ਆਈ ਮੇਰੀ ਇੱਕ ਵਾਕਫ਼ਕਾਰ ਨੇ ਦੱਸਿਆ ਕਿ ਉਥੇ ਉਸਦੇ ਬੱਚੇ ਦੇ ਜਣੇਪੇ ਵਕਤ ਵੀ.ਆਈ.ਪੀ. ਟਰੀਟਮੈਂਟ ਦਿੱਤਾ ਗਿਆ ਡਾਕਟਰਾਂ ਦੀ ਇੱਕ ਵੱਡੀ ਟੀਮ ਇੱਕ-ਇੱਕ ਗਤੀਵਿਧੀ ਦਾ ਖ਼ਿਆਲ ਰੱਖ ਰਹੀ ਸੀ, ਬਿਨਾਂ ਇੱਕ ਵੀ ਪੈਸੇ ਤੋਂ ਪੂਰੀ ਖ਼ਾਤਰਦਾਰੀ ਅਤੇ ਮਾਣ ਸਨਮਾਨ, ਜਿਸ ਦੀ ਇੱਕ ਮਾਂ ਹੱਕਦਾਰ ਹੁੰਦੀ ਹੈ ਆਪਣੀ ਆਉਣ ਵਾਲੀ ਪੀੜ੍ਹੀ ਦਾ ਖ਼ਿਆਲ ਉਸ ਵਿਦੇਸ਼ੀ ਸਮਾਜ ਦੀ ਸਭ ਤੋਂ ਵੱਡੀ ਪਹਿਲ ਹੈ, ਕਈ ਤਰ੍ਹਾਂ ਦੇ ਖਿਡੌਣੇ ਦੇ ਕੇ ਬੱਚੇ ਨੂੰ ਹਸਪਤਾਲ ਤੋਂ ਵਿਦਾ ਕੀਤਾ ਗਿਆ ਅਜਿਹਾ ਉਸਦੇ ਕਹਿਣ ਮੁਤਾਬਕ ਸੀ
ਪਰ ਸਾਡਾ ਪ੍ਰਬੰਧ ਏਨਾ ਸ਼ਾਨਦਾਰ ਕਦੋਂ ਤੇ ਕਿਵੇਂ ਹੋ ਸਕਦਾ ਹੈ? ਅੱਜ ਹੀ ਅਤੇ ਬੜੀ ਅਸਾਨੀ ਨਾਲ ਹੋ ਸਕਦਾ ਹੈ, ਪਰ ਚਾਹ ਹੋਵੇ ਆਪਣੀ ਪੀੜ੍ਹੀ ‘ਚ ਆਪਣਾ ਭਵਿੱਖ ਵੇਖਣ ਦੀ ਜਨਤਾ ਨੂੰ ਜਾਗਰੂਕ ਕਰਨਾ ਸਮਾਜ ਦੇ ਸੱਭਿਅਕ ਹੋਣ ਦਾ ਸਬੂਤ ਹੈ ਨਾ ਕਿ ਆਪਣੀਆਂ ਜਿੱਤਾਂ ਲਈ ਰੌਲ਼ਾ ਪਾ ਕੇ ਅਣਕਿਆਸੇ ਅੰਦਾਜ਼ਿਆਂ ਤੇ ਸੁਫ਼ਨਿਆਂ ਨਾਲ ਜਨਤਾ ਨੂੰ ਮਗਰ ਲਾ ਕੇ ਭਰਮ-ਭੁਲੇਖੇ ਪੈਦਾ ਕਰਨਾ
ਵਿਕਾਸ ਸਿਰਫ਼ ਤਕਨੀਕੀ ਤੌਰ ‘ਤੇ ਹੋਇਆ ਨਹੀਂ ਮੰਨਿਆ ਜਾਂਦਾ, ਜਦ ਤੱਕ ਆਮ ਲੋਕਾਂ ਦਾ ਰਹਿਣ-ਸਹਿਣ, ਜਿਉਣ-ਢੰਗ, ਮੁੱਢਲੇ ਗੁਜ਼ਾਰੇ ਪੂਰੇ ਨਹੀਂ ਹੁੰਦੇ ਅੱਜ ਵੀ ਇੱਕ ਔਰਤ ਸੜਕ ‘ਤੇ ਬੱਚੇ ਨੂੰ ਜਨਮ ਦੇਣ ਲਈ ਮਜ਼ਬੂਰ ਹੈ ਭੀਖ ਮੰਗਣ ਦੀ ਮੰਦਭਾਗੀ ਤੇ ਸ਼ਰਮਨਾਕ ਬਿਮਾਰੀ ਜੇ ਖ਼ਤਮ ਨਹੀਂ ਹੋ ਸਕਦੀ ਤਾਂ ਭਿਖਾਰੀਆਂ ਦੀ ਗਿਣਤੀ ਘੱਟ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ ਹਸਪਤਾਲਾਂ ‘ਚ ਦਵਾਈਆਂ, ਸਹੀ ਢੰਗ ਨਾਲ ਇਲਾਜ, ਆਲੇ-ਦੁਆਲੇ ਦੀ ਸਫ਼ਾਈ ਦਾ ਮਜ਼ਬੂਤ ਤੇ ਪੁਖ਼ਤਾ ਪ੍ਰਬੰਧ, ਹਰ ਬੱਚੇ ਦੀ ਲਾਜ਼ਮੀ ਪੜ੍ਹਾਈ ਨੂੰ ਯਕੀਨੀ ਬਣਾਉਣਾ ਨਾ ਕਿ ਸਿਰਫ਼ ਕਾਗਜ਼ਾਂ ਦਾ ਸ਼ਿੰਗਾਰ ਹੋਵੇ, ਬਾਲ ਮਜ਼ਦੂਰੀ, ਭਰੂਣ ਹੱਤਿਆ ‘ਤੇ ਸਖ਼ਤ ਰੋਕਾਂ ਵਰਗੇ ਪ੍ਰਬੰਧ ਸਮਾਜ ਦੀ ਅਗਾਂਹਵਧੂ, ਸੁਖੀ ਤੇ ਤਸੱਲੀਬਖ਼ਸ਼ ਨੁਹਾਰ ਨੂੰ ਵਿਖਾਉਂਦੇ ਹਨ
ਇੱਕ ਪੜ੍ਹਿਆ-ਲਿਖਿਆ ਜਾਗਰੂਕ ਅਤੇ ਮੁੱਢਲੀਆਂ ਲੋੜਾਂ ਨਾਲ ਸੁਖਦ ਜੀਵਨ ਜਿਉਂਦਾ ਵਰਗ ਹੀ ਵਿਕਸਿਤ ਸੋਚ ਰੱਖ ਸਕਦਾ ਹੈ ਅਤੇ ਵਿਕਾਸ ਦੀ ਹਾਮੀ ਭਰਦਾ ਲੀਹੇ-ਲੀਹੇ ਤੁਰਦਾ ਵਿਕਾਸਸ਼ੀਲਤਾ ਤੋਂ ਵਿਕਸਿਤ ਹੋ ਸਕਦਾ ਹੈ
ਜਸਪਾਲ ਕੌਰ
ਅੰਮ੍ਰਿਤਸਰ
ਮੋ. 94640-20767

ਪ੍ਰਸਿੱਧ ਖਬਰਾਂ

To Top