Breaking News

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕਾਂਗਰਸ ਦੇ ਉਮੀਦਵਾਰਾਂ ਦੀ ਜਾਅਲੀ ਸੂਚੀ

  • ਕਾਂਗਰਸ ਨੇ ਲਿਸਟ ਨੂੰ ਨਕਾਰਿਆ, ਕਿਹਾ ਪਾਰਟੀ ਉਮੀਦਵਾਰਾਂ ਨੂੰ ਭੰਬਲਭੂਸੇ ਵਿੱਚ ਪਾਉਣ ਦੀ ਕੋਸ਼ਿਸ਼
  • ਸ਼ਰਾਰਤੀ ਤੱਤ ਕਰ ਰਹੇ ਹਨ ਇਹ ਹਰਕਤ, ਅਜੇ ਤਾਂ ਕਾਗਜ਼ਾ ਦੀ ਚੈਕਿੰਗ ਵੀ ਨਹੀਂ ਹੋਈ ਲਿਸਟ ਕਿਵੇਂ ਹੋ ਗਈ ਫਾਈਨਲ : ਅਮਰਿੰਦਰ ਸਿੰਘ 
  • ਸੋਸ਼ਲ ਮੀਡੀਆ ‘ਤੇ ਚਲ ਰਹੀ ਐ 55 ਉਮੀਦਵਾਰਾਂ ਦੀ ਜਾਅਲੀ ਲਿਸਟ, ਲਿਸਟ ਵਿੱਚ ਜ਼ਿਆਦਾਤਰ ਮੌਜੂਦਾ ਵਿਧਾਇਕ

ਅਸ਼ਵਨੀ ਚਾਵਲਾ
ਚੰਡੀਗੜ੍ਹ, ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕਲ ਇੱਕ ਲਿਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਜਿਸ ਵਿੱਚ ਕਾਂਗਰਸ ਦੇ ਇੱਕ ਜਾਂ ਫਿਰ ਦੋ ਨਹੀਂ ਸਗੋਂ 55 ਉਮੀਦਵਾਰਾਂ ਦਾ ਨਾਂਅ ਦਿੱਤਾ ਹੋਇਆ ਹੈ। ਕਾਂਗਰਸ ਦੇ ਉਮੀਦਵਾਰਾਂ ਦੀ ਜਾਅਲੀ ਲਿਸਟ ਵਿੱਚ ਜ਼ਿਆਦਾਤਰ ਵਿਧਾਇਕ ਉਮੀਦਵਾਰ ਵਜੋਂ ਉਨ੍ਹਾਂ ਦਾ ਨਾਅ ਸ਼ਾਮਲ ਹੈ ਜਿਹੜੇ ਕਿ ਲਗਭਗ ਉਨ੍ਹਾਂ ਸੀਟਾਂ ਤੋਂ ਪੱਕੇ ਤੌਰ ‘ਤੇ ਉਮੀਦਵਾਰ ਹੋਣਗ। ਜਿਸ ਕਾਰਨ ਇਸ ਲਿਸਟ ‘ਤੇ ਹਰ ਕੋਈ ਆਸਾਨੀ ਨਾਲ ਵਿਸ਼ਵਾਸ ਕਰਦੇ ਹੋਏ ਇਸ ਨੂੰ ਅੱਗੇ ਆਪਣੇ ਸਾਥੀਆ ਨੂੰ ਭੇਜਣ ਵਿੱਚ ਲੱਗਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਜਾਅਲੀ ਲਿਸਟ ਨੂੰ ਦੇਖਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸਖ਼ਤ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਨੂੰ ਸ਼ਰਾਰਤੀ ਤੱਤਾ ਦੀ ਕਾਰਸਤਾਨੀ ਕਰਾਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਲਿਸਟ ‘ਤੇ ਵਿਸ਼ਵਾਸ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਾਂਗਰਸੀ ਲੀਡਰਾਂ ਨੂੰ ਸੁਚੇਤ ਰਹਿਣ ਦੀ ਗਲ ਆਖੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਕਈ ਵਾਰ ਐਲਾਨ ਕੀਤਾ ਸੀ ਕਿ ਸਤੰਬਰ ਦੇ ਪਹਿਲੇ ਹਫ਼ਤੇ ਜਾਂ ਫਿਰ ਇਸੇ ਮਹੀਨੇ ਦੇ ਅੱਧਵਿਚਕਾਰ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਆ ਜਾਵੇਗੀ ਜਿਸ ਕਾਰਨ ਟਿਕਟ ਨੂੰ ਲੈ ਦੇ ਚਾਹਵਾਨ ਇਸ ਲਿਸਟ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਿੱਚ ਲਗੇ ਹੋਏ ਸਨ। ਇਸੇ ਬੇਸਬਰੀ ਦਾ ਫਾਇਦਾ ਚੁੱਕਦੇ ਹੋਏ ਕੁਝ ਸ਼ਰਾਰਤੀ ਤੱਤਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੇ 55 ਉਮੀਦਵਾਰਾਂ ਦੀ ਜਾਅਲੀ ਲਿਸਟ ਤਿਆਰ ਕਰਦੇ ਹੋਏ ਉਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਤਾਂ ਕਿ ਟਿਕਟ ਲੈਣ ਲਈ ਲਾਇਨ ਵਿੱਚ ਕਾਂਗਰਸੀ ਲੀਡਰਾਂ ਦੀ ਆਸ ਟੁੱਟਦੇ ਹੋਏ ਉਹ ਹੁਣ ਹੀ ਕਾਂਗਰਸ ਵਿੱਚ ਬਗਾਵਤ ਕਰਨ ਦੀ ਤਿਆਰੀ ਕਰ ਲੈਣ। ਇਸ ਜਾਅਲੀ ਲਿਸਟ ਵਿੱਚ ਬਹੁਤ ਹੀ ਹੁਸ਼ਿਆਰੀ ਨਾਲ 55 ਉਨ੍ਹਾਂ ਉਮੀਦਵਾਰਾਂ ਦਾ ਨਾਅ ਸ਼ਾਮਲ ਕੀਤਾ ਗਿਆ ਹੈ ਜਿਹੜੇ ਕਿ ਜ਼ਿਆਦਾਤਰ ਵਿਧਾਇਕ ਹਨ ਜਾਂ ਫਿਰ ਉਹ ਉਮੀਦਵਾਰ ਹਨ, ਜਿਨ੍ਹਾਂ ਨੂੰ ਉਸ ਹਲਕੇ ਵਿੱਚੋਂ ਟਿਕਟ ਮਿਲਣਾ ਲਗਭਗ ਤੈਅ ਮੰਨਿਆਂ ਜਾ ਰਿਹਾ ਹੈ ਜਿਸ ਕਾਰਨ ਇਸ ਜਾਅਲੀ ਲਿਸਟ ਦੇ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ‘ਤੇ ਵਿਸ਼ਵਾਸ ਕਰਨ ਵਿੱਚ ਲੱਗਿਆ ਹੋਇਆ ਹੈ।
ਇਸੇ ਦਰਮਿਆਨ ਜਾਅਲੀ ਲਿਸਟ ਲਈ ਸਪਸ਼ਟੀਕਰਨ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਇਸ ਲਿਸਟ ਦਾ ਖੰਡਨ ਕਰਦੇ ਹੋਏ ਇਸ ਨੂੰ ਸ਼ਰਾਰਤੀ ਤੱਤਾ ਦੀ ਕਾਰਸਤਾਨੀ ਕਰਾਰ ਦਿੱਤਾ ਹੈ। ਅਮਰਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਵਿੱਚ ਟਿਕਟ ਦੇ ਦਾਅਵੇਦਾਰਾਂ ਵਿੱਚ ਭੰਬਲਭੂਸਾ ਪੈਦਾ ਕਰਨ ਲਈ ਜਾਅਲੀ ਲਿਸਟ ਤਿਆਰ ਕਰਕੇ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ ਤਾਂ ਕਿ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਟਿਕਟ ਲਈ ਆਈਆ ਹੋਈਆਂ ਅਰਜ਼ੀਆਂ ਦੀ ਜਾਂਚ ਚਲ ਰਹੀਂ ਹੈ ਅਤੇ ਇਸ ਜਾਂਚ ਦੇ ਮੁਕੰਮਲ ਹੋਣ ਤੋਂ ਬਾਅਦ ਅਗਲੇ ਹਫ਼ਤੇ ਤੱਕ ਇਸ ਲਿਸਟ ਨੂੰ ਸਕ੍ਰਿਨਿੰਗ ਕਮੇਟੀ ਕੋਲ ਭੇਜਿਆ ਜਾਵੇਗਾ ਜਿਹੜੀ ਕਿ ਹਰ ਹਲਕੇ ਤੋਂ 2-3 ਟਿਕਟ ਦੇ ਦਾਅਵੇਦਾਰਾਂ ਦੀ ਪੇਸ਼ਕਾਰੀ ਤਿਆਰ ਕਰਦੇ ਹੋਏ ਕਾਂਗਰਸ ਹਾਈ ਕਮਾਨ ਕੋਲ ਦਿੱਲੀ ਵਿਖੇ ਭੇਜੇਗੀ ਜਿਸ ਤੋਂ ਬਾਅਦ ਹੀ ਹਾਈ ਕਮਾਨ ਵਲੋਂ ਆਖਰੀ ਫੈਸਲਾ ਲੈਂਦੇ ਹੋਏ ਲਿਸਟ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਦੋਂ ਵੀ ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ, ਉਸ ਦਾ ਬਕਾਇਦਾ ਐਲਾਨ ਕਰਦੇ ਹੋਏ ਹਰ ਕਿਸੇ ਨੂੰ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ ਨਾ ਕਿ ਇਸ ਤਰ੍ਹਾਂ ਸੋਸ਼ਲ ਮੀਡੀਆ ਰਾਹੀਂ ਜਾਅਲੀ ਲਿਸਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਆਪਣੇ ਕਾਂਗਰਸੀ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਸ਼ਰਾਰਤੀ ਤੱਤਾ ਦੀਆਂ ਹਰਕਤਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਚੋਣਾਂ ਸਮੇਂ ਹੋਰ ਸ਼ਰਾਰਤੀ ਤੱਤ ਇਸ ਤਰ੍ਹਾਂ ਦੀਆਂ ਕਈ ਅਫ਼ਵਾਹਾਂ ਫੈਲਾਉਣ ਦੀ ਕੋਸ਼ਸ਼ ਕਰਨਗੇ।

ਪ੍ਰਸਿੱਧ ਖਬਰਾਂ

To Top