ਪੰਜਾਬ

ਸਰਕਾਰ ਨੇ ਕਾਮਨਵੈਲਥ ਤੇ ਏਸ਼ੀਆਈ ਖੇਡਾਂ ਦੇ ਜੇਤੂ 23 ਖਿਡਾਰੀਆਂ ਨੂੰ ਵੰਡੇ ਇਨਾਮ, ਸਪਾਂਸਰਾਂ ਦੀ ਲਈ ਮਦਦ 

Government, Awarded, Prizes, Commonwealth, Asian, Games, Champions, Sponsors

ਹੋਟਲ ਦੀ ਬੁੱਕਿੰਗ ਖ਼ਰਚ ‘ਚ ਮਦਦ ਤੋਂ ਲੈ ਕੇ ਐਪਲ ਆਈ ਫੋਨ ਤੱਕ ਦਿੱਤੇ ਸਪਾਂਸਰਾਂ ਨੇ

ਪੰਜਾਬ ਸਰਕਾਰ ਵੱਲੋਂ ਵੰਡੇ ਗਏ 15.55 ਕਰੋੜ ਰੁਪਏ

ਚੰਡੀਗੜ੍ਹ, ਅਸ਼ਵਨੀ ਚਾਵਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ-2018 ‘ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਫੰਡ ਵਜੋਂ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਾਰੇ ਖਿਡਾਰੀਆਂ ਨੂੰ ਐਪਲ ਆਈ ਫੋਨ ਵੀ ਦਿੱਤਾ ਗਿਆ। ਹਾਲਾਂਕਿ ਐਪਲ ਆਈ ਫੋਨ ਸਰਕਾਰ ਵੱਲੋਂ, ਨਹੀਂ ਸਗੋਂ ਇੱਕ ਸਪਾਂਸਰ ਵੱਲੋਂ ਦਿੱਤਾ ਗਿਆ, ਜਿਹੜਾ ਕਿ ਪੰਜਾਬ ਸਰਕਾਰ ਦੇ ਕਹਿਣ ‘ਤੇ ਤਿਆਰ ਹੋਇਆ ਸੀ। ਇਸ ਨਾਲ ਹੀ ਚੰਡੀਗੜ੍ਹ ਵਿਖੇ ਹੋਏ ਇਸ ਐਵਾਰਡ ਸਮਾਗਮ ‘ਚ ਕਈ ਹੋਰ ਸਪਾਂਸਰਾਂ ਦੀ ਮਦਦ ਵੀ ਪੰਜਾਬ ਸਰਕਾਰ ਵੱਲੋਂ ਲਈ ਗਈ।

ਇਨ੍ਹਾਂ ਸਪਾਂਸਰਾਂ ‘ਚ ਆਈਸੀਆਈਸੀਆਈ ਬੈਂਕ ਵੀ ਪ੍ਰਮੁੱਖ ਤੌਰ ‘ਤੇ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ 23 ਐਪਲ ਆਈ ਫੋਨ ਦੇਣ ਦੇ ਨਾਲ ਹੀ 5 ਸਟਾਰ ਹੋਟਲ ਬੂਕਿੰਗ ‘ਚ ਮਦਦ ਤੋਂ ਲੈ ਕੇ ਹੋਰ ਖਰਚੇ ਕੀਤੇ ਗਏ ਹਨ, ਜਿਸ ‘ਚ ਖਿਡਾਰੀਆਂ ਨੂੰ ਸਿਰਫ ਪੈਸਾ ਹੀ ਸਰਕਾਰ ਵੱਲੋਂ ਦਿੱਤੀ ਗਿਆ।

ਇਸ ਮੌਕੇ ਆਪਣੇ ਭਾਸ਼ਣ ‘ਚ ਮੁੱਖ ਮੰਤਰੀ ਨੇ ਹੇਠਲੇ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹ ਦੇਣ ਤੇ ਵੱਖ-ਵੱਖ ਪਹਿਲਕਦਮੀਆਂ ਰਾਹੀਂ ਖੇਡਾਂ ‘ਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਅਗਲੀ ਉਲੰਪਿਕ ‘ਚ ਪੰਜਾਬ ਦੇ ਖਿਡਾਰੀ ਪੂਰੀ ਤਰ੍ਹਾਂ ਚਮਕਣਗੇ ਕਿਉਂਕਿ ਸੂਬੇ ‘ਚ ਹੁਨਰ ਦੀ ਕੋਈ ਵੀ ਕਮੀ ਨਹੀਂ ਹੈ।

ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤੇ ਖਿਡਾਰੀਆਂ ‘ਚੋਂ ਹਿਨਾ ਸਿੱਧੂ ਨੂੰ 1.75 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਉਸ ਨੇ ਕਾਮਨਵੈਲਥ ਤੇ ਏਸ਼ੀਆਈ ਖੇਡਾਂ ‘ਚ ਪਿਸਟਲ ਸ਼ੂਟਿੰਗ ‘ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ ਸਨ। ਇਸੇ ਤਰ੍ਹਾਂ ਹੀ ਪ੍ਰਨਾਬ ਚੋਪੜਾ (ਬੈਡਮਿੰਟਨ ‘ਚ ਸੋਨ ਤਮਗਾ ਜਿੱਤਣ ਲਈ 75 ਲੱਖ ਰੁਪਏ), ਅੰਜੁਮ ਮੋਦਗਿਲ (ਸ਼ੂਟਿੰਗ ‘ਚ ਚਾਂਦੀ ਦਾ ਤਮਗਾ ਜਿੱਤਣ ਲਈ 50 ਲੱਖ ਰੁਪਏ), ਨਵਜੀਤ ਕੌਰ ਢਿੱਲੋਂ (ਡਿਸਕਸ ‘ਚ ਕਾਂਸੇ ਦਾ ਤਮਗਾ ਜਿੱਤਣ ਲਈ 40 ਲੱਖ ਰੁਪਏ), ਵਿਕਾਸ ਠਾਕੁਰ (ਵੇਟ ਲਿਫਟਿੰਗ ‘ਚ ਕਾਂਸੇ ਦਾ ਤਮਗਾ ਜਿੱਤਣ ਲਈ 40 ਲੱਖ ਰੁਪਏ) ਨੂੰ ਸਨਮਾਨਿਤ ਕੀਤਾ ਗਿਆ ਹੈ। ਵੇਟਲਿਫਟਰ ਪ੍ਰਭਦੀਪ ਸਿੰਘ ਵੱਲੋਂ ਚਾਂਦੀ ਦਾ ਤਮਗਾ ਜਿੱਤਣ ਲਈ 50 ਲੱਖ ਰੁਪਏ ਦਾ ਇਨਾਮ ਉਸਦੀ ਮਾਤਾ ਨੇ ਪ੍ਰਾਪਤ ਕੀਤਾ।

ਏਸ਼ੀਆਈ ਖੇਡਾਂ ‘ਚ ਤਜਿੰਦਰ ਪਾਲ ਸਿੰਘ ਤੂਰ ਤੇ ਸਵਰਨ ਸਿੰਘ ਨੂੰ ਕ੍ਰਮਵਾਰ ਗੋਲਾ ਸੁੱਟਣ ਤੇ ਰੋਇੰਗ ‘ਚ ਸੋਨ ਤਮਗਾ ਜਿੱਤਣ ਵਾਸਤੇ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ ਹੈ।

ਜਕਾਰਤਾ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀ ਵਿੱਚ ਸ਼ਾਮਲ ਹੋਰਨਾਂ ਖਿਡਾਰੀਆਂ ਨੂੰ ਵੀ 50-50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਜੋ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਾਪਤ ਕੀਤਾ ਹੈ। ਇਹ ਖਿਡਾਰੀ ਇਸ ਵੇਲੇ ਭਾਰਤੀ ਹਾਕੀ ਦੇ ਰਾਸ਼ਟਰੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਰੋਇੰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਭਗਵਾਨ ਸਿੰਘ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਖੇਡ ਸਮਾਰੋਹ ਨੂੰ ਪੰਜਾਬ ਦੇ ਖੇਡ ਇਤਿਹਾਸ ਵਿੱਚ ਅਹਿਮ ਮੌਕੇ ਦੱਸਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਦੀ ਵਾਗਡੋਰ ਇਸ ਵੇਲੇ ਖੁਦ ਖਿਡਾਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ‘ਚ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਹਾਲ ਹੀ ‘ਚ ਵਿਆਪਕ ਖੇਡ ਨੀਤੀ ਨੂੰ ਅਮਲ ‘ਚ ਲਿਆਂਦਾ ਹੈ, ਜਿਸ ਨਾਲ ਪੰਜਾਬ ‘ਚ ਖੇਡਾਂ ਨੂੰ ਹੋਰ ਉਤਸ਼ਾਹ ਮਿਲੇਗਾ।

ਹੱਥ ਅੱਡਣ ਤੋਂ ਪਹਿਲਾਂ ਸਾਡੇ ਨਾਲ ਗੱਲ ਕਰ ਲੈਂਦੀ ਸਰਕਾਰ, ਅਸੀਂ ਦੇ ਦਿੰਦੇ ਪੈਸੇ : ਵਿੱਜ

ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਕੋਲ ਹੁਣ ਸਮਾਗਮ ਕਰਨ ਲਈ ਵੀ ਪ੍ਰਾਈਵੇਟ ਕੰਪਨੀਆਂ ਤੋਂ ਸਪਾਂਸਰਸ਼ਿਪ ਲੈਣ ਦੀ ਜ਼ਰੂਰਤ ਪੈਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਕਿਸੇ ਕੰਪਨੀ ਕੋਲ ਹੱਥ ਅੱਡਣ ਦੀ ਬਜਾਇ ਪੰਜਾਬ ਸਰਕਾਰ ਉਨ੍ਹਾਂ ਨਾਲ ਗੱਲ ਕਰ ਲੈਂਦੀ, ਉਹ ਹਰਿਆਣਾ ਵੱਲੋਂ ਪੈਸੇ ਦੇ ਦਿੰਦੇ ਪਰ ਇੰਜ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਹੈ ਕਿ ਉਹ 70-80 ਹਜ਼ਾਰ ਰੁਪਏ ਦਾ ਐਪਲ ਆਈ ਫੋਨ ਲੈਣ ਲਈ ਕੰਪਨੀਆਂ ਅੱਗੇ ਹੱਥ ਅੱਡ ਰਹੀ ਹੈ।

ਸਿੱਧੂ ਨੂੰ ਨਹੀਂ ਮਿਲਿਆ ਮੌਕਾ, ਪਰਗਟ ਸਿੰਘ ਤੋਂ ਹੀ ਇਨਾਮ ਵੰਡਵਾਉਂਦੇ ਰਹੇ ਅਮਰਿੰਦਰ ਸਿੰਘ

ਇਨਾਮ ਵੰਡ ਸਮਾਹੋਰ ਵਿੱਚ ਨਵਜੋਤ ਸਿੱਧੂ ਨੂੰ ਸਟੇਜ ‘ਤੇ ਸੱਦ ਲਿਆ ਗਿਆ ਸੀ ਪਰ ਸਟੇਜ ‘ਤੇ ਇੱਕ ਵਾਰ ਫੁੱਲਾਂ ਦਾ ਗੁਸਦਲਤਾ ਇੱਕ ਖਿਡਾਰੀ ਨੂੰ ਦਿਵਾਉਣ ਤੋਂ ਇਲਾਵਾ ਇੱਕ ਵੀ ਇਨਾਮ ਨਵਜੋਤ ਸਿੱਧੂ ਦੇ ਹੱਥੋਂ ਖਿਡਾਰੀਆਂ ਨੂੰ ਨਹੀਂ ਦਿਵਾਇਆ ਗਿਆ। ਜਦੋਂ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਖੜ੍ਹੇ ਪਰਗਟ ਸਿੰਘ ਤੇ ਮਿਲਖਾ ਸਿੰਘ ਤੋਂ ਅਮਰਿੰਦਰ ਸਿੰਘ ਵਾਰ-ਵਾਰ ਇਨਾਮ ਵੰਡਵਾਉਂਦੇ ਰਹੇ।

ਸੁਖਦੇਵ ਢੀਂਡਸਾ ਪੁੱਜੇ ਸਮਾਗਮ ‘ਚ ਪਰ ਨਹੀਂ ਕੀਤੀ ਕੋਈ ਗੱਲਬਾਤ

ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਚੱਲ ਰਹੇ ਸੁਖਦੇਵ ਸਿੰਘ ਢੀਂਡਸਾ ਕਾਂਗਰਸ ਦੀ ਸਰਕਾਰ ਵੱਲੋਂ ਕਰਵਾਏ ਗਏ ਇਨਾਮ ਵੰਡ ਸਮਾਗਮ ‘ਚ ਤਾਂ ਪੁੱਜੇ ਪਰ ਉਨ੍ਹਾਂ ਨੇ ਰਾਜਨੀਤਿਕ ਮੁੱਦੇ ‘ਤੇ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਪੱਤਰ ਲਿਖਣ ਤੋਂ ਬਾਅਦ ਉਨ੍ਹਾਂ ਦੀ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ ‘ਤੇ ਪਹਿਲਾਂ ਵਾਂਗ ਖੜ੍ਹੇ ਹਨ ਅਤੇ ਜਿਹੜੀ ਚਿੱਠੀ ਉਨ੍ਹਾਂ ਲਿਖੀ ਸੀ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਉਨ੍ਹਾਂ ਇਸ ਤੋਂ ਜ਼ਿਆਦਾ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top