Breaking News

ਨਵੇਂ ਸਾਲ ਦੀ ਆਸ, ਸ਼ਾਂਤੀ ਲਈ ਕਰੀਏ ਅਰਦਾਸ

Hope, New Year, Peace Prayers, Article

ਲਲਿਤ ਗਰਗ
ਨਵਾਂ ਸਾਲ ਹੈ ਕੀ? ਮੁੜ ਕੇ ਇੱਕ ਵਾਰ ਅਤੀਤ ਨੂੰ ਵੇਖ ਲੈਣ ਦਾ ਸੁਨਹਿਰੀ ਮੌਕਾ । ਕੀ ਗੁਆਇਆ, ਕੀ ਪਾਇਆ, ਇਸ ਗਣਿੱਤ  ਦੇ ਸਵਾਲ ਦਾ ਸਹੀ ਜਵਾਬ। ਆਉਣ ਵਾਲੇ ਕੱਲ੍ਹ ਦੀ ਰਚਨਾਤਮਕ ਤਸਵੀਰ ਬਣਾਉਣ ਦਾ ਪ੍ਰੇਰਕ ਪਲ । ਕੀ ਬਣਾਉਣਾ,  ਕੀ ਮਿਟਾਉਣਾ, ਇਸ ਮੁਲਾਂਕਣ ਵਿੱਚ ਸੰਕਲਪਾਂ ਦੀ ਸੁਰੱਖਿਆ ਪੰਕਤੀਆਂ ਦਾ ਨਿਰਮਾਣ ।  ‘ਅੱਜ’,  ‘ਹੁਣੇ’,  ‘ਇਸ ਪਲ’ ਨੂੰ ਪੂਰਨਤਾ ਨਾਲ ਜੀ ਲੈਣ ਦਾ ਜਾਗ੍ਰਿਤ ਅਭਿਆਸ ।

ਨਵੇਂ ਸਾਲ ਦੀ ਸ਼ੁਰੂਆਤ ਹਰ ਵਾਰ ਇੱਕ ਨਵਾਂ ਸੰਦੇਸ਼, ਨਵਾਂ ਗਿਆਨ,  ਨਵਾਂ ਸਵਾਲ ਲੈ ਕੇ ਆਉਂਦੀ ਹੈ। ਇੱਕ ਸਾਰਥਕ ਸਵਾਲ ਇਹ ਵੀ ਹੈ ਕਿ ਵਿਅਕਤੀ ਊਰਜਾਵਾਨ ਹੀ ਜਨਮ ਲੈਂਦਾ ਹੈ ਜਾਂ ਉਸਨੂੰ ਸਮਾਜ ਊਰਜਾਵਾਨ ਬਣਾਉਂਦਾ ਹੈ? ਉਦੋਂ ਦਿਮਾਗ ਦੀ ਸੁੰਦਰਤਾ ਦਾ ਕੀ ਅਰਥ ਰਹਿ ਜਾਂਦਾ ਹੈ । ਮਨੁੱਖੀ ਜੀਵਨ ਦੀ ਉਪਲੱਬਧੀ ਹੈ ਚੇਤਨਾ, ਆਪਣੀ ਹੋਂਦ ਦੀ ਪਹਿਚਾਣ। ਇਸ ਅਧਾਰ ‘ਤੇ ਵਸਤੂਪਰਖ਼ ਨਾਲ ਜੀਵਨ ਵਿੱਚ ਅਨੰਦ।  ਆਪਣੀ ਵੱਡੀ ਅੰਦਰੂਨੀ ਤਾਕਤ ਨਾਲ ਅਸੀਂ ਸਾਲ ਭਰ ਊਰਜਾਵਾਨ ਬਣੇ ਰਹਿ ਸਕਦੇ ਹਾਂ ।  ਪਰ ਇਸ ਲਈ ਸਾਡੀ ਤਿਆਰੀ ਵੀ ਚਾਹੀਦੀ ਹੈ ਅਤੇ ਸੰਕਲਪ ਵੀ ।

ਇਸ ਸਾਲ ਦਾ ਸਾਡਾ ਵੀ ਕੋਈ-ਨਾ-ਕੋਈ ਸੰਕਲਪ ਹੋਵੇ ਅਤੇ ਇਹ ਸੰਕਲਪ ਹੋ ਸਕਦਾ ਹੈ ਕਿ ਅਸੀਂ ਆਪ ਸ਼ਾਂਤੀਪੂਰਨ ਜੀਵਨ ਜੀਏ ਅਤੇ ਸਭ ਲਈ ਸ਼ਾਂਤੀਪੂਰਨ ਜੀਵਨ ਦੀ ਕਾਮਨਾ ਕਰੀਏ। ਅਜਿਹਾ ਸੰਕਲਪ ਅਤੇ ਅਜਿਹਾ ਜੀਵਨ ਸੱਚਮੁੱਚ ਨਵੇਂ ਸਾਲ ਨੂੰ ਸਾਰਥਿਕ ਬਣਾ ਸਕਦਾ ਹੈ।

ਅੱਜ ਹਰ ਵਿਅਕਤੀ ਚਾਹੁੰਦਾ ਹੈ ਕਿ ਨਵਾਂ ਸਾਲ ਮੇਰੇ ਲਈ ਸ਼ੁੱਭ, ਸ਼ਾਂਤੀਪੂਰਨ ਅਤੇ ਮੰਗਲਕਾਰੀ ਹੋਵੇ । ਸੰਸਾਰ ਵਿੱਚ ਛੇ-ਸੱਤ ਅਰਬ ਮਨੁੱਖਾਂ ਵਿੱਚ ਕੋਈ ਵੀ ਮਨੁੱਖ ਅਜਿਹਾ ਨਹੀਂ ਹੋਵੇਗਾ ਜੋ ਸ਼ਾਂਤੀ ਨਾ ਚਾਹੁੰਦਾ ਹੋਵੇ। ਮਨੁੱਖ ਹੀ ਕਿਉਂ ਪਸ਼ੂ-ਪੰਛੀ,  ਕੀਟ-ਪਤੰਗੇ ਆਦਿ ਛੋਟੇ-ਤੋਂ- ਛੋਟਾ ਪ੍ਰਾਣੀ ਵੀ ਸ਼ਾਂਤੀ ਦੀ ਇੱਛਾ ਵਿੱਚ ਬੇਚੈਨ ਰਹਿੰਦਾ ਹੈ। ਇਹ ਢਾਈ ਅੱਖਰ ਦਾ ਅਜਿਹਾ ਸ਼ਬਦ ਹੈ ਜਿਸਨੂੰ ਸੰਸਾਰ ਦੀਆਂ ਸਾਰੀਆਂ ਆਤਮਾ ਚਾਹੁੰਦੀਆਂ ਹਨ। ਯਜੁਰਵੇਦ ਵਿੱਚ ਪ੍ਰਾਰਥਨਾ ਦੇ ਸੁਰ ਹਨ ਕਿ ਸਵਰਗ,  ਆਕਾਸ਼ ਅਤੇ ਧਰਤੀ ਸ਼ਾਂਤੀ ਰੂਪ ਹੋਣ ।

ਪਾਣੀ,  ਔਸ਼ਧੀ, ਬਨਸਪਤੀ, ਵਿਸ਼ਵ-ਦੇਵ, ਪਾਰਬ੍ਰਹਮ ਅਤੇ ਸਾਰਾ ਸੰਸਾਰ ਸ਼ਾਂਤੀ ਦਾ ਰੂਪ ਹੋਵੇ। ਜੋ ਆਪ ਪ੍ਰਤੱਖ ਸਵਰੂਪ ਸ਼ਾਂਤੀ ਹੈ ਉਹ ਵੀ ਮੇਰੇ ਲਈ ਸ਼ਾਂਤੀ ਕਰਨ ਵਾਲੀ ਹੋਵੇ। ਇਹ ਅਰਦਾਸ ਉਦੋਂ ਸਾਰਥਿਕ ਹੋਵੇਗੀ ਜਦੋਂ ਅਸੀਂ ਸੰਜਮ,  ਸੰਤੋਖ ਨੂੰ ਸਵੀਕਾਰ ਕਰਾਂਗੇ, ਕਿਉਂਕਿ ਸੱਚੀ ਸ਼ਾਂਤੀ ਭੋਗ ਵਿੱਚ ਨਹੀਂ ਤਿਆਗ ਵਿੱਚ ਹੈ।  ਮਨੁੱਖ ਸੱਚੇ ਹਿਰਦੈ ਨਾਲ ਜਿਵੇਂ-ਜਿਵੇਂ ਤਿਆਗ  ਵੱਲ ਵਧਦਾ ਜਾਂਦਾ ਹੈ ਉਵੇਂ-ਉਵੇਂ ਸ਼ਾਂਤੀ ਉਸਦੇ ਨਜ਼ਦੀਕ ਆਉਂਦੀ ਜਾਂਦੀ ਹੈ।

ਸ਼ਾਂਤੀ ਦਾ ਇੱਕੋ ਸਾਧਨ ਹੈ- ਸੰਤੋਖ । ਤ੍ਰਿਸ਼ਨਾ ਦੀ ਬੰਜਰ ਧਰਤੀ ‘ਤੇ ਸ਼ਾਂਤੀ ਦੇ ਫੁੱਲ ਨਹੀਂ ਖਿੜ ਸਕਦੇ ਹਨ । ਮਨੁੱਖ ਸ਼ਾਂਤੀ ਦੀ ਇੱਛਾ ਤਾਂ ਕਰਦਾ ਹੈ ਪਰ ਸਹੀ ਰਸਤਾ ਫੜਨਾ ਨਹੀਂ ਚਾਹੁੰਦਾ ਹੈ । ਸਹੀ ਰਸਤੇ ਨੂੰ ਫੜੇ ਬਿਨਾ ਮੰਜਿਲ ਕਿਵੇਂ ਮਿਲ ਸਕਦੀ ਹੈ। ਸ਼ਾਂਤੀ ਦਾ ਰਸਤਾ ਫੜੇ ਬਿਨਾਂ ਸ਼ਾਂਤੀ ਦੀ ਪ੍ਰਾਪਤੀ ਕਿਵੇਂ ਹੋ ਸਕੇਗੀ। ਮਹਾਤਮਾ ਗਾਂਧੀ ਨੇ ਸ਼ਾਂਤੀ ਦੀ ਇੱਛਾ ਇਨ੍ਹਾਂ ਸ਼ਬਦਾਂ ਵਿੱਚ ਕੀਤੀ ਹੈ ਕਿ ਮੈਂ ਉਸ ਤਰ੍ਹਾਂ ਦੀ ਸ਼ਾਂਤੀ ਨਹੀਂ ਚਾਹੁੰਦਾ ਜੋ ਸਾਨੂੰ ਕਬਰਾਂ ਵਿੱਚ ਮਿਲਦੀ ਹੈ। ਮੈਂ ਤਾਂ ਉਸ ਤਰ੍ਹਾਂ ਦੀ ਸ਼ਾਂਤੀ ਚਾਹੁੰਦਾ ਹਾਂ ਜਿਸਦਾ ਨਿਵਾਸ ਮਨੁੱਖ  ਦੇ ਹਿਰਦੇ ਵਿੱਚ ਹੈ।

ਮਨੁੱਖ  ਦੇ ਕੋਲ ਪੈਸਾ ਹੈ , ਦੌਲਤ ਹੈ, ਪਰਿਵਾਰ ਹੈ,  ਮਕਾਨ ਹੈ,  ਪੇਸ਼ਾ ਹੈ,  ਫਰਿੱਜ ਹੈ, ਕੂਲਰ ਹੈ,  ਕੰਪਿਊਟਰ ਹੈ,  ਕਾਰ ਹੈ ।  ਜੀਵਨ ਦੀਆਂ ਸੁਖ-ਸਹੂਲਤਾਂ  ਦੇ ਸਾਧਨਾਂ ਵਿੱਚ ਭਾਰੀ ਵਾਧਾ ਹੋਣ ਦੇ ਬਾਵਜੂਦ ਅੱਜ ਰਾਸ਼ਟਰ ਬੇਚੈਨ ਹੈ,  ਘਰ ਬੇਚੈਨ ਹੈ,  ਇੱਥੋਂ ਤੱਕ ਕਿ ਮਨੁੱਖ ਆਪ ਬੇਚੈਨ ਹੈ। ਚਾਰੇ ਪਾਸੇ ਅਸ਼ਾਂਤੀ, ਘੁਟਨ,  ਬੇਚੈਨੀ,  ਤਨਾਅ, ਈਰਖ਼ਾ ਅਤੇ ਹਿੰਸਾ ਦਾ ਸਾਮਰਾਜ ਹੈ।  ਅਜਿਹਾ ਕਿਉਂ ਹੈ?  ਧਨ ਅਤੇ ਦੌਲਤ ਮਨੁੱਖ ਦੀ ਮੁੱਢਲੀਆਂ ਲੋੜਾਂ- ਰੋਟੀ, ਕੱਪੜਾ ਅਤੇ ਮਕਾਨ ਮੁਹੱਈਆ ਕਰ ਸਕਦਾ ਹੈ।

ਅੱਜ ਸਮੱਸਿਆ ਰੋਟੀ, ਕੱਪੜਾ,  ਮਕਾਨ ਦੀ ਨਹੀਂ, ਸ਼ਾਂਤੀ ਦੀ ਹੈ । ਸ਼ਾਂਤੀ-ਸ਼ਾਂਤੀ ਦਾ ਪਾਠ ਕਰਨ ਨਾਲ ਸ਼ਾਂਤੀ ਨਹੀਂ ਆਵੇਗੀ। ਸ਼ਾਂਤੀ ਅਕਾਸ਼ ਰਸਤੇ ਰਾਹੀਂ ਧਰਤੀ ‘ਤੇ ਨਹੀਂ ਉੱਤਰੇਗੀ। ਸ਼ਾਂਤੀ ਬਾਜ਼ਾਰ, ਫੈਕਟਰੀ, ਮਿੱਲ, ਕਾਰਖਾਨਿਆਂ ਵਿੱਚ ਵਿਕਣ ਵਾਲੀ ਚੀਜ਼ ਨਹੀਂ ਹੈ। ਸ਼ਾਂਤੀ ਦਾ ਉਤਪਾਦਕ ਮਨੁੱਖ ਖੁ ਹੈ ਇਸ ਲਈ ਉਹ ਨੈਤਿਕਤਾ, ਪਵਿੱਤਰਤਾ ਅਤੇ ਜੀਵਨ ਮੁੱਲਾਂ ਨੂੰ ਵਿਕਸਿਤ ਕਰੇ।

ਪੱਛਮੀ ਵਿਦਵਾਨ ਟੈਨੀਸਨ ਨੇ ਲਿਖਿਆ ਹੈ ਕਿ ਸ਼ਾਂਤੀ ਤੋਂ ਇਲਾਵਾ ਦੂਜਾ ਕੋਈ ਅਨੰਦ  ਨਹੀਂ ਹੈ। ਸਚਮੁੱਚ ਜੇਕਰ ਮਨ ਦੁਖੀ,  ਪਰੇਸ਼ਾਨ, ਅਸ਼ਾਂਤ ਅਤੇ  ਬੇਚੈਨ ਹੈ ਤਾਂ ਮਖਮਲ, ਫੁੱਲਾਂ ਦੀ ਸੇਜ਼ ‘ਤੇ ਅਰਾਮ ਕਰਨ ‘ਤੇ ਵੀ ਤਿੱਖੇ ਕੰਡੇ ਚੁਭਦੇ ਰਹਿਣਗੇ । ਜਦੋਂ ਤੱਕ ਮਨ ਤੰਦਰੁਸਤ,  ਸ਼ਾਂਤ ਅਤੇ ਸਥਿਰ ਨਹੀਂ ਹੋਵੇਗਾ ਤੱਦ ਤੱਕ ਸਭ ਤਰ੍ਹਾਂ ਨਾਲ ਏ.ਸੀ. ਕਰਮੇ ਵਿੱਚ ਵੀ ਅਸ਼ਾਂਤੀ ਦਾ ਅਹਿਸਾਸ ਹੁੰਦਾ ਰਹੇਗਾ । ਸ਼ਾਂਤੀ ਦਾ ਸਬੰਧ ਚਿੱਤ ਅਤੇ ਮਨ ਨਾਲ ਹੈ । ਸ਼ਾਂਤੀ ਬਾਹਰੀ ਸੁਖ-ਸਹੂਲਤਾਂ ਵਿੱਚ ਨਹੀਂ, ਵਿਅਕਤੀ  ਦੇ ਅੰਦਰ ਮਨ ਵਿੱਚ ਹੈ। ਮਨੁੱਖ ਨੂੰ ਆਪਣੇ ਅੰਦਰ ਲੁਕੀ ਅਖੁੱਟ ਸੰਪੱਤੀ ਤੋਂ ਵਾਕਿਫ਼ ਹੋਣਾ ਹੋਵੇਗਾ ।ਅਧਿਆਤਮਕ ਗੁਰੂ ਚਿਦਾਨੰਦ ਅਨੁਸਾਰ ਸ਼ਾਂਤੀ ਦਾ ਸਿੱਧਾ ਸਬੰਧ ਸਾਡੇ ਹਿਰਦੇ ਨਾਲ ਹੈ ਸੁਹਿਰਦ ਹੋ ਕੇ ਹੀ ਸ਼ਾਂਤੀ ਦੀ ਖੋਜ ਸੰਭਵ ਹੈ।

ਸ਼ਾਂਤੀਪੂਰਨ ਜੀਵਨ  ਦੇ ਰਹੱਸ ਨੂੰ ਪ੍ਰਗਟ ਕਰਦੇ ਹੋਏ ਮਹਾਨ ਦਾਰਸ਼ਨਿਕ ਸੰਤ ਆਚਾਰੀਆਸ਼੍ਰੀ ਮਹਾਪ੍ਰਗਿਯ ਕਹਿੰਦੇ ਹਨ, ”ਜੇਕਰ ਅਸੀ ਦੂਜੇ  ਨਾਲ ਸ਼ਾਂਤੀਪੂਰਨ ਰਹਿਣਾ ਚਾਹੁੰਦੇ ਹਾਂ ਤਾਂ ਸਾਡੀ ਸਭ ਤੋਂ ਪਹਿਲੀ ਲੋੜ ਹੋਵੇਗੀ- ਅਧਿਆਤਮ ਦੀ ਚੇਤਨਾ ਦਾ ਵਿਕਾਸ।  ‘ਅਸੀਂ ਇਕੱਲੇ ਹਾਂ’,  ‘ਇਕੱਲੇ ਆਏ ਹਾਂ’- ਸਾਡੇ ਅੰਦਰ ਇਹ ਸੰਸਕਾਰ,  ਇਹ ਭਾਵਨਾ  ਜਿੰਨੀ ਪਰਿਪੱਕ ਹੋਵੇਗੀ,  ਅਸੀਂ ਓਨਾ ਹੀ ਪਰਿਵਾਰ ਜਾਂ ਸਮੂਹ  ਦੇ ਨਾਲ ਸ਼ਾਂਤੀਪੂਰਨ ਜੀਵਨ ਜੀ ਸਕਾਂਗੇ।ਸਮੇਂਸਾਰ ਦਾ ਇਹ ਨਿਯਮ ਸ਼ਾਂਤੀਪੂਰਨ ਨਿਵਾਸ ਦਾ ਵੀ ਮਹੱਤਵਪੂਰਨ ਨਿਯਮ ਹੈ। ਅਧਿਆਤਮ ਨੂੰ ਨਜ਼ਰਅੰਦਾਜ ਕਰਕੇ, ਧਰਮ ਨੂੰ ਨਜ਼ਰਅੰਦਾਜ ਕਰਕੇ ਕੋਈ ਵੀ ਵਿਅਕਤੀ ਸ਼ਾਂਤੀਪੂਰਨ ਜੀਵਨ ਨਹੀਂ ਜੀ ਸਕਦਾ ।

ਸ਼ਾਂਤੀ ਲਈ ਸਭ ਤੋਂ ਵੱਡੀ ਜ਼ਰੂਰਤ ਹੈ-ਮਨੁੱਖੀ ਕਦਰਾਂ-ਕੀਮਤਾਂ ਦਾ ਵਿਕਾਸ।  ਸੱਚ, ਅਹਿੰਸਾ,  ਪਵਿੱਤਰਤਾ ਅਤੇ ਨੈਤਿਕਤਾ ਵਰਗੇ ਮੁੱਲਾਂ ਨੂੰ ਅਪਣਾਕਰ ਹੀ ਅਸੀਂ ਅਸਲੀ ਸ਼ਾਂਤੀ ਨੂੰ ਪ੍ਰਾਪਤ ਕਰ ਸਕਦੇ ਹਾਂ। ਹਰ ਮਨੁੱਖ ਪ੍ਰੇਮ, ਦਇਆ,  ਸੁਹਿਰਦਤਾ, ਸਹਿਨਸ਼ੀਲਤਾ, ਬਰਾਬਰੀ, ਸਰਲਤਾ, ਜਾਗਰੂਕਤਾ, ਹਮਦਰਦੀ, ਸ਼ਾਂਤੀ,  ਦੋਸਤੀ ਵਰਗੇ ਮਨੁੱਖੀ ਗੁਣਾਂ ਨੂੰ ਧਾਰਨ ਕਰੇ। ਆਪਣਾ ਸਮਾਂ,  ਮਿਹਨਤ ਅਤੇ ਸ਼ਕਤੀ ਇਨ੍ਹਾਂ ਗੁਣਾਂ ਨੂੰ ਧਾਰਨ ਕਰਨ ‘ਚ ਲਾਵੇ। ਅਜਿਹੇ ਜਤਨ ਲੋੜੀਂਦੇ ਹਨ ਜੋ ਵਿਅਕਤੀ ਨੂੰ ਸ਼ਾਂਤ, ਜਿੰਮੇਵਾਰ ਅਤੇ ਸਮਾਜਿਕ ਬਣਾ ਸਕਣ।  ਵਰਤਮਾਨ ਜੀਵਨ ਪ੍ਰਣਾਲੀ ਵਿੱਚ ਆਪਸੀ ਦੂਰੀ, ਕਹਿਣੀ ਅਤੇ ਕਰਨੀ ਵਿੱਚ ਜੋ ਫਰਕ ਪੈਦਾ ਹੋ ਗਿਆ ਹੈ

ਉਸ ‘ਤੇ ਕਾਬੂ ਸਥਾਪਤ ਕੀਤਾ ਜਾਵੇ। ਜਦੋਂ ਤੱਕ ਆਦਮੀ ਜੀਵਨ ਦੀ ਹੱਸਦੀ-ਖੇਡਦੀ ਉਪਜਾਊ ਧਰਤੀ ‘ਤੇ ਸ਼ਾਂਤੀ  ਦੇ ਬੀਜ, ਮੋਹ ਦੀ ਸਿੰਚਾਈ, ਅਨੁਸ਼ਾਸਨ ਦੀ ਧੁੱਪ, ਨੈਤਿਕਤਾ ਦੀ ਪੈੜ ਚਾਲ, ਮਿੱਤਰਤਾ ਦੀ ਹਵਾ, ਨਿਸਵਾਰਥਤਾ ਦੀ ਕੁਸ਼ਲ ਸਰਪ੍ਰਸਤੀ/ਪੋਸ਼ਣ ਨਹੀਂ ਦੇਵੇਗਾ ਉਦੋਂ ਤੱਕ ਆਤਮਿਕ ਸੁਖ-ਸ਼ਾਂਤੀ ਦੀ ਖੇਤੀ ਨਹੀਂ ਲਹਿਰਾਏਗੀ।

ਸ਼ਾਂਤੀ ਸਿਰਫ਼ ਸ਼ਬਦ ਮਾਤਰ ਨਹੀਂ ਹੈ, ਇਹ ਜੀਵਨ ਦਾ ਅਹਿਮ ਹਿੱਸਾ ਹੈ। ਸ਼ਾਂਤੀ ਦੀ ਇੱਛਾ ਜਿੱਥੇ ਵੀ, ਜਦੋਂ ਵੀ, ਜਿਸ ਦੁਆਰਾ ਵੀ ਹੋਵੇਗੀ ਪਵਿੱਤਰ ਉਦੇਸ਼ ਅਤੇ ਆਚਰਣ ਵੀ ਨਾਲ ਹੋਵੇਗਾ । ਸ਼ਾਂਤੀ ਦੀ ਸਾਧਨਾ ਉਹ ਮੁਕਾਮ ਹੈ ਜਿੱਥੇ ਮਨ, ਇੰਦਰੀਆਂ ਅਤੇ ਸੁਭਾਅ ਤਪ ਕੇ ਇਕਾਗਰ ਅਤੇ ਸੰਜਮ ਅਧੀਨ ਹੋ ਜਾਂਦੇ ਹਨ।  ਜਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਅਤੇ ਸਵਾਲਾਂ ਦਾ ਹੱਲ ਸਾਹਮਣੇ ਖੜ੍ਹਾ ਦਿਸਦਾ ਹੈ ਉਦੋਂ ਵਿਅਕਤੀ ਬਦਲਦਾ ਹੈ ਬਾਹਰੋਂ ਵੀ ਅਤੇ ਅੰਦਰੋਂ ਵੀ ਕਿਉਂਕਿ ਬਦਲਣਾ ਹੀ ਸ਼ਾਂਤੀ ਦੀ ਇੱਛਾ ਦੀ ਪਹਿਲੀ ਪੌੜੀ ਹੈ ਅਤੇ ਬਦਲਣਾ ਜਾਂ ਬਦਲਾਅ ਹੀ ਨਵੇਂ ਸਾਲ ਦੇ ਸੰਕਲਪਾਂ ਦੀ ਬੁਨਿਆਦ ਵੀ ਹੈ ।

ਸਾਲਾਂ ਤੱਕ ਮੰਦਿਰ  ਦੀਆਂ ਪੌੜੀਆਂ ਚੜ੍ਹੀਆਂ,  ਘੰਟਿਆਂਬੱਧੀ ਹੱਥ ਜੋੜੇ, ਅੱਖਾਂ ਬੰਦ ਕੀਤੀ ਖੜ੍ਹੇ ਰਹੇ,  ਪ੍ਰਵਚਨ ਸੁਣੇ,  ਅਰਦਾਸਾਂ ਕੀਤੀਆਂ, ਧਿਆਨ ਅਤੇ ਸਾਧਨਾ ਦੇ ਉਪਕਰਮ ਕੀਤੇ, ਸ਼ਾਸਤਰ ਪੜ੍ਹੇ, ਫਿਰ ਵੀ ਜੇਕਰ ਮਨ ਸ਼ਾਂਤ ਨਹੀਂ ਹੋਇਆ, ਚਿੰਤਨ ਸ਼ਾਂਤ ਨਹੀਂ ਹੋਇਆ ਤਾਂ ਸਮਝਣਾ ਚਾਹੀਦਾ ਹੈ ਕਿ ਸਾਰਾ ਪੁਰਸ਼ਾਰਥ ਸਿਰਫ ਢੋਂਗ ਸੀ, ਸਾਰਿਆਂ ਵਿੱਚ ਖੁਦ ਨੂੰ ਸ੍ਰੇਸ਼ਟ ਸਾਬਤ ਕਰਨ ਦਾ ਬਹਾਨਾ ਸੀ । ਨਵਾਂ ਸਾਲ ਕੋਰਾ ਬਹਾਨਾ ਨਹੀਂ, ਸਗੋਂ ਸ਼ੀਸ਼ਾ ਬਣੇ ਤਾਂ ਕਿ ਅਸੀਂ ਆਪਣੀ ਅਸਲੀਅਤ ਨੂੰ ਪਹਿਚਾਣ ਸਕੀਏ, ਕਿਉਂਕਿ ਜੋ ਖੁਦ ਨੂੰ ਜਾਣ ਲੈਂਦਾ ਹੈ, ਉਸਨੂੰ ਜੀਵਨ ਦੇ ਕਿਸੇ ਵੀ ਮੋੜ ‘ਤੇ ਠੱਗਿਆ ਨਹੀਂ ਜਾ ਸਕਦਾ।

ਸ਼ਾਂਤੀ ਸਾਡੀ ਸੰਸਕ੍ਰਿਤੀ ਹੈ । ਸੰਪੂਰਣ ਮਨੁੱਖੀ ਸਬੰਧਾਂ ਦੀ ਵਿਆਖਿਆ ਹੈ। ਇਹ ਜਦੋਂ ਵੀ ਖੰਡਿਤ ਹੁੰਦੀ ਹੈ, ਆਪਸੀ ਸਬੰਧਾਂ ਵਿੱਚ ਤਰੇੜਾਂ ਪੈਂਦੀਆਂ ਹਨ, ਵਿਚਾਰਕ ਸੰਘਰਸ਼ ਪੈਦਾ ਹੁੰਦੇ ਹਨ। ਨਿੱਜੀ ਸਵਾਰਥਾਂ ਨੂੰ ਪਹਿਲ ਮਿਲਦੀ ਹੈ। ਹਰ ਇੱਕ ਵਿਅਕਤੀ ਖੁਦ ਨੂੰ ਸਹੀ ਅਤੇ ਦੂਜੇ ਨੂੰ ਗਲਤ ਠਹਿਰਾਉਂਦਾ ਹੈ। ਕਾਲਟਨ ਨੇ ਕਿਹਾ ਹੈ ਕਿ ਸ਼ਾਂਤੀ ਆਤਮਾ ਦਾ ਸ਼ਾਮ ਸਮੇਂ ਦਾ ਤਾਰਾ ਹੈ, ਜਦੋਂ ਕਿ ਚੰਗੇ ਗੁਣ ਇਸਦਾ ਸੂਰਜ ਹੈ। ਇਹ ਦੋਵੇਂ ਕਦੇ ਇੱਕ-ਦੂਜੇ ਤੋਂ ਵੱਖ ਨਹੀਂ ਹੁੰਦੇ ਹਨ।

ਇਸ ਨਾਲ ਹੀ ਆਤਮਕ ਸੁਖ ਦਾ ਅਹਿਸਾਸ ਅਤੇ ਸੱਚੀ ਸ਼ਾਂਤੀ ਮਿਲਦੀ ਹੈ। ਵਿਕਾਸ ਦੀਆਂ ਕੁੱਲ ਸੰਭਾਵਨਾਵਾਂ ਦਾ ਮਾਰਗ ਹੈ ਸ਼ਾਂਤੀ । ਸ਼ਾਂਤੀ ਹੀ ਜੀਵਨ ਦਾ ਪਰਮ ਉਦੇਸ਼ ਹੈ ਅਤੇ ਇਸ ਵਿੱਚ ਸੁਖ ਅਤੇ ਅਨੰਦ ਦਾ ਵਾਸਾ ਹੈ । ਜਰੂਰੀ ਹੈ ਅਸੀਂ ਖੁਦ ਦੁਆਰਾ ਖੁਦ ਨੂੰ ਵੇਖੀਏ,  ਜੀਵਨ ਮੁੱਲਾਂ ਨੂੰ ਜੀਏ ਅਤੇ ਉਨ੍ਹਾਂ ਨਾਲ ਜੁੜ ਕੇ ਸ਼ਾਂਤੀ ਦੇ ਅਜਿਹੇ ਖ਼ਜ਼ਾਨੇ ਤਿਆਰ ਕਰੀਏ ਜੋ ਜੀਵਨ ਦੇ ਨਾਲ-ਨਾਲ ਸਾਡੇ ਆਤਮਕ ਗੁਣਾਂ ਨੂੰ ਵੀ ਜੀਵਨ ਪ੍ਰਦਾਨ ਕਰਨ। ਇਹੀ ਨਵੇਂ ਸਾਲ ਦਾ ਸੱਚਾ ਸਵਾਗਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top