Breaking News

ਲੋਰੀਆਂ ਦੀ ਉਮਰੇ ਸੰਘਰਸ਼ ਦੇ ਰਾਹੀ ਬਣੇ ਮਾਸੂਮ 

ਅਸ਼ੋਕ ਵਰਮਾ, ਬਠਿੰਡਾ, 28 ਜਨਵਰੀ  

ਜਾਪਦੈ ਪੰਜਾਬ ਸਰਕਾਰ ਚਾਰ ਵਰ੍ਹੇ ਪਹਿਲਾਂ ਬਠਿੰਡਾ ‘ਚ ਵਾਪਰਿਆ ਰੂਥ ਕਾਂਡ ਮੁੜ ਦੁਰਹਾਉਣ ਦੇ ਰੌਂਅ ‘ਚ ਹੈ।  ਹੱਡ ਚੀਰਨ ਵਾਲੀ ਠੰਢ ਦੌਰਾਨ ਮਾਸੂਮ ਬੱਚਿਆਂ ਨਾਲ ਧਰਨੇ ਤੇ ਡਟੀਆਂ ਥਰਮਲ ਮੁਲਾਜਮਾਂ ਦੇ ਪਰਿਵਾਰਾਂ ਦੀਆਂ ਔਰਤਾਂ ਦਾ ਇਹ ਸਵਾਲ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਵਾਲਾ ਹੈ ਤੇ ਉਹ ਹਰ ਕੁਰਬਾਨੀ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਫਰਵਰੀ 2014 ‘ਚ ਈਜੀਐਸ ਵਲੰਟੀਅਰ ਕਿਰਨਜੀਤ ਕੌਰ ਦੀ 14 ਮਹੀਨੇ ਦੀ ਬੱਚੀ ਰੂਥ ਬਠਿੰਡਾ ਪੁਲਿਸ ਦੇ ਟੇਢੇ ਜਬਰ ਦੀ ਭੇਟ ਚੜ੍ਹ ਗਈ ਸੀ।

ਉਸ ਦਾ ਕਸੂਰ ਸਿਰਫ ਏਨਾ ਸੀ ਕਿ ਉਹ ਆਪਣੀ ਮਾਂ ਨਾਲ ਸੰਘਰਸ਼ ਦੇ ਥੜ੍ਹੇ ‘ਤੇ ਬੈਠੀ ਸੀ, ਜਿੱਥੇ ਪੁਲਿਸ ਨੇ ਰਾਤ ਨੂੰ ਬਿਸਤਰੇ ਖੋਹ ਲਏ ਬੱਚੀ ਨੂੰ ਠੰਢ ਲੱਗ ਗਈ ਤੇ ਉਸ ਨੂੰ ਬਚਾਇਆ ਨਾ ਜਾ ਸਕਿਆ। ਇਹੋ ਕਾਰਨ ਹੈ ਕਿ ਮਿੰਨੀ ਸਕੱਤਰੇਤ ਅੱਗੇ ਬੈਠੀਆਂ ਇਨ੍ਹਾਂ ਮਾਵਾਂ ਨੂੰ ਆਪਣੇ ਬੱਚਿਆਂ ਦਾ ਝੋਰਾ ਵੱਢ ਵੱਢ ਖਾ ਰਿਹਾ ਹੈ। ਲੋਹੜੀ ਮਗਰੋਂ ਅਚਾਨਕ ਪੈਣ ਲੱਗੀ ਲੋਹੜੇ ਦੀ ਠੰਢ ਕਾਰਨ ਕਾਫੀ ਬੱਚੇ ਬਿਮਾਰ ਹੋ ਗਏ ਹਨ। ਅੱਜ ਬਠਿੰਡਾ ‘ਚ ਘੱਟ ਤੋਂ ਘੱਟ ਤਾਪਮਾਨ 4.6 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਰਿਹਾ ਅੱਜ 0.1 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਠੰਢੀਆਂ ਹਵਾਵਾਂ ਵੀ ਚੱਲੀਆਂ ਬਠਿੰਡਾ ‘ਚ ਤਾਂ ਰਾਤ ਵਕਤ ਤਾਪਮਾਨ ਹੋਰ ਵੀ ਨੀਵਾਂ ਚਲਾ ਜਾਂਦਾ ਹੈ, ਜਿਸ ਕਰਕੇ ਠੰਢ ਦੀ ਮਾਰ ਵਧੀ ਹੈ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਧਰਨੇ ‘ਚ ਮੁਫ਼ਤ ਇਲਾਜ ਕਰ ਰਹੀ ਹੈ। ਬਠਿੰਡਾ ਥਰਮਲ ਵਿੱਚ ਸੈਂਕੜੇ ਮੁਲਾਜ਼ਮ ਠੇਕੇ ‘ਤੇ ਕੰਮ ਕਰਦੇ ਸਨ, ਜਿਨ੍ਹਾਂ ਨੂੰ ਥਰਮਲ ਬੰਦ ਹੋਣ ਮਗਰੋਂ ਨੌਕਰੀ ਖੁੱਸਣ ਦਾ ਡਰ ਹੈ। ਇਨ੍ਹਾਂ ਮੁਲਾਜ਼ਮਾਂ ਨੇ ਸਕੱਤਰੇਤ ਅੱਗੇ ਪਹਿਲੀ ਜਨਵਰੀ ਤੋਂ ‘ਥਰਮਲ ਬਚਾਓ ਮੋਰਚਾ’ ਲਾਇਆ ਹੋਇਆ ਹੈ। ਇਸ ਮੋਰਚੇ ‘ਚ ਆਪਣੇ ਮਾਸੂਮ ਬੱਚਿਆਂ ਨਾਲ  ਸ਼ਾਮਲ ਹੁੰਦੀਆਂ ਮਹਿਲਾਵਾਂ ਦੇ ਹੌਂਸਲੇ ਬੁਲੰਦ ਤੇ ਚਿਹਰੇ ਅਡੋਲ ਹਨ। ਇਨ੍ਹਾਂ ਔਰਤਾਂ ਨੇ ਨੌਕਰੀ ਤੇ ਬੱਚਿਆਂ ਦੀ ਸੁੱਖ ਮੰਗੀ ਤੇ ਨਾਲ ਹੀ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣ ਦੀ ਗੱਲ ਵੀ ਆਖੀ ਹੈ।

ਸਿਰਫ 14 ਮਹੀਨਿਆਂ ਦੀ  ਬੱਚੀ ਮਹਿਮਾ ਨੂੰ ਖਬਰ ਨਹੀ ਹੈ ਕਿ ਉਸ ਦੀ ਮਾਂ ਇਸ ਸਰਦ ਰੁੱਤ ‘ਚ ਸੜਕ ਤੇ ਕਿਓਂ ਬੈਠੀ ਹੈ। ਮਹਿਮਾ ਨੂੰ ਉਸ ਦੀ ਮਾਂ ਨੇ ਸ਼ਾਲ ‘ਚ ਲਪੇਟਿਆ ਹੋਇਆ ਸੀ। ਫਿਰ ਵੀ ਪਿੰਡੇ ਨੂੰ ਚੀਰਦੀ ਹਵਾ ਬੱਚੀ ਲਈ ਮਾੜੀ ਸਾਬਤ ਹੋਈ।  ਇਸ ਮਾਂ ਨੇ ਆਖਿਆ ਕਿ ਸਰਕਾਰ ਉਨ੍ਹਾਂ ਦਾ ਸਬਰ ਪਰਖ ਰਹੀ ਹੈ ਤੇ ਉਹ ਹਰ ਪ੍ਰੀਖਿਆ ਦੇਣ ਨੂੰ ਤਿਆਰ ਹਨ। ਖੇਤਾ ਸਿੰਘ ਬਸਤੀ ਦੀ ਪਰਮਜੀਤ ਕੌਰ ਪੰਜ ਅਤੇ ਦੋ ਵਰ੍ਹਿਆਂ ਦੀਆਂ ਪੋਤਰੀਆਂ ਨੂੰ ਧਰਨੇ ‘ਚ ਨਾਲ ਲੈ ਕੇ ਆਉਂਦੇ ਹਨ। ਇਸ ਮਹਿਲਾ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਝੋਲੀ ‘ਚ ਪਾਏ ਦੁੱਖ ਹੁਣ ਅਗਲੀ ਪੀੜ੍ਹੀ ਦੇ ਪੱਲੇ ਵੀ ਪੈਣ ਲੱਗੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਉਨ੍ਹਾਂ ਦੇ ਪੁੱਤਰਾਂ ਵੱਲ ਨਹੀਂ ਤਾਂ ਇੰਨ੍ਹਾਂ ਮਾਸੂਮਾਂ ਤੇ ਝਾਤੀ ਮਾਰੇ ਇਵੇਂ ਹੀ ਚਾਰ ਮਹੀਨਿਆਂ ਦੀ ਬੱਚੀ ਨਿਸ਼ਾ ਆਪਣੀ ਮਾਂ ਬੇਬੀ ਨਾਲ ਅਤੇ ਚਾਰ ਵਰ੍ਹਿਆਂ ਦਾ ਮਾਨਵੀਰ ਆਪਣੀ ਮਾਂ ਕੂਲ ਦੇਵੀ ਨਾਲ ਮੋਰਚੇ ‘ਚ ਡੱਟਦੇ ਹਨ। ਤਿੰਨ ਸਾਲ ਦਾ ਪਿਊਸ਼ ਵੀ ਮਾਂ ਸੀਮਾ ਰਾਣੀ ਨਾਲ ਰੋਸ ਮਾਰਚਾਂ ਦਾ ਹਿੱਸਾ ਬਣ ਗਿਆ ਹੈ।

ਸੀਮਾ ਰਾਣੀ ਆਖਦੀ ਹੈ ਕਿ ਆਪਣੀਆਂ ਮਾਵਾਂ ਦੀ ਗੋਦ ‘ਚ ਬੈਠੇ ਮਾਸੂਮਾਂ  ਨੂੰ ਪਤਾ ਲੱਗ ਗਿਆ ਹੋਵੇਗਾ ਕਿ ਉਨ੍ਹਾਂ ਦੇ ਵਿਹੜਿਆਂ ‘ਚ ਸੁੱਖ ਨਹੀਂ ਹੈ ਇੰਨ੍ਹਾਂ ਮਾਵਾਂ ਨੇ ਆਖਿਆ ਕਿ ਨੇਤਾ ਇੱਕ ਦਿਨ ਆਪਣੇ ਬੱਚਿਆਂ ਨੂੰ ਸੜਕ ਤੇ ਬਿਠਾਉਣ ਫਿਰ ਪਤਾ ਲੱਗ ਜਾਏਗਾ ਕਿ ਰੁਜਗਾਰ ਖੁੱਸਣ ਦੇ ਦੁੱਖ ਕਿਹੋ ਜਿਹੇ ਹੁੰਦੇ ਹਨ ਅੱਜ ਵੀ ਇਸ ਪੱਤਰਕਾਰ ਨੇ ਮੌਕੇ ਤੇ ਦੇਖਿਆ ਕਿ ਆਪਣੀ ਮਾਵਾਂ ਕੋਲ  ਬੈਠੇ ਮਾਸੂਮ ਡੌਰ ਭੌਰਿਆਂ ਦੀ ਤਰਾਂ ਆਸੇ ਪਾਸੇ ਦੇਖ ਰਹੇ ਸਨ ਕੱਚੇ ਮੁਲਾਜਮ ਰਮੇਸ਼ ਦੀ ਢਾਈ ਵਰ੍ਹਿਆਂ ਦੀ ਬੇਟੀ ਨਿਸ਼ਾ ਕਾਫੀ ਬਿਮਾਰ ਹੋ ਗਈ ਸੀ ਜਿਸ ਦਾ ਪ੍ਰਾਈਵੇਟ ਹਸਪਤਾਲ ਚੋਂ ਇਲਾਜ ਕਰਵਾਉਣਾ ਪਿਆ ਹੈ ਲਾਡੀ ਸਿੰਘ ਦੀ ਤਿੰਨ ਸਾਲ ਦੀ ਬੱਚੀ ਨਿਸ਼ੂ ਨੂੰ ਵੀ ਠੰਢ ਲੱਗਣ ਕਰਕੇ ਬੁਖਾਰ ਹੋ ਗਿਆ ਸੀ ਮੁਲਾਜਮ ਆਗੂ ਜਗਸੀਰ ਸਿੰਘ ਪੰਨੂੰ ਦਾ ਕਹਿਣਾ ਸੀ ਕਿ ਬਹੁਤੇ ਮੁਲਾਜਮਾਂ ਨੂੰ ਖਾਂਸੀ ਤੇ ਜੁਕਾਮ  ਹੋ ਗਿਆ ਹੈ ਫਿਰ ਵੀ ਮੋਰਚੇ ‘ਚ ਬੈਠੇ ਹਨ

ਸਰਕਾਰ ਦੇ ਜਾਗਣ ਦਾ ਵੇਲਾ: ਢਿੱਲੋਂ

ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਬਠਿੰਡਾ ‘ਚ ਪੈ ਰਹੀ ਕੜਾਕੇ ਦੀ ਠੰਢ ਕੋਈ ਭਾਣਾ ਵਰਤਾਏ ਸਰਕਾਰ ਨੂੰ ਜਾਗਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੀ ਮਾੜੀ ਨੀਅਤ ਤੇ ਨੀਤੀਆਂ ਕਾਰਨ ਇਨ੍ਹਾਂ ਅਣਭੋਲ ਚਿਹਰਿਆਂ ਨੂੰ ਸੰਘਰਸ਼ਾਂ  ਦੇ ਰਾਹੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਨਜ਼ਰ ਇਨ੍ਹਾਂ ਬੱਚਿਆਂ ‘ਤੇ ਨਹੀਂ ਪਈ ਹੈ ਅਤੇ ਨਾ ਹੀ ਢਾਰਸ ਦਾ ਕੋਈ ਹੱਥ ਇਨ੍ਹਾਂ ਨਿੱਕਿਆਂ ਦੇ ਮੋਢਿਆਂ ਤੱਕ ਪੁੱਜਿਆ ਹੈ। Àਨ੍ਹਾਂ ਮੰਗ ਕੀਤੀ ਕਿ ਸਰਕਾਰ ਬੰਦ ਕੀਤੇ ਥਰਮਲ ਮੁੜ ਚਾਲੂ ਕਰੇ ਅਤੇ ਮੁਲਾਜਮਾਂ ਦਾ ਰੁਜਗਾਰ ਨੇ ਖੋਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top