Uncategorized

ਜ਼ੁਲਮ ਖਿਲਾਫ਼ ਜੂਝਣ ਦੀ ਪ੍ਰੇਰਨਾ ਦਿੰਦੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ

Inspiring, Life, Luminary,Guru Gobind Singh

 ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼

ਮੇਵਾ ਸਿੰਘ
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਦੇਸ਼ ਅਤੇ ਵਿਦੇਸ਼ਾਂ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਤਿਹਾਸ ਦੱਸਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨਕਾਲ ਕੋਈ ਬਹੁਤਾ ਲੰਬਾ ਨਹੀਂ ਸੀ। ਪਰੰਤੂ ਉਹ ਘਟਨਾਵਾਂ ਨਾਲ ਭਰਪੂਰ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਮਨੁੱਖਤਾ ਦੀ ਸੇਵਾ ਅਤੇ ਜ਼ਬਰ ਖਿਲਾਫ਼ ਉਨ੍ਹਾਂ ਨੇ ਕਿੰਨੀ ਘਾਲਣਾ ਘਾਲ਼ੀ ਹੋਵੇਗੀ।

ਨੇਕੀ ਨੂੰ ਬਚਾਉਣਾ ਤੇ ਬਦੀ ਨੂੰ ਨਸ਼ਟ ਕਰਨਾ ਉਨ੍ਹਾਂ ਦੇ ਜੀਵਨ ਦਾ ਅਸਲ ਮਨੋਰਥ ਸੀ। ਇਸ ਮਨੋਰਥ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਆਪਣਾ ਸਰਬੰਸ ਤੱਕ ਵਾਰ ਦਿੱਤਾ ਉਨ੍ਹਾਂ ਦਾ ਜਨਮ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਗੁਜਰ ਕੌਰ ਜੀ ਦੀ ਕੁੱਖੋਂ 1723 ਬਿਕਰਮੀ, 5 ਜਨਵਰੀ, ਸੰਨ 1666 ਈਸਵੀ ਵਿਚ ਸ਼ਹਿਰ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ। ਗੁਰੂ ਜੀ ਦੇ ਮਾਤਾ-ਪਿਤਾ ਨੇ ਆਪ ਨੂੰ ਚੰਗੀ ਵਿੱਦਿਆ ਸਿਖਾਉਣ ਦੇ ਨਾਲ-ਨਾਲ ਸ਼ਾਸਤਰ ਵਿੱਦਿਆ ਤੋਂ ਵੀ ਜਾਣੂ ਕਰਵਾਇਆ। ਗੁਰੂ ਜੀ ਨੂੰ ਫੌਜੀ ਵਿੱਦਿਆ ਦੇ ਨਾਲ-ਨਾਲ ਸੰਸਕ੍ਰਿਤ ਤੇ ਫਾਰਸੀ ਵੀ ਪੜ੍ਹਾਈ ਗਈ।

ਗੁਰੂ ਸਾਹਿਬ ਮਹਾਨ ਵਿਦਵਾਨ, ਲੇਖਕ, ਕਵੀ ਅਤੇ ਦੀਨ ਦੁਖੀਆਂ ਦੀ ਬਾਂਹ ਫੜਨ ਵਾਲੇ ਮਹਾਨ ਇਨਕਲਾਬੀ ਗੁਰੂ ਹੋਏ ਹਨ। ਗੁਰੂ ਸਾਹਿਬ ਨੂੰ ਆਪਣੇ ਜੀਵਨ ਕਾਲ ਦੌਰਾਨ ਜੇਕਰ  ਜੰਗਾਂ ਵੀ ਲੜਨੀਆਂ ਪਈਆਂ ਤਾਂ ਉਹ ਵੀ ਉਨ੍ਹਾਂ ਲੋਕ ਹਿੱਤਾਂ ਦੀ ਖਾਤਰ ਹੀ ਲੜੀਆਂ।

ਜੰਗਾਂ ਲੜਕੇ ਗੁਰੂ ਸਾਹਿਬ ਦਾ ਮਕਸਦ ਕੋਈ ਗੱਦੀ ਹਥਿਆਉਣਾ ਨਹੀਂ ਸੀ, ਉਹ ਤਾਂ ਚਾਹੁੰਦੇ ਸਨ ਕਿ ਰਾਜ ਗੱਦੀਆਂ ‘ਤੇ ਅਜਿਹੇ ਲੋਕ ਹੋਣ ਜੋ ਹਰ ਕਿਸੇ ਨੂੰ ਇਮਾਨਦਾਰੀ ਨਾਲ ਇਨਸਾਫ ਦੇਣ। ਮਾਨਵੀ ਅਤੇ ਪ੍ਰਸ਼ਾਸਕੀ ਗੁਣ ਗੁਰੂ ਸਾਹਿਬ ਅੰਦਰ ਬਚਪਨ ਵਿਚ ਹੀ ਮੌਜ਼ੂਦ ਸਨ ਇਸਦੀ ਜਿਉਂਦੀ-ਜਾਗਦੀ ਉਦਾਹਰਨ ਹੈ ਕਸ਼ਮੀਰੀ ਪੰਡਤਾਂ ਦਾ ਜ਼ੁਲਮ ਤੋਂ ਤੰਗ ਆ ਕੇ ਗੁਰੂ ਸਾਹਿਬ ਦੇ ਪਿਤਾ ਕੋਲ ਮੱਦਦ ਲਈ ਆਉਣਾ ਤੇ ਗੁਰੂ ਦਾ ਆਪਣੇ ਪਿਤਾ ਨੂੰ ਖੁਦ ਕੁਰਬਾਨੀ ਦੇਣ ਲਈ ਉਨ੍ਹਾਂ ਨਾਲ ਤੋਰਨਾ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਹਿਰਦਾ ਕਿੰਨਾ ਵਿਸ਼ਾਲ ਸੀ ਦਰਦਮੰਦਾਂ ਲਈ ਕਿੰਨਾ ਦਰਦ ਸੀ ਉਨ੍ਹਾਂ ਦੇ ਦਿਲ ਵਿਚ

ਉਨ੍ਹਾਂ ਦੀ ਭੁਗੋਲਿਕ ਸੂਝ-ਬੂਝ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਸੰਨ 1685 ਦੇ ਸ਼ੁਰੂ ਵਿਚ ਨਾਹਨ ਦੇ ਰਾਜੇ ਮੇਦਨੀ ਪਰਕਾਸ ਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿਚ ਆਉਣ ਦੀ ਅਰਜ ਕੀਤੀ। ਇਸ ‘ਤੇ ਗੁਰੂ ਸਾਹਿਬ ਨੇ ਰਿਆਸਤ ਦਾ ਦੌਰਾ ਕੀਤਾ ਤੇ ਦਰਿਆ ਜਮਨਾ ਦੇ ਕੰਢੇ ਪਾਉਂਟਾ ਸਾਹਿਬ ਵਾਲੀ ਜਗ੍ਹਾ ‘ਤੇ ਇੱਕ ਨਵਾਂ ਨਗਰ ਵਸਾਉਣ ਦਾ ਫੈਸਲਾ ਕੀਤਾ। ਪਾਉਂਟਾ ਸਾਹਿਬ ਦੀ ਨੀਂਹ ਗੁਰ ਸਾਹਿਬ ਨੇ 29 ਅਪਰੈਲ 1685 ਦੇ ਦਿਨ ਦੀਵਾਨ ਨੰਦ, ਚੰਦ ਸੰਘਾ ਕੋਲੋਂ ਅਰਦਾਸ ਕਰਵਾਕੇ ਭਾਈ ਰਾਮ ਕੁੰਵਰ ਦੇ ਹੱਥੋਂ ਮੋੜੀ ਗਡਵਾਕੇ ਰਖਵਾਈ।

ਇਸ ਤੋਂ ਬਾਅਦ ਗੁਰੂ ਸਾਹਿਬ ਅਗਲੇ 3 ਸਾਲ ਪਾਉਂਟਾ ਸਾਹਿਬ ਵਿਖੇ ਠਹਿਰੇ। ਪਾਉਂਟਾ ਸਾਹਿਬ ਵਿਚ ਹਾਜ਼ਰ ਸਿੱਖਾਂ ਨਾਲ ਵਿਚਾਰ ਕਰਕੇ ਗੁਰੂ ਸਾਹਿਬ ਨੇ ਚੱਕ ਨਾਨਕੀ ਜਾਣ ਦਾ ਫੈਸਲਾ ਕਰ ਲਿਆ। ਆਪ 27 ਅਕਤੂਬਰ 1688 ਵਾਲੇ ਦਿਨ ਪਾਉਂਟਾ ਸਾਹਿਬ ਤੋਂ ਚੱਲੇ ਅਤੇ ਕਪਾਲ ਮੋਚਨ, ਲਾਹੜਪੁਰ, ਟੋਕਾ, ਦਾਬਰਾ, ਰਾਣੀ ਦਾ ਰਾਏਪੁਰ, ਢਕੋਲੀ, ਨਾਢਾ, ਮਨੀਮਾਜਰਾ, ਕੋਟਲਾ ਨਿਹੰਗ, ਘਨੌਲਾ, ਬੰਗਾ, ਅਟਾਰੀ, ਕੀਰਤਪੁਰ ਹੁੰਦੇ ਹੋਏ ਨਵੰਬਰ ਮਹੀਨੇ ਦੇ ਅੱਧ ਵਿਚ ਚੱਕ ਨਾਨਕੀ (ਹੁਣ ਆਨੰਦਪੁਰ ਸਾਹਿਬ) ਪਹੁੰਚੇ। ਗੁਰੂ ਸਾਹਿਬ ਨੇ ਹੱਕ ਅਤੇ ਸੱਚ ਲਈ ਪਹਿਲੀ ਲੜਾਈ ਪਾਉਂਟਾ ਸਾਹਿਬ ਤੋਂ 6 ਮੀਲ ਦੂਰ  ਭੰਗਾਣੀ ਦੇ ਸਥਾਨ ‘ਤੇ ਸੰਮਤ 1688 ਈਸਵੀ ਵਿਚ ਲੜੀ। ਇਸ ਤੋਂ ਬਾਅਦ ਕਈ ਵਰ੍ਹਿਆਂ ਤੱਕ ਸ਼ਾਂਤੀ ਬਣੀ ਰਹੀ।

ਉਨ੍ਹਾਂ ਦੀ ਯੁੱਧ ਕਲਾ ਤੇ ਜ਼ਾਲਮਾਂ ਦੇ ਦਿਲ ਅੰਦਰ ਉਨ੍ਹਾਂ ਦੇ ਖੌਫ਼ ਦਾ ਇਸ ਗੱਲੋਂ ਪਤਾ ਲੱਗਦਾ ਹੈ ਕਿ 1694 ਈਸਵੀ ਦੇ ਅੰਤ ‘ਚ ਕਾਂਗੜੇ ਦੇ ਫੌਜਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ‘ਤੇ ਹਮਲਾ ਕਰਨ ਲਈ ਭੇਜਿਆ। ਜਦੋਂ ਉਸ ਦੇ ਆਉਣ ਬਾਰੇ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਉਹ ਉਸ ਦੇ ਟਾਕਰੇ ਲਈ ਬਾਹਰ ਨਿੱਕਲੇ ਤਾਂ ਦੁਸ਼ਮਣ ਮੈਦਾਨ ਛੱਡ ਕੇ ਭੱਜ ਗਏ। ਸੰਨ 1699 ਈਸਵੀ ਤੋਂ ਬਾਅਦ ਹੱਕ ਤੇ ਇਨਸਾਫ਼ ਲਈ ਲੜਾਈਆਂ ਦਾ ਇੱਕ ਨਵਾਂ ਦੌਰ ਚੱਲ ਪਿਆ, ਕਿਉਂਕਿ 1699 ਈਸਵੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦੇਸ਼ ਤੇ ਸਮਾਜ ਵਿਚ ਮਜ਼ਲੂਮਾਂ ‘ਤੇ ਹੋ ਰਹੇ ਜ਼ੁਲਮਾਂ ਅਤੇ ਅੱਤਿਆਚਾਰਾਂ ਦਾ ਟਾਕਰਾ ਕਰਨ ਲਈ ਖਾਲਸਾ ਪੰਥ ਦੀ ਨੀਂਹ ਰੱਖੀ, ਜਿਸਦਾ ਅਸਲ ਮਨੋਰਥ ਸੀ

ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਕਰਨੀ ਇਸ ਤੋਂ ਬਾਅਦ ਸੰਨ 1704 ਈਸਵੀ ਵਿਚ ਖਿਦਰਾਣੇ ਦੀ ਲੜਾਈ ਲੜੀ, ਇਹ ਖਾਲਸਾ ਫੌਜ ਨੂੰ ਮੁੜ ਜਥੇਬੰਦ ਕਰਨ ਲਈ ਲੜੀ ਗਈ। ਇਸ ਲੜਾਈ ਸਮੇਂ 40 ਸਿਪਾਹੀਆਂ ਵੱਲੋਂ ਲਿਖਿਆ ਬੇਦਾਵਾ ਵੀ ਪਾੜ ਦਿੱਤਾ, ਜੋ ਦੱਸਦਾ ਹੈ ਕਿ ਗੁਰੂ ਦਾ ਸਿੱਖ ਜੇਕਰ ਭਟਕ ਕੇ ਵੀ ਵਾਪਸ ਪਰਤ ਆਵੇ ਤਾਂ ਗੁਰੂ ਅਕਾਲਪੁਰਖ ਤੋਂ ਉਸਨੂੰ ਮਾਫ਼ ਕਰਵਾ ਦਿੰਦਾ ਹੈ ਗੁਰੂ ਸਾਹਿਬ ਲੇਖਣੀ ਦੇ ਧਨੀ ਸਨ ਇਸਦਾ ਅੰਦਾਜ਼ਾ ਉਨ੍ਹਾਂ ਵੱਲੋਂ 21 ਦਸੰਬਰ 1705 ਈਸਵੀ ਨੂੰ ਦੀਨਾ ਸਾਹਿਬ ਨਗਰ ਵਿਖੇ ਔਰੰਗਜੇਬ ਨੂੰ ਲਿਖੀ ਚਿੱਠੀ ਤੋਂ ਲਾਇਆ ਜਾ ਸਕਦਾ ਹੈ ਜਿਸਨੂੰ ਪੜ੍ਹ ਕੇ ਔਰੰਗਜੇਬ ਦੀਆਂ ਅੱਖਾਂ ਖੁੱਲ੍ਹ ਗਈਆਂ ਸਿੱਖ ਰਵਾਇਤ ਅਨੁਸਾਰ ਇਸ ਚਿੱਠੀ ਦਾ ਤਾਤਵਿਕ ਸਿਰਲੇਖ ‘ਜਫ਼ਰਨਾਮਾ’ ਹੈ। ਗੁਰੂ ਜੀ ਨੇ ਜਫ਼ਰਨਾਮਾ 12 ਹਦਾਇਤ ਵਿਚ ਮੁਕੰਮਲ ਕੀਤਾ। ਹਦਾਇਤਨਾਮੇ ਦੇ ਆਰੰਭ ਵਿਚ ਗੁਰੂ ਜੀ ਨੇ ਅਕਾਲਪੁਰਖ ਦੀ ਸਿਫ਼ਤ ਕੀਤੀ ਹੈ।

ਇਹ ਇਤਿਹਾਸਕ ਚਿੱਠੀ ਗੁਰੂ ਜੀ ਨੇ ਔਰੰਗਜੇਬ ਨੂੰ ਫਾਰਸੀ ਭਾਸ਼ਾ ਵਿਚ ਲਿਖ ਕੇ ਭੇਜੀ। ਇਸ ਚਿੱਠੀ ਵਿਚ ਗੁਰੂ ਜੀ ਨੇ ਉਸ ਵੱਲੋਂ ਕੀਤੇ ਜ਼ੁਲਮ ਤੇ ਜ਼ਬਰ ਖਿਲਾਫ ਚਿਤਾਵਨੀ ਦਿੱਤੀ ਹੈ। ਚਿੱਠੀ ਵਿਚ ਲਿਖਿਆ ਹੈ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਤਾਂ ਜ਼ਬਰ-ਜ਼ੁਲਮ ਖਿਲਾਫ਼ ਹੱਥ ਵਿਚ ਤਲਵਾਰ ਚੁੱਕਣੀ ਜਾਇਜ਼ ਹੈ। ਭੁੱਲੇ-ਭਟਕਿਆਂ ਨੂੰ ਜੀਵਨ ਦੇ ਅਸਲ ਮਨੋਰਥ ਨਾਲ ਜੋੜਦੀ ਹੈ ਬੰਦਾ ਸਿੰਘ ਬਹਾਦਰ ਦੇ ਮਾਧੋ ਦਾਸ ਬੈਰਾਗੀ ਤੋਂ ਬੰਦਾ ਬਹਾਦਰ ਬਣਨ ਦੀ ਘਟਨਾ 3 ਸਤੰਬਰ 1708 ਨੂੰ ਗੁਰੂ ਸਾਹਿਬ ਦਾ ਮੇਲ ਮਾਧੋ ਦਾਸ ਬੈਰਾਗੀ (ਜੋ ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਣਿਆ) ਨਾਲ ਹੋਇਆ। ਉਸ ਸਮੇਂ ਪੰਜਾਬ ਦੀ ਹਾਲਤ ਅਤੇ ਮੁਗਲ ਹਾਕਮਾਂ ਦੀਆਂ ਵਧੀਕੀਆਂ ਸੁਣ ਕੇ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਜਾ ਕੇ ਦੁਸ਼ਟਾਂ ਨੂੰ ਸੋਧਣ ਦੀ ਇਜਾਜਤ ਮੰਗੀ।

ਗੁਰੂ ਸਾਹਿਬ ਤੋਂ ਇਜਾਜਤ ਪਾ ਕੇ 5 ਅਕਤੂਬਰ 1708 ਈਸਵੀ ਨੂੰ ਬੰਦਾ ਸਿੰਘ ਬਹਾਦਰ ਦੁਸ਼ਟਾਂ ਨੁੰ ਸੋਧਣ ਲਈ ਨਾਂਦੇੜ ਸਾਹਿਬ ਤੋਂ ਪੰਜਾਬ ਵੱਲ ਤੁਰ ਪਿਆ। Àੁੱਧਰ ਇਸੇ ਸ਼ਾਮ ਨੂੰ ਜਮਸ਼ੇਦ ਖਾਂ ਪਠਾਣ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਤੇ ਸੁੱਤਿਆਂ ਜਮਧਾਰ (ਕਟਾਰ) ਦੇ ਤਿੰਨ ਵਾਰ ਕਰਕੇ ਸਖ਼ਤ ਜਖ਼ਮੀ ਕਰ ਦਿੱਤਾ। ਬੁਰੀ ਤਰ੍ਹਾਂ ਜਖ਼ਮੀ ਹੋਣ ਦੇ ਬਾਵਜ਼ੂਦ ਗੁਰੂ ਸਾਹਿਬ ਨੇ ਪਲਟਵਾਂ ਵਾਰ ਕਰਕੇ ਜਮਸ਼ੇਦ ਖਾਨ ਨੂੰ ਥਾਏਂ ਹੀ ਮਾਰ ਦਿੱਤਾ।

ਇਸ ਤੋਂ ਬਾਅਦ ਗੁਰੂ ਸਾਹਿਬ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ 1708 ਈਸਵੀ ਨੂੰ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ। ਗੁਰੂ ਸਾਹਿਬ ਨੇ ਸਿਰਫ ਰਾਜਸੀ ਇਨਕਲਾਬ ਦੀ ਹੀ ਗੱਲ ਨਹੀਂ ਕੀਤੀ, ਸਗੋਂ ਲੋਕਾਂ ਦੀ ਆਤਮਾ ਨੂੰ ਅਧਿਆਤਮਿਕਤਾ ਦੇ ਰਾਹ ‘ਤੇ ਚੱਲ ਕੇ ਆਪਣੇ ਮਨੋਬਲ ਨੂੰ ਉਚਾ ਚੁੱਕਣ ਤੇ ਆਪਣੇ ਆਚਰਣ ਨੂੰ ਸ਼ੁੱਧ ਰੱਖਣ ‘ਤੇ ਵੀ ਜ਼ੋਰ ਦਿੱਤਾ।  ਸੋ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਦੇਸ਼ ਤੇ ਸਮਾਜ ਲਈ ਕੀਤੀ ਅਨੋਖੀ ਕੁਰਬਾਨੀ ਨੂੰ ਧਿਆਨ ਵਿਚ ਰੱਖਦਿਆਂ ਅੱਜ ਜੋ ਸਮਾਜਿਕ ਬੁਰਾਈਆਂ ਦਾ ਬੋਲਬਾਲਾ ਸਮਾਜ ਦੇ ਸਿਰ ਚੜ੍ਹਕੇ ਬੋਲ ਰਿਹਾ ਹੈ, ਇਸ ਨੂੰ ਠੱਲ੍ਹ ਪਾਉਣ ਲਈ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਲੰਬੀ (ਸ੍ਰੀ ਮੁਕਤਸਰ ਸਾਹਿਬ)
ਮੋ. 98726-00923

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top