ਦੇਸ਼

ਕਪਤਾਨ ਨੇ ਛੱਡੀ ਕਾਂਗਰਸ, ਕਿਹਾ, ਹਰਿਆਣਾ ‘ਤੇ ਚਲਦਾ ਐ ਹੁੱਡਾ ਦਾ ਰਾਜ਼

  •  ਸੋਨੀਆ ਗਾਂਧੀ ਨੂੰ ਗੁਮਰਾਹ ਅਤੇ ਬਲੈਕਮੇਲ ਕਰ ਰਹੇ ਹਨ ਕੁਝ ਕਾਂਗਰਸੀ ਲੀਡਰ
  •  ਅਜਮੇਰ ਜਾ ਕੇ ਕਰਨਗੇ ਆਪਣੇ ਭਵਿੱਖ ਦਾ ਐਲਾਨ, ਬਣਾ ਸਕਦੇ ਹਨ ਆਪਣੀ ਪਾਰਟੀ
  •  ਹਰਿਆਣਾ ਕਾਂਗਰਸ ਦੀ ਗੁੱਟਬਾਜ਼ੀ ਤੋਂ ਤੰਗ ਆ ਕੇ ਛੱਡੀ ਕਾਂਗਰਸ, ਕਮਲ ਨਾਥ ਨੇ ਨਹੀਂ ਦਿੱਤੀ ਤਵਜੋਂ : ਅਜੈ ਯਾਦਵ
  •  ਕਿਹਾ, 30 ਸਾਲ ਦਾ ਕਾਂਗਰਸ ਵਿੱਚ ਸਫ਼ਰ ਹੋਇਆ ਐ ਅੱਜ, ਚਾਪਲੂਸਾ ਪਾਰਟੀ ਬਣ ਗਈ ਐ ਕਾਂਗਰਸ

ਚੰਡੀਗੜ, (ਅਸ਼ਵਨੀ ਚਾਵਲਾ)। ਹਰਿਆਣਾ ਕਾਂਗਰਸ ਦੇ ਦਿੱਗਜ਼ ਲੀਡਰ ਅਤੇ ਸਾਬਕਾ ਖਜਾਨਾ ਮੰਤਰੀ ਕੈਪਟਨ ਅਜੈ ਯਾਦਵ ਨੇ ਆਪਣੇ 30 ਸਾਲ ਦੇ ਕਾਂਗਰਸ ਵਿੱਚ ਸਫ਼ਰ ਨੂੰ ਅੱਜ ਅਲਵਿਦਾ ਕਹਿ ਦਿੱਤਾ ਹੈ। ਅਜੈ ਯਾਦਵ ਨੇ ਟਵਿੱਟਰ ਰਾਹੀਂ ਕਾਂਗਰਸ ਨੂੰ ਛੱਡਣ ਦੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਅਜੈ ਯਾਦਵ ਨੇ ਆਪਣੇ ਅਸਤੀਫ਼ੇ ਵਿੱਚ ਨਾ ਸਿਰਫ਼ ਭੁਪਿੰਦਰ ਸਿੰਘ ਹੁੱਡਾ ਨੂੰ ਨਿਸ਼ਾਨਾ ਬਣਾਇਆ ਹੈ, ਸਗੋਂ ਨਵਨਿਯੁਕਤ ਹੋਏ ਹਰਿਆਣਾ ਇਨਚਾਰਜ ਕਮਲ ਨਾਥ ਦੀ ਕਾਬਲੀਅਤ ‘ਤੇ ਵੀ ਸੁਆਲ਼ੀਆ ਨਿਸ਼ਾਨ ਲਗਾਇਆ ਹੈ। ਉਨਾਂ ਇਥੇ ਇਹ ਵੀ ਕਿਹਾ ਕਿ ਸੋਨੀਆ ਗਾਂਧੀ ਨੂੰ ਕੁਝ ਕਾਂਗਰਸੀ ਲੀਡਰ ਗੁਮਰਾਹ ਅਤੇ ਬਲੈਕਮੇਲ ਕਰ ਰਹੇ ਹਨ।
ਅਜੈ ਯਾਦਵ ਨੇ ਕਿਹਾ ਕਿ ਹਰਿਆਣਾ ਵਿੱਚ ਸਿਰਫ਼ ਭੁਪਿੰਦਰ ਸਿੰਘ ਹੁੱਡਾ ਦਾ ਹੀ ਰਾਜ ਚਲਦਾ ਹੈ ਅਤੇ ਹੁੱਡਾ ਕਾਂਗਰਸ ਦੀ ਵਿਚਾਰਧਾਰਾ ਨੂੰ ਹੀ ਖਾਂ ਰਹੇ ਹਨ। ਉਹ ਕਾਂਗਰਸ ਵਿੱਚ ਪਿਛਲੇ 30 ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਉਹ ਰਾਜੀਵ ਗਾਂਧੀ ਨੂੰ ਆਪਣਾ ਗੁਰੂ ਮੰਨਦੇ ਹਨ, ਜਿਸ ਕਾਰਨ ਹੀ ਪਿਛਲੇ ਸਾਲਾਂ ਤੋਂ ਉਨਾਂ ਨੂੰ ਜਿਹੜੀ ਜ਼ਲਾਲਤ ਦਿੱਤੀ ਜਾ ਰਹੀਂ ਹੈ, ਉਸ ਦੇ ਬਾਵਜੂਦ ਵੀ ਉਹ ਕਾਂਗਰਸ ਵਿੱਚ ਰਹੇ ਸਨ। ਉਨਾਂ ਕਿਹਾ ਕਿ ਪਿਛਲੇ ਦਿਨੀਂ ਕਮਲ ਨਾਥ ਨੇ ਦਿੱਲੀ ਵਿਖੇ ਹਰਿਆਣਾ ਕਾਂਗਰਸ ਵਿੱਚੋਂ ਟਾਪ-10 ਲੀਡਰਾਂ ਦੀ ਮੀਟਿੰਗ ਸੱਦੀ ਸੀ, ਜਿਸ ਵਿੱਚ ਉਨਾਂ ਨੂੰ ਵੀ ਬੁਲਾਇਆ ਗਿਆ ਸੀ ਅਤੇ ਉਹ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤਿਆਰੀ ਹੀ ਕਰ ਰਹੇ ਸਨ ਕਿ ਉਨਾਂ ਨੂੰ ਅਚਾਨਕ ਸੁਨੇਹਾ ਆਇਆ ਕਿ ਉਹ ਮੀਟਿੰਗ ਵਿੱਚ ਭਾਗ ਲੈਣ ਲਈ ਨਾ ਆਉਣ, ਕਿਉਂਕਿ ਉਨਾਂ ਨੂੰ ਮੀਟਿੰਗ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕਿਸੇ ਹੋਰ ਪਾਰਟੀ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।ਉਹ ਪੁਸ਼ਕਰ ਅਤੇ ਅਜਮੇਰ ਵਿਖੇ ਜਾ ਕੇ ਆਪਣੀ ਅਗਲੀ ਰਣਨੀਤੀ ਬਾਰੇ ਖ਼ੁਲਾਸਾ ਕਰਨਗੇ ।

ਪ੍ਰਸਿੱਧ ਖਬਰਾਂ

To Top