Breaking News

2018 ਤੱਕ ਹੋਵੇਗਾ ਹਰੇਕ ਕਿਸਾਨ ਮਜ਼ਦੂਰ ਕਰਜ਼ਾ ਮੁਕਤ : ਕੇਜਰੀਵਾਲ

-ਕੇਜਰੀਵਾਲ ਨੇ ਜਾਰੀ ਕੀਤਾ ਕਿਸਾਨ ਤੇ ਖੇਤ ਮਜ਼ਦੂਰ ਮੈਨੀਫੈਸਟੋ
ਕਿਹਾ :- ਸਰਕਾਰ ਆਉਣ ‘ਤੇ ਅਕਾਲੀ ਦਲ ਦੇ ਭ੍ਰਿਸ਼ਟ ਮੰਤਰੀ ਹੋਣਗੇ ਜੇਲਾਂ ਅੰਦਰ
-2020 ਤੱਕ ਹੋਵੇਗੀ ਸਵਾਮੀਨਾਥਨ ਦੀ ਰਿਪੋਰਟ ਲਾਗੂ
ਬਲਜਿੰਦਰ ਭੱਲਾ,
ਬਾਘਾਪੁਰਾਣਾ, ।
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮੌਜੂਦਾ ਸਤਾਧਾਰੀ ਪਾਰਟੀ ਨਾਲ ਸਬੰਧਿਤ ਭ੍ਰਿਸ਼ਟ ਮੰਤਰੀਆਂ ਨੂੰ 2 ਮਹੀਨਿਆਂ ਦੇ ਅੰਦਰ ਜੇਲਾਂ ‘ਚ ਡੱਕਿਆ ਜਾਵੇਗਾ ਅਤੇ ਅੱਜ ਦੇ ਹੋਏ ਇਤਿਹਾਸਕ ਇਕੱਠ ਨੇ ਇਹ ਦੱਸ ਦਿੱਤਾ ਹੈ ਕਿ ਬਾਦਲ ਸਰਕਾਰ ਤੋਂ ਲੋਕ ਕਿੰਨਾ ਕੁ ਦੁਖੀ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਕਿਸਾਨ ਅਤੇ ਖੇਤ ਮਜ਼ਦੂਰ ਮੈਨੀਫੈਸਟੋ ਜਾਰੀ ਕਰਨ ਸਮੇਂ ਰੈਲੀ ਦੌਰਾਨ ਹੋਏ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨਾਂ ਕਿਹਾ ਕਿ ਜੋ ਪੰਜਾਬ ਅੰਦਰ ਬਾਦਲ ਪਰਿਵਾਰ ਦੀਆਂ ਬੱਸਾਂ ਚੱਲ ਰਹੀਆਂ ਹਨ ਉਨਾਂ ਨੂੰ ਜ਼ਬਤ ਕਰਕੇ ਬੇਰੁਜ਼ਗਾਰਾਂ ਨੂੰ ਸੌਂਪੀਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਕੁਝ ਕੁ ਬੇਰੁਜ਼ਗਾਰ ਇਨਾਂ ਬੱਸਾਂ ਰਾਹੀਂ ਰੁਜ਼ਗਾਰ ਚਲਾ ਸਕਣ। ਉਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਮੰਤਰੀਆਂ ਖਿਲਾਫ਼ ਕਿਸਾਨਾਂ ਦੀਆਂ ਸਕੀਮਾਂ ਦੇ ਪੈਸੇ ਦੀ ਹੇਰਾ ਫੇਰੀ ਦੇ ਆਰੋਪ ਹਨ ਨੂੰ ਜੇਲਾਂ ‘ਚ ਡੱਕਿਆ ਜਾਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਭ ਕੁਝ ਬਰਦਾਸ਼ਤ ਕਰ ਲਵੇਗੀ ਪ੍ਰੰਤੂ ਭ੍ਰਿਸ਼ਟਾਚਾਰ ਨਹੀਂ ਬਰਦਾਸ਼ਤ ਕਰੇਗੀ ਤੇ ਜੇਕਰ ਕੋਈ ਵੀ ਆਮ ਆਦਮੀ ਪਾਰਟੀ ਦਾ ਮੰਤਰੀ ਭ੍ਰਿਸ਼ਟਾਚਾਰੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਸਬੂਤ ਆਉਣ ਦੇ ਅੱਧੇ ਘੰਟੇ ਬਾਅਦ ਹੀ ਬਰਖਾਸਤ ਕੀਤਾ ਜਾਵੇਗਾ। ਕਿਸਾਨ ਤੇ ਖੇਤ ਮਜ਼ਦੂਰ ਮੈਨੀਫੈਸਟੋ ਜਾਰੀ ਕਰਦਿਆਂ ਉਨਾਂ ਵਾਅਦਾ ਕੀਤਾ ਕਿ ਪੰਜਾਬ ਦਾ ਹਰ ਕਿਸਾਨ ਦਸੰਬਰ 2018 ਤੱਕ ਕਰਜ਼ਾ ਮੁਕਤ ਹੋਵੇਗਾ, ਗਰੀਬ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਅਤੇ ਪਛੜੀਆਂ ਜਾਤੀਆਂ ਦੇ ਬੈਂਕ ਕਰਜ਼ੇ ਅਤੇ ਬਾਕੀ ਸਾਰੇ ਕਿਸਾਨਾਂ ਦੇ ਕਰਜ਼ੇ ਉਪਰ ਵਿਆਜ਼ ਮੁਆਫ਼ ਕੀਤਾ ਜਾਵੇਗਾ। ਇਸ ਵਿੱਚ ਇਹ ਨਹੀਂ ਸਪੱਸ਼ਟ ਕੀਤਾ ਗਿਆ ਕਿ ਵਿਆਜ਼ ਸਿਰਫ਼ ਸਰਕਾਰੀ ਹੋਵੇਗਾ ਜਾਂ ਪ੍ਰਾਈਵੇਟ ਅਦਾਰਿਆਂ ਦਾ ਵੀ ਹੋਵੇਗਾ। ਸਰ ਛੋਟੂ ਰਾਮ ਨੂੰ ਯਾਦ ਕਰਦਿਆਂ ਕਿਹਾ ਗਿਆ ਹੈ ਕਿ ਆੜਤੀਆਂ ਅਤੇ ਹੋਰਾਂ ਕਰਜ਼ਿਆਂ ਨੂੰ ਕਾਬੂ ਕਰਨ ਲਈ ਸਰ ਛੋਟੂ ਰਾਮ ਐਕਟ ਨੂੰ ਮੁੜ ਲਾਗੂ ਕਰਕੇ ਵਿਆਜ਼ ਨੂੰ ਮੂਲ ਤੋਂ ਵੱਧਣ ਨਹੀਂ ਦਿੱਤਾ ਜਾਵੇਗਾ। ਚਰਚਿਤ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 2020 ਤੱਕ ਲਾਗੂ ਕੀਤੇ ਜਾਣ ਦਾ ਵਾਅਦੇ ਦੇ ਨਾਲ ਨਾਲ ਕਿਸਾਨਾਂ ਨੂੰ ਫਸਲਾਂ ਉਪਰ ਕੀਤੇ ਗਏ ਖਰਚ ਤੋਂ 50 ਫੀਸਦੀ ਵੱਧ ਮੁੱਲ ਮਿਲੇਗਾ। ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਤੋਂ ਰਾਹਤ ਲਈ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਦਿੱਤਾ ਜਾਵੇਗਾ। ਫਸਲਾਂ ਦੀ ਖ੍ਰੀਦ ਸਬੰਧੀ ਉਨਾਂ ਵਾਅਦਾ ਕੀਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਫਸਲ ਦੀ ਖ੍ਰੀਦ ਦੇ ਨਾਲ ਨਾਲ 72 ਘੰਟਿਆਂ ਵਿੱਚ ਫਸਲ ਦਾ ਭੁਗਤਾਨ ਯਕੀਨੀ ਬਣਾਇਆ ਜਾਵੇਗਾ। ਕਿਸਾਨਾਂ ਨੂੰ 12 ਘੰਟੇ ਬਿਜਲੀ ਮੁਫ਼ਤ ਬਿਜਲੀ ਯਕੀਨੀ ਬਣਾਈ ਜਾਵੇਗੀ ਅਤੇ ਮੋਟਰਾਂ ਦੇ ਬਿਜਲੀ ਦੇ ਬਿੱਲ ਨਹੀਂ ਲੱਗਣਗੇ। ਕਿਸਾਨ ਅਤੇ ਕਿਸਾਨ ਮਜ਼ਦੂਰ ਦੀਆਂ ਧੀਆਂ ਦੇ ਵਿਆਹ ਸਮੇਂ 51 ਹਜ਼ਾਰ ਅਤੇ ਧੀ ਦੇ ਜਨਮ ਕੌਮੇ 21 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾਵੇਗਾ। ਇਸੇ ਤਰਾਂ ਪਿੰਡਾਂ ਦੀਆਂ ਅਧੁਨਿਕ ਸਿਹਤ ਸੰਸਥਾਵਾਂ ਵਿੱਚ ਸਾਰੇ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਮਿੱਥੇ ਗਏ ਪ੍ਰਾਈਵੇਟ ਹਸਪਤਾਲਾਂ ‘ਚ ਹਰ ਸਾਲ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ਼ ਹੋਵੇਗਾ। ਸਹਿਕਾਰੀ ਸੁਸਾਇਟੀਆਂ ਨੂੰ ਸਿਆਸੀ ਦਖ਼ਲ ਅੰਦਾਜ਼ੀ ਤੋਂ ਮੁਕਤ ਕਰਨ ਦੇ ਨਾਲ ਨਾਲ ਜ਼ਮੀਨ ਸਬੰਧਿਤ ਸਾਰੇ ਮੁਕੱਦਮਿਆਂ ਦਾ ਫਾਸਟ ਟਰੈਕ ਕੋਰਟਾਂ ਰਾਹੀਂ 2 ਸਾਲ ਦੇ ਅੰਦਰ ਅੰਦਰ ਨਿਪਟਾਰਾ ਕੀਤਾ ਜਾਵੇਗਾ। ਅਕਾਲੀ ਭਾਜਪਾ ਸਰਕਾਰ ਵੱਲੋਂ ਦਾਇਰ ਕੀਤੇ ਝੂਠੇ ਕੇਸ ਵਾਪਸ ਲਏ ਜਾਣਗੇ। ਬੁਢਾਪਾ ਪੈਨਸ਼ਨ 500 ਤੋਂ ਵਧਾ ਕੇ 2000 ਰੁਪਏ ਅਤੇ 10 ਲੱਖ ਨਵੇਂ ਪਰਿਵਾਰ ਆਟਾ ਦਾਲ ਸਕੀਮ ਦੇ ਘੇਰੇ ਵਿੱਚ ਹੋਰ ਲਿਆਂਦੇ ਜਾਣਗੇ। ਵਿਆਜ਼ ਮੁਕਤ ਕਰਜ਼ੇ ਅਤੇ ਸਸਤੀ ਬਿਜਲੀ ਵਰਗੀਆਂ ਸਕੀਮਾਂ ਰਾਹੀਂ 25 ਹਜ਼ਾਰ ਨਵੇਂ ਡੇਅਰੀ ਫਾਰਮ, ਦੂਜੇ ਸੂਬਿਆਂ ਵਿੱਚ ਪਸ਼ੂ ਭੇਜਣ ਲਈ ਸਰਕਾਰੀ ਮੱਦਦ ਅਤੇ ਦੁੱਧ ਦੇ ਮੁੱਲ ਨੂੰ ਨਿਰਧਾਰਿਤ ਕਰਨ ਲਈ ਬੋਰਡ ਦਾ ਗਠਨ ਕੀਤਾ ਜਾਵੇਗਾ। ਬੇਜ਼ਮੀਨੇ ਮਜ਼ਦੂਰਾਂ ਨੂੰ ਆਪਣਾ ਕੰਮ ਕਾਜ਼ ਸ਼ੁਰੂ ਕਰਨ ਲਈ 2 ਲੱਖ ਰੁਪਏ ਤੱਕ ਦਾ ਬਿਨਾਂ ਵਿਆਜ਼ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।
ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਨੇਤਾਵਾਂ ਜਿੰਨਾਂ ਵਿੱਚ ਭਗਵੰਤ ਮਾਨ, ਪ੍ਰੋ: ਸਾਧੂ ਸਿੰਘ, ਗੁਰਪ੍ਰੀਤ ਘੁੱਗੀ, ਸੁਖਪਾਲ ਖਹਿਰਾ, ਵਿਧਾਇਕ ਜਰਨੈਲ ਸਿੰਘ, ਹਿੰਮਤ ਸਿੰਘ ਸ਼ੇਰਗਿੱਲ, ਕੰਵਰ ਸੰਧੂ ਆਦਿ ਨੇ ਕਿਹਾ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਿੱਚ ਕਥਿਤ ਤੌਰ ‘ਤੇ ਫੁੱਟ ਪੁਆਉਣ ਦੀਆਂ ਜਿੰਨੀਆਂ ਮਰਜ਼ੀ ਚਾਲਾਂ ਚੱਲ ਲੈਣ ਪ੍ਰੰਤੂ ਪੰਜਾਬ ਪ੍ਰਤੀ ਵਿਕਾਸ ਅਤੇ ਪਿਆਰ ਦੀ ਸੋਚ ਰੱਖਣ ਵਾਲਾ ਹਰ ਉਹ ਵਿਅਕਤੀ ਆਮ ਆਦਮੀ ਪਾਰਟੀ ਦਾ ਪਹਿਲਾਂ ਵੀ ਅੰਗ ਸੀ ਅਤੇ ਮੌਜੂਦਾ ਸਮੇਂ ਵੀ ਹੈ।ਇਸ ਮੌਕੇ ਉਨਾਂ ਨਾਲ ਸੰਜੇ ਸਿੰਘ, ਦੁਰਗੇਸ਼ ਪਾਠਕ, ਅੰਕੁਸ਼ ਨਾਰੰਗ, ਪੰਜਾਬ ਯੂਥ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ, ਕੇਵਲ ਸਿੰਘ ਸੰਘਾ ਡਰੋਲੀ ਭਾਈ, ਅਮਨ ਅਰੋੜਾ, ਸੀਡੀ ਸਿੰਘ, ਕਰਨਵੀਰ ਸਿੰਘ, ਰਵਿੰਦਰ ਕੌਰ ਰੂਬੀ, ਸੰਤੋਖ ਸਿੰਘ, ਕੁਲਤਾਰ ਸਿੰਘ ਸੰਧਵਾ, ਬੀਬੀ ਬਲਜਿੰਦਰ ਕੌਰ,ਡਾ. ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਕੰਗ,ਬਿੱਟੂ ਸਿੰਘ, ਕਮਲ ਭਲੂਰ, ਗੁਰਪ੍ਰੀਤ ਮਨਚੰਦਾ, ਸਨੀ ਗੋਇਲਠ, ਸਰਬਜੀਤ ਬੰਬੀਹਾ, ਜਗਮੇਲ ਸਿੰਘ ਸਾਹਿਬ ਸਰਪੰਚ ਆਦਿ ਹਾਜ਼ਰ ਸਨ।

ਪ੍ਰਸਿੱਧ ਖਬਰਾਂ

To Top