ਖੇਤੀਬਾੜੀ

ਸਾਉਣੀ ਦੀਆਂ ਫ਼ਸਲਾਂ ਵਿੱਚ  ਲਘੂ ਤੱਤਾਂ ਦੀ ਘਾਟ ਅਤੇ ਪੂਰਤੀ

ਫ਼ਸਲਾਂ ਦੇ ਵਧਣ-ਫੁੱਲਣ ਲਈ ਅਤੇ ਉਹਨਾਂ ਤੋਂ ਪੂਰਾ ਝਾੜ ਪ੍ਰਾਪਤ ਕਰਨ ਲਈ ਵੱਡੇ ਤੱਤਾਂ ਦੇ ਨਾਲ-ਨਾਲ ਲਘੂ ਤੱਤ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜ਼ਿੰਕ, ਲੋਹਾ, ਮੈਗਨੀਜ਼, ਤਾਂਬਾ, ਬੋਰੋਨ, ਮੋਲੀਬਡੇਨਮ ਅਤੇ ਕਲੋਰੀਨ ਨਾਮਕ ਤੱਤਾਂ ਨੂੰ ਲਘੂ ਤੱਤ ਕਿਹਾ ਜਾਂਦਾ ਹੈ ਇਹ ਤੱਤ ਵੀ ਫ਼ਸਲਾਂ ਲਈ ਉਨੇ ਹੀ ਜ਼ਰੂਰੀ ਹਨ ਜਿੰਨੇ ਕਿ ਵੱਡੇ ਤੱਤ ਪਰੰਤੂ ਵੱਡੇ ਤੱਤਾਂ ਦੇ ਮੁਕਾਬਲੇ ਇਹ ਤੱਤ ਬਹੁਤ ਥੋੜ੍ਹੀ ਮਾਤਰਾ ਵਿੱਚ ਲੋਂੜੀਦੇ ਹਨ ਭਾਵੇਂ ਕਿ ਖੇਤੀ ਸਬੰਧੀ ਜਾਗਰੂਕਤਾ ਆਉਣ ਨਾਲ ਕਿਸਾਨ ਵੀਰ ਇਹਨਾਂ ਤੱਤਾਂ ਦੀ ਵਰਤੋਂ ਕਰਨ ਲੱਗ ਪਏ ਹਨ ਪਰੰਤੂ ਹਾਲੇ ਵੀ ਬਹੁਤ ਕਿਸਾਨ ਵੀਰ ਇਹਨਾਂ ਲਘੂ ਤੱਤਾਂ ਦੀ ਮਹੱਤਤਾ, ਘਾਟ ਅਤੇ ਪੂਰਤੀ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹਨ ਇਹਨਾਂ ਲਘੂ ਤੱਤਾਂ ਦੀ ਜ਼ਮੀਨ ਵਿੱਚ ਮਾਤਰਾ ਅਤੇ ਬੂਟਿਆਂ ਉੱਤੇ ਘਾਟ ਦੀਆਂ ਨਿਸ਼ਾਨੀਆਂ ਦਾ ਪਤਾ ਲਗਾ ਕੇ ਉਸ ਅਨੁਸਾਰ ਇਹਨਾਂ ਤੱਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ਲਘੂ ਤੱਤਾਂ ਵਿੱਚੋਂ, ਸਾਉਣੀ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ ‘ਤੇ ਜ਼ਿੰਕ ਦੀ ਘਾਟ ਦੇਖਣ ਨੂੰ ਮਿਲਦੀ ਹੈ ਇਨ੍ਹਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਲਾਜ ਹੇਠ ਲਿਖੇ ਅਨੁਸਾਰ ਹਨ:-
ਜ਼ਿੰਕ ਦੀ ਘਾਟ
ਜਿਨ੍ਹਾਂ ਜ਼ਮੀਨਾਂ ਵਿੱਚ ਜੈਵਿਕ ਮਾਦਾ ਘੱਟ ਹੋਵੇ ਅਤੇ ਕੈਲਸ਼ੀਅਮ ਕਾਰਬੋਨੇਟ ਦੀ ਮਾਤਰਾ ਜ਼ਿਆਦਾ ਹੋਵੇ ਉੱਥੇ ਜ਼ਿੰਕ ਦੀ ਘਾਟ ਆ ਸਕਦੀ ਹੈ ਇਸ ਤੋਂ ਇਲਾਵਾ ਲੋੜ ਤੋਂ ਜ਼ਿਆਦਾ ਮਾਤਰਾ ਵਿੱਚ ਫਾਸਫੋਰਸ ਤੱਤ ਦੀ ਵਰਤੋਂ ਵੀ ਜ਼ਿੰਕ ਦੀ ਘਾਟ ਦਾ ਕਾਰਨ ਬਣ ਸਕਦੀ ਹੈ ਜੇਕਰ ਜ਼ਮੀਨ ਵਿੱਚ ਜ਼ਿੰਕ ਦੀ ਮਾਤਰਾ 600 ਗ੍ਰਾਮ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਇਸ ਦੀ ਘਾਟ ਆ ਸਕਦੀ ਹੈ ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਹਰੇਕ ਫ਼ਸਲ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਹਨ
ਝੱਨੇ ਵਿੱਚ ਇਸ ਦੀ ਘਾਟ ਪਨੀਰੀ ਲਾਉਣ ਤੋਂ ਦੋ-ਤਿੰਨ ਹਫ਼ਤਿਆਂ ਬਾਅਦ ਨਜ਼ਰ ਆਉਂਦੀ ਹੈ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਤੇ ਪੱਤੇ ਜੰਗਾਲੇ ਜਿਹੇ ਨਜ਼ਰ ਆਉਂਦੇ ਹਨ ਅਜਿਹੇ ਬੂਟੇ ਝਾੜੀਨੁਮਾ ਸ਼ਕਲ ਦੇ ਹੋ ਜਾਂਦੇ ਹਨ ਪੱਤੇ ਦੀ ਵਿਚਕਾਰਲੀ ਨਾੜੀ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿੱਚ ਪੱਤੇ ਸੁੱਕ ਜਾਂਦੇ ਹਨ ਇਸ ਤੱਤ ਦੀ ਪੂਰਤੀ ਲਈ 25 ਕਿੱਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) ਜਾਂ 16 ਕਿੱਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਕੱਦੂ ਕਰਨ ਸਮੇਂ ਹੀ ਪਾ ਦੇਣਾ ਚਾਹੀਦਾ ਹੈ ਜੇਕਰ ਫਿਰ ਵੀ ਜ਼ਿੰਕ ਦੀ ਘਾਟ ਧੌੜੀਆਂ ਦੀ ਸ਼ਕਲ ਵਿੱਚ ਨਜ਼ਰ ਆਵੇ ਤਾਂ ਅਜਿਹੀ ਹਾਲਤ ਵਿੱਚ ਪ੍ਰਤੀ ਏਕੜ 10 ਕਿੱਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿੱਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33%) ਨੂੰ ਏਨੀ ਹੀ ਸੁੱਕੀ ਮਿੱਟੀ ਵਿੱਚ ਮਿਲਾ ਕੇ ਖੇਤ ਵਿੱਚ ਖਿਲਾਰ ਦਿਓ
ਮੱਕੀ ਵਿੱਚ ਵੀ ਜ਼ਿੰਕ ਦੀ ਘਾਟ ਇਸ ਦੇ ਉੱਗਣ ਤੋਂ ਦੋ ਹਫ਼ਤਿਆਂ ਵਿਚਕਾਰ ਆਉਣੀ ਸ਼ੁਰੂ ਹੁੰਦੀ ਹੈ ਬੂਟੇ ਦੇ ਉੱਪਰੋਂ ਦੂਜੇ ਜਾਂ ਤੀਜੇ ਪੱਤੇ ਦੇ ਮੁੱਢ ਵੱਲ ਸਫ਼ੈਦ ਜਾਂ ਹਲਕਾ ਪੀਲਾ ਪੱਟੀਨੁਮਾ ਧੱਬਾ ਪੈ ਜਾਂਦਾ ਹੈ ਅਤੇ ਮੁੱਖ ਨਾੜੀ ਦੇ ਦੋਹੀਂ ਪਾਸੀਂ ਲਾਲ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਬਾਅਦ ਵਿੱਚ ਇਹ ਧੱਬਾ ਮੁੱਖ ਨਾੜੀ ਦੇ ਸਮਾਂਤਰ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਤਣੇ ਦੀਆਂ ਗੰਢਾਂ ਵਿਚਕਾਰ ਫ਼ਾਸਲਾ ਘਟ ਜਾਂਦਾ ਹੈ ਇਸ ਦੀ ਘਾਟ ਦੀ ਪੂਰਤੀ ਲਈ ਮੱਕੀ ਦੀ ਬਿਜਾਈ ਸਮੇਂ ਹੀ 10 ਕਿੱਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿੱਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾ ਦਿਓ ਜੇਕਰ ਬਿਜਾਈ ਸਮੇਂ ਇਸ ਦੀ ਵਰਤੋਂ ਨਾ ਕੀਤੀ ਗਈ ਹੋਵੇ ਤੇ ਮੱਕੀ ਦੀ ਖੜ੍ਹੀ ਫ਼ਸਲ ਵਿੱਚ ਇਸ ਦੀ ਘਾਟ ਦੇ ਚਿੰਨ੍ਹ ਨਜ਼ਰ ਆਉਣ ਤਾਂ 10 ਕਿੱਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 6.5 ਕਿੱਲੋ ਮੋਨੋਹਾਈਡ੍ਰੇਟ ਏਨੀ ਹੀ ਸੁੱਕੀ ਮਿੱਟੀ ਵਿੱਚ ਮਿਲਾ ਕੇ ਕਤਾਰਾਂ ਦੇ ਨਾਲ-ਨਾਲ ਪਾਉਣਾ ਚਾਹੀਦਾ ਹੈ ਅਤੇ ਗੋਡੀ ਕਰਕੇ ਬਾਅਦ ਵਿੱਚ ਪਾਣੀ ਲਾ ਦੇਣਾ ਚਾਹੀਦਾ ਹੈ ਜੇਕਰ ਛਿੜਕਾਅ ਰਾਹੀਂ ਇਸ ਦੀ ਪੂਰਤੀ ਕਰਨੀ ਹੋਵੇ ਤਾਂ 1200 ਗ੍ਰਾਮ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ 600 ਗ੍ਰਾਮ ਅਣਬੁਝਿਆ ਚੂਨਾ ਜਾਂ 750 ਗ੍ਰਾਮ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਅਤੇ 375 ਗ੍ਰਾਮ ਅਣਬੁਝੇ ਚੂਨੇ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ
ਲੋਹੇ ਦੀ ਘਾਟ
ਆਮ ਕਰਕੇ ਲੋਹੇ ਦੀ ਘਾਟ ਹਲਕੀਆਂ ਜ਼ਮੀਨਾਂ ਵਿੱਚ ਵੇਖਣ ਨੂੰ ਮਿਲਦੀ ਹੈ ਜੇਕਰ ਜ਼ਮੀਨ ਵਿੱਚ ਇਸ ਦੀ ਮਾਤਰਾ 4.5 ਕਿੱਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਇਸ ਦੀ ਘਾਟ ਆ ਸਕਦੀ ਹੈ ਇਸ ਦੀ ਘਾਟ ਦੀਆਂ ਨਿਸ਼ਾਨੀਆਂ ਹਰ ਫ਼ਸਲ ਵਿੱਚ ਲਗਭਗ ਇੱਕੋ-ਜਿਹੀਆਂ ਨਜ਼ਰ ਆਉਂਦੀਆਂ ਹਨ
ਝੋਨੇ ਵਿੱਚ ਇਸ ਦੀ ਘਾਟ ਪਨੀਰੀ ਲਾਉਣ ਤੋਂ ਕੁਝ ਦਿਨ ਬਾਅਦ ਹੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਬੂਟੇ ਦੇ ਨਵੇਂ ਨਿੱਕਲ ਰਹੇ ਪੱਤੇ ਪੀਲੇ ਹੋ ਜਾਂਦੇ ਹਨ ਪਰ ਪੱਤਿਆਂ ਦੀਆਂ ਨਾੜੀਆਂ ਹਰੀਆਂ ਰਹਿੰਦੀਆਂ ਹਨ ਜ਼ਿਆਦਾ ਘਾਟ ਵਾਲੀਆਂ ਹਾਲਾਤਾਂ ਵਿੱਚ ਨਵੇਂ ਨਿੱਕਲ ਰਹੇ ਪੱਤੇ ਸਫ਼ੈਦ ਰੰਗ ਦੇ ਨਿੱਕਲਦੇ ਹਨ ਤੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਅਜਿਹੀ ਹਾਲਤ ਵਿੱਚ ਫ਼ਸਲ ਨੂੰ ਭਰਵਾਂ ਪਾਣੀ ਲਾ ਦਿਓ ਅਤੇ ਇੱਕ ਕਿੱਲੋ ਫ਼ੈਰਸ ਸਲਫ਼ੇਟ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਹਫ਼ਤੇ ਦੇ ਵਕਫ਼ੇ ‘ਤੇ ਛਿੜਕੋ ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੁੰਦੀ
ਝੋਨੇ ਤੋਂ ਇਲਾਵਾ ਲੋਹੇ ਦੀ ਘਾਟ, ਚਰ੍ਹੀ ਅਤੇ ਗੰਨੇ ਦੀ ਫ਼ਸਲ ਵਿੱਚ ਵੀ ਵੇਖਣ ਨੂੰ ਮਿਲਦੀ ਹੈ ਇਹਨਾਂ ਫ਼ਸਲਾਂ ਵਿੱਚ ਵੀ ਉੱਪਰ ਦੱਸੇ ਤਰੀਕੇ ਨਾਲ ਫੈਰਸ ਸਲਫ਼ੈਟ ਦਾ ਛਿੜਕਾਅ ਕਰਕੇ ਲੋਹੇ ਦੀ ਘਾਟ ਦੀ ਪੂਰਤੀ ਕੀਤੀ ਜਾ ਸਕਦੀ ਹੈ
ਧੰਨਵਾਦ ਸਹਿਤ ਚੰਗੀ ਖੇਤੀ

ਪ੍ਰਸਿੱਧ ਖਬਰਾਂ

To Top