Breaking News

ਜ਼ਬਰ-ਜ਼ੁਲਮ ਖਿਲਾਫ਼ ਜੂਝਣ ਦੀ ਪ੍ਰੇਰਨਾ ਦਿੰਦੈ ਮੇਲਾ ਮਾਘੀ

Mela Maghi, Sri Muktsar Sahib, Motivates, Fight, Oppression

ਮੇਲਾ ਮਾਘੀ ‘ਤੇ ਵਿਸ਼ੇਸ਼

ਮੇਵਾ ਸਿੰਘ
ਮਹਾਂ ਪੁਰਸ਼ਾਂ ਦੀ ਜੀਵਨ-ਜਾਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰ ਜਾਂਦੀ ਹੈ ਪੰਜਾਬ ਦੀ ਧਰਤੀ ਦਾ ਸੁਭਾਗ ਹੈ ਕਿ ਇੱਥੇ ਮੇਲੇ ਤੇ ਤਿਉਹਾਰ ਨੇਕੀਆਂ ਦੇ ਰਾਹਾਂ ਨੂੰ ਦਰਸਾਉਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਲਾਸਾਨੀ ਹਸਤੀ ਸਨ, ਜਿਨ੍ਹਾਂ ਦੇ ਜੀਵਨ ਦਾ ਹਰ ਝਲਕਾਰਾ ਮਨੁੱਖਤਾ ਨੂੰ ਹਨ੍ਹੇਰੀਆਂ ਖੱਡਾਂ ‘ਚੋਂ ਕੱਢ ਕੇ ਸੱਚ ਦੇ ਪ੍ਰਕਾਸ਼ ਨਾਲ ਭਰਪੂਰ ਕਰਦਾ ਹੈ ਇਹੀ ਪ੍ਰਕਾਸ਼ ਅੱਗੇ ਮਨੁੱਖ ਨੂੰ ਨੇਕੀ ਖੱਟਣ ਵੱਲ ਤੋਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜੰਗਾਂ ਨਿੱਜੀ ਹਿੱਤਾਂ ਤੋਂ ਉੱਪਰ ਉੱਠਕੇ ਦੇਸ਼, ਕੌਮ, ਹੱਕ, ਸੱਚ ਤੇ ਧਰਮ ਦੀ ਰੱਖਿਆ ਖਾਤਰ ਲੜੀਆਂ ਤੇ ਹਰ ਵਾਰ ਚੜ੍ਹਦੀ ਕਲਾ ਤੇ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦੇ ਹੋਏ ਬਹਾਦਰੀ ਨਾਲ ਸਮਾਜ ਵਿਰੋਧੀ ਅਨਸਰਾਂ ਦਾ ਟਾਕਰਾ ਕੀਤਾ। ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਵੀ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਜੋ ਇੱਥੇ ਮੁਗਲਾਂ ਨਾਲ ਲੜਦੇ ਹੋਏ ਜੰਗ ਵਿੱਚ ਸ਼ਹੀਦ ਹੋ ਗਏ

ਇਤਿਹਾਸ ਅਨੁਸਾਰ ਸ੍ਰੀ ਗੁਰੂ ਸਾਹਿਬ ਨੂੰ ਹਰਾਉਣ ਦੇ ਇਰਾਦੇ ਨਾਲ ਲਾਹੌਰ, ਸਰਹੰਦ ਦੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿਲ੍ਹੇ ‘ਚ ਮੌਜ਼ੂਦ ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟਕੇ ਦੁਸ਼ਮਣ ਦੀਆਂ ਭਾਰੀ ਗਿਣਤੀ ਫੌਜਾਂ ਦਾ ਟਾਕਰਾ ਕੀਤਾ। ਖਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੀ ਫੌਜ ਦੇ ਹੌਂਸਲੇ ਢੇਰੀ ਹੋ ਚੁੱਕੇ ਸਨ। ਇਸ ਜੰਗ ‘ਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਪੂਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ  ਉੱਧਰ ਕਿਲ੍ਹੇ ਵਿੱਚੋਂ ਵੀ ਹੌਲੀ-ਹੌਲੀ  ਰਾਸ਼ਨ-ਪਾਣੀ ਮੁੱਕਦਾ ਜਾ ਰਿਹਾ ਸੀ ਦੇ ਬਾਵਜ਼ੂਦ ਸਿੰਘ ਸ਼ੇਰਾਂ ਵਾਂਗ ਲੜ ਰਹੇ ਸਨ। ਪਰ ਕੁਝ ਸਿੱਖ ਉਸ ਵੇਲੇ ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ, ਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰ ਅੰਦੇਸ਼ੀ ਨਾਲ ਸਿੱਖਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ ਪਰੰਤੂ ਉਨ੍ਹਾਂ ਦਾ ਆਤਮਬਲ ਐਨਾ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ ਕਿ ਅਸੀਂ ਤੇਰੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਤੇ ਘਰਾਂ ਨੂੰ ਚਲੇ ਗਏ। ਇਸ ਜੰਗ ਪਿੱਛੋਂ ਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ

ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਏਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪਹੁੰਚੇ ਸੂਬੇ ਸਰਹੰਦ ਦਾ ਵਜ਼ੀਦ ਖਾਨ ਭਾਰੀ ਲਾਮ-ਲਸ਼ਕਰ ਨਾਲ ਉਨ੍ਹਾਂ ਦਾ ਪਿੱਛਾ ਕਰਦਾ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਇੱਧਰ ਮਾਝੇ ਦੇ ਸਿੰਘਾਂ ਦਾ ਜੱਥਾ ਜਦੋਂ ਗੁਰੂ ਸਾਹਿਬ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ‘ਤੇ ਪਹੁੰਚਿਆ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਫੌਜ ਦੇ ਇੱਥੇ ਪਹੁੰਚਣ ਦੀ ਖ਼ਬਰ ਮਿਲੀ, ਤਾਂ ਇਨ੍ਹਾਂ ਮੁਗ਼ਲ ਫੌਜ ਖਿਲਾਫ਼ ਲੜਨ ਲਈ ਮੋਰਚੇ ਸੰਭਾਲ ਲਏ। ਇਸ ਸਮੇਂ ਗੁਰੂ ਜੀ ਵੱਲੋਂ ਅਪਣਾਈ ਯੁੱਧ ਨੀਤੀ ਪੂਰੀ ਤਰ੍ਹਾਂ ਸਫ਼ਲ ਰਹੀ, ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਸਾਰੀ ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ।

ਦੂਸਰੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਨੇ ਵੀ ਮਾਤਾ ਭਾਗ ਕੌਰ ਤੇ ਭਾਈ ਮਹਾਂ ਸਿੰਘ ਦੀ ਅਗਵਾਈ ‘ਚ ਸਿੰਘਾਂ ਨੇ ਇੱਕਦਮ ਅਚਾਨਕ ਮੁਗ਼ਲ ਫੌਜਾਂ ‘ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿੱਚ ਮੁਗਲ ਫੌਜ ਦੇ ਸੈਂਕੜੇ ਸੈਨਿਕ ਮਾਰੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਫੌਜ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਂਟ ਚੜ੍ਹਦੇ ਗਏ। ਸਿੰਘ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ਵਿੱਚ ਭਾਜੜ ਪੈ ਗਈ। ਦੁਸ਼ਮਣ ਹਾਰ ਖਾਕੇ ਭੱਜ ਉਠੇ ਤੇ ਖਾਲਸੇ ਨੇ ਜੰਗ ਦਾ ਮੈਦਾਨ ਫਤਿਹ ਕਰ ਲਿਆ।

ਪਰ ਬੇਦਾਵਾ ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ ਲੜਾਈ ਦੇ ਮੈਦਾਨ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਮੁਗ਼ਲਾਂ ਦੇ ਜੰਗ ਦਾ ਮੈਦਾਨ ਛੱਡਕੇ ਭੱਜ ਜਾਣ ਤੋਂ ਬਾਅਦ ਗੁਰੂ ਜੀ ਨੇ ਰਣਭੂਮੀ ‘ਚ ਦੇਖਿਆ ਕਿ ਢਾਬ ਕੰਢੇ ਜ਼ਖ਼ਮੀ ਹਾਲਤ ਵਿੱਚ ਬੈਠੀ ਮਾਤਾ ਭਾਗੋ ਆਪਣੇ ਜ਼ਖ਼ਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਨਾਂ ਵਿੱਚ ਆਪਣਾ ਸੀਸ ਨਿਵਾਇਆ। ਉਸ ਨੇ ਦਸਵੇਂ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਤੇ ਸ਼ਹਾਦਤਾਂ ਦੀ ਗਾਥਾ ਸੁਣਾਈ।

ਗੁਰੂ ਸਾਹਿਬ ਨੇ ਜੰਗ ਵਿੱਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜਾਰੀ, ਸੱਤ ਹਜਾਰੀ ਅਤੇ ਦਸ ਹਜਾਰੀ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਲੋਸਿਆ। ਜੰਗ ਦੇ ਮੈਦਾਨ ਵਿੱਚ ਪਈਆਂ ਸਿੰਘਾਂ ਦੀਆਂ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਤੇ ਹਰ ਇੱਕ ਨੂੰ ਛਾਤੀ ਨਾਲ ਲਗਾਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ। ਇੰਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੇ ਨਜ਼ਰੀ ਪਿਆ। ਗੁਰੂ ਸਾਹਿਬ ਨੇ ਉਸ ਦੇ ਸਿਰ ਨੂੰ ਆਪਣੀ ਗੋਦ ਵਿੱਚ ਲੈ ਲਿਆ

ਕਲਗ਼ੀਧਰ ਪਾਤਸ਼ਾਹ ਨੇ ਗੋਦ ਵਿੱਚ ਪਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਕਿ ‘ਉੱਤਮ ਭਾਗ ਹਨ’ ਕਿ ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ, ਸਭ ਇੱਛਾਵਾਂ ਪੂਰੀਆਂ ਹੋ ਗਈਆਂ। ਪਰੰਤੂ ਜੇ ਆਪ ਤੁੱਠੇ ਹੋ ਤਾਂ ਸਮੇਂ ਦੇ ਗੇੜ ਤੇ ਬਿੱਖੜੇ ਹਾਲਾਤਾਂ ਕਾਰਨ ਉਸ ਸਮੇਤ ਜੋ 40 ਸਿੰਘ ਆਪ ਜੀ ਨੂੰ ਗੁਰਸਿੱਖੀ ਤੋਂ ਬੇਦਾਵਾ ਲਿਖ ਕੇ ਦੇ ਆਏ ਸਨ, ਉਸ ਨੂੰ ਨਾ ਚਿਤਾਰਦੇ ਹੋਏ ਉਹ ਬੇਦਾਵੇ ਵਾਲਾ ਕਾਗਜ਼ ਪਾੜ੍ਹਕੇ ਟੁੱਟੀ ਗੰਢੋ।

ਭਾਈ ਸਾਹਿਬ ਦੇ ਮੂੰਹੋਂ ਇਹ ਸ਼ਬਦ ਸੁਣਕੇ ਗੁਰੂ ਸਾਹਿਬ ਬੜੇ ਹੀ ਖੁਸ਼ ਹੋਏ ਆਪ ਜੀ ਨੇ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਆਪਣੇ ਕਮਰਕੱਸੇ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ।

ਜਿਸ ਜਗ੍ਹਾ ‘ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ਼ ਪਾੜ੍ਹਕੇ ਟੁੱਟੀ ਗੰਢੀ, ਉੱਥੇ ਅੱਜ-ਕੱਲ੍ਹ ਟੁੱਟੀ ਗੁੰਢੀ ਗੁਰਦੁਆਰਾ ਸਾਹਿਬ ਸ਼ਸੋਬਿਤ ਹੈ। ਇਸੇ ਤਰ੍ਹਾਂ ਜਿੱਥੇ 40 ਮੁਕਤੇ ਸ਼ਹੀਦ ਹੋਏ ਉਸ ਜਗ੍ਹਾ ਦਾ ਨਾਂਅ ਉਸ ਸਮੇਂ ਤੋਂ ਮੁਕਤਸਰ ਤੇ ਜਿਸ ਜਗ੍ਹਾ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਉਸ ਜਗ੍ਹਾ ‘ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦਾ ਹੈ।

ਇਨ੍ਹਾਂ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਜੋੜ ਮੇਲਾ ਹਰ ਸਾਲ ਦੇਸੀ ਮਹੀਨੇ ਮਾਘੀ ਦੀ ਸੰਗਰਾਂਦ ਤੇ ਲੋਹੜੀ ਦੇ ਤਿਉਹਾਰ ਤੋਂ ਦੂਸਰੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਆ ਕੇ ਸ਼ਹੀਦਾਂ ਨੂੰ ਸਜਦਾ ਕਰਦੇ ਹਨ ਪੁਰਾਣੇ ਸਮਿਆਂ ਵਿੱਚ ਇਹ ਮੇਲਾ ਮਹੀਨਾ-ਮਹੀਨਾ ਚਲਦਾ ਸੀ ਪਰ ਆਧੁਨਿਕ ਸਮੇਂ ਵਿੱਚ ਮੇਲਾ ਕਰੀਬ ਹਫਤਾ ਭਰ ਚੱਲਦਾ ਹੈ

ਮੇਲੇ ਦੌਰਾਨ ਲੋਕਾਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਵਗੈਰਾ, ਲੋਕਾਂ ਦੀ ਖਰੀਦੋ-ਫ਼ਰੋਖਤ ਲਈ ਨਵੀਆਂ-ਨਵੀਆਂ ਆਈਟਮਾਂ, ਵੱਖ-ਵੱਖ ਪਸ਼ੂਆਂ ਦੀ ਖਰੀਦ ਤੇ ਵੇਚ ਵੀ ਚਲਦੀ ਹੈ। ਮੇਲੇ ਵਾਲੇ ਦਿਨ ਸ਼ਹਿਰ ਵਿੱਚ ਸਿਆਸੀ ਕਾਨਫਰੰਸਾਂ ਵੀ ਲੋਕਾਂ ਦੇ ਖਿੱਚ ਦਾ ਕਾਰਨ ਬਣਦੀਆਂ ਹਨ

ਅਸੀਂ ਇਨ੍ਹਾਂ ਇਤਿਹਾਸਕ ਦਿਨਾਂ ਨੂੰ ਮਨਾਉਣ ਦਾ ਅਸਲ ਲਾਹਾ ਤਾਂ ਹੀ ਖੱਟ ਸਕਦੇ ਹਾਂ ਜੇਕਰ ਅਸੀਂ ਉਨ੍ਹਾਂ ਵੱਲੋਂ ਸਮਾਜ ਦੇ ਭਲੇ ਤੇ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਲਈ ਪਾਏ ਪੂਰਨਿਆਂ ਨੂੰ ਆਪਣੀ ਅਮਲੀ ਜ਼ਿੰਦਗੀ ਵਿੱਚ ਅਪਣਾਈਏ।

ਪਿੰਡ ਅਬੁਲਖੁਰਾਣਾ,
ਸ੍ਰੀ ਮੁਕਤਸਰ ਸਾਹਿਬ
ਮੋ: 9872600923

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top