ਕਹਾਣੀਆਂ

ਤਿੜਕੇ ਰਿਸ਼ਤੇ

ਮਿੰਨੀ ਕਹਾਣੀ
ਸ਼ਾਲੂ ਅਤੇ ਹਰੀਸ਼ ਦੇ ਵਿਆਹ ਨੂੰ ਤਕਰੀਬਨ ਅੱਠ ਸਾਲ ਹੋ ਗਏ ਸਨ ਅਤੇ ਉਹਨਾਂ ਦੀ ਧੀ ਚਿੰਕੀ ਹੁਣ ਸੱਤਾ ਸਾਲਾਂ ਦੀ ਹੋ ਗਈ ਸੀ। ਚਿੰਕੀ ਤੋਂ ਬਾਅਦ ਸ਼ਾਲੂ ਫਿਰ ਕਦੀ ਮਾਂ ਨਾ ਬਣ ਸਕੀ। ਹਰੀਸ਼ ਹੋਰਨਾਂ ਮਰਦਾਂ ਵਾਂਗ ਹੀ ਆਪਣੇ ਵੰਸ਼ ਨੂੰ ਅੱਗੇ ਚਲਾਉਣ ਲਈ ਮੁੰਡਾ ਚਾਹੁੰਦਾ ਸੀ। ਜਦੋਂ ਵੀ ਉਹ ਆਪਣੇ ਦੋਸਤਾਂ-ਰਿਸ਼ਤੇਦਾਰਾਂ ਦੇ ਮੁੰਡਿਆਂ ਨੂੰ ਦੇਖਦਾ ਤਾਂ ਉਸ ਦੇ ਦਿਲ ਵਿੱਚ ਵੀ ਇਹ ਰੀਝ ਆਉਂਦੀ ਕਿ ਉਸਦੇ ਵੀ ਇੱਕ ਬੇਟਾ ਹੁੰਦਾ। ਸ਼ਾਲੂ ਅਤੇ ਹਰੀਸ਼ ਦੇ ਝਗੜੇ ਵਧਦੇ ਜਾ ਰਹੇ ਸਨ ਅਤੇ ਉਹਨਾਂ ਦਾ ਰਿਸ਼ਤਾ ਦਿਨ-ਬ-ਦਿਨ ਵਿਗੜਦਾ ਹੀ ਜਾ ਰਿਹਾ ਸੀ। ਹਰੀਸ਼ ਰੋਜ਼ ਦੀ ਤਰ੍ਹਾਂ ਸਵੇਰੇ ਦਫ਼ਤਰ ਚਲਿਆ ਜਾਂਦਾ ਅਤੇ ਸ਼ਾਲੂ ਚਿੰਕੀ ਨੂੰ ਸਕੂਲ ਭੇਜ ਕੇ ਘਰ ਦੇ ਕੰਮ-ਕਾਜ ਵਿੱਚ ਰੁੱਝ ਜਾਂਦੀ। ਇੱਕ ਖਾਲੀਪਨ ਸ਼ਾਲੂ ਨੂੰ ਅੰਦਰੋ-ਅੰਦਰੀ ਖਾਈ ਜਾ ਰਿਹਾ ਸੀ। ਹਰੀਸ਼ ਦੇ ਦਫ਼ਤਰ ਤੋਂ ਵਾਪਿਸ ਆਉਂਦਿਆਂ ਹੀ ਫਿਰ ਉਹੀ ਲੜਾਈ-ਝਗੜਾ ਸ਼ੁਰੂ ਹੋ ਜਾਂਦਾ। ਰੋਜ਼ਾਨਾ ਦੀ ਤਰ੍ਹਾਂ ਚਿੰਕੀ ਸਕੂਲ ਤੋਂ ਵਾਪਸ ਆ ਗਈ ਸੀ ਤੇ ਸ਼ਾਲੂ ਉਸ ਲਈ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਚਿੰਕੀ ਨੇ ਪਾਣੀ ਪੀਣ ਲਈ ਜਦੋਂ ਰਸੋਈ ਵਿੱਚੋਂ ਗਲਾਸ ਉਠਾਇਆ ਤਾਂ ਗਲਾਸ ਉਸ ਦੇ ਹੱਥੋਂ ਛੁੱਟ ਕੇ ਫ਼ਰਸ਼ ‘ਤੇ ਡਿੱਗ ਪਿਆ। ਗਲਾਸ ਟੁੱਟਣੋਂ ਤਾਂ ਬਚ ਗਿਆ ਪਰ ਉਸ ਵਿੱਚ ਤਰੇੜ ਪੈ ਗਈ। ਸ਼ਾਲੂ ਨੂੰ ਯਾਦ ਆਇਆ ਕਿ ਉਸਦੀ ਮਾਂ ਕਿਹਾ ਕਰਦੀ ਸੀ ਕਿ ਤਿੜਕੇ ਹੋਏ ਭਾਂਡੇ ਅਤੇ ਤਿੜਕੇ ਹੋਏ ਰਿਸ਼ਤੇ ਜ਼ਿਆਦਾ ਦੇਰ ਨਹੀਂ ਨਿਭਦੇ। ਮਾਂ ਦੀ ਇਹ ਗੱਲ ਯਾਦ ਕਰਦਿਆਂ ਹੀ ਸ਼ਾਲੂ ਨੇ ਚਿੰਕੀ ਨੂੰ ਡਾਂਟਦਿਆਂ ਹੋਇਆਂ ਕਿਹਾ ਕਿ ਹੁਣ ਇਹ ਗਲਾਸ ਤਿੜਕ ਗਿਆ ਹੈ, ਤਿੜਕਿਆ ਭਾਂਡਾ ਘਰ ਵਿੱਚ ਨਹੀਂ ਰੱਖੀਦਾ। ਏਨੇ ਨੂੰ ਦਰਵਾਜ਼ੇ ਦੀ ਘੰਟੀ ਵੱਜਦੀ ਹੈ, ਹਰੀਸ਼ ਦਫ਼ਤਰ ਤੋਂ ਅੱਜ ਜ਼ਲਦੀ ਘਰ ਆ ਗਿਆ ਸੀ ਜਾਂ ਸ਼ਾਇਦ ਉਹ ਦਫ਼ਤਰ ਗਿਆ ਹੀ ਨਹੀਂ ਸੀ। ਸ਼ਾਲੂ ਦਰਵਾਜ਼ਾ ਖੋਲ੍ਹਦੀ ਹੈ ਹਰੀਸ਼ ਅੱਜ ਪਹਿਲਾਂ ਦੀ ਬਜਾਏ ਬਿਲਕੁਲ ਸ਼ਾਂਤ ਸੀ। ਉਸਦੇ ਹੱਥ ਵਿੱਚ ਤਲਾਕ ਦੇ ਪੇਪਰ ਸਨ, ਜੋ ਉਸਨੇ ਆਉਂਦਿਆਂ ਹੀ ਸ਼ਾਲੂ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ ਕਿ ਸ਼ਾਲੂ ਆਪਣੇ ਰਿਸ਼ਤੇ ਵਿੱਚ ਤਰੇੜ ਪੈ ਚੁੱਕੀ ਹੈ ਜਿਸ ਦਾ ਭਰ ਸਕਣਾ ਹੁੱਣ ਨਾ-ਮੁਮਕਿਨ ਹੈ। ਤਿੜਕੇ ਹੋਏ ਰਿਸ਼ਤਿਆਂ ਦੇ ਨਾਲ ਜ਼ਿੰਦਗੀ ਦਾ ਸਫ਼ਰ ਤੈਅ ਕਰ ਸਕਣਾ ਮੁਸ਼ਕਿਲ ਨਹੀਂ ਅਸੰਭਵ ਹੈ, ਇਸ ਲਈ ਤੂੰ ਇਹਨਾਂ ਪੇਪਰਾਂ ‘ਤੇ ਦਸਤਖਤ ਕਰਦੇ। ਸ਼ਾਲੂ ਖਾਮੋਸ਼ ਖੜ੍ਹੀ ਕਦੇ ਤਿੜਕੇ ਹੋਏ ਗਲਾਸ ਵੱਲ ਦੇਖ ਰਹੀ ਸੀ ਅਤੇ ਕਦੇ ਤਲਾਕ ਦੇ ਕਾਗਜ਼ਾਂ ਵੱਲ। ਉਸਨੂੰ ਤਿੜਕੇ ਭਾਂਡੇ ਅਤੇ ਤਿੜਕੇ ਰਿਸ਼ਤੇ ਵਿੱਚ ਕੋਈ ਫ਼ਰਕ ਨਹੀਂ ਸੀ ਲੱਗ ਰਿਹਾ, ਤੇ ਉਸਦੇ ਕੰਨਾਂ ਵਿੱਚ ਉਸਦੀ ਮਾਂ ਦੇ ਕਹੇ ਅਲਫ਼ਾਜ਼ ਗੂੰਜ ਰਹੇ ਸਨ।
ਕੰਵਲਜੀਤ ਕੌਰ ਢਿੱਲੋਂ,
ਤਰਨ ਤਾਰਨ
ਮੋ. 94787-93231

ਪ੍ਰਸਿੱਧ ਖਬਰਾਂ

To Top