ਖੇਤੀਬਾੜੀ

ਝੋਨਾ ਟਰਾਂਸਪਲਾਂਟਰ ਦੀ ਸੁਚੱਜੀ ਵਰਤੋਂ

ਪੰਜਾਬ ਦੇ ਮੁੱਖ ਫ਼ਸਲੀ ਚੱਕਰ ਕਣਕ-ਝੋਨਾ ਨੂੰ ਪੇਸ਼ ਆ ਰਹੀਆਂ ਕੁਝ ਚੁਣੌਤੀਆਂ ਵਿੱਚ ਲੇਬਰ ਦੀ ਸਮੱਸਿਆ ਇੱਕ ਮੁੱਖ ਚੁਣੌਤੀ ਹੈ ਇਸ ਕਰਕੇ ਝੋਨੇ ਦੀ ਲਵਾਈ ਦੇ ਕੰਮ ਲਈ ਝੋਨਾ ਟਰਾਂਸਪਲਾਂਟਰ ਦੀ ਮਹੱਤਤਾ ਬਹੁਤ ਵਧ ਗਈ ਹੈ ਝੋਨਾ ਟਰਾਂਸਪਲਾਂਟਰ ਦੇ ਸੁਚੱਜੇ ਤਰੀਕੇ ਨਾਲ ਕੰਮ ਕਰਨ ਲਈ ਕੁਝ ਸ਼ਰਤਾਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ‘ਤੇ ਇਹ ਮਸ਼ੀਨਾਂ ਬਹੁਤ ਵਧੀਆ ਕੰਮ ਕਰਦੀਆਂ ਹਨ ਇੱਕ ਤਾਂ ਝੋਨਾ ਟਰਾਂਸਪਲਾਂਟਰ ਦੇ ਲਈ ਵਰਤੀ ਜਾਣ ਵਾਲੀ ਮੈਟ ਟਾਈਪ ਪਨੀਰੀ, ਜਿਸਦੀ ਗੁਣਵੱਤਾ ਝੋਨਾ ਟਰਾਂਸਪਲਾਂਟਰ ਦੇ ਕੰਮ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੀ ਹੈ ਇਸ ਤੋਂ ਇਲਾਵਾ ਕੱਦੂ ਦੀ ਤਿਆਰੀ ਅਤੇ ਮਸ਼ੀਨ ਦੇ ਕੰਟਰੋਲਾਂ  ਦੀ ਸਹੀ ਜਾਣਕਾਰੀ, ਵਰਤੋਂ ਅਤੇ ਸਹੀ ਵਿਉਂਤਬੰਦੀ ਝੋਨਾ ਟਰਾਂਸਪਲਾਂਟਰ ਦੀ ਵਧੀਆ ਕਾਰਗੁਜ਼ਾਰੀ ਲਈ ਬਹੁਤ ਜ਼ਰੂਰੀ ਸ਼ਰਤਾਂ ਹਨ ਇਸ ਲੇਖ ਵਿੱਚ ਮਸ਼ੀਨ ਨੂੰ ਵਰਤਣ ਸਬੰਧੀ ਧਿਆਨ ਰੱਖਣਯੋਗ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ
1. ਜਿਸ ਖੇਤ ਵਿੱਚ ਮੈਟ ਟਾਈਪ ਪਨੀਰੀ ਵਰਤ ਕੇ ਮਸ਼ੀਨ ਨਾਲ ਝੋਨਾ ਲਾਉਣਾ ਹੈ, ਉਹ ਖੇਤ ਲੇਜ਼ਰ ਕਰਾਹੇ ਨਾਲ ਲੈਵਲ ਕੀਤਾ ਹੋਵੇ ਤਾਂ ਬਿਹਤਰ ਹੋਵੇਗਾ
2. ਕੱਦੂ ਤਿਆਰ ਕਰਨ ਲਈ ਖੇਤ ਵਿੱਚ ਪਾਣੀ ਇਸ ਹਿਸਾਬ ਨਾਲ ਭਰੋ ਕਿ ਕੱਦੂ ਕਰਨ ਉਪਰੰਤ ਖੇਤ ਵਿੱਚ ਪਾਣੀ ਦਾ ਲੈਵਲ ਲਗਭਗ ਡੇਢ ਤੋਂ ਦੋ ਇੰਚ ਹੋਵੇ ਮਸ਼ੀਨ ਚਲਾਉਣ ਸਮੇਂ ਕੱਦੂ ਕੀਤਾ ਖੇਤ ਥੋੜ੍ਹਾ ਸਖ਼ਤ ਹੋਣਾ ਚਾਹੀਦਾ ਹੈ
3. ਮਸ਼ੀਨ ਵਿੱਚ ਵਰਤਣ ਵਾਲੇ ਮੈਟ ਦਾ ਸਾਈਜ਼ ਮਸ਼ੀਨ ਦੀਆਂ ਟਰ੍ਹੇਆਂ ਦੇ ਸਾਈਜ਼ ਮੁਤਾਬਿਕ ਹੋਣਾ ਚਾਹੀਦਾ ਹੈ ਤਾਂ ਕਿ ਮੈਟ ਟਰੇਆਂ ਵਿੱਚ ਚੰਗੀ ਤਰ੍ਹਾਂ ਸਰਕ ਸਕਣ
4. ਉਖਾੜੇ ਹੋਏ ਮੈਟਾਂ ਨੂੰ ਸੁੱਕਣ ਤੋਂ ਬਚਾਅ ਕੇ ਰੱਖੋ ਜੇ ਲੋੜ ਪਵੇ ਤਾਂ ਇਨ੍ਹਾਂ ਉੱਪਰ ਪਾਣੀ ਛਿੜਕਦੇ ਰਹੋ
5. ਪਨੀਰੀ ਦੇ ਮੈਟਾਂ ਨੂੰ ਮਸ਼ੀਨ ‘ਤੇ ਰੱਖਣ ਤੋਂ ਪਹਿਲਾਂ ਮਸ਼ੀਨ ਦੀ ਟਰੇਅ ਉੱਤੇ ਪਾਣੀ ਦਾ ਛਿੜਕਾਅ ਕਰ ਲਵੋ ਤਾਂ ਕਿ ਮੈਟ ਅਸਾਨੀ ਨਾਲ ਹੇਠਾਂ ਵੱਲ ਸਰਕ ਸਕਣ
6. ਪਹਿਲੀ ਵਾਰ ਮਸ਼ੀਨ ‘ਤੇ ਮੈਟ ਰੱਖਣ ਤੋਂ ਪਹਿਲਾਂ ਮੈਟ ਰੱਖਣ ਵਾਲੀ ਟਰੇਅ ਨੂੰ ਖਾਲੀ ਚਲਾ ਕੇ ਬਿਲਕੁੱਲ ਖੱਬੇ ਜਾਂ ਸੱਜੇ ਪਾਸੇ ਕਰ ਲਵੋ ਤਾਂ ਜੋ ਮੈਟ ਦੀ ਕਟਾਈ ਕਿਨਾਰੇ ਤੋਂ ਸ਼ੁਰੂ ਹੋਵੇ
7. ਮਸ਼ੀਨ ਦੀ ਟਰੇਅ ਵਿੱਚ ਪਏ ਮੈਟ ਦੀ ਨਿਗਰਾਨੀ ਰੱਖੋ ਜਿਉਂ-ਜਿਉਂ ਪਨੀਰੀ ਦੇ ਮੈਟ ਛੋਟੇ ਹੁੰਦੇ ਜਾਣਗੇ, ਉਹ ਹੇਠਾਂ ਵੱਲ ਸਰਕਦੇ ਜਾਣਗੇ ਜਦੋਂ ਮੈਟਾਂ ਦੀ ਲੰਬਾਈ 5-6 ਇੰਚ ਰਹਿ ਜਾਵੇ ਤਾਂ ਟਰੇਆਂ ਵਿੱਚ ਨਵੇਂ ਮੈਟ ਪੁਰਾਣੇ ਮੈਟਾਂ ਉੱਪਰ ਰੱਖ ਦਿਓ
8. ਜੇਕਰ ਚਲਦੇ ਸਮੇਂ ਕੋਈ ਰੋੜੀ, ਕੰਕਰ ਜਾਂ ਕੋਈ ਹੋਰ ਸਖ਼ਤ ਪਦਾਰਥ ਆ ਜਾਵੇ ਤਾਂ ਉਸ ਟਰੇਅ ਦੀ ਪਨੀਰੀ ਬੀਜਣ ਵਾਲੇ ਮਸ਼ੀਨ ਦੇ ਪੰਜੇ ਰੁਕ ਜਾਣਗੇ ਅਜਿਹੇ ਸਮੇਂ ਮਸ਼ੀਨ ਨੂੰ ਰੋਕ ਕੇ ਪਨੀਰੀ ਵਾਲਾ ਸਿਸਟਮ ਤੁਰੰਤ ਬੰਦ ਕਰ ਦਿਓ ਤੇ ਮੈਟ ਨੂੰ ਚੁੱਕ ਕੇ ਪੰਜੇ ਵਿੱਚੋਂ ਫ਼ਸਿਆ ਪਦਾਰਥ ਕੱਢ ਦਿਓ
ਝੋਨਾ (ਪੈਡੀ) ਟਰਾਂਸਪਲਾਂਟਰ ਦੇ ਰੱਖ-ਰਖਾਅ ਸਬੰਧੀ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਤੇ ਪਾਲਣ ਕਰਨਾ ਚਾਹੀਦਾ ਹੈ
1. ਸਾਰੇ ਝੋਨਾ ਟਰਾਂਸਪਲਾਂਟਰ ਇੰਜਣ ਨਾਲ ਚਲਦੇ ਹਨ ਇੰਜਣ ਦਾ ਰੋਜ਼ਾਨਾ ਰੱਖ-ਰਖਾਅ ਉਪਰੇਟਰ ਦਸਤਾਵੇਜ਼ ਦੇ ਹਿਸਾਬ ਨਾਲ ਕਰੋ
2. ਪੈਟਰੋਲ ਜਾਂ ਡੀਜ਼ਲ ਨੂੰ ਸਾਫ਼ ਕਰਨ ਵਾਲੀ ਜਾਲੀ ਅਤੇ ਤੇਲ (ਬਾਲਣ) ਟੈਂਕੀ ਦੇ ਢੱਕਣ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਇਸ ਕੰਮ ਲਈ ਆਮ ਬਰੱਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ
3. ਹਵਾ ਦੀ ਸਫ਼ਾਈ ਲਈ ਯੰਤਰ (ਏਅਰਕਲੀਨਰ) ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਸਾਫ਼ ਕਰੋ ਹਵਾ ਸਾਫ਼ ਕਰਨ ਵਾਲੇ ਫਿਲਟਰ ਨੂੰ ਨਿਰਮਾਤਾ ਦੀ ਸ਼ਿਫਾਰਿਸ਼ ਮੁਤਾਬਿਕ ਮਿੱਥੇ ਸਮੇਂ ਦੇ ਅੰਦਰ ਬਦਲਣਾ ਚਾਹੀਦਾ ਹੈ
4. ਇੰਜਣ ਅਤੇ ਗਿਅਰ ਤੇਲ ਦੇ ਪੱਧਰ ਨੂੰ ਚੈੱਕ ਕਰਨਾ ਚਾਹੀਦਾ ਹੈ ਨਿਰਮਾਤਾ ਦੀ ਸਿਫ਼ਾਰਿਸ਼ ਅਨੁਸਾਰ ਇੰਜਣ ਅਤੇ ਗਿਅਰ ਲਈ ਸਹੀ ਗਰੇਡ ਦੇ ਤੇਲ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਆਮ ਤੌਰ ‘ਤੇ ਪਿੱਛੇ ਤੁਰਨ ਵਾਲੀ ਮਸ਼ੀਨ ਵਿੱਚ ਇੰਜਣ ਦੇ ਤੇਲ ਦੀ ਬਦਲੀ 50 ਘੰਟੇ ਚੱਲਣ ਤੋਂ ਬਾਅਦ 0.6 ਲੀਟਰ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਗਿਅਰ ਤੇਲ ਦੀ ਬਦਲੀ 200 ਘੰਟੇ ਚੱਲਣ ਦੇ ਬਾਅਦ 2.0 ਲੀਟਰ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ
5. ਝੋਨਾ ਟਰਾਂਸਪਲਾਂਟਰ ਦੀਆਂ ਉਂਗਲਾਂ ਮੈਟ ਵਿੱਚੋਂ ਪਨੀਰੀ ਕੱਟ ਕੇ ਖੇਤ ਵਿੱਚ ਲਾਉਂਦੀਆਂ ਹਨ ਇਨ੍ਹਾਂ ਉਂਗਲਾਂ ਵਿੱਚ ਬਣੇ ਹੋਏ ਗਰੀਸ ਪੁਆਇੰਟਾਂ ਨੂੰ ਸਿਫ਼ਾਰਿਸ਼ ਕੀਤੀ ਗਰੀਸ ਜਾਂ ਤੇਲ ਨਾਲ ਭਰ ਦਿਓ ਉਂਗਲਾਂ ਦੀ ਘਸਾਈ ਦੀ ਦਰ ਚੈੱਕ ਕਰਨ ਲਈ ਆਪਰੇਟਰ ਦਸਤਾਵੇਜ਼ ਦੀ ਵਰਤੋਂ ਕਰਨੀ ਚਾਹੀਦੀ ਹੈ
6. ਪਨੀਰੀ ਦੇ ਮੈਟਾਂ ਨੂੰ ਰੱਖਣ ਲਈ ਬਣੀਆਂ ਟਰੇਆਂ ਨੂੰ ਉਹਨਾਂ ਦੀ ਹਰ ਕਿਸਮ ਦੀ ਚਾਲ ਲਈ ਚੈੱਕ ਕਰਨਾ ਅਤੇ ਗਰੀਸ ਕਰਨੀ ਵੀ ਬਹੁਤ ਜ਼ਰੁਰੀ ਹੈ
7. ਝੋਨਾ ਲਵਾਈ ਦਾ ਕੰਮ ਖ਼ਤਮ ਹੋਣ ਮਗਰੋਂ, ਟਰਾਂਸਪਲਾਂਟਰ ਨੂੰ ਧੋ ਕੇ ਸਾਫ਼ ਕਰਨਾ ਚਾਹੀਦਾ ਹੈ ਅਤੇ ਲੋੜੀਂਦੀਆਂ ਥਾਵਾਂ ‘ਤੇ ਗਰੀਸ ਕਰਨੀ ਚਾਹੀਦੀ ਹੈ, ਖਾਸ ਕਰਕੇ ਉੱਥੇ, ਜਿੱਥੇ ਜੰਗ ਲੱਗਣ ਦਾ ਖ਼ਤਰਾ ਵਧੇਰੇ ਹੋਵੇ
8. ਸੀਜ਼ਨ ਖ਼ਤਮ ਹੋਣ ਤੇ ਲੰਬੇ ਸਮੇਂ ਲਈ ਸੰਭਾਲ ਕਰਨ ਤੋਂ ਪਹਿਲਾਂ ਪੈਟਰੋਲ ਜਾਂ ਡੀਜ਼ਲ ਨੂੰ ਤੇਲ ਟੈਂਕੀ ਵਿੱਚੋਂ ਕੱਢ ਦਿਓ ਪਿੱਛੇ ਤੁਰਨ ਵਾਲੀ ਮਸ਼ੀਨ ਦੀ ਮੁੱਖ ਬਾਡੀ ਅਤੇ ਕਿਸ਼ਤੀਆਂ ਜ਼ਮੀਨ ਦੇ ਨਾਲ ਹੇਠਲੀ ਪੁਜੀਸ਼ਨ ਵਿੱਚ ਹੋਣੀਆਂ ਚਾਹੀਦੀਆਂ ਹਨ ਮਸ਼ੀਨ ਨੂੰ ਅਜਿਹੀ ਥਾਂ ‘ਤੇ ਖੜ੍ਹਾ ਕਰੋ ਜਿੱਥੇ ਧੁੱਪ ਅਤੇ ਬਾਰਿਸ਼ ਤੋਂ ਬਚਾਅ ਹੋਵੇ
ਉਪਰੋਕਤ ਸੁਝਾਅ ਵਰਤੋਂ ਵਿਚ ਲਿਆ ਕੇ ਕਿਸਾਨ ਵੀਰ ਟਰਾਂਸਪਲਾਂਟਰ ਦੀ ਮਿਆਦ ਵਧਾ ਸਕਦੇ ਹਨ ਤੇ ਸੁਚੱਜੀ ਬਿਜਾਈ ਕੀਤੀ ਜਾ ਸਕਦੀ ਹੈ
ਧੰਨਵਾਦ ਸਹਿਤ, ਚੰਗੀ ਖੇਤੀ

ਪ੍ਰਸਿੱਧ ਖਬਰਾਂ

To Top